Thursday, July 16, 2026

ਅਧੂਰਾ ਸਫ਼ਰ 
 ਗਿਆਰਾਂ ਵਰ੍ਹਿਆਂ ਦਾ ਹਰ ਮਹੀਨਾ ਲਹੂ-ਲੁਹਾਣ ! 
ਚਰਨਜੀਤ ਭੁੱਲਰ 

ਚੰਡੀਗੜ੍ਹ :ਪੰਜਾਬ ਨੇ ਉਹ ਮੰਜ਼ਰ ਵੀ ਦੇਖਿਆ ਜਦੋਂ ਸੜਕਾਂ ’ਤੇ ਖ਼ਾਮੋਸ਼ੀ ਸੀ ਅਤੇ ਘਰਾਂ ’ਚ ਬਜ਼ੁਰਗਾਂ ਦੇ ਅਰਦਾਸਾਂ ਲਈ ਹੱਥ ਜੁੜਦੇ ਤਾਂ ਜੋ ਘਰੋਂ ਕੰਮ ’ਤੇ ਨਿਕਲੇ ਮਾਂ ਜਾਏ ਸੁੱਖੀ-ਸਾਂਦੀ ਪਰਤ ਆਉਣ। ਕਾਲੇ ਸਮਿਆਂ ਦਾ ਇਹ ਚਿੱਟਾ ਸੱਚ ਹੈ ਕਿ ਪੰਜਾਬ ਨੇ ਅਜਿਹੇ ਗਿਆਰਾਂ ਵਰ੍ਹੇ ਹੰਢਾਏ ਜਦੋਂ ਕੋਈ ਵੀ ਮਹੀਨਾ ਬੇਗੁਨਾਹਾਂ ਦੇ ਖ਼ੂਨ ਡੁੱਲ੍ਹਣ ਤੋਂ ਸੁੱਕਾ ਨਹੀਂ ਲੰਘਦਾ ਸੀ। ਦਸੰਬਰ 1982 ਤੋਂ ਅਪਰੈਲ 1993 ਤੱਕ (ਕਰੀਬ 11 ਸਾਲ), ਪੰਜਾਬ ਹਰ ਮਹੀਨੇ ਲਹੂ ਲੁਹਾਣ ਹੋਇਆ। ਦੋ ਦਹਾਕਿਆਂ (ਵਰ੍ਹਾ 1981 ਤੋਂ ਸਾਲ 2000 ਤੱਕ) ’ਚ 11,782 ਬੇਗੁਨਾਹਾਂ ਦਾ ਖ਼ੂਨ ਧਰਤੀ ਦੀ ਹਿੱਕ ’ਤੇ ਡੁੱਲ੍ਹਿਆ। ਜਿਨ੍ਹਾਂ ਦੇ ਵਕਤੋਂ ਪਹਿਲਾਂ ਚਲੇ ਗਏ, ਉਨ੍ਹਾਂ ਦੇ ਜ਼ਖ਼ਮ ਸਮੇਂ ਦੀ ਮਲ੍ਹਮ ਵੀ ਨਹੀਂ ਭਰ ਸਕੀ। ਅਤੀਤ ਅੱਜ ਵੀ ਦਿਲਾਂ ’ਚ ਸਿਸਕ ਰਿਹਾ ਹੈ। ਪੰਜਾਬ ’ਚ 1987 ਤੋਂ 1992 ਦੇ ਛੇ ਵਰ੍ਹਿਆਂ ’ਚ 10,613 ਬੇਦੋਸਿਆਂ ਦੀ ਜ਼ਿੰਦਗੀ ਪੰਜਾਬ ਦੀ ਬੁੱਕਲ ਚੋਂ ਗਿਰ ਗਈ ਜੋ ਕੁੱਲ ਅੰਕੜੇ ਦਾ 90 ਫ਼ੀਸਦੀ ਬਣਦਾ ਹੈ। ਇਨ੍ਹਾਂ ਸਾਲਾਂ ਚੋਂ 1991 ਦੇ ਵਰ੍ਹੇ ’ਚ ਸਭ ਤੋਂ ਵੱਧ 2591 ਬੇਕਸੂਰ ਮਾਰੇ ਗਏ। ਮਤਲਬ ਕਿ ਇੱਕੋ ਵਰ੍ਹੇ ’ਚ ਰੋਜ਼ਾਨਾ ਔਸਤਨ ਸੱਤ ਬੇਗੁਨਾਹ ਮਾਰੇ ਜਾਂਦੇ ਰਹੇ। 

         ਸਮੁੱਚੇ ਦੌਰ ’ਚ ਕੁੱਲ 21,630 ਜਾਨਾਂ ਗਈਆਂ ਜਿਨ੍ਹਾਂ ਚੋਂ 11,782 ਸਿਵਲੀਅਨ ਸਨ। ਪੰਜਾਬ ਲਈ ਸਭ ਤੋਂ ਅਭਾਗਾ ਮਹੀਨਾ ਨਵੰਬਰ 1990 ਰਿਹਾ ਜਦੋਂ ਇਸ ਇੱਕੋ ਮਹੀਨੇ ’ਚ 364 ਬੇਗੁਨਾਹਾਂ ਦੀ ਜਾਨ ਲੈ ਲਈ ਗਈ। ਭਾਵ ਪ੍ਰਤੀ ਦਿਨ ਰੋਜ਼ਾਨਾ ਔਸਤਨ ਇੱਕ ਦਰਜਨ ਬੇਦੋਸ਼ੇ ਜ਼ਿੰਦਗੀ ਤੋਂ ਰੁਖ਼ਸਤ ਹੁੰਦੇ ਰਹੇ। ਮਈ 1988 ਦੇ ਮਹੀਨੇ ’ਚ 343 ਅਤੇ ਅਕਤੂਬਰ 1990 ਦੇ ਮਹੀਨੇ ’ਚ 306 ਬੇਦੋਸਿਆਂ ਦੀ ਜਾਨ ਗਈ। ਹਿੰਸਾ ਦੀ ਖੇਡ ਨੇ ਸਭ ਉਮਰਾਂ ਨੂੰ ਕਲਾਵੇ ’ਚ ਲੈ  ਲਿਆ। ਉਨ੍ਹਾਂ ਸਮਿਆਂ ’ਚ ਸੱਤ ਵੱਡੇ ਬੱਸ ਕਾਂਡ ਵਾਪਰੇ ਅਤੇ ਇਨ੍ਹਾਂ ਬੱਸਾਂ ਦੇ ਯਾਤਰੀ ਘਰਾਂ ਤੋਂ ਸਫ਼ਰ ’ਤੇ ਨਿਕਲੇ ਪਰ ਸਫ਼ਰ ਖ਼ਤਮ ਹੋਣ ਤੋਂ ਪਹਿਲਾਂ ਹੀ ਜ਼ਿੰਦਗੀ ਦਾ ਸਫ਼ਰ ਮੁੱਕ ਗਿਆ।ਅਧੂਰੇ ਸਫ਼ਰਾਂ ਦੀ ਸ਼ੁਰੂਆਤ ਕਪੂਰਥਲਾ ਜ਼ਿਲ੍ਹੇ ’ਚ ਢਿਲਵਾਂ ਬੱਸ ਕਾਂਡ ਤੋਂ ਹੋਈ। 6 ਅਕਤੂਬਰ 1983 ਨੂੰ ਵਾਪਰਿਆਂ ਇਹ ਪੰਜਾਬ ਦਾ ਪਹਿਲਾ ਬੱਸ ਕਾਂਡ ਸੀ ਜਿਸ ’ਚ ਛੇ ਯਾਤਰੀਆਂ ਦੀ ਜਾਨ ਗਈ। ਇਸ ਬੱਸ ਕਾਂਡ ਵਜੋਂ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਤੇ ਪੰਜਾਬ ’ਚ ਰਾਸ਼ਟਰਪਤੀ ਰਾਜ ਲਗਾ ਦਿੱਤਾ ਗਿਆ। 

        6 ਜੁਲਾਈ 1987 ਨੂੰ ਲਾਲੜੂ ਬੱਸ ਕਾਂਡ ਵਾਪਰਿਆ ਜਦੋਂ ਹਰਿਆਣਾ ਰੋਡਵੇਜ਼ ਦੀ ਬੱਸ ’ਚ 38 ਯਾਤਰੀ ਮਾਰ ਦਿੱਤੇ ਗਏ। ਇਹ ਯਾਤਰੀ ਰਿਸ਼ੀਕੇਸ਼ ਲਈ ਘਰੋਂ ਨਿਕਲੇ ਸਨ। ਵਕਤ ਬਦਲ ਗਿਆ, ਪਿੰਡ ਤੇ ਸ਼ਹਿਰ ਬਦਲ ਗਏ ਪਰ ਖ਼ਾਮੋਸ਼ ਸਵਾਲ ਅੱਜ ਵੀ ਉਵੇਂ ਖੜ੍ਹੇ ਹਨ। ਪੰਜਾਬ ਦੇ ਅਭੁੱਲ ਦੌਰ ਦਾ ਨਾਸੂਰ ਤਾਂ ਭਰ ਗਿਆ, ਜਦੋਂ ਹਵਾ ਦਾ ਰੁਖ਼ ਬਦਲਦਾ ਹੈ ਤਾਂ ਅਤੀਤ ਦੇ ਦਰਦ ਦੀ ਚੀਸ ਮੁੜ ਰੜਕਣ ਲੱਗਦੀ ਹੈ। ਹੁਸ਼ਿਆਰਪੁਰ ਦੇ ਪਿੰਡ ਖੁੱਡਾ ’ਚ ਨਵੰਬਰ 1986 ਨੂੰ ਵਾਪਰੇ ਬੱਸ ਕਾਂਡ ’ਚ 24 ਯਾਤਰੀ ਚਲੇ ਗਏ। ਇਸੇ ਤਰ੍ਹਾਂ ਮੁਕਤਸਰ ਬੱਸ ਕਾਂਡ ’ਚ 25 ਜੁਲਾਈ 1986 ਨੂੰ 15 ਯਾਤਰੀ ਮਾਰੇ ਗਏ ਸਨ। ਇਹ ਬੱਸ ਮੁਕਤਸਰ ਤੋਂ ਚੰਡੀਗੜ੍ਹ ਜਾ ਰਹੀ ਸੀ।ਜਦੋਂ ਵੀ ਉਸ ਦੌਰ ’ਚ ਬੱਸ ਕਾਂਡ ਵਾਪਰੇ, ਪਲਾਂ ’ਚ ਉਮੀਦਾਂ ਤੇ ਸੁਪਨੇ ਬੱਸਾਂ ’ਚ ਖਿੱਲਰ ਗਏ। ਕਿਸੇ ਬੱਸ ’ਚ ਨਵ ਵਿਆਹੀ ਦਾ ਚੂੜਾ ਚੂਰ ਚੂਰ ਹੋ ਗਿਆ ਤੇ ਕਿਸੇ ਬੱਸ ’ਚ ਬਜ਼ੁਰਗ ਦੀ ਐਨਕ ਟੁਕੜੇ ਟੁਕੜੇ ਹੋਈ।  ਇਹ ਉਹ ਦਿਨ ਸਨ ਜਦੋਂ ਕਿ ਸਿਵਿਆਂ ’ਚ ਇੱਕੋ ਵੇਲੇ ਕਈ ਕਈ ਲਾਸ਼ਾਂ ਲਟ ਲਟ ਬਲਦੀਆਂ।

        ਸਾਲ 1991 ਤੋਂ ਬਾਅਦ ਪੰਜਾਬ ’ਚ ਰੇਲ ਕਾਂਡ ਵੀ ਸ਼ੁਰੂ ਹੋ ਗਏ। 1991 ਨੂੰ ਇੱਕੋ ਦਿਨ ਦੋ ਰੇਲ ਕਾਂਡ ਵਾਪਰੇ। ਲੁਧਿਆਣਾ ਦੇ ਬੱਦੋਵਾਲ ਸਟੇਸ਼ਨ ਲਾਗੇ ਟਰੇਨ ਦੇ 50 ਯਾਤਰੀ ਮਾਰੇ ਗਏ ਜਦੋਂ ਕਿ ਕਿਲ੍ਹਾ ਰਾਏਪੁਰ ਸਟੇਸ਼ਨ ਕੋਲ 26 ਰੇਲ ਯਾਤਰੀ ਮਾਰੇ ਗਏ ਸਨ। ਲੁਧਿਆਣਾ ਦੇ ਪਿੰਡ ਸੋਹੀਆਂ ਕੋਲ ਹੀ ਰੇਲ ਕਾਂਡ ’ਚ 52 ਯਾਤਰੀ ਮਾਰੇ ਗਏ ਸਨ। ਕੋਈ ਮਹੀਨਾ ਸੁੱਕਾ ਨਹੀਂ ਲੰਘਦਾ ਸੀ ਕਿ ਜਦੋਂ ਪੰਜਾਬ ਦੇ ਕਿਸੇ ਕੋਨੇ ’ਚ ਖ਼ੂਨ ਨਾ ਵਿਹਾ ਹੋਵੇ। ਨਵੰਬਰ 1990 ਦੇ ਇੱਕੋ ਮਹੀਨੇ ’ਚ ਸਭ ਤੋਂ ਵੱਧ 606 ਜਾਨਾਂ ਗਈਆਂ ਸਨ ਜਿਨ੍ਹਾਂ ’ਚ 364 ਸਿਵਲੀਅਨ, 171 ਖਾੜਕੂ ਅਤੇ 71 ਸੁਰੱਖਿਆ ਬਲਾਂ ਦੇ ਮੁਲਾਜ਼ਮ ਸ਼ਾਮਲ ਸਨ। ਮਤਲਬ ਕਿ ਰੋਜ਼ਾਨਾ ਔਸਤਨ 20 ਮੌਤਾਂ ਦਾ ਅੰਕੜਾ ਜੁੜਿਆ।ਅੱਜ ਵੀ ਤਸਵੀਰ ਪੰਜਾਬ ਦੇ ਚੇਤਿਆਂ ’ਚ ਘੁੰਮ ਜਾਂਦੀ ਹੈ। ਕਿਧਰੇ ਬੁੱਢੇ ਬਾਪ ਕੰਬਦੇ ਹੱਥਾਂ ਨਾਲ ਅਰਥੀ ਚੁੱਕ ਰਹੇ ਨਜ਼ਰ ਪੈਂਦੇ ਨੇ, ਕਿਤੇ ਚਿੱਟੀਆਂ ਚੁੰਨੀਆਂ ਹੀ ਚੁੰਨੀਆਂ ਦਿਸਦੀਆਂ ਨੇ। ਹਿੰਸਾ ਦੀ ਖੇਡ ’ਚ ਕੌਣ ਜਿੱਤਿਆ, ਇਹ ਤਾਂ ਪਤਾ ਨਹੀਂ ਪਰ ਇਸ ਖੇਡ ’ਚ ਹਾਰੀ ਇਨਸਾਨੀਅਤ, ਇਹ ਹਰ ਕੋਈ ਜਾਣਦਾ ਹੈ।

                            ਕਾਲੇ ਦੌਰ ਨੇ ਲਕੀਰਾਂ ਖਿੱਚੀਆਂ : ਪ੍ਰੋ.ਸੁਖਦੇਵ ਸਿੰਘ

ਪੰਜਾਬ ਖੇਤੀ ’ਵਰਸਿਟੀ ਦੇ ਸਾਬਕਾ ਸਮਾਜ ਵਿਗਿਆਨੀ ਪ੍ਰੋ. ਸੁਖਦੇਵ ਸਿੰਘ ਆਖਦੇ ਹਨ ਕਿ ਜਦੋਂ ਸਮਾਜ ਲੰਮਾ ਸਮਾਂ ਤਣਾਅ ਤੇ ਟਕਰਾਅ ’ਚ ਗੁਜ਼ਰਦਾ ਹੈ  ਤਾਂ ਸਮਾਜਿਕ ਜ਼ਿੰਦਗੀ ’ਚ ਖੜੋਤ ਆ ਜਾਂਦੀ ਹੈ ਤੇ ਮਾੜੇ ਖ਼ਿਆਲਾਂ ਦਾ ਪ੍ਰਵਾਹ ਸਮਾਜਿਕ ਵਿਕਾਸ ’ਚ ਅੜਿੱਕਾ ਬਣਦਾ ਹੈ। ਡਰਿਆ ਮਨੁੱਖ ਠੀਕ ਫ਼ੈਸਲੇ ਲੈਣ ਤੋਂ ਖੁੰਝ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਲੇ ਦੌਰ ’ਚ ਭਾਈਚਾਰੇ ਦੀ ਸਾਂਝ ’ਚ ਲਕੀਰਾਂ ਖਿੱਚੀਆਂ ਗਈਆਂ ਜਿਨ੍ਹਾਂ ਨੂੰ ਭਰਨ ਲਈ ਲੰਮਾ ਸਮਾਂ ਲੱਗਿਆ।

                               ਸਭ ਤੋਂ ਵੱਧ ਜਾਨਾਂ ਲੈਣ ਵਾਲੇ ਮਹੀਨੇ

ਮਹੀਨਾ/ਸਾਲ              ਸਿਵਲੀਅਨ        ਖਾੜਕੂ           ਸੁਰੱਖਿਆ ਬਲ       ਕੁੱਲ ਮੌਤਾਂ

ਮਈ 1988                     343                 66                   10                    419

ਅਕਤੂਬਰ 1990              306               161                   80                   547

ਨਵੰਬਰ 1990                  364               171                  71                   606

ਅਕਤੂਬਰ 1991                297              209                   53                  559

ਮਾਰਚ 1991                     217               194                  31                 442

                           ਪੰਜਾਬ ’ਚ ਸਭ ਤੋਂ ਹਿੰਸਕ ਰਹੇ ਸਾਲ

ਸਾਲ         ਸਿਵਲੀਅਨ       ਖਾੜਕੂ            ਸੁਰੱਖਿਆ ਬਲ         ਕੁੱਲ ਮੌਤਾਂ

1987           910                328                     95                    1333

1988          1949               373                    110                    2432

1989          1168               703                    201                    2072

1990           2467              1320                  476                    4263

1991           2591              2177                  497                    5265

1992           1518              2113                  252                    3883


No comments:

Post a Comment