Wednesday, September 30, 2026

   ਸ਼ਰਤਾਂ ਵਿੱਚ ਤਬਦੀਲੀ
75 ਕਰੋੜ ਦੇ ਟੈਂਡਰ ਸ਼ੱਕ ਦੇ ਘੇਰੇ ’ਚ
ਚਰਨਜੀਤ ਭੁੱਲਰ

ਚੰਡੀਗੜ੍ਹ : ਤਕਨੀਕੀ ਸ਼ਰਤਾਂ ਵਿੱਚ ਅਚਾਨਕ ਕੀਤੀ ਤਬਦੀਲੀ ਕਾਰਨ ਦੋ ਬੋਲੀਕਾਰ ਕੰਪਨੀਆਂ ਦੇ ਮੁਕਾਬਲੇ ’ਚੋਂ ਬਾਹਰ ਹੋਣ ਮਗਰੋਂ ਪਾਵਰਕੌਮ ਵੱਲੋਂ 66 ਕੇ ਵੀ ਸਬ-ਸਟੇਸ਼ਨਾਂ ਲਈ 75 ਕਰੋੜ ਰੁਪਏ ਦੀ ਲਾਗਤ ਨਾਲ ਖ਼ਰੀਦੇ ਜਾਣ ਵਾਲੇ ਉਪਕਰਨਾਂ ਦਾ ਟੈਂਡਰ ਸਿੱਧਾ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ। ਪਾਵਰਕੌਮ ਵੱਲੋਂ ਇਨ੍ਹਾਂ ਸਬ-ਸਟੇਸ਼ਨਾਂ ਲਈ 11 ਕੇ ਵੀ ਵੈਕਿਊਮ ਸਰਕਟ ਬ੍ਰੇਕਰਾਂ ਦੇ 900 ਯੂਨਿਟ ਖ਼ਰੀਦੇ ਜਾਣੇ ਹਨ। ਤਕਨੀਕੀ ਸ਼ਰਤਾਂ (ਸਪੈਸੀਫਿਕੇਸ਼ਨਾਂ) ਬਦਲਣ ਮਗਰੋਂ ਹੁਣ ਮੈਦਾਨ ਵਿੱਚ ਕੇਂਦਰ ਸਰਕਾਰ ਦੇ ਅਦਾਰੇ ਤੋਂ ਇਲਾਵਾ ਸਿਰਫ਼ ਇੱਕ ਪ੍ਰਾਈਵੇਟ ਕੰਪਨੀ ਰਹਿ ਗਈ ਹੈ। ਇਸ ਤਬਦੀਲ ਕਾਰਨ ਨਾ ਸਿਰਫ਼ ਮੁਕਾਬਲਾ ਘਟਿਆ ਹੈ, ਸਗੋਂ ਖਰੀਦ ਦੀ ਲਾਗਤ ਵਿੱਚ ਵੀ ਵਾਧਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪਾਵਰਕੌਮ ਨੇ 25 ਜੂਨ ਨੂੰ ਇਨ੍ਹਾਂ ਉਪਕਰਨਾਂ ਦੀ ਖਰੀਦ ਲਈ ਟੈਂਡਰ ਖੋਲ੍ਹੇ ਸਨ, ਜਿਸ ਵਿੱਚ ਚਾਰ ਕੰਪਨੀਆਂ ਨੇ ਦਿਲਚਸਪੀ ਦਿਖਾਈ ਸੀ। ਪਰ ਬਾਅਦ ਵਿੱਚ ਇਹ ਟੈਂਡਰ ਰੱਦ ਕਰ ਦਿੱਤਾ ਗਿਆ। 

        ਫਿਰ 14 ਅਗਸਤ ਨੂੰ ਬੋਰਡ ਮੀਟਿੰਗ ਦੌਰਾਨ ਟੈਂਡਰ ’ਚੋਂ ਅਹਿਮ ਸ਼ਰਤ ਹਟਾ ਕੇ ਸ਼ਰਤਾਂ ਵਿੱਚ ਸੋਧ ਕਰ ਦਿੱਤੀ ਗਈ। ਸੋਧ ਤੋਂ ਬਾਅਦ 20 ਅਗਸਤ ਨੂੰ ਨਵਾਂ ਟੈਂਡਰ ਜਾਰੀ ਕੀਤਾ ਗਿਆ। ਸੂਤਰਾਂ ਮੁਤਾਬਕ ਇੱਕ ਸੀਨੀਅਰ ਡਾਇਰੈਕਟਰ ਵੱਲੋਂ ਇਤਰਾਜ਼ ਜਤਾਉਣ ਮਗਰੋਂ ਇਹ ਜ਼ਿੰਮੇਵਾਰੀ ਕਿਸੇ ਹੋਰ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਸੀ।ਨਵੇਂ ਟੈਂਡਰ ਵਿੱਚ ਚਾਰ ਕੰਪਨੀਆਂ ਨੇ ਸ਼ਮੂਲੀਅਤ ਕੀਤੀ ਪਰ ਸ਼ਰਤਾਂ ਬਦਲਣ ਕਾਰਨ ਦੋ ਕੰਪਨੀਆਂ ਅਯੋਗ ਕਰਾਰ ਦਿੱਤੀਆਂ ਗਈਆਂ। ਹੁਣ ਸਿਰਫ਼ ‘ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਟਿਡ’ ਅਤੇ ‘ਮੈਸਰਜ਼ ਸਟੈੱਲਮੈਕ’ ਹੀ ਮੁਕਾਬਲੇ ਵਿੱਚ ਬਚੀਆਂ ਹਨ। ਮੈਸਰਜ਼ ਸਟੈੱਲਮੈਕ ਪਾਵਰਕੌਮ ਦੀ ਪੁਰਾਣੀ ਸਪਲਾਇਰ ਕੰਪਨੀ ਹੈ। ਪਾਵਰਕੌਮ ਦੇ ਨਵੇਂ ਟੈਂਡਰ ਦੀਆਂ ਦਰਾਂ, ਟਰਾਂਸਕੋ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਅਜਿਹੇ ਹੀ ਟੈਂਡਰਾਂ ਦੀਆਂ ਦਰਾਂ ਨਾਲੋਂ 12 ਫ਼ੀਸਦੀ ਵੱਧ ਹਨ। 

        ਟਰਾਂਸਕੋ ਨੇ 220 ਕੇ ਵੀ ਅਤੇ 132 ਕੇ ਵੀ ਸਬ-ਸਟੇਸ਼ਨਾਂ ਲਈ ਲਈ ਵੈਕਿਊਮ ਸਰਕਟ ਬ੍ਰੇਕਰਾਂ ਦੀ ਖ਼ਰੀਦ ਲਈ ਮੁੱਢਲੀ ਮਦ ਦੇ ਅਧਾਰ ’ਤੇ ਹੀ ਟੈਂਡਰ ਅਲਾਟ ਕੀਤੇ ਹਨ, ਜਿਨ੍ਹਾਂ ਨੂੰ ਟਰਾਂਸਕੋ ਦੀ ਬੋਰਡ ਮੀਟਿੰਗ ’ਚ ਪ੍ਰਵਾਨਗੀ ਦਿੱਤੀ ਗਈ। ਪਾਵਰਕੌਮ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਗੁਰਕਿਰਤ ਕਿਰਪਾਲ ਸਿੰਘ ਨੇ ਕਿਹਾ ਕਿ ਜਿਨ੍ਹਾਂ ਦਰਾਂ ’ਤੇ ਟਰਾਂਸਕੋ ਨੇ ਟੈਂਡਰ ਅਲਾਟ ਕੀਤਾ ਹੈ, ਉਸ ਮੁੱਢਲੀ ਮਦ ਨੂੰ ਬਰਕਰਾਰ ਰੱਖਣ ਲਈ ਪਾਵਰਕੌਮ ਦੀ ਅਗਲੀ ਬੋਰਡ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਟੈਂਡਰ ਨੂੰ ਅੰਤਿਮ ਮਨਜ਼ੂਰੀ ਦੇਣ ਤੋਂ ਪਹਿਲਾਂ ਬੋਰਡ ਵੱਲੋਂ ਪੂਰੀ ਘੋਖ ਕੀਤੀ ਜਾਵੇਗੀ। ਸੂਤਰਾਂ ਦਾ ਮੰਨਣਾ ਹੈ ਕਿ ਮੁਕਾਬਲੇ ਨੂੰ ਸੀਮਤ ਕਰਨ ਲਈ ਹੀ ਤਕਨੀਕੀ ਸ਼ਰਤਾਂ ਵਿੱਚ ਤਬਦੀਲੀ ਕੀਤੀ ਗਈ ਸੀ।

No comments:

Post a Comment