Saturday, July 30, 2016

                                         ਐਜੂਕੇਸ਼ਨ ਲੋਨ
            ਪਾੜਿਆਂ ਤੇ ਇੱਕ ਹਜ਼ਾਰ ਕਰੋੜ ਦਾ ਕਰਜ਼ਾ
                                        ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਵਿੱਚ ਵਿਦਿਆਰਥੀ ਵੀ ਕਰਜ਼ੇ ਦੀ ਪੰਡ ਨੇ ਦੱਬ ਲਏ ਹਨ। ਪੇਂਡੂ ਬੱਚਿਆਂ ਨੂੰ ਉੱਚ ਵਿੱਦਿਆ ਲਈ 'ਐਜੂਕੇਸ਼ਨ ਲੋਨ' ਲੈਣਾ ਮਜਬੂਰੀ ਬਣ ਗਿਆ ਹੈ। ਮਾਪਿਆਂ ਨੇ ਇਹ ਲੋਨ ਚੁੱਕ ਕੇ ਬੱਚੇ ਤਾਂ ਪੜਾ ਲਏ ਪ੍ਰੰਤੂ ਹੁਣ ਬੇਰੁਜ਼ਗਾਰੀ ਕਾਰਨ ਇਹ ਕਰਜ਼ਾ ਮੋੜਨਾ ਮੁਸ਼ਕਲ ਬਣ ਗਿਆ ਹੈ। ਕੇਂਦਰ ਸਰਕਾਰ ਨੇ ਉੱਚ ਵਿਦਿਆ ਖਾਤਰ ਵਿਦਿਆਰਥੀਆਂ ਨੂੰ ਐਜੂਕੇਸ਼ਨ ਲੋਨ ਦੀ ਸਹੂਲਤ ਦਿੱਤੀ ਹੋਈ ਹੈ। ਕੇਂਦਰੀ ਵਿੱਤ ਮੰਤਰਾਲੇ ਅਨੁਸਾਰ ਪੰਜਾਬ ਦੇ 32,438 ਵਿਦਿਆਰਥੀਆਂ ਨੇ ਉਚੇਰੀ ਸਿੱਖਿਆ ਵਾਸਤੇ ਕਰਜ਼ਾ ਚੁੱਕਿਆ ਹੈ। ਇਨ•ਾਂ ਵਿਦਿਆਰਥੀਆਂ ਸਿਰ 1021 ਕਰੋੜ ਦਾ ਕਰਜ਼ਾ ਬਕਾਇਆ ਖੜ•ਾ ਹੈ ਜਿਸ ਨੂੰ ਮੋੜਨ ਦਾ ਸੰਕਟ ਬਣਿਆ ਹੋਇਆ ਹੈ। ਹਾਲਾਂਕਿ ਬੈਂਕਾਂ ਦੇ ਡਿਫਾਲਟਰਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵੱਡੀ ਨਹੀਂ ਹੈ ਪ੍ਰੰਤੂ ਇਹ ਰੁਝਾਨ ਹੁਣ ਸ਼ੁਰੂ ਹੋ ਗਿਆ ਹੈ। ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਤਿੰਨ ਵਰੇ• ਪਹਿਲਾਂ 'ਐਜੂਕੇਸ਼ਨ ਲੋਨ' ਦਾ ਬਕਾਇਆ 812 ਕਰੋੜ ਰੁਪਏ ਸੀ ਜੋ ਹੁਣ ਵੱਧ ਕੇ 1021.41 ਕਰੋੜ ਰੁਪਏ ਹੋ ਗਿਆ ਹੈ। ਜਿਆਦਾ ਲੋਨ ਕਿਸਾਨ ਪਰਿਵਾਰਾਂ ਨੇ ਚੁੱਕਿਆ ਹੋਇਆ ਹੈ। ਕੇਂਦਰ ਸਰਕਾਰ ਨੇ ਦੇਸ਼ ਅਤੇ ਵਿਦੇਸ਼ ਵਿਚ ਉਚੇਰੀ ਸਿੱਖਿਆ ਲਈ ਮਾਡਲ ਐਜੂਕੇਸ਼ਨ ਲੋਨ ਸਕੀਮ ਸ਼ੁਰੂ ਕੀਤੀ ਸੀ ਜਿਸ ਤਹਿਤ ਵਿਦਿਆਰਥੀਆਂ ਨੂੰ ਵੋਕੇਸ਼ਨਲ ਕੋਰਸਾਂ ਸਮੇਤ ਉੱਚ ਸਿੱਖਿਆ ਲਈ ਲੋਨ ਦਿੱਤਾ ਜਾਂਦਾ ਹੈ।
                      ਬੈਂਕਾਂ ਵਲੋਂ ਵਿਦਿਆਰਥੀਆਂ ਨੂੰ 4 ਲੱਖ ਤੱਕ ਦਾ ਲੋਨ ਤਾਂ ਬਿਨ•ਾਂ ਕਿਸੇ ਸਕਿਊਰਿਟੀ ਤੋਂ ਦਿੱਤਾ ਜਾਂਦਾ ਹੈ। 4 ਲੱਖ ਤੋਂ 7.30 ਲੱਖ ਤੱਕ ਦਾ ਲੋਨ ਵਿਦਿਆਰਥੀਆਂ ਨੂੰ ਤੀਸਰੀ ਧਿਰ ਦੀ ਗਰੰਟੀ ਤੇ ਦਿੱਤਾ ਜਾਂਦਾ ਹੈ। ਉਸ ਤੋਂ ਉਪਰ ਦਾ ਲੋਨ ਲੈਣ ਲਈ ਬੈਂਕ ਸਕਿਊਰਿਟੀ ਲੈਂਦਾ ਹੈ। ਕੇਂਦਰ ਸਰਕਾਰ ਨੇ ਵਿਦਿਆਰਥੀਆਂ ਲਈ ਲੋਨ ਪ੍ਰਕਿਰਿਆ ਸੁਖਾਲੀ ਬਣਾਉਣ ਲਈ ਵਿੱਦਿਆ ਲਕਸ਼ਮੀ ਪੋਰਟਲ ਵੀ ਬਣਾਇਆ ਹੈ ਜਿਸ ਦੇ ਤਹਿਤ ਵਿਦਿਆਰਥੀਆਂ ਆਪਣੇ ਲੋਨ ਦੀ ਸਥਿਤੀ ਦੇਖ ਸਕਦਾ ਹੈ। ਵੇਰਵਿਆਂ ਅਨੁਸਾਰ ਦੇਸ਼ ਦੇ 26.71 ਲੱਖ ਵਿਦਿਆਰਥੀਆਂ ਨੇ ਐਜੂਕੇਸ਼ਨ ਲੋਨ ਲਿਆ ਹੋਇਆ ਹੈ। ਰਾਜਸਥਾਨ ਦੇ 57,940 ਵਿਦਿਆਰਥੀਆਂ ਨੇ 1355 ਕਰੋੜ ਦਾ ,ਹਰਿਆਣਾ ਦੇ 36401 ਵਿਦਿਆਰਥੀਆਂ ਨੇ 953 ਕਰੋੜ ਦਾ,ਚੰਡੀਗੜ੍ਹ• ਦੇ 4633 ਵਿਦਿਆਰਥੀਆਂ ਨੇ 166 ਕਰੋੜ ਦਾ  ਅਤੇ ਗੁਜਰਾਤ ਦੇ 36401 ਵਿਦਿਆਰਥੀਆਂ ਨੇ 953 ਕਰੋੜ ਦਾ ਐਜੂਕੇਸ਼ਨ ਲੋਨ ਚੁੱਕਿਆ ਹੋਇਆ ਹੈ। ਸਟੇਟ ਬੈਂਕ ਆਫ਼ ਪਟਿਆਲਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਦੇਸ਼ ਪੜ੍ਹਨ ਖਾਤਰ ਤਾਂ ਸਿਰਫ਼ 10 ਫੀਸਦੀ ਵਿਦਿਆਰਥੀ ਹੀ ਐਜੂਕੇਸ਼ਨ ਲੋਨ ਲੈਂਦੇ ਹਨ ਅਤੇ ਜਿਆਦਾ ਲੋਨ ਤਕਨੀਕੀ ਡਿਗਰੀ ਕਰਨ ਖਾਤਰ ਲਏ ਜਾਂਦੇ ਹਨ।
                     ਐਜੂਕੇਸ਼ਨ ਲੋਨ ਦੀ ਵਿਆਜ ਦਰ ਵਿਚ ਕਿਸੇ ਕਿਸਮ ਦੀ ਕੋਈ ਛੋਟ ਨਹੀਂ ਹੈ। ਕਰੀਬ 27 ਬੈਂਕਾਂ ਵਲੋਂ ਐਜੂਕੇਸ਼ਨ ਲੋਨ ਦਿੱਤਾ ਜਾ ਰਿਹਾ ਹੈ। ਚਾਰ ਲੱਖ ਰੁਪਏ ਤੱਕ ਦੇ ਐਜੂਕੇਸ਼ਨ ਲੋਨ ਤੇ ਸਭ ਤੋਂ ਘੱਟ ਵਿਆਜ ਦਰ ਆਈਡੀਬੀਆਈ ਬੈਂਕ ਦੀ 10.75 ਫੀਸਦੀ ਹੈ ਜਦੋਂ ਕਿ ਸਭ ਤੋਂ ਵੱਧ ਦਰ ਯੂਨਾਈਟਿਡ ਬੈਂਕ ਆਫ਼ ਇੰਡੀਆ ਦੀ 13 ਫੀਸਦੀ ਹੈ। ਲੋਨ ਦੀ ਔਸਤਨ ਵਿਆਜ ਦਰ 10 ਫੀਸਦੀ ਤੋਂ 13 ਫੀਸਦੀ ਤੱਕ ਹੈ। ਬੈਂਕਾਂ ਤਰਫ਼ੋਂ ਪੜਾਈ ਦੌਰਾਨ ਵਿਦਿਆਰਥੀਆਂ ਤੋਂ ਕੋਈ ਕਿਸ਼ਤ ਵਾਪਸ ਨਹੀਂ ਲਈ ਜਾਂਦੀ। ਪੜਾਈ ਪੂਰੀ ਹੋਣ ਦੇ ਇੱਕ ਸਾਲ ਮਗਰੋਂ ਵਿਦਿਆਰਥੀਆਂ ਨੇ ਕਿਸ਼ਤਾਂ ਭਰਨੀਆਂ ਹੁੰਦੀਆਂ ਹਨ। ਅਗਰ ਪੜਾਈ ਮਗਰੋਂ ਵਿਦਿਆਰਥੀ ਨੂੰ ਨੌਕਰੀ ਮਿਲ ਜਾਂਦੀ ਹੈ ਤਾਂ ਨੌਕਰੀ ਦੇ 6 ਮਹੀਨੇ ਮਗਰੋਂ ਕਿਸ਼ਤ ਤਾਰਨੀ ਲਾਜ਼ਮੀ ਹੈ। ਪੰਜਾਬ ਵਿਚ ਜਿਆਦਾ ਐਜੂਕੇਸ਼ਨ ਲੋਨ ਸਟੇਟ ਬੈਂਕ ਗਰੁੱਪ ਤੋਂ ਲਏ ਜਾ ਰਹੇ ਹਨ। ਕਈ ਬੈਂਕ ਅਫਸਰਾਂ ਨੇ ਪ੍ਰਤੀਕਰਮ ਦਿੱਤਾ ਕਿ ਪੰਜਾਬ ਵਿਚ ਬੇਰੁਜ਼ਗਾਰੀ ਕਾਰਨ ਹੁਣ ਵਿਦਿਆਰਥੀਆਂ ਨੂੰ ਐਜੂਕੇਸ਼ਨ ਲੋਨ ਮੋੜਨਾ ਮੁਸ਼ਕਲ ਹੋ ਗਿਆ ਹੈ। ਬਹੁਤੇ ਵਿਦਿਆਰਥੀਆਂ ਨੇ ਅਜਿਹੇ ਕਾਲਜਾਂ ਚੋਂ ਡਿਗਰੀ ਕੀਤੀ ਹੈ ਜਿਨ•ਾਂ ਦੀ ਪਲੇਸਮੈਂਟ ਨਹੀਂ ਹੈ।
                       ਨੌਜਵਾਨ ਭਾਰਤ ਸਭਾ ਦੇ ਪਾਵੇਲ ਕੁੱਸਾ ਦਾ ਪ੍ਰਤੀਕਰਮ ਸੀ ਕਿ ਵਿਦਿਆਰਥੀ ਬੇਰੁਜ਼ਗਾਰੀ ਕਾਰਨ ਦੋਹਰੀ ਮਾਰ ਝੱਲ  ਰਹੇ ਹਨ। ਇੱਕ ਤਾਂ ਉਨ•ਾਂ ਨੂੰ ਉਚੇਰੀ ਸਿੱਖਿਆ ਲਈ ਕਰਜ਼ਾ ਲੈਣਾ ਪਿਆ, ਦੂਸਰਾ ਨੌਕਰੀ ਨਾ ਮਿਲਣ ਕਰਕੇ ਕਿਸ਼ਤਾਂ ਮੋੜਨੀਆਂ ਮੁਸ਼ਕਲ ਹੋ ਗਈਆਂ ਹਨ। ਐਜੂਕੇਸ਼ਨ ਲੋਨ ਲੈਣ ਵਾਲੇ ਕਿਸਾਨ ਪਰਿਵਾਰਾਂ ਚੋਂ ਹਨ। ਹੁਣ ਮਾਪਿਆਂ ਅਤੇ ਬੱਚਿਆਂ ਸਿਰ ਵੱਖੋ ਵੱਖਰੀ ਕਿਸਮ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਸੀਨੀਅਰ ਐਡਵੋਕੇਟ ਰਾਜੇਸ਼ ਸ਼ਰਮਾ ਦਾ ਕਹਿਣਾ ਸੀ ਕਿ ਠੇਕਾ ਪ੍ਰਣਾਲੀ ਨੇ ਵੀ ਬਿਪਤਾ ਵਧਾਈ ਹੈ ਕਿਉਂਕਿ ਸਰਕਾਰ ਮਾਮੂਲੀ ਤਨਖਾਹ ਦਿੰਦੀ ਹੈ ਜਿਸ ਨਾਲ ਕਿਸ਼ਤ ਮੋੜਨੀ ਔਖੀ ਹੈ।
                                       ਡਿਫਾਲਟਰ ਹੋਣੇ ਸ਼ੁਰੂ ਹੋਏ : ਜ਼ੋਨਲ ਸਕੱਤਰ        
ਆਲ ਇੰਡੀਆ ਆਫੀਸਰਜ਼ ਐਸੋਸੀਏਸ਼ਨ (ਸਟੇਟ ਬੈਂਕ ਆਫ ਪਟਿਆਲਾ) ਦੇ ਜ਼ੋਨਲ ਸਕੱਤਰ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਐਜੂਕੇਸ਼ਨ ਲੋਨ ਜਿਆਦਾ ਕਿਸਾਨ ਪਰਿਵਾਰਾਂ ਦੇ ਵਿਦਿਆਰਥੀਆਂ ਨੇ ਲਏ ਹਨ ਜਿਨ•ਾਂ ਦੇ ਮਾਪਿਆਂ ਕੋਲ ਪੜਾਈ ਕਰਾਉਣ ਦੀ ਪਹੁੰਚ ਨਹੀਂ ਹੈ। ਉਨ•ਾਂ ਆਖਿਆ ਕਿ ਅਜਿਹੇ ਪਰਿਵਾਰਾਂ ਦੇ ਬੱਚੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ ਜਿਸ ਕਰਕੇ ਉਹ ਡਿਫਾਲਟਰ ਹੋਣੇ ਸ਼ੁਰੂ ਹੋ ਗਏ ਹਨ।
                

1 comment:

  1. ਜੋ student defaulter ਹਨ ਕੀ ਉਨਾ ਦੇ credit ਤੇ ਵੀ ਫਰਕ ਪਵੇਗਾ ਕਿ ਬਸ ਕਰਜਾ ਲੈ ਕੇ ਚਿਤਾੜਾ ਨਾਲ ਹਥ ਪੂਂਜ ਲੇ! ਕਿਓ ਕਿ ਇਸ ਤਰਾਂ ਕਰਨ ਨਾਲ ਲੋਕਾਂ ਦਾ ਕਰੈਕਟਰ ਖਰਾਬ ਹੋਵੇਗਾ. ਲੋਕ ਪੈਸਾ ਲੈ ਲੈ ਕੇ ਹਜਮ ਕਰੀ ਜਾਣਗੇ ਤੇ ਦੇਸ਼ ਦੇ ਦੂਸਰੇ ਬੈੰਕ ਦਾ ਘਾਟਾ ਪੂਰਾ ਕਰੀ ਜਾਣਗੇ...ਇਹ ਬਹੁਤ ਮਾੜੀ ਗਲ ਹੈ!

    ਚਾਰ ਲਖ ਦਾ ਕਰਜਾ ਕੋਈ ਗਰੰਟੀ ਨਹੀ..lol

    ReplyDelete