ਸੱਤਾ ਦੀ ਖ਼ਾਮੋਸ਼ੀ
ਸਾਹਾਂ ਦੀ ਡੋਰ ਟੁੱਟੀ, ਨਾ ਮੁੱਕੀ ਜੰਗ ਅਸਾਡੀ..!
ਚਰਨਜੀਤ ਭੁੱਲਰ
ਚੰਡੀਗੜ੍ਹ :ਮਾਨਸਾ ਦਾ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਨਿਆਂ ਦੀ ਉਡੀਕ ’ਚ ਜਹਾਨੋਂ ਚਲਾ ਗਿਆ। ਹੁਣ ਉਸ ਦੀ ਮ੍ਰਿਤਕ ਦੇਹ ਨੂੰ ਵੀ ਸਕੂਨ ਨਹੀਂ। ਪਰਵਿੰਦਰ ਦੀ ਮ੍ਰਿਤਕ ਦੇਹ ਛੇ ਦਿਨਾਂ ਤੋਂ ਮਾਨਸਾ ਹਸਪਤਾਲ ਦੇ ਮੁਰਦਾਘਰ ’ਚ ਪਈ ਹੈ। ਨਾ ਪੋਸਟ ਪਾਰਟਮ ਹੋਇਆ ਹੈ ਅਤੇ ਨਾ ਹੀ ਇਨਸਾਫ਼। ਮ੍ਰਿਤਕ ਦੇਹ ਵੀ ਸੁਰੱਖਿਅਤ ਨਹੀਂ, ਤਾਹੀਂ ਮੁਰਦਾਘਰ ਦੇ ਗੇਟ ’ਤੇ ਆਮ ਲੋਕਾਂ ਨੂੰ ਵੀ ਪਹਿਰਾ ਲਾਉਣਾ ਪਿਆ ਹੈ। ਜਿਊਂਦੇ ਜੀਅ ਉਹ ਨਸ਼ਿਆਂ ਖ਼ਿਲਾਫ਼ ਡਟਿਆ ਰਿਹਾ, ਹੁਣ ਮਾਨਸਾ ’ਚ ਲੋਕ ਡਟੇ ਹਨ ਤਾਂ ਜੋ ਨਿਆਂ ਲਿਆ ਜਾ ਸਕੇ। ਦੂਜੇ ਪਾਸੇ ਪੁਲੀਸ ਦਾ ਪਹਿਰਾ ਹੈ। ਜਦੋਂ ਇਨਸਾਫ਼ ਦੀ ਆਸ ਦਮ ਤੋੜ ਜਾਵੇ ਤਾਂ ਲਾਸ਼ਾਂ ਨੂੰ ਰੁਲਣਾ ਪੈਂਦਾ ਹੈ। ਹੁਣ ਇਕੱਲਾ ਜਿਊਣਾ ਮੁਸ਼ਕਲ ਨਹੀਂ ਹੋਇਆ, ਮਰ ਕੇ ਵੀ ਰੁਲਣਾ ਪੈਂਦਾ ਹੈ। ਮ੍ਰਿਤਕ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਜਵਾਨ ਪੁੱਤ ਦੀ ਮਿੱਟੀ ਨਹੀਂ ਸਮੇਟਾਂਗਾ। ਨਾ ਕਾਨੂੰਨ ਦੀਆਂ ਕਿਤਾਬਾਂ ਅਤੇ ਨਾ ਹੀ ਸਰਕਾਰੀ ਦਫ਼ਤਰਾਂ ਦੀਆਂ ਕੰਧਾਂ, ਕੋਈ ਵੀ ਫ਼ਰਿਆਦ ਨਹੀਂ ਸੁਣ ਰਿਹਾ।
ਮਾਨਸਾ ਦੀ ਧਰਤੀ ’ਤੇ ਗੂੰਜਦੇ ਨਾਅਰਿਆਂ ਤੋਂ ਸੱਤਾ ਬੇਖ਼ਬਰ ਹੈ। ਹਾਕਮ ਧਿਰ ਤਰਫ਼ੋਂ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਨਹੀਂ ਪਹੁੰਚੀ। ਮੁਰਦਾ ਘਰ ’ਚ ਪਈ ਦੇਹ ਜੋ ਪਹਿਲਾਂ ਨਸ਼ਿਆਂ ਖ਼ਿਲਾਫ਼ ਗੂੰਜਦੀ ਸੀ, ਹੁਣ ਉਸ ਦੇ ਇਨਸਾਫ਼ ਲਈ ਲੋਕ ਸੜਕਾਂ ’ਤੇ ਹਨ। ਪਰਵਿੰਦਰ ਦੀ ਮ੍ਰਿਤਕ ਦੇਹ ’ਤੇ ਚਿੱਟੀ ਚਾਦਰ ਕਾਹਦੀ ਪਈ, ਉਸ ਦੀ ਵਿਧਵਾ ਦਾ ਨਸੀਬ ਚਿੱਟੀ ਚੁੰਨੀ ਬਣ ਗਈ ਹੈ। ਪੰਜਾਬ ’ਚ ਲਾਸ਼ਾਂ ਦੀ ਬੇਅਦਬੀ ਕੋਈ ਨਵਾਂ ਵਰਤਾਰਾ ਨਹੀਂ । ਫ਼ਰਕ ਸਿਰਫ਼ ਏਨਾ ਪਿਆ ਹੈ ਕਿ ਪਿਛਲੀਆਂ ਹਕੂਮਤਾਂ ’ਚ ਮ੍ਰਿਤਕ ਦੇਹਾਂ ਨੂੰ ਚੌਂਕਾਂ ’ਚ ਰੱਖ ਕੇ ਪ੍ਰਦਰਸ਼ਨ ਹੁੰਦੇ ਸਨ ਅਤੇ ਹੁਣ ‘ਆਪ’ ਹਕੂਮਤ ਜਬਰੀ ਸਸਕਾਰ ਤੱਕ ਵੀ ਪਹੁੰਚ ਗਈ ਹੈ। ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ’ਤੇ ਆਮ ਲੋਕਾਂ ਦਾ ਸਖ਼ਤ ਪਹਿਰਾ ਇਸ ਦਾ ਗਵਾਹ ਹੈ। ਮ੍ਰਿਤਕ ਦੇਹਾਂ ਵੀ ਮਹਿਫ਼ੂਜ਼ ਨਹੀਂ। ਆਓ ਪਿਛਾਂਹ ਨਜ਼ਰ ਮਾਰਦੇ ਹਨ। ਸੰਗਰੂਰ ਦੇ ਪਿੰਡ ਕਨੋਈ ਦਾ ਸਨਮਦੀਪ ਸਿੰਘ ਦੀ ਲਾਸ਼ ਪੰਜ ਦਿਨ ਮੁਰਦਾਘਰ ’ਚ ਪਈ ਸੀ। ਮ੍ਰਿਤਕ ਦੇ ਪਰਿਵਾਰ ਨੂੰ ਜੇਲ੍ਹ ਭੇਜ ਕੇ ਪੁਲੀਸ ਨੇ ਜਬਰੀ ਸਸਕਾਰ ਕਰ ਦਿੱਤਾ।
ਹਲਕਾ ਦਿੜ੍ਹਬਾ ਦੇ ਪਿੰਡ ਤੂਰਬੰਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ 7 ਸਤੰਬਰ ਨੂੰ ਖ਼ੁਦਕੁਸ਼ੀ ਕਰ ਗਿਆ, 10 ਸਤੰਬਰ ਨੂੰ ਪੁਲੀਸ ਨੇ ਪਹਿਰਾ ਲਾ ਕੇ ਸਸਕਾਰ ਕਰ ਦਿੱਤਾ। ਮੁਕਤਸਰ ਦੇ ਪਿੰਡ ਹਰੀ ਕੇ ਕਲਾਂ ’ਚ ਨੌਜਵਾਨ ਹਰਪ੍ਰੀਤ ਸਿੰਘ ਦੀ ‘ਚਿੱਟੇ’ ਨਾਲ ਮੌਤ ਹੋ ਗਈ। ਜਨਤਿਕ ਧਿਰਾਂ ਨੂੰ 36 ਘੰਟੇ ਪਿੰਡ ਦੇ ਤਸਕਰ ਦੇ ਘਰ ਅੱਗੇ ਮ੍ਰਿਤਕ ਦੇਹ ਰੱਖ ਕੇ ਇਨਸਾਫ਼ ਲਿਆ।ਜਦੋਂ ਖਨੌਰੀ ਬਾਰਡਰ ’ਤੇ ਪੁਲੀਸ ਦੀ ਗੋਲੀ ਨਾਲ ਸ਼ੁਭਕਰਨ ਸਿੰਘ ਬੱਲ੍ਹੋ ਸ਼ਹੀਦ ਹੋ ਗਿਆ ਸੀ ਤਾਂ ਉਸ ਦੀ ਮ੍ਰਿਤਕ ਦੇਹ ਨੂੰ ਅੱਠ ਦਿਨ ਰੁਲਣਾ ਪਿਆ ਸੀ। ਜਦੋਂ ਕਿਸਾਨ ਧਿਰਾਂ ਦੀ ਮੰਗ ਮੰਨੀ ਗਈ, ਫਿਰ ਸ਼ੁਭਕਰਨ ਦੀ ਦੇਹ ਨੂੰ ਮਿੱਟੀ ਨਸੀਬ ਹੋਈ ਸੀ। ਜਦੋਂ ਅਕਾਲੀ ਭਾਜਪਾ ਗੱਠਜੋੜ ਸਰਕਾਰ ਸੀ ਤਾਂ ਉਦੋਂ ਨਵੰਬਰ 2016 ’ਚ ਸੰਗਰੂਰ ਦੇ ਪਿੰਡ ਝਲੂਰ ਦੀ 70 ਵਰ੍ਹਿਆਂ ਦੀ ਬਿਰਧ ਮਾਤਾ ਗੁਰਦੇਵ ਕੌਰ ਦੀ ਲਾਸ਼ 17 ਦਿਨ ਰੁਲਦੀ ਰਹੀ। ਜਨਤਿਕ ਜਥੇਬੰਦੀਆਂ ਨੇ ਮੰਗ ਮੰਨੇ ਜਾਣ ਮਗਰੋਂ ਮ੍ਰਿਤਕ ਦੇਹ ਦੀ ਮਿੱਟੀ ਸਮੇਟੀ।ਇਕੱਲੀ ਲਾਸ਼ ਮਿੱਟੀ ਹੀ ਨਹੀਂ ਰੁਲਦੀ ਬਲਕਿ ਮਾਨਵੀ ਕਦਰਾਂ ਦੀ ਵੀ ਮਿੱਟੀ ਰੁਲ ਜਾਂਦੀ ਹੈ। ਸਮਾਜ ਜ਼ਮੀਰ ਦੀ ਜਨਾਜ਼ੇ ਨੂੰ ਵਹਿੰਦਾ ਰਹਿੰਦਾ ਹੈ।
ਪਿਛਲੀਆਂ ਸਰਕਾਰਾਂ ਸਮੇਂ ਬਠਿੰਡਾ ਦੇ ਪਿੰਡ ਲਹਿਰਾ ਧੂਰਕੋਟ ਦੇ ਇੱਕ ਕਿਸਾਨ ਨੂੰ 14 ਦਿਨ ਮਿੱਟੀ ਨਸੀਬ ਨਹੀਂ ਹੋਈ ਸੀ। ਸੜਕਾਂ ਜਾਮ ਕਰਕੇ ਜਦ ਕਿਸਾਨ ਜਥੇਬੰਦੀਆਂ ਨੇ ਇਨਸਾਫ਼ ਲਿਆ, ਫਿਰ ਮ੍ਰਿਤਕ ਦੇਹ ਨੂੰ ਅੱਗ ਦਿਖਾਈ ਗਈ। ਸਾਲ 2015 ’ਚ ਬਠਿੰਡਾ ਦੇ ਪਿੰਡ ਚੁੱਘੇ ਕਲਾਂ ਦੇ ਕਿਸਾਨ ਕੁਲਦੀਪ ਸਿੰਘ ਨੇ ਧਰਨੇ ’ਚ ਸਲਫਾਸ ਖਾ ਲਈ ਸੀ। ਉਸ ਦੀ ਲਾਸ਼ ਨੂੰ ਅਜਿਹੇ ਦਿਨ ਵੇਖਣੇ ਪਏ। ਪਿੰਡ ਬਾਦਲ ’ਚ ਲੱਗੇ ਧਰਨੇ ’ਚ ਵੀ ਇੱਕ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਲਈ ਸੀ। ਹਕੂਮਤ ਕਿਸੇ ਹੋਵੇ ਹੋਵੇ, ਸੱਤਾ ਦਾ ਇਹੋ ਜ਼ੋਰ ਲੱਗਦਾ ਹੈ ਕਿ ਜਲਦ ਸਸਕਾਰ ਕਰਾ ਦਿੱਤਾ ਜਾਵੇ ਤਾਂ ਜੋ ਮੁੱਦੇ ਤੇ ਮੁਰਦਾ ਦੋਵੇਂ ਹੀ ਦਫ਼ਨ ਹੋ ਜਾਣ। ਗੁਆਂਢੀ ਸੂਬੇ ਹਰਿਆਣਾ ਨੇ ਤਾਂ 2023 ’ਚ ਇੱਕ ਸਖ਼ਤ ਫ਼ੈਸਲਾ ਹੀ ਕਰ ਲਿਆ ਕਿ ਲਾਸ਼ਾਂ ਨੂੰ ਸੜਕਾਂ ’ਤੇ ਰੱਖ ਕੇ ਪ੍ਰਦਰਸ਼ਨ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਹੋਵੇਗੀ।
ਸੱਤਾ ਵੱਲੋਂ ਲੋਕ ਆਵਾਜ਼ ਦੀ ਅਣਦੇਖੀ : ਰਜਿੰਦਰ ਸਿੰਘ
ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਕਹਿਣਾ ਸੀ ਕਿ ਅਸਲ ’ਚ ਸਰਕਾਰਾਂ ਦੀ ਬੇਰੁਖ਼ੀ ਕਰਕੇ ਅਤੇ ਭਰੋਸੇਯੋਗਤਾ ਨਾ ਰਹਿਣ ਕਰਕੇ ਲੋਕਾਂ ਨੂੰ ਸਖ਼ਤ ਪੈਂਤੜੇ ਲੈਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਲੋਕ ਆਵਾਜ਼ ਦੀ ਸੱਤਾ ਨੇ ਅਣਦੇਖੀ ਕਰ ਦਿੱਤੀ ਹੈ ਅਤੇ ਲੋਕਾਂ ਕੋਲ ਹੋਰ ਕੋਈ ਰਾਹ ਨਹੀਂ ਬਚੇ ਹਨ। ਉਨ੍ਹਾਂ ਕਿਹਾ ਕਿ ਨਿਆਂ ਖ਼ਾਤਰ ਲੋਕਾਂ ਨੂੰ ਮ੍ਰਿਤਕ ਦੇਹਾਂ ਦਾ ਸਸਕਾਰ ਨਾ ਕਰਨ ਦਾ ਫ਼ੈਸਲਾ ਕੀਤਾ ਜਾਂਦਾ ਹੈ। ਲੋਕਾਂ ਕੋਲ ਆਪਣੀ ਗੱਲ ਸੱਤਾ ਕੋਲ ਰੱਖਣ ਦੇ ਮੌਕੇ ਗੁਆਚ ਰਹੇ ਹਨ।
ਸਰਕਾਰਾਂ ਜਬਰੀ ਸਸਕਾਰ ਦੇ ਰਾਹ ਪਈਆਂ : ਸ਼ਿੰਗਾਰਾ ਮਾਨ
ਬੀ ਕੇ ਯੂ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਆਖਦੇ ਹਨ ਕਿ ਸਰਕਾਰਾਂ ਨੂੰ ਹੁਣ ਲਾਸ਼ਾਂ ਦੇ ਰੁਲਣ ਦੀ ਵੀ ਬਹੁਤੀ ਪ੍ਰਵਾਹ ਨਹੀਂ ਰਹੀ ਹੈ। ਉਨ੍ਹਾਂ ਕਿਹਾ ਕਿ ਕਿਤੇ ਪੁਲੀਸ ਕੇਸ ਦਰਜ ਕਰਾਉਣ ਲਈ, ਕਿਤੇ ਗ੍ਰਿਫ਼ਤਾਰੀ ਲਈ ਅਤੇ ਕਿਤੇ ਮੁਆਵਜ਼ਾ ਲੈਣ ਲਈ ਮ੍ਰਿਤਕ ਦੇਹਾਂ ਦਾ ਸਸਕਾਰ ਟਾਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਸਰਕਾਰਾਂ ਜਬਰੀ ਸਸਕਾਰ ਦੇ ਰਾਹ ਵੀ ਪੈ ਗਈਆਂ ਹਨ।

No comments:
Post a Comment