Tuesday, August 2, 2016

                                    ਨੌਕਰੀ ਘੁਟਾਲਾ 
            ਵਿਜੀਲੈਂਸ ਨੇ ਨੱਪੀ 'ਗੁਰੂ ਜੀ' ਦੀ ਪੈੜ !
                                   ਚਰਨਜੀਤ ਭੁੱਲਰ
ਬਠਿੰਡਾ  : ਵਿਜੀਲੈਂਸ ਬਿਊਰੋ ਨੇ ਨੌਕਰੀ ਘੁਟਾਲੇ ਦੇ 'ਗੁਰੂ ਜੀ' ਦੀ ਪੈੜ ਨੱਪ ਲਈ ਹੈ ਜਿਸ ਦੀ ਤਲਾਸ਼ ਵਿਚ ਵਿਜੀਲੈਂਸ ਟੀਮ ਹੁਣ ਬਿਹਾਰ ਜਾਏਗੀ। ਵਿਜੀਲੈਂਸ ਦੀ ਇੱਕ ਉੱਚ ਪੱਧਰੀ ਟੀਮ ਕਰੀਬ ਡੇਢ ਹਫਤਾ ਲਖਨਊ ਵਿਚ 'ਗੁਰੂ ਜੀ' ਦੀ ਛਾਣਬਾਣ ਕਰਕੇ ਵਾਪਸ ਪੰਜਾਬ ਪਰਤ ਆਈ ਹੈ। ਭਾਵੇਂ ਵਿਜੀਲੈਂਸ ਟੀਮ ਦਾ ਸਿਧੇ ਤੌਰ ਤੇ ਕੋਈ ਨਿਸ਼ਾਨਾ ਨਹੀਂ ਲੱਗਿਆ ਪ੍ਰੰਤੂ ਨੌਕਰੀ ਘੁਟਾਲੇ ਵਿਚ ਫਿਰਕੀ ਘੁੰਮਾਉਣ ਵਾਲੇ 'ਗੁਰੂ ਜੀ' ਦੇ ਰਾਹ ਲੱਭ ਲਏ ਹਨ। ਏਨਾ ਸਾਫ ਹੋ ਗਿਆ ਹੈ ਕਿ 'ਗੁਰੂ ਜੀ' ਬਿਹਾਰ ਦਾ ਰਹਿਣ ਵਾਲਾ ਹੈ ਜੋ ਨੌਕਰੀ ਘੁਟਾਲੇ ਨੂੰ ਲਖਨਊ ਤੋਂ ਚਲਾ ਰਿਹਾ ਸੀ। ਉਤਰ ਪ੍ਰਦੇਸ਼ ਦੀ ਪੁਲੀਸ ਨੇ ਵਿਜੀਲੈਂਸ ਟੀਮ ਦਾ ਸਹਿਯੋਗ ਕੀਤਾ ਅਤੇ ਕਰੀਬ ਡੇਢ ਹਫਤਾ ਵਿਜੀਲੈਂਸ 'ਗੁਰੂ ਜੀ' ਦੇ ਟਿਕਾਣਿਆਂ ਤੇ ਘੁੰਮਦੀ ਰਹੀ। ਦੱਸਣਯੋਗ ਹੈ ਕਿ ਨੌਕਰੀ ਘੁਟਾਲੇ ਦਾ ਮੁੱਖ ਕੇਂਦਰ ਲਖਨਊ ਰਿਹਾ ਜਿਥੋਂ ਦੇ ਇੱਕ ਵਿਅਕਤੀ ਜੋ 'ਗੁਰੂ ਜੀ' ਦੇ ਨਾਮ ਨਾਲ ਮਸ਼ਹੂਰ ਹੈ, ਹਰ ਤਰ•ਾਂ ਦੇ ਪੇਪਰ ਲੀਕ ਕਰਾਉਣ ਦਾ ਮਾਹਿਰ ਸੀ। ਪੰਜਾਬ ਵਿਚ ਸੌਦੇਬਾਜੀ ਤੈਅ ਹੋਣ ਮਗਰੋਂ ਉਮੀਦਵਾਰਾਂ ਨੂੰ ਲਖਨਊ ਲਿਜਾਇਆ ਜਾਂਦਾ ਸੀ, ਜਿਥੇ ਉਸ ਦੀ ਮੁਲਾਕਾਤ 'ਗੁਰੂ ਜੀ' ਨਾਲ ਕਰਾਈ ਜਾਂਦੀ ਸੀ। ਹੁਣ ਤੱਕ 'ਗੁਰੂ ਜੀ' ਦਾ ਭੇਤ ਬਣਿਆ ਹੋਇਆ ਸੀ। ਲਖਨਊ ਵਿਚ ਗਈ ਵਿਜੀਲੈਂਸ ਟੀਮ ਨੂੰ 'ਗੁਰੂ ਜੀ' ਦਾ ਅਸਲ ਪਤਾ ਟਿਕਾਣਾ ਲੱਗ ਗਿਆ ਹੈ ਪ੍ਰੰਤੂ ਵਿਜੀਲੈਂਸ ਇਸ ਮਾਮਲੇ ਨੂੰ ਹਾਲੇ ਗੁਪਤ ਰੱਖਣਾ ਚਾਹੁੰਦੀ ਹੈ।
                       'ਗੁਰੂ ਜੀ' ਦੀ ਸਨਾਖਤ ਵਾਸਤੇ ਵਿਜੀਲੈਂਸ ਟੀਮ ਨੇ ਨਾਲ ਕੁਝ ਉਮੀਦਵਾਰ ਵੀ ਭੇਜੇ ਗਏ ਸਨ ਜੋ ਨੌਕਰੀ ਘੁਟਾਲੇ ਵਿਚ ਸ਼ਾਮਲ ਸਨ। ਅਹਿਮ ਸੂਤਰਾਂ ਅਨੁਸਾਰ ਵਿਜੀਲੈਂਸ ਟੀਮ ਨੇ 'ਗੁਰੂ ਜੀ' ਦੇ ਕੁਝ ਫੋਨ ਨੰਬਰ ਟਰੇਸ ਕਰ ਲਏ ਸਨ ਜਿਨ•ਾਂ ਵਿਚੋਂ ਦੋ ਮੋਬਾਇਲ ਨੰਬਰ ਅਹਿਮ ਸਨ। ਵਿਜੀਲੈਂਸ ਟੀਮ ਨੇ ਜਦੋਂ ਉਤਰ ਪ੍ਰਦੇਸ਼ ਵਿਚ ਇਨ•ਾਂ ਫੋਨਾਂ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਹੈ ਕਿ ਇਹ ਸਿੰਮ ਜਾਅਲੀ ਸਨਾਖਤੀ ਕਾਰਡਾਂ ਤੇ ਇਸੂ ਕਰਾਏ ਹੋਏ ਸਨ। 'ਗੁਰੂ ਜੀ'  ਦੇ ਹਨੂੰਮਾਨ ਜੀ ਦਾ ਭਗਤ ਹੋਣ ਦਾ ਜਦੋਂ ਵਿਜੀਲੈਂਸ ਟੀਮ ਨੂੰ ਪਤਾ ਲੱਗਾ ਤਾਂ ਟੀਮ ਨੇ ਲਖਨਊ ਦੇ ਕੁਝ ਮੰਦਰਾਂ ਦੇ ਆਸ ਪਾਸ ਵੀ ਪਹਿਰਾ ਦਿੱਤਾ। ਇੱਥੋਂ ਤੱਕ ਕਿ ਟੀਮ ਨੇ ਮੰਦਰ ਦੇ ਨੇੜਲੀਆਂ ਦੁਕਾਨਾਂ ਤੇ ਵੀ ਕਈ ਦਿਨ ਨਜ਼ਰ ਰੱਖੀ। ਲਖਨਊ ਦੇ ਚੋਣ ਵਿਭਾਗ ਦੇ ਦਫਤਰਾਂ ਵਿਚ ਕਈ ਵੋਟਰਾਂ ਦੀ ਸਨਾਖਤ ਵੀ ਟੀਮ ਕਰਕੇ ਆਈ ਹੈ। 'ਗੁਰੂ ਜੀ' ਉਮੀਦਵਾਰਾਂ ਨੂੰ ਪਹਿਲਾਂ ਸਿੱਧੇ ਤੌਰ ਤੇ ਨਹੀਂ ਮਿਲਦਾ ਸੀ ਅਤੇ ਉਸ ਦੇ ਗੁਮਾਸਤੇ ਉਮੀਦਵਾਰਾਂ ਦਾ ਚਿਹਰਾ ਮੋਹਰਾ ਪੜਦੇ ਸਨ। ਜਦੋਂ ਭਰੋਸਾ ਬੱਝਦਾ ਸੀ ਤਾਂ ਉਦੋਂ ਹੀ ਉਮੀਦਵਾਰਾਂ ਨੂੰ 'ਗੁਰੂ ਜੀ' ਨਾਲ ਮਿਲਾਇਆ ਜਾਂਦਾ ਸੀ। ਉਮੀਦਵਾਰਾਂ ਦੇ ਮੋਬਾਇਲ ਫੋਨ ਇੱਕ ਥਾਂ ਰਖਵੇ ਲਏ ਜਾਂਦੇ ਸਨ।
                    'ਗੁਰੂ ਜੀ' ਆਪਣੀ ਕਾਰ ਵਿਚ ਇਕੱਲੇ ਇਕੱਲੇ ਉਮੀਦਵਾਰ ਨੂੰ ਨਾਲ ਲਿਜਾਂਦਾ ਸੀ। ਅਣਦੱਸੀ ਥਾਂ ਤੇ ਉਸ ਨੂੰ ਪੇਪਰ ਦਿਖਾ ਕੇ ਹੱਲ ਕਰਾਇਆ ਜਾਂਦਾ ਸੀ। 'ਗੁਰੂ ਜੀ' ਵਲੋਂ ਹਰ ਉਮੀਦਵਾਰਾਂ ਨੂੰ ਜਾਣ ਬੁੱਝ ਕੇ ਕੁਝ ਸੁਆਲ ਗਲਤ ਹੱਲ ਕਰਾਏ ਜਾਂਦੇ ਸਨ ਤਾਂ ਜੋ ਪੂਰੇ ਮਾਮਲੇ ਦਾ ਭੇਤ ਬਣਿਆ ਰਹੇ ਅਤੇ ਸ਼ੱਕੀ ਨਜ਼ਰ ਤੋਂ ਮਾਮਲਾ ਬਚਿਆ ਰਹੇ। ਉਮੀਦਵਾਰਾਂ ਨੂੰ 'ਗੁਰੂ ਜੀ' ਤੱਕ ਪੁੱਜਣ ਵਾਸਤੇ ਵੀ ਪ੍ਰੀਖਿਆ ਵਿਚੋਂ ਦੀ ਲੰਘਣਾ ਪੈਂਦਾ ਸੀ। ਟੀਮ ਨੂੰ ਪਤਾ ਲੱਗਾ ਹੈ ਕਿ 'ਗੁਰੂ ਜੀ' ਤੋਂ ਜਿਆਦਾ ਗੱਫੇ ਤਾਂ ਪੰਜਾਬ ਵਿਚਲੇ ਦਲਾਲਾਂ ਨੇ ਛੱਕ ਲਏ ਹਨ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਨੇ ਵਿਜੀਲੈਂਸ ਨੂੰ ਨੌਕਰੀ ਘੁਟਾਲੇ ਦੀ ਪੜਤਾਲ ਦੌਰਾਨ ਸਿਆਸੀ ਨੇਤਾਵਾਂ ਤੋਂ ਦੂਰ ਰਹਿਣ ਵਾਸਤੇ ਹੀ ਆਖਿਆ ਗਿਆ ਹੈ। ਵਿਜੀਲੈਂਸ ਦੀ ਗ੍ਰਿਫਤ ਚੋਂ ਹਾਲੇ ਕਈ ਉਮੀਦਵਾਰ ਅਤੇ ਦਲਾਲ ਬਾਹਰ ਹਨ ਜਿਨ•ਾਂ ਦੀ ਤਲਾਸ਼ ਹੁਣ ਮੁੜ ਵਿਜੀਲੈਂਸ ਸ਼ੁਰੂ ਕਰੇਗੀ। ਸੂਤਰਾਂ ਅਨੁਸਾਰ ਬਠਿੰਡਾ ਦੇ ਪਿੰਡ ਕੋਠੇ ਚੇਤ ਸਿੰਘ ਵਾਲਾ ਦਾ ਬਿੱਟੂ ਸਰਪੰਚ ਹਾਲੇ ਤੱਕ ਵਿਜੀਲੈਂਸ ਦੇ ਹੱਥ ਨਹੀਂ ਲੱਗ ਸਕਿਆ ਹੈ। ਉਸ ਦੇ ਘਰਾਂ ਚੋਂ ਲੱਗਦੇ ਭਾਣਜੇ ਤੇ ਵਿਜੀਲੈਂਸ ਦੀ ਅੱਖ ਹੈ ਅਤੇ ਵਿਜੀਲੈਂਸ ਭਾਣਜੇ ਦੀ ਭੂਮਿਕਾ ਨੂੰ ਅਮਿਤ ਸਾਗਰ ਦੇ ਬਰਾਬਰ ਦਾ ਮੰਨਦੀ ਹੈ। 

No comments:

Post a Comment