Sunday, August 28, 2016

                                   'ਬਾਂਦਰ ਵੰਡ'
             ਚੇਅਰਮੈਨ ਦੇ ਡਿਪੂ ਨੂੰ ਬੱਸਾਂ ਦੇ ਗੱਫੇ
                                  ਚਰਨਜੀਤ ਭੁੱਲਰ
ਬਠਿੰਡਾ : ਪੀ.ਆਰ.ਟੀ.ਸੀ ਨੇ ਚੇਅਰਮੈਨ ਦੇ ਛੋਟੇ ਡਿਪੂ ਨੂੰ ਵੱਡਾ ਗੱਫਾ ਦੇ ਦਿੱਤਾ ਹੈ। ਫਰੀਦਕੋਟ ਡਿਪੂ ਨੇ ਕਬਾੜ ਬੱਸਾਂ ਹੋਰਨਾਂ ਡਿਪੂਆਂ ਪੱਲੇ ਪਾ ਦਿੱਤੀਆਂ ਹਨ। ਬਦਲੇ ਵਿਚ ਦੂਸਰੇ ਡਿਪੂਆਂ ਤੋਂ ਨਵੀਆਂ ਨਕੋਰ ਬੱਸਾਂ ਲੈ ਲਈਆਂ ਹਨ। ਫਰੀਦਕੋਟ ਡਿਪੂ ਚੋਂ ਆਈਆਂ ਕਬਾੜ ਬੱਸਾਂ ਨਾਲ ਹੁਣ ਬਾਕੀ ਡਿਪੂ ਮੱਥਾ ਮਾਰ ਰਹੇ ਹਨ। ਪੀ.ਆਰ.ਟੀ.ਸੀ ਦੇ ਚੇਅਰਮੈਨ ਅਵਤਾਰ ਸਿੰਘ ਬਰਾੜ ਦੇ ਜ਼ਿਲ•ੇ ਦਾ ਇਕੱਲਾ ਫਰੀਦਕੋਟ ਡਿਪੂ ਹੈ ਜਿਸ ਨੂੰ ਛੋਟਾ ਡਿਪੂ ਹੋਣ ਦੇ ਬਾਵਜੂਦ ਨਵੀਆਂ ਬੱਸਾਂ ਦਾ ਵੱਡਾ ਗੱਫਾ ਮਿਲਿਆ ਹੈ। ਪੀ.ਆਰ.ਟੀ.ਸੀ ਦੇ ਪ੍ਰਬੰਧਕਾਂ ਨੇ ਫਰੀਦਕੋਟ ਡਿਪੂ ਦੀਆਂ ਪੁਰਾਣੀਆਂ ਬੱਸਾਂ ਦੇ ਬਦਲੇ ਦੂਸਰੇ ਡਿਪੂਆਂ ਤੋਂ ਨਵੀਆਂ ਬੱਸਾਂ ਲੈ ਲਈਆਂ ਹਨ। ਵੇਰਵਿਆਂ ਅਨੁਸਾਰ ਪੀ.ਆਰ.ਟੀ.ਸੀ ਵਲੋਂ ਜਦੋਂ ਨਵੀਆਂ 250 ਬੱਸਾਂ ਖਰੀਦ ਕੀਤੀਆਂ ਸਨ ਤਾਂ ਉਦੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਵੀਆਂ ਬੱਸਾਂ ਦੀ ਡਿਪੂਆਂ ਨੂੰ ਵੰਡ ਕਰ ਦਿੱਤੀ ਸੀ। ਪੀ.ਆਰ.ਟੀ.ਸੀ ਦੇ 9 ਡਿਪੂ ਹਨ ਜਿਨ•ਾਂ ਚੋਂ ਬਠਿੰਡਾ ਤੇ ਪਟਿਆਲਾ ਵੱਡੇ ਡਿਪੂ ਹਨ। ਬਠਿੰਡਾ ਡਿਪੂ ਨੂੰ ਨਵੀਆਂ 35 ਬੱਸਾਂ ਮਿਲੀਆਂ ਸਨ। ਉਜ, ਹਰ ਡਿਪੂ ਨੂੰ ਘੱਟੋ ਘੱਟ 25 ਨਵੀਆਂ ਬੱਸਾਂ ਦਿੱਤੀਆਂ ਗਈਆਂ ਸਨ।
                       ਫਰੀਦਕੋਟ ਡਿਪੂ ਨੂੰ ਇਸ ਵੰਡ ਵਿਚ 25 ਨਵੀਆਂ ਬੱਸਾਂ ਮਿਲੀਆਂ ਸਨ। ਚੇਅਰਮੈਨ ਦਾ ਡਿਪੂ ਹੋਣ ਕਰਕੇ ਪ੍ਰਬੰਧਕਾਂ ਨੇ ਦੂਸਰੇ ਡਿਪੂਆਂ ਚੋਂ 14 ਨਵੀਆਂ ਬੱਸਾਂ ਲੈ ਕੇ ਫਰੀਦਕੋਟ ਡਿਪੂ ਹਵਾਲੇ ਕਰ ਦਿੱਤੀਆਂ। ਫਰੀਦਕੋਟ ਡਿਪੂ ਵਿਚ ਖੜ•ੀਆਂ 2004 ਅਤੇ 2005 ਮਾਡਲ ਕਬਾੜ ਬੱਸਾਂ ਦੂਸਰੇ ਡਿਪੂਆਂ ਨੂੰ ਭੇਜ ਦਿੱਤੀਆਂ। ਚੇਅਰਮੈਨ ਦੇ ਫਰੀਦਕੋਟ ਡਿਪੂ ਵਾਸਤੇ ਬਠਿੰਡਾ,ਬੁਢਲਾਡਾ,ਸੰਗਰੂਰ,ਚੰਡੀਗੜ• ਤੋਂ ਦੋ ਦੋ ਨਵੀਆਂ ਬੱਸਾਂ, ਪਟਿਆਲਾ ਤੋਂ ਚਾਰ,ਬੁਢਲਾਡਾ ਤੇ ਬਰਨਾਲਾ ਤੋਂ ਇੱਕ ਇੱਕ ਨਵੀਂ ਬੱਸ ਲਈ ਗਈ ਸੀ। ਬਦਲੇ ਵਿਚ ਫਰੀਦਕੋਟ ਡਿਪੂ ਤੋਂ ਪੁਰਾਣੇ ਮਾਡਲ ਦੀਆਂ ਬਠਿੰਡਾ ਨੂੰ ਦੋ, ਬੁਢਲਾਡਾ,ਬਰਨਾਲਾ ਤੇ ਚੰਡੀਗੜ• ਨੂੰ ਇੱਕ ਇੱਕ ਬੱਸ ਦੇ ਦਿੱਤੀ ਗਈ ਸੀ। ਬਠਿੰਡਾ ਡਿਪੂ ਨੂੰ ਮਿਲੀਆਂ ਦੋ ਕਬਾੜ ਗੱਡੀਆਂ ਕਾਫੀ ਸਮਾਂ ਤਾਂ ਚੱਲੀਆਂ ਹੀ ਹਨ। ਸੂਤਰ ਦੱਸਦੇ ਹਨ ਕਿ ਫਰੀਦਕੋਟ ਡਿਪੂ ਤੋਂ ਮਿਲੀਆਂ ਕਬਾੜ ਗੱਡੀਆਂ ਦੇ ਟਾਇਰ ਬਿਲਕੁੱਲ ਮਾੜੇ ਸਨ, ਇੰਜਨ ਉਬਾਲਾ ਮਾਰਦੇ ਸਨ, ਸੀਟਾਂ ਦਾ ਬੁਰਾ ਹਾਲ ਸੀ। ਇਨ•ਾਂ ਡਿਪੂਆਂ ਨੇ ਹੁਣ ਕੁਝ ਖਰਚਾ ਕਰਕੇ ਇਨ•ਾਂ ਕਬਾੜ ਬੱਸਾਂ ਨੂੰ ਚੱਲਣਯੋਗ ਬਣਾਇਆ ਹੈ।
                         ਫਰੀਦਕੋਟ ਡਿਪੂ ਕੋਲ ਇਸ ਵੇਲੇ 97 ਬੱਸਾਂ ਹਨ ਅਤੇ ਪੰਜ ਬੱਸਾਂ ਕਿਲੋਮੀਟਰ ਸਕੀਮ ਵਾਲੀਆਂ ਹਨ। ਪੀ.ਆਰ.ਟੀ.ਸੀ ਨੇ ਆਪਣੇ ਚੇਅਰਮੈਨ ਨੂੰ ਖੁਸ਼ ਕਰਨ ਲਈ ਫਰੀਦਕੋਟ ਵਿਚ ਪੰਜ ਕਰੋੜ ਦੀ ਲਾਗਤ ਨਾਲ ਨਵਾਂ ਬੱਸ ਅੱਡਾ ਬਣਾਇਆ ਹੈ ਜਿਸ ਦਾ ਫਰਸ਼ ਵੀ ਕੰਕਰੀਟ ਹੈ। ਇਵੇਂ ਰਾਮਾਂ ਮੰਡੀ ਵਿਖੇ ਦੋ ਕਰੋੜ ਦੀ ਲਾਗਤ ਨਾਲ ਬੱਸ ਅੱਡਾ ਬਣਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਫਰੀਦਕੋਟ ਡਿਪੂ ਤੇ ਪੀ.ਆਰ.ਟੀ.ਸੀ ਵਲੋਂ ਖਾਸ ਮਿਹਰ ਰੱਖੀ ਜਾਂਦੀ ਹੈ ਜਿਵੇਂ ਪੰਜਾਬ ਸਰਕਾਰ ਵਲੋਂ ਬਾਦਲਾਂ ਦੇ ਲੰਬੀ ਹਲਕੇ ਤੇ। ਬਾਕੀ ਡਿਪੂ ਹੁਣ ਪੁਰਾਣੀਆਂ ਬੱਸਾਂ ਨਾਲ ਘੁਲ ਰਹੇ ਹਨ। ਫਰੀਦਕੋਟ ਡਿਪੂ ਕੋਲ ਛੋਟਾ ਡਿਪੂ ਹੋਣ ਦੇ ਬਾਵਜੂਦ ਵੱਡੇ ਡਿਪੂਆਂ ਤੋਂ ਜਿਆਦਾ ਨਵੀਆਂ ਬੱਸਾਂ ਹਨ।
                         ਪੀ.ਆਰ.ਟੀ.ਸੀ ਦੇ ਚੇਅਰਮੈਨ ਅਵਤਾਰ ਸਿੰਘ ਬਰਾੜ ਦਾ ਕਹਿਣਾ ਸੀ ਕਿ ਫਰੀਦਕੋਟ ਡਿਪੂ ਆਮਦਨ ਦੇ ਪੱਖ ਤੋਂ ਪਹਿਲੇ ਜਾਂ ਦੂਸਰੇ ਨੰਬਰ ਤੇ ਹੈ। ਚੇਅਰਮੈਨ ਹੋਣ ਦੇ ਨਾਤੇ ਪੀ.ਆਰ.ਟੀ.ਸੀ ਤਰਫੋਂ ਫਰੀਦਕੋਟ ਡਿਪੂ ਦਾ ਖਿਆਲ ਰੱਖਿਆ ਗਿਆ ਹੈ ਪ੍ਰੰਤੂ ਇਸ ਦੇ ਬਦਲੇ ਕਿਸੇ ਹੋਰ ਡਿਪੂ ਨੂੰ ਨਜ਼ਰਅੰਦਾਜ ਨਹੀਂ ਕੀਤਾ ਗਿਆ ਹੈ। ਦੂਸਰੇ ਡਿਪੂਆਂ ਨੂੰ ਕਬਾੜ ਬੱਸਾਂ ਦਿੱਤੇ ਜਾਣ ਤੇ ਉਨ•ਾਂ ਆਖਿਆ ਕਿ 'ਐਵੇਂ ਹੀ ਕਹੀ ਜਾਂਦੇ ਨੇ'। ਉਨ•ਾਂ ਆਖਿਆ ਕਿ ਫਰੀਦਕੋਟ ਡਿਪੂ ਨੇ ਆਪਣੀ ਕਾਰਗੁਜ਼ਾਰੀ ਵੀ ਬਿਹਤਰ ਕੀਤੀ ਹੈ।
                                       ਬਿਨ•ਾਂ ਤਨਖਾਹ ਵਾਲਾ ਚੇਅਰਮੈਨ
ਪੀ.ਆਰ.ਟੀ.ਸੀ ਦੇ ਚੇਅਰਮੈਨ ਅਵਤਾਰ ਸਿੰਘ ਬਰਾੜ ਦਾ ਚੰਗਾ ਪੱਖ ਇਹ ਹੈ ਕਿ ਉਹ ਬਿਨ•ਾਂ ਤਨਖਾਹ ਤੋਂ ਬਤੌਰ ਚੇਅਰਮੈਨ ਸੇਵਾ ਨਿਭਾ ਰਹੇ ਹਨ। ਉਹ ਪੀ.ਆਰ.ਟੀ.ਸੀ ਤੋਂ ਨਾ ਤਨਖਾਹ ਲੈਂਦੇ ਹਨ, ਨਾ ਕੋਈ ਭੱਤਾ ਲੈਂਦੇ ਹਨ ,ਨਾ ਹੀ ਰਿਹਾਇਸ਼ ਦੀ ਸਹੂਲਤ ਅਤੇ ਨਾ ਹੀ ਮੈਡੀਕਲ ਭੱਤਾ ਲੈਂਦੇ ਹਨ। ਉਨ•ਾਂ ਨੇ ਸਿਰਫ ਇੱਕ ਕਾਰ ਲਈ ਹੈ ਜਿਸ ਦਾ ਪ੍ਰਤੀ ਮਹੀਨਾ 400 ਲੀਟਰ ਤੇਲ ਮਿਲਦਾ ਹੈ। ਪਹਿਲੇ ਚੇਅਰਮੈਨ ਹਨ ਜੋ ਬਿਨ•ਾਂ ਖਜ਼ਾਨੇ ਚੋਂ ਤਨਖਾਹ ਲਏ ਸੇਵਾ ਨਿਭਾ ਰਹੇ ਹਨ।

No comments:

Post a Comment