Friday, June 17, 2011

                   ਚੂਹਿਆਂ ਨੂੰ ਨਸ਼ਿਆਂ ਤੋਂ ਕੌਣ ਰੋਕੂ !
                                     ਚਰਨਜੀਤ ਭੁੱਲਰ
ਬਠਿੰਡਾ : ਹੁਣ ਤਾਂ ਚੂਹੇ ਵੀ ਨਸ਼ੇ 'ਤੇ ਲੱਗ ਗਏ ਹਨ। ਨਸ਼ਾ ਵੀ ਮੁਫਤੋਂ ਮੁਫ਼ਤ 'ਚ ਮਿਲਦਾ ਹੈ। ਕਸੂਰ ਚੂਹਿਆਂ ਦੀ ਨਹੀਂ ਬਲਕਿ ਪੰਜਾਬ ਪੁਲੀਸ ਦਾ ਹੈ। ਜਿਸ ਕੋਲ ਨਸ਼ੇ ਸਾੜਨ ਦੀ ਵਿਹਲ ਵੀ ਨਹੀਂ। ਬਠਿੰਡਾ ਪੁਲੀਸ ਦਾ ਗੋਦਾਮ ਅਫੀਮ-ਭੁੱਕੀ ਨਾਲ ਨੱਕੋ ਨੱਕ ਭਰਿਆ ਪਿਆ ਹੈ। ਹਰ ਨਵਾਂ ਪੁਰਾਣਾ ਨਸ਼ਾ ਇਸ ਗੋਦਾਮ ਵਿੱਚ ਪਿਆ ਹੈ। ਹਾਲਾਂਕਿ ਗੋਦਾਮ 'ਤੇ ਪੁਲੀਸ ਦਾ ਪਹਿਰਾ ਹੈ। ਫਿਰ ਵੀ ਇਨ੍ਹਾਂ ਚੂਹਿਆਂ ਨੂੰ ਰੋਕਣ ਵਾਲਾ ਕੋਈ ਨਹੀਂ। ਪਹਿਰੇਦਾਰ ਵੀ ਖੁਦ ਪਰੇਸ਼ਾਨ ਹਨ। ਹਜ਼ਾਰਾਂ ਚੂਹੇ ਇਸ ਗੋਦਾਮ ਵਿੱਚ ਕਾਫੀ ਲੰਮੇ ਸਮੇਂ ਤੋਂ ਘੁਸੇ ਹੋਏ ਹਨ। ਚੂਹਿਆਂ ਨੂੰ ਨਸ਼ਿਆਂ ਦੀ ਲਤ ਏਨੀ ਲੱਗ ਗਈ ਹੈ ਕਿ ਉਹ ਨਿਕਲਣ ਦਾ ਨਾਮ ਹੀ ਨਹੀਂ ਲੈਂਦੇ। ਨਸ਼ਿਆਂ ਵਾਲੇ ਪਲੰਦਿਆਂ ਵਿੱਚ ਸੰਨ੍ਹ ਲਾ ਲੈਂਦੇ ਹਨ। ਜਦੋਂ ਕਿਤੇ ਮੀਂਹ ਪੈਂਦਾ ਹੈ ਤਾਂ ਗੋਦਾਮ ਨੀਵਾਂ ਹੋਣ ਕਰਕੇ ਉਸ 'ਚ ਪਾਣੀ ਭਰ ਜਾਂਦਾ ਹੈ। ਉਦੋਂ ਚੂਹਿਆਂ ਨੂੰ ਤਕਲੀਫ਼ ਹੁੰਦੀ ਹੈ। ਪੁਲੀਸ ਦੇ ਇਸ ਗੋਦਾਮ ਵਿੱਚ ਦਹਾਕਿਆਂ ਪੁਰਾਣੇ ਨਸ਼ੇ ਪਏ ਹਨ ਜਿਨ੍ਹਾਂ ਨੂੰ ਕਾਨੂੰਨ ਮੁਤਾਬਿਕ ਸਾੜਿਆ ਜਾ ਸਕਦਾ ਹੈ। ਪੁਲੀਸ ਨੂੰ ਹੋਰ ਕੰਮਾਂ ਤੋਂ ਹੀ ਵਿਹਲ ਨਹੀਂ ਮਿਲਦੀ। ਗੋਦਾਮ ਵਿੱਚ 28 ਵਰ੍ਹੇ ਪਹਿਲਾਂ ਫੜੀ ਅਫ਼ੀਮ ਤੇ ਭੁੱਕੀ ਵੀ ਪਈ ਹੈ। ਪੁਰਾਣੇ ਨਸ਼ਿਆਂ ਦਾ ਰੰਗ ਵੀ ਬਦਰੰਗ ਹੋ ਗਿਆ ਹੈ। ਪੁਲੀਸ ਦੀ ਸੁਸਤੀ ਹੈ ਕਿ ਜਿਨ੍ਹਾਂ ਕੇਸਾਂ ਦਾ ਅਦਾਲਤਾਂ ਚੋਂ ਨਿਪਟਾਰਾ ਹੋ ਚੁੱਕਾ ਹੈ, ਉਹ ਨਸ਼ੇ ਹਾਲੇ ਵੀ ਗੋਦਾਮ ਦਾ ਸ਼ਿੰਗਾਰ ਬਣੇ ਹੋਏ ਹਨ।
           ਪਿਛਲੀ ਕਾਂਗਰਸੀ ਹਕੂਮਤ ਸਮੇਂ ਜ਼ਿਲ੍ਹਾ ਪੁਲੀਸ ਵਲੋਂ ਜ਼ਿਲ੍ਹਾ ਅਦਾਲਤ ਦੇ ਇੱਕ ਕੋਨੇ 'ਚ ਇੱਕ ਵੱਖਰਾ 'ਐਨ.ਡੀ.ਪੀ.ਐਸ ਗੋਦਾਮ' ਬਣਾਇਆ ਗਿਆ ਸੀ।  ਹੁਣ ਜਦੋਂ ਵੀ ਕੋਈ ਨਸ਼ੇ ਫੜੇ ਜਾਂਦੇ ਹਨ ਤਾਂ ਉਹ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਇਸ ਗੋਦਾਮ ਵਿੱਚ ਜਮ੍ਹਾਂ ਕਰਾ ਦਿੱਤੇ ਜਾਂਦੇ ਹਨ। ਪੁਲੀਸ ਦੇ ਇਸ ਗੋਦਾਮ ਵਿੱਚ ਪੁਰਾਣੇ ਰਵਾਇਤੀ ਨਸ਼ੇ ਅਫ਼ੀਮ ਤੇ ਭੁੱਕੀ ਵੱਡੀ ਮਾਤਰਾ ਵਿੱਚ ਪਏ ਹਨ। ਹੁਣ ਕਾਫੀ ਸਮੇਂ ਤੋਂ ਆਧੁਨਿਕ ਨਸ਼ਿਆਂ ਨੇ ਇਸ ਗੋਦਾਮ ਵਿੱਚ ਆਪਣੀ ਸਰਦਾਰੀ ਕਾਇਮ ਕਰ ਲਈ ਹੈ। ਇਸ ਗੋਦਾਮ ਵਿੱਚ ਕਰੀਬ 13 ਕਮਰੇ ਹਨ ਜਿਨ੍ਹਾਂ 'ਚ ਨਸ਼ੀਲੇ ਪਦਾਰਥਾਂ ਦੀ ਕੋਈ ਕਮੀ ਨਹੀਂ ਹੈ। ਥਾਣਾ ਸੰਗਤ 'ਚ ਐਨ.ਡੀ.ਪੀ.ਐਸ ਤਹਿਤ ਦਰਜ ਹੋਏ 41 ਕੇਸਾਂ ਦੇ ਨਸ਼ੇ ਇਸ ਗੋਦਾਮ ਵਿੱਚ ਪਏ ਹਨ। ਥਾਣਾ ਸੰਗਤ ਵਲੋਂ 7 ਜੁਲਾਈ 1983 ਨੂੰ ਫੜੀ 3 ਕਿਲੋ 900 ਗਰਾਮ ਅਫ਼ੀਮ ਵੀ ਇਸ ਗੋਦਾਮ ਵਿੱਚ ਪਈ ਹੈ। ਇਵੇਂ ਹੀ 29 ਜੂਨ 1998 ਨੂੰ ਫੜੀ 9 ਕਿਲੋ ਅਫ਼ੀਮ ਵੀ ਹਾਲੇ ਗੋਦਾਮ 'ਚ ਹੀ ਪਈ ਹੈ। ਥਾਣਾ ਅਧਿਕਾਰੀ ਆਖਦੇ ਹਨ ਕਿ ਉਹ ਪੁਰਾਣੇ ਨਸ਼ਿਆਂ ਨੂੰ ਡਿਸਪੋਜ਼ ਆਫ਼ ਕਰਨ ਵਾਸਤੇ ਅਦਾਲਤ ਤੋਂ ਹੁਕਮ ਹਾਸਲ ਕਰਨ ਦੀ ਕਾਰਵਾਈ ਕਰ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਗੋਦਾਮ ਵਿੱਚ 32 ਸਾਲ ਪਹਿਲਾਂ 21 ਮਾਰਚ 1979 ਨੂੰ ਥਾਣਾ ਸਦਰ ਬਠਿੰਡਾ ਵਲੋਂ ਫੜੀ ਦੋ ਕਿਲੋ ਕਾਲੀ ਖਸਖਸ ਵੀ ਪਈ ਹੈ। 12 ਫਰਵਰੀ 1983 ਨੂੰ ਫੜੀ 4 ਕਿਲੋ ਅਫ਼ੀਮ ਵੀ ਹੁਣ ਰੰਗ ਬਦਲ ਗਈ ਹੈ।
           ਇਸ ਥਾਣੇ ਵਲੋਂ 12 ਮਈ 1985 ਨੂੰ ਜਿਸ ਵਿਅਕਤੀ ਤੋਂ 19 ਕਿਲੋ ਅਫ਼ੀਮ ਫੜੀ ਸੀ, ਉਹ ਵਿਅਕਤੀ ਵੀ ਰੱਬ ਨੂੰ ਪਿਆਰਾ ਹੋ ਗਿਆ ਹੈ ਪ੍ਰੰਤੂ ਉਸ ਕੋਲੋਂ ਫੜੀ ਅਫ਼ੀਮ ਹਾਲੇ ਵੀ ਗੋਦਾਮ ਦਾ ਸ਼ਿੰਗਾਰ ਬਣੀ ਹੋਈ ਹੈ। ਇਸ ਥਾਣੇ ਦੇ 32 ਕੇਸਾਂ ਦੇ ਨਸ਼ੀਲੇ ਪਦਾਰਥ ਗੋਦਾਮ ਵਿੱਚ ਪਏ ਹਨ। ਸੂਤਰ ਆਖਦੇ ਹਨ ਕਿ ਚੂਹਿਆਂ ਨੇ ਗੋਦਾਮ ਵਿੱਚ ਆਧੁਨਿਕ ਅਤੇ ਰਵਾਇਤੀ ਨਸ਼ਿਆਂ ਦੀ ਫਰੋਲਾ ਫਰਾਲੀ ਕਰ ਦਿੱਤੀ ਹੈ।  ਥਾਣਾ ਮੌੜ ਵਲੋਂ 27 ਮਈ 1983 ਨੂੰ ਜੋ 1 ਕਿਲੋ 900 ਗਰਾਮ ਅਫ਼ੀਮ ਫੜੀ ਗਈ ਸੀ, ਉਹ ਵੀ ਹਾਲੇ ਗੋਦਾਮ ਦਾ ਹਿੱਸਾ ਹੈ। ਥਾਣਾ ਤਲਵੰਡੀ ਸਾਬੋ ਦੇ 38 ਕੇਸਾਂ ਦਾ ਮਾਲ ਵੀ ਗੋਦਾਮ ਵਿੱਚ ਪਿਆ ਹੈ। ਹਾਲਾਂਕਿ ਬਹੁਤੇ ਕੇਸਾਂ ਦਾ ਅਦਾਲਤਾਂ ਵਿੱਚੋਂ ਨਿਪਟਾਰਾ ਵੀ ਹੋ ਚੁੱਕਾ ਹੈ ਪ੍ਰੰਤੂ ਫਿਰ ਵੀ ਨਸ਼ੀਲੇ ਪਦਾਰਥ ਅਫਸਰਾਂ ਵਲੋਂ ਸਾੜੇ ਨਹੀਂ ਗਏ ਹਨ। ਐਨ.ਡੀ.ਪੀ.ਐਸ ਐਕਟ ਦੇ ਬਕਾਇਦਾ ਰੂਲ ਬਣੇ ਹੋਏ ਹਨ ਜਿਨ੍ਹਾਂ ਤਹਿਤ ਨਸ਼ੀਲੇ ਪਦਾਰਥਾਂ ਦੀ ਡਿਸਪੋਜਲ ਲਈ ਇੱਕ ਬਕਾਇਦਾ ਕਮੇਟੀ ਬਣਦੀ ਹੈ ਜੋ ਕਿ ਨਿਪਟਾਰੇ ਵਾਲੇ ਕੇਸਾਂ ਦੇ ਨਸ਼ੀਲੇ ਪਦਾਰਥ ਸਾੜਦੀ ਹੈ। ਇਹ ਵੀ ਨਿਯਮ ਹਨ ਕਿ ਨਸ਼ੀਲੇ ਪਦਾਰਥ ਸ਼ਹਿਰ ਤੋਂ ਕਾਫੀ ਦੂਰ ਬਾਹਰ ਉਸ ਜਗ੍ਹਾਂ ਸਾੜੇ ਜਾਣ ਜਿਥੇ ਕਿ ਕੋਈ ਆਬਾਦੀ ਨਾ ਹੋਵੇ। ਬਠਿੰਡਾ ਪੁਲੀਸ ਵਲੋਂ ਕਾਫੀ ਸਾਲ ਪਹਿਲਾਂ ਨਸ਼ੀਲੇ ਪਦਾਰਥ ਸਾੜੇ ਗਏ ਸਨ। ਥਾਣਾ ਕੋਤਵਾਲੀ ਬਠਿੰਡਾ ਦੀ ਇਸ ਮਾਮਲੇ ਵਿੱਚ ਝੰਡੀ ਹੈ। ਇਸ ਥਾਣੇ ਦੇ 1314 ਕੇਸਾਂ ਦੇ ਨਸ਼ੀਲੇ ਪਦਾਰਥ ਹਾਲੇ ਮਾਲਖ਼ਾਨੇ ਵਿੱਚ ਪਏ ਹਨ। ਬੇਸ਼ੱਕ 182 ਕੇਸਾਂ ਦਾ ਅਦਾਲਤਾਂ ਚੋਂ ਨਿਪਟਾਰਾ ਵੀ ਹੋ ਚੁੱਕਾ ਹੈ ਲੇਕਿਨ ਫਿਰ ਵੀ ਨਸ਼ੀਲੇ ਪਦਾਰਥਾਂ ਨੇ ਮਾਲਖ਼ਾਨੇ ਨੂੰ ਛੋਟਾ ਕੀਤਾ ਹੋਇਆ ਹੈ। 243 ਕੇਸਾਂ ਦੀ ਅਫ਼ੀਮ ਅਤੇ 622 ਕੇਸਾਂ ਦੀ ਭੁੱਕੀ ਗੋਦਾਮ ਵਿੱਚ ਪਈ ਹੈ।
          ਪਹਿਲਾਂ ਤਾਂ ਗੋਦਾਮ ਵਿੱਚ ਇਕੱਲੇ ਰਵਾਇਤੀ ਨਸ਼ੇ ਆਉਂਦੇ ਸਨ,ਹੁਣ ਆਧੁਨਿਕ ਨਸ਼ੇ ਆਉਣ ਲੱਗੇ ਹਨ। ਗੋਦਾਮ ਵਿੱਚ 84 ਕਿਲੋ ਗਾਜਾ ਪਿਆ ਹੈ ਜਦੋਂ ਕਿ 8 ਕਿਲੋ ਸਮੈਕ ਪਈ ਹੈ। ਥਾਣਾ ਕੋਤਵਾਲੀ ਦੇ 96 ਕੇਸਾਂ ਦੀ ਸਮੈਕ ਹਾਲੇ ਪਈ ਹੈ। ਇਸ ਥਾਣੇ ਵਿੱਚ 328 ਪੁਲੀਸ ਕੇਸ ਆਧੁਨਿਕ ਨਸ਼ਿਆਂ ਦੇ ਹਨ ਜਿਨ੍ਹਾਂ ਦਾ ਮਾਲ ਵੀ ਮਾਲਖ਼ਾਨੇ ਨੂੰ ਭੀੜਾ ਕਰ ਰਿਹਾ ਹੈ। ਇਸ ਗੋਦਾਮ ਵਿੱਚ 39.72 ਲੱਖ ਗੋਲੀਆਂ ਅਤੇ 1.10 ਲੱਖ ਕੈਪਸੂਲ ਅਤੇ 21641 ਸ਼ੀਸ਼ੀਆਂ ਵੀ ਪਈਆਂ ਹਨ ਜਦੋਂ ਕਿ 1828 ਨਸ਼ੇ ਵਾਲੇ ਟੀਕੇ ਵੀ ਪਏ ਹਨ। ਅਲੱਗ ਅਲੱਗ ਕੇਸਾਂ ਵਿੱਚ ਫੜੇ ਨਸ਼ਿਆਂ ਦੇ ਅਲੱਗ ਅਲੱਗ ਪਲੰਦੇ ਬਣੇ ਹੋਏ ਹਨ। ਗੋਦਾਮ ਵਿਚ 2 ਕਿਲੋ ਚਰਸ ਵੀ ਪਈ ਹੈ। ਥਾਣਾ ਰਾਮਾਂ ਦੇ 78 ਪੁਲੀਸ ਕੇਸਾਂ ਦੇ ਨਸ਼ੇ ਵੀ ਇੱਥੇ ਹੀ ਪਏ ਹਨ। ਸੂਤਰ ਆਖਦੇ ਹਨ ਕਿ ਪੁਲੀਸ ਥੋੜੀ ਚੁਸਤੀ ਦਿਖਾਵੇ ਤਾਂ ਨਸ਼ਿਆਂ ਦੀ ਡਿਸਪੋਜਲ ਕਰਨ ਨਾਲ ਗੋਦਾਮ ਨੂੰ ਸਾਹ ਆ ਸਕਦਾ ਹੈ। ਸੂਤਰਾਂ ਅਨੁਸਾਰ ਬਹੁਤੇ ਨਸ਼ੇ ਤਾਂ ਹੁਣ ਕਾਗ਼ਜ਼ਾਂ 'ਚ ਹੀ ਰਹਿ ਗਏ ਹਨ।
                                                ਨਸ਼ੇ ਸਾੜੇ ਜਾ ਸਕਦੇ ਹਨ- ਜ਼ਿਲ੍ਹਾ ਅਟਾਰਨੀ।
ਜ਼ਿਲ੍ਹਾ ਅਟਾਰਨੀ ਸ੍ਰੀ ਛਿੰਦਰਪਾਲ ਸਿੰਘ ਬਰਾੜ ਦਾ ਕਹਿਣਾ ਸੀ ਕਿ ਐਨ.ਡੀ.ਪੀ.ਐਸ ਐਕਟ 'ਚ ਤਾਂ ਪ੍ਰੀ ਟਰਾਇਲ ਵੀ ਨਸ਼ੀਲੇ ਪਦਾਰਥਾਂ ਨੂੰ ਡਿਸਪੋਜ਼ ਆਫ਼ ਕਰਨ ਦੀ ਵਿਵਸਥਾ ਹੈ। ਉਨ੍ਹਾਂ ਦੱਸਿਆ ਕਿ ਡੀ.ਆਈ.ਜੀ ਦੀ ਅਗਵਾਈ ਵਿੱਚ ਬਣੀ ਕਮੇਟੀ ਵਲੋਂ ਇਹ ਡਿਸਪੋਜਲ ਕੀਤੀ ਜਾਣੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਤੋਂ ਦੂਰ ਇਹ ਨਸ਼ੇ ਸਾੜੇ ਜਾ ਸਕਦੇ ਹਨ। ਇਹ ਵੀ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਤਾਂ ਨਸ਼ੇ ਬਕਾਇਦਾ ਸਾੜ ਦਿੱਤੇ ਜਾਂਦੇ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਕੇਸਾਂ ਦਾ ਨਿਪਟਾਰਾ ਹੋ ਚੁੱਕਾ ਹੈ, ਉਨ੍ਹਾਂ ਨੂੰ ਸਾੜਨ ਵਿੱਚ ਤਾਂ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਕਾਫੀ ਸਾਲ ਪਹਿਲਾਂ ਐਨ.ਡੀ.ਪੀ.ਐਸ ਦੇ ਰੂਲਜ਼ ਮੁਤਾਬਿਕ ਵੱਖਰਾ ਗੋਦਾਮ ਵੀ ਬਣਾਇਆ ਗਿਆ ਸੀ।
       

No comments:

Post a Comment