Saturday, December 17, 2011

                                  ਸ਼ੌਕ ਦਾ ਮੁੱਲ
        ਬਾਦਲਾਂ ਦੀ ਫੋਟੋ 34 ਲੱਖ 'ਚ ਪਈ
                             ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪੰਜਾਬ ਦੀ ਫੋਟੋ ਸਰਕਾਰੀ ਖਜ਼ਾਨੇ ਨੂੰ 34 ਲੱਖ ਰੁਪਏ 'ਚ ਪਈ ਹੈ। ਖੇਡ ਮਹਿਕਮੇ ਵਲੋਂ ਇਹ ਫੋਟੋ ਉਨ•ਾਂ ਮਲਟੀ ਜਿੰਮਾਂ 'ਤੇ ਲਗਾਈ ਜਾਣੀ ਹੈ ਜੋ ਕਿ ਪੰਜਾਬ ਵਿੱਚ ਵੰਡੇ ਜਾ ਚੁੱਕੇ ਹਨ। ਪੰਜਾਬ 'ਚ ਦੋ ਫਰਮਾਂ ਵਲੋਂ ਮਲਟੀ ਜਿੰਮ ਸਪਲਾਈ ਕੀਤੇ ਗਏ ਹਨ। ਫਰਮਾਂ ਵਲੋਂ ਕੇਵਲ ਜਿੰਮਾਂ 'ਤੇ ਖੇਡ ਵਿਭਾਗ ਪੰਜਾਬ ਦਾ ਠੱਪਾ ਹੀ ਲਗਾਇਆ ਗਿਆ ਹੈ। ਮਾਮਲਾ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਫੋਟੋ ਮਲਟੀ ਜਿੰਮਾਂ 'ਤੇ ਲਗਾਏ ਜਾਣ ਦਾ ਉਠਿਆ ਤਾਂ ਖੇਡ ਵਿਭਾਗ ਨੇ ਨਵੀਂ ਤਰਕੀਬ ਕੱਢ ਲਈ। ਖੇਡ ਵਿਭਾਗ ਪੰਜਾਬ ਨੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਫੋਟੋ ਵਾਲੀ ਪਲੇਟ ਵੱਖਰੀ ਬਣਾਉਣ ਦਾ ਟੈਂਡਰ ਕਰ ਦਿੱਤੇ। ਭਾਵੇਂ ਇਨ•ਾਂ ਪਲੇਟਾਂ 'ਤੇ ਨਸ਼ਾ ਸਬੰਧੀ ਜਾਗਰੂਕ ਕਰਨ ਵਾਲੇ ਮਾਟੋ ਵੀ ਲਿਖੇ ਗਏ ਹਨ ਪ੍ਰੰਤੂ ਪਲੇਟ 'ਤੇ ਵੱਡਾ ਥਾਂ ਦੋਹਾਂ ਬਾਦਲਾਂ ਦੀ ਫੋਟੋ ਹੀ ਘੇਰਦੀ ਹੈ। ਸਿਆਸੀ ਲਾਹੇ ਖਾਤਰ ਇਨ•ਾਂ ਪਲੇਟਾਂ ਨੂੰ ਤਿਆਰ ਕਰਾਉਣ 'ਤੇ ਪੰਜਾਬ ਸਰਕਾਰ ਨੇ 34.06 ਲੱਖ ਰੁਪਏ ਖਰਚ ਦਿੱਤੇ ਹਨ। ਮਲਟੀ ਜਿੰਮ ਸਪਲਾਈ ਕਰਨ ਵਾਲੀਆਂ ਫਰਮਾਂ ਵਲੋਂ ਬਿਨ•ਾਂ ਫੋਟੌ ਤੋਂ ਹੀ ਮਾਲ ਸਪਲਾਈ ਕੀਤਾ ਗਿਆ ਹੈ। ਖੇਡ ਵਿਭਾਗ ਵਲੋਂ ਹੁਣ ਜ਼ਿਲਿ•ਆਂ 'ਚ ਹਜ਼ਾਰਾਂ ਫੋਟੋ ਵਾਲੀਆਂ ਪਲੇਟਾਂ ਸਪਲਾਈ ਕੀਤੀ ਜਾ ਰਹੀਆਂ ਹਨ। ਇਹ ਫੋਟੋ ਵਾਲੀਆਂ ਪਲੇਟਾਂ ਮਲਟੀ ਜਿੰਮਾਂ 'ਤੇ ਲਗਾਈਆਂ ਜਾਣੀਆਂ ਹਨ। ਪੰਜਾਬ ਭਰ ਵਿੱਚ ਮਲਟੀ ਜਿੰਮ ਸਪਲਾਈ ਹੋ ਚੁੱਕੇ ਹਨ।
            ਸਰਕਾਰੀ ਸੂਤਰਾਂ ਅਨੁਸਾਰ ਇੱਕ ਫੋਟੋ ਵਾਲੀ ਪਲੇਟ ਦੀ ਕੀਮਤ 545 ਰੁਪਏ ਆਈ ਹੈ। ਚੰਡੀਗੜ• ਦੀ ਕੈਨਵਸ ਫਰਮ ਤੋਂ ਇਹ ਪਲੇਟ ਤਿਆਰ ਕਰਾਈ ਗਈ ਹੈ। ਇਸ ਫਰਮ ਵਲੋਂ ਵੱਖਰੇ ਤੌਰ 'ਤੇ ਪਲੇਟਾਂ ਦੀ ਸਪਲਾਈ ਕੀਤੀ ਗਈ ਹੈ। ਪੰਜਾਬ ਭਰ ਵਿੱਚ 6250 ਮਲਟੀ ਜਿੰਮ ਵੰਡੇ  ਹਨ ਅਤੇ ਏਡੀ ਗਿਣਤੀ ਵਿੱਚ ਪਲੇਟਾਂ ਸਪਲਾਈ ਕੀਤੀਆਂ ਗਈਆਂ ਹਨ। ਇਸ ਹਿਸਾਬ ਨਾਲ ਸਰਕਾਰ ਨੂੰ ਫੋਟੋ ਵਾਲੀਆਂ ਪਲੇਟਾਂ ਦੀ ਕੀਮਤ 34 ਲੱਖ ਦੇ ਕਰੀਬ ਤਾਰਨੀ ਪਈ ਹੈ। ਜਿਨ•ਾਂ ਜ਼ਿਲਿ•ਆਂ 'ਚ ਸਮੇਂ ਸਿਰ ਪਲੇਟਾਂ ਪੁੱਜ ਗਈਆਂ ਹਨ, ਉਥੇ ਮਲਟੀ ਜਿੰਮ ਵੰਡਦੇ ਸਮੇਂ ਹੀ ਇਹ ਪਲੇਟਾਂ ਵੀ ਨਾਲੋਂ ਨਾਲ ਦੇ ਦਿੱਤੀਆਂ ਗਈਆਂ ਹਨ। ਜਿਥੇ ਪਲੇਟਾਂ ਦੀ ਸਪਲਾਈ ਲੇਟ ਹੋਈ ਹੈ, ਉਥੇ ਪਲੇਟਾਂ ਮਗਰੋਂ ਮਲਟੀ ਜਿੰਮ ਲੈਣ ਵਾਲਿਆਂ ਕੋਲ ਭੇਜੀਆਂ ਗਈਆਂ ਹਨ। ਬਠਿੰਡਾ ਜ਼ਿਲ•ੇ 'ਚ 153 ਮਲਟੀ ਜਿੰਮ ਵੰਡੇ ਗਏ ਹਨ। ਪਿੰਡਾਂ ਵਿੱਚ ਇਹ ਜਿੰਮ ਪੰਚਾਇਤਾਂ ਅਤੇ ਨੌਜਵਾਨ ਕਲੱਬਾਂ ਨੂੰ ਦਿੱਤੇ ਗਏ ਹਨ ਜਦੋਂ ਕਿ ਸ਼ਹਿਰੀ ਖੇਤਰ ਵਿੱਚ ਨਗਰ ਕੌਂਸਲਰਾਂ ਨੂੰ ਦਿੱਤੇ ਗਏ ਹਨ। ਖੇਡ ਵਿਭਾਗ ਵਲੋਂ ਬਹਾਨਾ ਇਹੋ ਬਣਾਇਆ ਗਿਆ ਹੈ ਕਿ ਨੌਜਵਾਨਾਂ ਨਸ਼ਿਆਂ ਤੋਂ ਜਾਗਰੂਕ ਕਰਨ ਵਾਸਤੇ ਇਹ ਪਲੇਟਾਂ ਤਿਆਰ ਕਰਾਈਆਂ ਗਈਆਂ ਹਨ। ਦੱਸਣਯੋਗ ਹੈ ਕਿ ਤਸਵੀਰਾਂ ਤੋਂ ਪਹਿਲਾਂ ਹੀ ਕਾਫੀ ਰੌਲਾ ਰੱਪਾ ਪੈ ਚੁੱਕਾ ਹੈ। ਪੰਜਾਬ ਸਰਕਾਰ ਵਲੋਂ ਜੋ ਸਾਇਕਲ ਵੰਡੇ ਗਏ ਹਨ, ਉਨ•ਾਂ 'ਤੇ ਵੀ ਮੁੱਖ ਮੰਤਰੀ ਪੰਜਾਬ ਦੀ ਤਸਵੀਰ ਲਗਾਈ ਹੋਈ ਹੈ।
        ਜ਼ਿਲ•ਾ ਲੁਧਿਆਣਾ 'ਚ ਇੱਕ ਸਕੂਲੀ ਲੜਕੀ ਨੇ ਮੁੱਖ ਮੰਤਰੀ ਦੀ ਫੋਟੋ ਵਾਲਾ ਸਾਇਕਲ ਲੈਣ ਤੋਂ ਇਨਕਾਰ ਵੀ ਕਰ ਦਿੱਤਾ ਹੈ। ਸਿਹਤ ਵਿਭਾਗ ਵਲੋਂ ਐਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ,ਉਸ 'ਤੇ ਵੀ ਮੁੱਖ ਮੰਤਰੀ ਦੀ ਫੋਟੋ ਲੱਗੀ ਹੈ ਜਿਸ 'ਤੇ ਇਤਰਾਜ ਉਠਿਆ ਹੈ। ਮਾਲਵਾ ਖਿੱਤੇ 'ਚ ਜੋ ਆਰ.ਓ ਸਿਸਟਮ ਲਗਾਏ ਗਏ ਹਨ, ਉਥੇ ਵੀ ਬਕਾਇਦਾ ਫੋਟੋ ਵਾਲੇ ਬੋਰਡ ਲਗਾਏ ਗਏ ਹਨ। ਆਟਾ ਦਾਲ ਸਕੀਮ ਵਾਲੇ ਰਾਸ਼ਨ ਕਾਰਡਾਂ 'ਤੇ ਵੀ ਮੁੱਖ ਮੰਤਰੀ ਦੀ ਫੋਟੋ ਲੱਗੀ ਹੋਈ ਹੈ। ਸਾਇਕਲਾਂ 'ਤੇ ਲਗਾਈ ਮੁੱਖ ਮੰਤਰੀ ਦੀ ਫੋਟੋ ਦਾ ਕਿੰਨਾ ਖਰਚਾ ਆਇਆ ਹੈ, ਉਸ ਦਾ ਪਤਾ ਨਹੀਂ ਲੱਗ ਸਕਿਆ ਪ੍ਰੰਤੂ ਮਲਟੀ ਜਿੰਮਾਂ 'ਤੇ ਲੱਗਣ ਵਾਲੀ ਫੋਟੋ ਲੱਖਾਂ ਰੁਪਏ ਵਿੱਚ ਪਈ ਹੈ। ਜਦੋਂ ਕਿ ਦੂਸਰੀ ਤਰਫ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਨੂੰ ਪਿਛਲੇ 9 ਮਹੀਨਿਆਂ ਤੋਂ ਸਰਕਾਰ ਤਨਖਾਹ ਨਹੀਂ ਦੇ ਸਕੀ ਹੈ। ਇੱਥੋਂ ਤੱਕ ਕਿ ਪਿੰਡਾਂ ਵਿੱਚ ਵੰਡੇ ਮਲਟੀ ਜਿੰਮਾਂ ਦੀ ਰਾਸ਼ੀ ਵੀ ਸਰਕਾਰ ਵਲੋਂ ਖਜ਼ਾਨਾ ਖਾਲੀ ਹੋਣ ਕਰਕੇ ਦਿੱਤੀ ਨਹੀਂ ਜਾ ਸਕੀ ਹੈ। 15 ਕਰੋੜ ਰੁਪਏ ਦੇ ਮਲਟੀ ਜਿੰਮ ਵੰਡੇ ਗਏ ਹਨ ਪ੍ਰੰਤੂ ਫਰਮਾਂ ਨੂੰ ਸਿਰਫ ਦੋ ਕੁ ਕਰੋੜ ਰੁਪਏ ਹੀ ਜਾਰੀ ਕੀਤੇ ਗਏ ਹਨ। ਬਾਕੀ ਜਿੰਮ ਉਧਾਰ ਵਿੱਚ ਚੁੱਕੇ ਗਏ ਹਨ। ਸੂਤਰ ਦੱਸਦੇ ਹਨ ਕਿ ਜੋ ਪਲੇਟ ਦੀ ਕੀਮਤ ਹੈ, ਉਹ ਵੀ ਕਾਫੀ ਜਿਆਦਾ ਹੈ ਜਦੋਂ ਕਿ ਏਦਾ ਦੀ ਪਲੇਟ ਮਾਰਕੀਟ ਚੋਂ ਸਸਤੇ ਦਾਮ 'ਤੇ ਬਣਾਈ ਜਾ ਸਕਦੀ ਸੀ। ਮਲਟੀ ਜਿੰਮ ਦਾ ਖਰਚਾ 23500 ਪ੍ਰਤੀ ਜਿੰਮ ਹੈ। ਉਪਰੋਂ ਫੋਟੋ ਵਾਲਾ ਖਰਚਾ ਵੱਖਰਾ ਕੀਤਾ ਗਿਆ ਹੈ।
      

1 comment:

  1. ਸਰਕਾਰ ਦੁਆਰਾ ੬੨੫੦ ਜਿਮ ਵੰਡੇ ਗਏ ਹਨ. ਤੁਸੀਂ ਇਸਦੀ ਤਰੀਫ ਕਰੋ / ਤੁਸੀਂ ਫੋਟੋ ਤੋ ਕੀ ਲੇਣਾ ਹੈ ਫੋਟੋ ਚਾਹੇ ਬਾਦਲ ਦੀ ਲਗੇ ਯਾ ਗੁਰੂ ਨਾਨਕ ਦੇਵ ਜੀ ਦੀ. ਹੋਰ ਕਿਸੇ ਸਰਕਾਰ ਨੇ ਵੰਡੇ ਹਨ ਏਨੇ ਜਿਮ. ਖਜਾਨਾ ਖਾਲੀ ਹੋਣ ਦੇ ਬਾਵ੍ਜੁਦ ਜਿਮ ਵੰਡੇ ਗਏ ਹਨ / ਭੁੱਲਰ ਸਾਹਿਬ ਤੁਸੀਂ ਤਾ ਫੋਟੋ ਦੀ ਹੀ ਚਰਚਾ ਕ੍ਰ੍ਦੇਹੋ ਜੇ ਕੋਈ ਆਪਣੀ ਫੋਟੋ ਦੀ ਲਾਲਸਾ ਨਾਲ ਸਮਾਜ ਨੂ ਕੁਜ ਦਿੰਦਾ ਹੈ ਤਾਂ ਕੀ ਗੁਨਾਹ ਹੈ. ਸਦਾ ਵਸ ਚਲੇ ਤਾਂ ਅਸੀਂ ਬਸ ਦੀ ਹਰ ਟਿਕਟ ਉੱਤੇ , ਸਰਕਾਰ ਦੇ ਨੋਟਾ ਉੱਤੇ , ਹਲਫੀਆ ਬਿਆਨ /ਫਰਦ /ਨਕਲ/ ਉਤਰ ਪਤਰੀ/ ਉਤ੍ਤੇਅਪ੍ਨਿ ਫੋਟੋ ਚਿਸ੍ਪਾ ਸਕਦੇ ਹਨ.

    ReplyDelete