Monday, August 31, 2026

 ਸ਼ੁੱਭ ਸੰਕੇਤ 
ਜ਼ਮੀਨੀ ਪਾਣੀ ਦੀ ਨਿਕਾਸੀ ਨੂੰ ਮੋੜਾ
ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਲਈ ਇਹ ਸ਼ੁੱਭ ਸੰਕੇਤ ਹੈ ਕਿ ਸੂਬੇ ’ਚ ਹੁਣ ਜ਼ਮੀਨੀ ਪਾਣੀ ਦੀ ਨਿਕਾਸੀ ਨੂੰ ਠੱਲ੍ਹ ਪਈ ਹੈ ਅਤੇ ਜ਼ਮੀਨ ਹੇਠੋਂ ਪਾਣੀ ਕੱਢਣ ਦੀ ਦਰ ਨੂੰ ਮੋੜਾ ਪਿਆ ਹੈ। ਸੂਬੇ ਦੇ ਚਾਰ ਬਲਾਕ ਹੁਣ ਸੁਰੱਖਿਅਤ ਜ਼ੋਨ ’ਚ ਆਏ ਹਨ ਜਦੋਂ ਕਿ 14 ਬਲਾਕਾਂ ’ਚ ਜ਼ਮੀਨੀ ਪਾਣੀ ਦੀ ਨਿਕਾਸੀ ’ਚ ਵੱਡਾ ਸੁਧਾਰ ਹੋਣ ਕਾਰਨ ਬਲਾਕਾਂ ਦੀ ਸ਼੍ਰੇਣੀ ਤਬਦੀਲ ਹੋਈ ਹੈ। ਮਿਸਾਲ ਦੇ ਤੌਰ ’ਤੇ ਨਾਜ਼ੁਕ ਬਲਾਕਾਂ ਦੀ ਗਿਣਤੀ ਹੁਣ ਛੇ ਰਹਿ ਗਈ ਹੈ ਜਦੋਂ ਕਿ ਪਿਛਲੇ ਸਾਲ ਇਨ੍ਹਾਂ ਦੀ ਗਿਣਤੀ 10 ਸੀ। 95 ਬਲਾਕਾਂ ’ਚ ਜ਼ਮੀਨੀ ਪਾਣੀ ਦੀ ਨਿਕਾਸੀ ਬਾਰੇ ਚੰਗੇ ਸੰਕੇਤ ਮਿਲੇ ਹਨ। ਕੇਂਦਰੀ ਗਰਾਊਂਡ ਵਾਟਰ ਬੋਰਡ ਦੀ ਸਾਲ 2026 ਦੀ ਤਾਜ਼ਾ ਖਰੜਾ ਰਿਪੋਰਟ ’ਚ ਤੱਥ ਉੱਭਰੇ ਹਨ ਜੋ ਵਰ੍ਹਿਆਂ ਬਾਅਦ ਧਰਵਾਸਾ ਬੰਨ੍ਹਣ ਵਾਲੇ ਹਨ। ਰਿਪੋਰਟ ਅਨੁਸਾਰ ਸਾਲ 2025 ’ਚ ਧਰਤੀ ’ਚੋਂ 156.36 ਫ਼ੀਸਦੀ ਪਾਣੀ ਕੱਢਿਆ ਜਾ ਰਿਹਾ ਸੀ ਜੋ ਹੁਣ ਸਾਲ 2026 ’ਚ ਘਟ ਕੇ 152.22 ਫ਼ੀਸਦੀ ਰਹਿ ਗਿਆ ਹੈ। 

        ਚਾਰ ਸਾਲ ਪਹਿਲਾਂ ਇਹ ਨਿਕਾਸੀ 163.80 ਫ਼ੀਸਦੀ ਸੀ। ਜ਼ਮੀਨੀ ਪਾਣੀ ਦੀ ਨਿਕਾਸੀ ਸਾਲ 2021-22 ’ਚ 28.01 ਅਰਬ ਕਿਊਬਿਕ ਮੀਟਰ ਸੀ ਜੋ ਹੁਣ 26.32 ਅਰਬ ਕਿਊਬਿਕ ਮੀਟਰ ਰਹਿ ਗਈ ਹੈ। ਕੇਂਦਰੀ ਰਿਪੋਰਟ ਅਨੁਸਾਰ ਬਲਾਕ ਅਰਨੀਵਾਲਾ (ਫ਼ਾਜ਼ਿਲਕਾ), ਬਲਾਕ ਮੱਖੂ (ਫ਼ਿਰੋਜ਼ਪੁਰ), ਬਲਾਕ ਹਾਜੀਪੁਰ (ਹੁਸ਼ਿਆਰਪੁਰ) ਅਤੇ ਬਲਾਕ ਨਰੋਟ ਜੈਮਲ ਸਿੰਘ ਵਾਲਾ (ਪਠਾਨਕੋਟ) ਹੁਣ ਸੁਰੱਖਿਅਤ ਜ਼ੋਨ ’ਚ ਆ ਗਏ ਹਨ ਜੋ ਪਹਿਲਾਂ ਨੀਮ ਨਾਜ਼ੁਕ ਸ਼੍ਰੇਣੀ ਵਿੱਚ ਸਨ। ਇਸ ਦੇ ਉਲਟ ਸੁਰੱਖਿਆ ਜ਼ੋਨ ਵਾਲਾ ਬਲਾਕ ਰੋਪੜ ਹੁਣ ਨੀਮ ਨਾਜ਼ੁਕ ਸ਼੍ਰੇਣੀ ’ਚ ਚਲਾ ਗਿਆ ਹੈ। ਜਿਨ੍ਹਾਂ ਬਲਾਕਾਂ ’ਚ ਜ਼ਮੀਨੀ ਪਾਣੀ ਦੀ ਨਿਕਾਸੀ ਘਟਣ ਨਾਲ ਸ਼੍ਰੇਣੀ ’ਚ ਸੁਧਾਰ ਹੋਇਆ ਹੈ, ਉਨ੍ਹਾਂ ’ਚ ਬਲਾਕ ਫ਼ਿਰੋਜ਼ਪੁਰ, ਮਮਦੋਟ, ਗੁਰਦਾਸਪੁਰ, ਕਾਹਨੂੰਵਾਨ, ਸ੍ਰੀ ਹਰਗੋਬਿੰਦ, ਭੂੰਗਾ, ਹੁਸ਼ਿਆਰਪੁਰ-2, ਮਾਹਿਲਪੁਰ, ਕੋਟ ਈਸੇ ਖਾਂ ਅਤੇ ਔੜ ਬਲਾਕ ਸ਼ਾਮਲ ਹਨ।

       ਸੂਬੇ ’ਚ ਕੁੱਲ 153 ਬਲਾਕਾਂ ’ਚੋਂ ਹੁਣ 110 ਬਲਾਕ ਅਤਿ ਸ਼ੋਸ਼ਿਤ, ਛੇ ਬਲਾਕ ਨਾਜ਼ੁਕ ਸ਼੍ਰੇਣੀ ’ਚ, 17 ਬਲਾਕ ਨੀਮ ਨਾਜ਼ੁਕ ਅਤੇ 20 ਬਲਾਕ ਸੁਰੱਖਿਅਤ ਜ਼ੋਨ ’ਚ ਆ ਗਏ ਹਨ। ਕੇਂਦਰੀ ਰਿਪੋਰਟ ਦੇ ਤੱਥ ਹਨ ਕਿ ਸਾਲ 2026 ’ਚ ਪੰਜਾਬ ’ਚ ਕੁੱਲ 26.32 ਅਰਬ ਕਿਊਬਿਕ ਮੀਟਰ ਪਾਣੀ ਧਰਤੀ ਹੇਠੋਂ ਕੱਢਿਆ ਗਿਆ ਜਿਸ ’ਚੋਂ 24.95 ਅਰਬ ਕਿਊਬਿਕ ਮੀਟਰ ਪਾਣੀ ਦੀ ਵਰਤੋਂ ਖੇਤਾਂ ਦੀ ਸਿੰਜਾਈ ਜਦੋਂ ਕਿ 1.38 ਅਰਬ ਕਿਊਬਿਕ ਮੀਟਰ ਪਾਣੀ ਦੀ ਨਿਕਾਸੀ ਘਰੇਲੂ ਅਤੇ ਉਦਯੋਗਿਕ ਵਰਤੋਂ ਲਈ ਹੋਈ ਹੈ। ਇਸ ਵਰ੍ਹੇ ’ਚ ਸਾਲਾਨਾ ਰੀਚਾਰਜ 19.14 ਅਰਬ ਕਿਊਬਿਕ ਮੀਟਰ ਰਿਹਾ ਹੈ। ਰਿਪੋਰਟ ਦਾ ਇੱਕ ਪੱਖ ਇਹ ਵੀ ਹੈ ਕਿ ਪੰਜਾਬ ਦੇ ਚਾਰ ਬਲਾਕਾਂ ’ਚ ਜ਼ਮੀਨੀ ਪਾਣੀ ਦੀ ਸਥਿਤੀ ਖ਼ਰਾਬ ਵੀ ਹੋਈ ਹੈ ਜਿਨ੍ਹਾਂ ’ਚ ਬਲਾਕ ਫ਼ਰੀਦਕੋਟ, ਰੋਪੜ, ਖਰੜ ਅਤੇ ਬਲਾਚੌਰ ਸ਼ਾਮਲ ਹਨ।

       ਸਾਲ 2026 ’ਚ ਮੀਂਹ ਕਾਰਨ 5.53 ਅਰਬ ਕਿਊਬਿਕ ਮੀਟਰ ਰੀਚਾਰਜ ਹੋਇਆ ਹੈ ਜਦੋਂ ਕਿ ਸਾਲ 2025 ’ਚ ਇਹ ਚਾਰਜ 5.43 ਅਰਬ ਕਿਊਬਿਕ ਮੀਟਰ ਸੀ।ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਪਿਛਲੇ ਸਮੇਂ ਦੌਰਾਨ ਨਹਿਰੀ ਪਾਣੀ ਦੇ ਸੁਧਾਰ ’ਤੇ ਧਿਆਨ ਕੇਂਦਰਤ ਕੀਤਾ ਹੈ ਜਿਸ ਕਾਰਨ ਨਹਿਰੀ ਪਾਣੀ ਨਾਲ ਰੀਚਾਰਜ 5.5 ਅਰਬ ਕਿਊਬਿਕ ਮੀਟਰ ਹੋ ਗਿਆ ਹੈ ਜੋ ਸਾਲ 2021-22 ਦੌਰਾਨ 4.5 ਅਰਬ ਕਿਊਬਿਕ ਮੀਟਰ ਸੀ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਅਤੇ ਅਜਨਾਲਾ ਬਲਾਕ ’ਚ ਹੜ੍ਹਾਂ ਕਾਰਨ ਰੀਚਾਰਜ ਕਾਫ਼ੀ ਵਧਿਆ ਹੈ।

No comments:

Post a Comment