Friday, December 23, 2011

       ਬਾਦਲ ਦਾ ਤੇਲ ਖਰਚ ਪੌਣੇ ਛੇ ਕਰੋੜ !
                                  ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਕੈਬਨਿਟ ਵਲੋਂ ਢਾਈ ਵਰਿ•ਆਂ 'ਚ 18.54 ਕਰੋੜ ਦਾ ਤੇਲ ਫੂਕ ਦਿੱਤਾ ਗਿਆ ਹੈ। ਸਰਕਾਰੀ ਖ਼ਜ਼ਾਨੇ ਨੂੰ ਇਕੱਲੇ ਮੁੱਖ ਮੰਤਰੀ ਪੰਜਾਬ ਦੀਆਂ ਕਾਰਾਂ ਦਾ ਕਾਫਲਾ ਪੌਣੇ ਛੇ ਕਰੋੜ ਰੁਪਏ 'ਚ ਪਿਆ ਹੈ। ਮੁੱਖ ਮੰਤਰੀ ਕੋਲ 33 ਗੱਡੀਆਂ ਦਾ ਕਾਫਲਾ ਹੈ ਜਿਨ•ਾਂ ਦਾ ਤੇਲ ਖਰਚ 13 ਵਜ਼ੀਰਾਂ ਦੀਆਂ ਗੱਡੀਆਂ ਦੇ ਬਰਾਬਰ ਦਾ ਹੈ। ਬਿਨ•ਾਂ ਰੋਕ ਹੋਏ ਸੰਗਤ ਦਰਸ਼ਨ ਪ੍ਰੋਗਰਾਮ ਇਸ ਤੇਲ ਖਰਚੇ 'ਚ ਇਜਾਫੇ ਦਾ ਮੁੱਖ ਕਾਰਨ ਦੱਸੇ ਜਾ ਰਹੇ ਹਨ। ਜੋ ਹੈਲੀਕਾਪਟਰ ਦਾ ਖਰਚਾ ਹੈ, ਉਹ ਵੱਖਰਾ ਹੈ। ਤੇਲ ਮਹਿੰਗਾ ਹੋਵੇ ਤੇ ਚਾਹੇ ਸਸਤਾ, ਸਰਕਾਰ ਨੂੰ ਇਸ ਦੀ ਖਪਤ ਤੇ ਕੀਮਤ ਦਾ ਕੋਈ ਫਿਕਰ ਨਹੀਂ ਹੈ। ਨਾ ਕਦੇ ਸਰਕਾਰ ਦਾ ਊਰਜਾ ਬਚਾਓ ਦਾ ਕੋਈ ਏਜੰਡਾ ਹੈ। ਪੂਰੀ ਕੈਬਨਿਟ ਦੀ ਗੱਲ ਕਰੀਏ ਤਾਂ ਇਨ•ਾਂ ਢਾਈ ਵਰਿ•ਆਂ 'ਚ ਉਨ•ਾਂ ਦੀਆਂ ਗੱਡੀਆਂ 18.54 ਕਰੋੜ ਦਾ ਤੇਲ ਛੱਕ ਗਈਆਂ ਹਨ। ਨਿਯਮਾਂ 'ਚ ਤੇਲ ਖਰਚ ਦੀ ਕੋਈ ਬੰਦਿਸ਼ ਨਹੀਂ ਹੈ। ਨਤੀਜਾ ਇਹ ਹੈ ਕਿ ਗੱਡੀਆਂ ਦੇ ਕਾਫਲੇ ਖ਼ਜ਼ਾਨੇ ਨੂੰ ਰੋਜ਼ਾਨਾ 2.03 ਲੱਖ ਰੁਪਏ ਦੀ ਸੱਟ ਮਾਰ ਦਿੰਦੇ ਹਨ। ਖ਼ਰਚਿਆਂ ਨੂੰ ਠੱਲ•ਣ ਦੀ ਥਾਂ ਏਦਾ ਦਾ ਖਰਚਾ ਵੱਧਦਾ ਹੀ ਜਾ ਰਿਹਾ ਹੈ। ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਪੱਤਰ ਨੰਬਰ 1146/52163 ਮਿਤੀ 18 ਨਵੰਬਰ 2011 ਰਾਹੀਂ ਦਿੱਤੇ ਹਨ, ਉਨ•ਾਂ ਤੋਂ ਇਹ ਗੱਲ ਉਭਰੀ ਹੈ ਕਿ 17 ਵਜ਼ੀਰਾਂ ਦੇ ਝੂਟੇ ਖ਼ਜ਼ਾਨੇ ਨੂੰ 7.46 ਕਰੋੜ ਰੁਪਏ ਵਿੱਚ ਪਏ ਹਨ।
             ਮੁੱਖ ਮੰਤਰੀ ਪੰਜਾਬ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦਾ ਪਹਿਲੀ ਅਪਰੈਲ 2009 ਤੋਂ 30 ਸਤੰਬਰ 2011 ਤੱਕ 5,72,62,301 ਰੁਪਏ ਦਾ ਤੇਲ ਖਰਚ ਹੈ ਜਦੋਂ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਤੇਲ ਖਰਚ 1,02,84,784 ਰੁਪਏ ਹਨ। ਹਾਲਾਂਕਿ ਦੂਰ ਦਾ ਸਫ਼ਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਲੋਂ ਹੈਲੀਕਾਪਟਰ 'ਚ ਤੈਅ ਕੀਤਾ ਜਾਂਦਾ ਹੈ। ਖਾਲੀ ਗੱਡੀਆਂ ਦੇ ਕਾਫਲੇ ਨੇ ਜਿਆਦਾ ਤੇਲ ਛਕਿਆ ਹੈ। ਪੰਜਾਬ ਸਰਕਾਰ ਏਡੀ ਵੱਡੀ ਰਾਸ਼ੀ ਤਾਂ 'ਕੈਂਸਰ ਫੰਡ' ਲਈ ਵੀ ਨਹੀਂ ਜੁਟਾ ਸਕੀ ਹੈ। ਮੁਲਾਂਕਣ ਕਰੀਏ ਤਾਂ ਮੁੱਖ ਮੰਤਰੀ ਪੰਜਾਬ ਦਾ ਤੇਲ ਖਰਚ ਸਲਾਨਾ ਔਸਤਨ ਸਵਾ ਦੋ ਕਰੋੜ ਰੁਪਏ ਤੋਂ ਉਪਰ ਦਾ ਹੈ। ਉਨ•ਾਂ ਵਲੋਂ ਔਸਤਨ 19 ਲੱਖ ਰੁਪਏ ਦਾ ਤੇਲ ਖਰਚ ਪ੍ਰਤੀ ਮਹੀਨਾ ਕੀਤਾ ਜਾਂਦਾ ਹੈ। ਮੁੱਖ ਮੰਤਰੀ ਦੀਆਂ ਗੱਡੀਆਂ ਦਾ ਕਾਫਲਾ ਰੋਜ਼ਾਨਾ ਸਰਕਾਰ ਨੂੰ ਔਸਤਨ 63 ਹਜ਼ਾਰ ਰੁਪਏ ਵਿੱਚ ਪੈਂਦਾ ਹੈ। ਮੁੱਖ ਮੰਤਰੀ,ਉਪ ਮੁੱਖ ਮੰਤਰੀ,ਵਜ਼ੀਰ ਅਤੇ ਮੁੱਖ ਸੰਸਦੀ ਸਕੱਤਰਾਂ ਦਾ ਤੇਲ ਖਰਚ ਦੇਖੀਏ ਤਾਂ ਪੰਜਾਬ ਸਰਕਾਰ ਵਲੋਂ ਰੋਜ਼ਾਨਾ 2.03 ਲੱਖ ਰੁਪਏ ਇਨ•ਾਂ 'ਤੇ ਖਰਚ ਕੀਤੇ ਜਾਂਦੇ ਹਨ। 17 ਵਜ਼ੀਰਾਂ ਦਾ ਪ੍ਰਤੀ ਮਹੀਨਾ ਤੇਲ ਖਰਚ 24.88 ਲੱਖ ਰੁਪਏ ਹੈ ਜਦੋਂ ਕਿ ਰੋਜ਼ਾਨਾ ਦਾ ਤੇਲ ਖਰਚ 81 ਹਜ਼ਾਰ ਰੁਪਏ ਬਣਦਾ ਹੈ। ਪੰਜਾਬ ਸਰਕਾਰ ਵਲੋਂ 16 ਮੁੱਖ ਸੰਸਦੀ ਸਕੱਤਰ ਬਣਾਏ ਹੋਏ ਹਨ ਜਿਨ•ਾਂ ਵਲੋਂ ਢਾਈ ਵਰਿ•ਆਂ 'ਚ 4.32 ਕਰੋੜ ਰੁਪਏ ਦਾ ਤੇਲ ਖਰਚ ਕੀਤਾ ਗਿਆ ਹੈ।
          ਮੁੱਖ ਸੰਸਦੀ ਸਕੱਤਰਾਂ ਦਾ ਪ੍ਰਤੀ ਦਿਨ ਦਾ 47 ਹਜ਼ਾਰ ਰੁਪਏ ਔਸਤਨ ਤੇਲ ਖਰਚ ਹੈ ਅਤੇ ਉਨ•ਾਂ ਦਾ ਪ੍ਰਤੀ ਮਹੀਨਾ ਤੇਲ ਖਰਚ ਸਰਕਾਰ ਨੂੰ 14.41 ਲੱਖ ਰੁਪਏ ਵਿੱਚ ਪੈਂਦਾ ਹੈ। ਤੇਲ ਖਰਚ ਦੇ ਮਾਮਲੇ 'ਚ ਮਾਲ ਮੰਤਰੀ ਅਜੀਤ ਸਿੰਘ ਕੁਹਾੜ ਸਭ ਵਜ਼ੀਰਾਂ ਨੂੰ ਪਿਛੇ ਛੱਡ ਗਏ ਹਨ। ਉਨ•ਾਂ ਨੇ ਢਾਈ ਵਰਿ•ਆਂ 'ਚ 67.33 ਲੱਖ ਰੁਪਏ ਦਾ ਤੇਲ ਫੂਕਿਆ ਹੈ। ਦੂਸਰੇ ਨੰਬਰ 'ਤੇ ਵਜ਼ੀਰ ਗੁਲਜ਼ਾਰ ਸਿੰਘ ਰਣੀਕੇ ਹਨ ਜਿਨ•ਾਂ ਦਾ ਤੇਲ ਖਰਚ 67.08 ਲੱਖ ਰੁਪਏ ਹੈ। ਮਾਸਟਰ ਮੋਹਨ ਲਾਲ ਦਾ ਵਜ਼ੀਰੀ ਸਮੇਂ ਤੇਲ ਖਰਚ 62.04 ਲੱਖ ਰੁਪਏ ਹੈ। ਸਭ ਤੋਂ ਘੱਟ ਤੇਲ ਖਰਚ ਵਜ਼ੀਰ ਬਲਵੀਰ ਸਿੰਘ ਬਾਠ ਦਾ ਹੈ ਜੋ ਕਿ 6.89 ਲੱਖ ਰੁਪਏ ਹੈ। ਸ੍ਰੀ ਬਾਠ ਕੁਝ ਸਮਾਂ ਪਹਿਲਾਂ ਹੀ ਵਜ਼ੀਰ ਬਣੇ ਹਨ। ਮੁੱਖ ਸੰਸਦੀ ਸਕੱਤਰਾਂ ਚੋਂ ਸ੍ਰੀ ਬਿਕਰਮਜੀਤ ਸਿੰਘ ਖਾਲਸਾ ਤੇਲ ਖਰਚ ਦੇ ਮਾਮਲੇ 'ਚ ਬਾਜੀ ਮਾਰ ਗਏ ਹਨ। ਉਨ•ਾਂ ਦਾ ਢਾਈ ਵਰਿ•ਆਂ ਦਾ ਤੇਲ ਖਰਚ 48.10 ਲੱਖ ਰੁਪਏ ਰਿਹਾ ਹੈ ਜਦੋਂ ਕਿ ਦੂਸਰੇ ਨੰਬਰ 'ਤੇ ਮਹਿੰਦਰ ਕੌਰ ਜੋਸ਼ ਦਾ ਤੇਲ ਖਰਚ 45.39 ਲੱਖ ਰੁਪਏ ਰਿਹਾ ਹੈ। ਤੀਸਰਾ ਨੰਬਰ ਮੁੱਖ ਸੰਸਦੀ ਸਕੱਤਰ ਰਾਜ ਖੁਰਾਣਾ ਦਾ ਹੈ ਜਿਨ•ਾਂ ਨੇ 36.34 ਲੱਖ ਰੁਪਏ ਦਾ ਤੇਲ ਖਰਚ ਕੀਤਾ ਹੈ।
                                              ਕੈਬਨਿਟ ਕੋਲ 119 ਗੱਡੀਆਂ ਦਾ ਕਾਫਲਾ
ਪੰਜਾਬ ਕੈਬਨਿਟ ਕੋਲ 119 ਗੱਡੀਆਂ ਦਾ ਕਾਫਲਾ ਹੈ। ਮੁੱਖ ਮੰਤਰੀ ਪੰਜਾਬ ਕੋਲ 33 ਗੱਡੀਆਂ ਹਨ ਜਦੋਂ ਕਿ ਉਪ ਮੁੱਖ ਮੰਤਰੀ ਪੰਜਾਬ ਕੋਲ 20 ਗੱਡੀਆਂ ਦਾ ਕਾਫਲਾ ਹੈ। 17 ਕੈਬਨਿਟ ਵਜ਼ੀਰਾਂ ਕੋਲ 34 ਗੱਡੀਆਂ ਹਨ ਜਿਨ•ਾਂ 'ਚ ਸਰਕਾਰੀ ਖ਼ਜ਼ਾਨੇ ਚੋਂ ਤੇਲ ਪੈਂਦਾ ਹੈ। ਇਵੇਂ ਹਰ ਮੁੱਖ ਸੰਸਦੀ ਸਕੱਤਰ ਨੂੰ ਦੋ ਦੋ ਗੱਡੀਆਂ ਦਿੱਤੀਆਂ ਹੋਈਆਂ ਹਨ ਜਿਨ•ਾਂ ਕੋਲ 32 ਗੱਡੀਆਂ ਦਾ ਕਾਫਲਾ ਹੈ। ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਨੂੰ ਇੱਕ ਇੱਕ ਗੱਡੀ ਦਿੱਤੀ ਹੋਈ ਹੈ। ਵਿਰੋਧੀ ਧਿਰ ਦੀ ਨੇਤਾ ਨੂੰ ਦੋ ਗੱਡੀਆਂ ਦਿੱਤੀਆਂ ਹੋਈਆਂ ਹਨ। ਇਸੇ ਤਰ•ਾਂ ਹਰ ਐਮ.ਐਲ.ਏ ਨੂੰ ਵੀ ਇੱਕ ਇੱਕ ਗੱਡੀ ਦਿੱਤੀ ਹੋਈ ਹੈ। ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਪੰਜਾਬ ਲਈ ਇੱਕ ਹੈਲੀਕਾਪਟਰ ਵੀ ਕਿਰਾਏ 'ਤੇ ਲਿਆ ਹੋਇਆ ਹੈ। ਲੋੜ ਪੈਣ 'ਤੇ ਸਰਕਾਰ ਨੇ ਇੱਕ ਹੋਰ ਹੈਲੀਕਾਪਟਰ ਵੀ ਕਿਰਾਏ 'ਤੇ ਸਮੇਂ ਸਮੇਂ 'ਤੇ ਲਿਆ ਹੈ।
               

1 comment:

  1. Seriously, shame on them!! But no one's ever gonna lay stress on this. This is the expert example of uneducated governments: no strategies, no plannings for resources conservation. :(

    ReplyDelete