Showing posts with label Jaswant Zafar. Show all posts
Showing posts with label Jaswant Zafar. Show all posts

Tuesday, October 6, 2026

     ਦੋ ਅਫਸਰਾਂ ਦੀ ਖਿੱਚੋਤਾਣ
ਮੁੱਖ ਮੰਤਰੀ ਦਾ ਦਾਖਲ ਦੇਣ ਤੋਂ ਇਨਕਾਰ
   ਚਰਨਜੀਤ ਭੁੱਲਰ 

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਦੀ ਪ੍ਰਬੰਧਕੀ ਸਕੱਤਰ ਸੋਨਾਲੀ ਗਿਰੀ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਦਰਮਿਆਨ ਚੱਲ ਰਹੀ ਖਿੱਚੋਤਾਣ ’ਚ ਸਿੱਧਾ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਨੌਕਰਸ਼ਾਹੀ ਦੀ ਤਾਸੀਰ ’ਤੇ ਤੋੜਾ ਚਾੜ੍ਹਿਆ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੂੰ ਖ਼ੁਦ ਹੀ ਮਾਮਲਾ ਨਜਿੱਠਣ ਲਈ ਕਿਹਾ। ਪੰਜਾਬ ਕਲਾ ਪਰਿਸ਼ਦ ਦੇ ਸਮਾਗਮਾਂ ’ਚ ਲੰਘੇ ਕੱਲ੍ਹ ਮੁੱਖ ਮੰਤਰੀ ਨੇ ਜਸਵੰਤ ਜ਼ਫ਼ਰ ਦੀ ਚਿੱਠੀ, ਜੋ ਕਿ ਉਨ੍ਹਾਂ ਮਹਿਲਾ ਆਈ ਏ ਐੱਸ ਅਧਿਕਾਰੀ ਖ਼ਿਲਾਫ਼ ਲਿਖੀ ਸੀ, ਦੇ ਹਵਾਲੇ ਨਾਲ ਇਹ ਜਵਾਬ ਦਿੱਤਾ। ਦੱਸਣਯੋਗ ਹੈ ਕਿ ਆਈ ਏ ਐੱਸ ਅਧਿਕਾਰੀ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ’ਚ ਸ਼ੁਰੂ ਤੋਂ ਹੀ ਅਣਬਣ ਰਹੀ ਹੈ। 

        ਡਾਇਰੈਕਟਰ ਨੇ 7 ਸਤੰਬਰ ਨੂੰ ਮੁੱਖ ਮੰਤਰੀ ਨੂੰ ਲੰਮਾ ਪੱਤਰ ਲਿਖ ਕੇ ਮਹਿਲਾ ਅਧਿਕਾਰੀ ਦੇ ਕੰਮ ਕਰਨ ਦੇ ਢੰਗ ਤਰੀਕੇ ’ਤੇ ਇਤਰਾਜ਼ ਕੀਤੇ ਸਨ। ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਦੀ ਪ੍ਰਬੰਧਕੀ ਸਕੱਤਰ ਨੇ ਜਦੋਂ ਡਾਇਰੈਕਟਰ ਜ਼ਫ਼ਰ ਨੂੰ ਭਾਸ਼ਾ ਵਿਭਾਗ ਵਿੱਚ ਹੋ ਰਹੀ ਭਰਤੀ ’ਚ ਰਾਖਵੇਂਕਰਨ ਦੇ ਮੁੱਦੇ ’ਤੇ ‘ਕਾਰਨ ਦੱਸੋ ਨੋਟਿਸ’ਜਾਰੀ ਕਰ ਦਿੱਤਾ ਸੀ ਤਾਂ ਉਸ ਨੋਟਿਸ ’ਤੇ ਡਾਇਰੈਕਟਰ ਨੇ ਮੁੜ ਉਂਗਲ ਉਠਾਈ। ਮੁੱਖ ਮੰਤਰੀ ਨੇ ਜ਼ਫ਼ਰ ਵੱਲੋਂ ਲਿਖੇ ਪੱਤਰ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ‘ਤੁਹਾਡੀ ਚਿੱਠੀ ਦਾ ਜਵਾਬ ਇਹ ਸੋਚ ਕੇ ਦੇਣ ਤੋਂ ਮੁਨਕਰ ਹੋ ਗਿਆ ਕਿ ਅਸੀਂ ਵੱਡੇ ਬੰਦੇ ਲਾ ਦਿੱਤੇ ਨੇ, ਆਪੇ ਹੀ ਸਭ ਠੀਕ ਕਰ ਲੈਣਗੇ। ਕਿਸੇ ਕੰਮ ਲਈ ਪੈਸੇ ਲੈਣੇ ਹੁੰਦੇ ਨੇ ਤਾਂ ਜਦੋਂ ਮਰਜ਼ੀ ਆ ਜਾਇਆ ਕਰੋ, ਬਾਕੀ ਫ਼ੈਸਲੇ ਆਪ ਹੀ ਕਰ ਲਿਆ ਕਰੋ।’

        ਮੁੱਖ ਮੰਤਰੀ ਦਾ ਇਹ ਇਸ਼ਾਰਾ ਜ਼ਫ਼ਰ ਨੂੰ ਪ੍ਰਬੰਧਕੀ ਸਕੱਤਰ ਨਾਲ ਪਏ ਰੱਫੜ ਵੱਲ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅਫ਼ਸਰਸ਼ਾਹੀ ਨਾਲ ਹਮੇਸ਼ਾ ਪੰਗਾ ਹੀ ਬਣਿਆ ਰਹੇਗਾ ਕਿਉਂਕਿ ਉਨ੍ਹਾਂ ਨੂੰ ਲਿਪੀ, ਅੱਧਕ ਅਤੇ ਬੋਲੀ ਦਾ ਪਤਾ ਨਹੀਂ।ਮੁੱਖ ਮੰਤਰੀ ਦੇ ਇਨ੍ਹਾਂ ਲਫ਼ਜ਼ਾਂ ਤੋਂ ਸਾਫ਼ ਹੈ ਕਿ ਉਨ੍ਹਾਂ ਦੋਵੇਂ ਅਫ਼ਸਰਾਂ ਨੂੰ ਆਪਸ ’ਚ ਬੈਠ ਕੇ ਮਾਮਲਾ ਨਜਿੱਠਣ ਲਈ ਆਖ ਦਿੱਤਾ ਹੈ। ਮੁੱਖ ਮੰਤਰੀ ਦੇ ਭਾਸ਼ਣ ਤੋਂ ਦੂਜੇ ਦਿਨ ਬਾਅਦ ਹੀ ਅੱਜ ਮੁੜ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਪ੍ਰਬੰਧਕੀ ਸਕੱਤਰ ਨੂੰ ਪੱਤਰ ਭੇਜ ਦਿੱਤਾ ਹੈ। ਜ਼ਫ਼ਰ ਨੇ ਅੱਜ ਤਿੱਖਾ ਪੱਤਰ ਲਿਖ ਕੇ ਦੇਹਰਾਦੂਨ ਸਮਾਗਮ ਦੇ ਹਵਾਲੇ ਨਾਲ ਕਿਹਾ ਕਿ ‘ਤੁਸੀਂ ਆਪਣੇ ਆਪ ਨੂੰ ਪੰਜਾਬ ਸਰਕਾਰ ਸਮਝਣ ਅਤੇ ਦੱਸਣ ਦੀ ਵਾਰ-ਵਾਰ ਗ਼ਲਤੀ ਕਰਦੇ ਹੋ। ਤੁਸੀਂ ਪੰਜਾਬ ਦੇ ਮਾਨਯੋਗ ਪ੍ਰਬੰਧਕੀ ਸਕੱਤਰ ਹੋ, ਨਾ ਕਿ ਪੰਜਾਬ ਸਰਕਾਰ।’

        ਡਾਇਰੈਕਟਰ ਨੇ ਪੱਤਰ ’ਚ ਇਨਕਾਰ ਕਰ ਦਿੱਤਾ ਹੈ ਕਿ ਉਹ ਭਵਿੱਖ ’ਚ ਵੀ ਕਿਸੇ ਪ੍ਰੋਗਰਾਮ ਦੇ ਵਿਸਥਾਰਤ ਵੇਰਵੇ ਨਹੀਂ ਭੇਜਣਗੇ। ਦੂਜੇ ਪਾਸੇ ਵਿਭਾਗ ਦੀ ਪ੍ਰਬੰਧਕੀ ਸਕੱਤਰ ਸੋਨਾਲੀ ਗਿਰੀ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਨ੍ਹਾਂ ਨੂੰ ਡਾਇਰੈਕਟਰ ਵੱਲੋਂ ਲਿਖਿਆ ਅਜਿਹਾ ਕੋਈ ਪੱਤਰ ਨਹੀਂ ਮਿਲਿਆ ਹੈ।