Sunday, July 30, 2017

                          ਸ਼ਾਮਲਾਟ ਸਕੈਂਡਲ 
    ਸਾਬਕਾ ਅਕਾਲੀ ਐਮ.ਐਲ.ਏ ਉਲਝਿਆ
                          ਚਰਨਜੀਤ ਭੁੱਲਰ
ਬਠਿੰਡਾ : ਹਲਕਾ ਬੁਢਲਾਡਾ ਦੇ ਪਿੰਡ ਦਾਤੇਵਾਸ 'ਚ ਕਰੋੜਾਂ ਰੁਪਏ ਦਾ 'ਸ਼ਾਮਲਾਟ ਜ਼ਮੀਨ' ਸਕੈਂਡਲ ਬੇਪਰਦ ਹੋਇਆ ਹੈ ਜਿਸ 'ਚ ਬੁਢਲਾਡਾ ਦੇ ਸਾਬਕਾ ਅਕਾਲੀ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਦੇ ਪਰਿਵਾਰ 'ਤੇ ਉਂਗਲ ਉੱਠੀ ਹੈ। ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਗਠਜੋੜ ਸਰਕਾਰ ਸਮੇਂ ਇਹ ਮਾਮਲਾ ਠੰਢੇ ਬਸਤੇ ਵਿਚ ਪਿਆ ਰਿਹਾ। ਹੁਣ ਡਿਪਟੀ ਕਮਿਸ਼ਨਰ ਮਾਨਸਾ ਨੇ ਇਸ ਸਕੈਂਡਲ ਦੀ ਪੜਤਾਲ ਕਰਕੇ ਰਿਪੋਰਟ ਸਰਕਾਰ ਨੂੰ ਭੇਜੀ ਹੈ। ਡਿਪਟੀ ਕਮਿਸ਼ਨਰ ਨੇ ਸਾਬਕਾ ਐਮ.ਐਲ.ਏ ਦਾਤੇਵਾਸ ਦੇ ਭਰਾ ਕਰਨੈਲ ਸਿੰਘ (ਤਤਕਾਲੀ ਸਰਪੰਚ) ਅਤੇ ਲੜਕੇ ਬਿਕਰਮਜੀਤ ਸਿੰਘ (ਮੌਜੂਦਾ ਮੈਂਬਰ) ਖ਼ਿਲਾਫ਼ ਕਾਰਵਾਈ ਦੀ ਸਿਫਾਰਸ਼ ਕਰ ਦਿੱਤੀ ਹੈ। ਪੰਚਾਇਤ ਵਿਭਾਗ ਦੇ ਡਾਇਰੈਕਟਰ ਨੇ ਰਿਪੋਰਟ ਮਗਰੋਂ ਸਾਬਕਾ ਵਿਧਾਇਕ ਦਾਤੇਵਾਸ ਦੇ ਲੜਕੇ ਤੇ ਮੌਜੂਦਾ ਪੰਚ ਬਿਕਰਮਜੀਤ ਸਿੰਘ ਨੂੰ  ਪੰਚ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ। ਇਸ ਮਾਮਲੇ ਵਿਚ ਤਤਕਾਲੀ ਤਹਿਸੀਲਦਾਰ ਕਾਲਾ ਰਾਮ ਕਾਂਸਲ ਜੋ ਕਿ ਹੁਣ ਪਾਤੜਾ ਵਿਖੇ ਐਸ.ਡੀ.ਐਮ ਹਨ ਤੋਂ ਇਲਾਵਾ ਤਤਕਾਲੀ ਪਟਵਾਰੀ ਦਰਸ਼ਨ ਸਿੰਘ ਅਤੇ ਤਤਕਾਲੀ ਕਾਨੂੰਗੋ ਦਰਸ਼ਨ ਸਿੰਘ ਨੂੰ 'ਕਾਰਨ ਦੱਸੋ ਨੋਟਿਸ' ਜਾਰੀ ਕਰ ਦਿੱਤੇ ਹਨ। ਸ਼ਾਮਲਾਟ ਜ਼ਮੀਨ ਨੂੰ ਹਥਿਆਉਣ ਵਾਲੇ ਪਿੰਡ ਦਾਤੇਵਾਸ ਦੇ ਗੁਰਦੇਵ ਸਿੰਘ ਖ਼ਿਲਾਫ਼ ਪੁਲੀਸ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।
                        ਡਿਪਟੀ ਕਮਿਸ਼ਨਰ ਦੀ ਪੜਤਾਲ ਰਿਪੋਰਟ ਅਨੁਸਾਰ ਪਿੰਡ ਦਾਤੇਵਾਸ ਦੇ ਗੁਰਦੇਵ ਸਿੰਘ ਨੇ ਡਾਇਰੈਕਟਰ ਚੱਕਬੰਦੀ ਨੂੰ ਮੁਰੱਬੇਬੰਦੀ ਸਮੇਂ ਤਿੰਨ ਕਨਾਲ ਜ਼ਮੀਨ ਘੱਟ ਮਿਲਣ ਦੀ ਪਟੀਸ਼ਨ ਪਾਈ ਸੀ ਜਿਸ ਤੇ  ਡਾਇਰੈਕਟਰ ਨੇ 13 ਦਿਨਾਂ ਵਿਚ ਫੈਸਲੇ ਸੁਣਾਉਂਦੇ ਹੋਏ 23 ਅਪਰੈਲ 1996 ਨੂੰ 53 ਕਨਾਲਾਂ 13 ਮਰਲੇ ਜ਼ਮੀਨ ਦੇਣ ਦਾ ਹੁਕਮ ਸੁਣਾ ਦਿੱਤਾ ਜਦੋਂ ਕਿ ਅਲਾਟਮੈਂਟ ਫਾਈਲ ਵਿਚ ਕੋਈ ਵੀ ਜਿਮਨੀ ਹੁਕਮ,ਵਕਾਲਤਨਾਮਾ ਵੀ ਮੌਜੂਦ ਨਹੀਂ ਸੀ ਅਤੇ ਦੂਸਰੇ ਧਿਰ ਨੂੰ ਜਾਰੀ ਕੀਤੇ ਸੰਮਨਾਂ ਤੇ ਕਿਸੇ ਅਧਿਕਾਰੀ ਦੇ ਦਸਤਖ਼ਤ ਨਹੀਂ ਸਨ। ਪੜਤਾਲ ਅਨੁਸਾਰ ਇਹ ਹੁਕਮ ਬਿਲਕੁਲ ਜਾਅਲੀ,ਫਰਜ਼ੀ ਅਤੇ ਮਿਲ ਮਿਲਾ ਕੇ ਬਿਨ•ਾਂ ਕਿਸੇ ਰਿਕਾਰਡ ਦੀ ਘੋਖ ਕੀਤੇ ਜ਼ਮੀਨ ਨਾਜਾਇਜ਼ ਤੌਰ ਤੇ ਹੜੱਪਣ ਲਈ ਗੁਰਦੇਵ ਸਿੰਘ ਦੇ ਪੱਖ ਵਿਚ ਕੀਤੇ ਗਏ ਉਦੋਂ ਇਹ ਜ਼ਮੀਨ ਜੁਮਲਾ ਮਾਲਕਣ ਸੀ ਅਤੇ ਪੰਚਾਇਤ ਦੇ ਕਬਜ਼ੇ ਹੇਠ ਸੀ। ਇਨ•ਾਂ ਹੁਕਮਾਂ ਦੇ ਅਧਾਰ ਤੇ 10 ਵਰਿ•ਆਂ ਮਗਰੋਂ ਹਲਕਾ ਪਟਵਾਰੀ ਦਰਸ਼ਨ ਸਿੰਘ ਨੇ 22 ਅਗਸਤ 2006 ਨੂੰ ਰੋਜ਼ਨਾਮਚੇ ਵਿਚ ਰਪਟ ਪਾਉਣ ਉਪਰੰਤ ਇੰਤਕਾਲ ਦਰਜ ਕਰ ਦਿੱਤਾ। ਇੰਦਰਾਜ ਦਾ ਮਿਲਾਣ ਤਤਕਾਲੀ ਕਾਨੂੰਗੋ ਗੁਰਮੇਲ ਸਿੰਘ ਨੇ ਕੀਤਾ ਅਤੇ ਤਤਕਾਲੀ ਤਹਿਸੀਲਦਾਰ ਬੁਢਲਾਡਾ ਕਾਲਾ ਰਾਮ ਕਾਂਸਲ ਜੋ ਹੁਣ ਐਸ.ਡੀ.ਐਮ ਹਨ, ਨੇ 25 ਸਤੰਬਰ 2006 ਨੂੰ ਇੰਤਕਾਲ ਮਨਜ਼ੂਰ ਕਰ ਦਿੱਤਾ।
                      ਪੜਤਾਲ ਅਨੁਸਾਰ ਮਾਲ ਅਫਸਰਾਂ ਦੀ ਮਿਲੀਭੁਗਤ ਪਾਈ ਗਈ ਜਿਨ•ਾਂ ਨੇ ਮਿਆਦ ਪੁੱਗਣ ਦੇ ਬਾਵਜੂਦ 10 ਸਾਲਾਂ ਮਗਰੋਂ ਇੰਤਕਾਲ ਕੀਤਾ। ਬੁਢਲਾਡਾ ਬਰੇਟਾ ਮੁੱਖ ਸੜਕ ਤੇ ਇਹ ਜ਼ਮੀਨ ਪੈਂਦੀ ਹੈ ਜਿਸ ਦੀ ਇੰਤਕਾਲ ਮਨਜ਼ੂਰ ਹੋਣ ਸਮੇਂ ਮਾਰਕੀਟ ਕੀਮਤ ਕਰੀਬ ਢਾਈ ਕਰੋੜ ਰੁਪਏ ਬਣਦੀ ਸੀ। ਸੂਤਰਾਂ ਅਨੁਸਾਰ ਗੁਰਦੇਵ ਸਿੰਘ ਟਰੱਕ ਯੂਨੀਅਨ ਵਿਚ ਮੁਨਸ਼ੀ ਵਜੋਂ ਕੰਮ ਕਰਦਾ ਹੈ। ਪਿੰਡ ਦਾਤੇਵਾਸ ਦੀ ਤਤਕਾਲੀ ਸਰਪੰਚ ਜਸਵਿੰਦਰ ਕੌਰ ਨੇ ਸ਼ਾਮਲਾਟ ਜ਼ਮੀਨ ਬਚਾਉਣ ਲਈ ਚੱਕਬੰਦੀ ਵਿਭਾਗ ਦੇ ਫੈਸਲੇ ਖ਼ਿਲਾਫ਼ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੂੰ ਮਗਰੋਂ ਨਵੇਂ ਸਰਪੰਚ ਕਰਨੈਲ ਸਿੰਘ ਨੇ ਹਾਈਕੋਰਟ 'ਚ ਹਲਫੀਆ ਬਿਆਨ ਦਾਇਰ ਕਰਕੇ ਪਟੀਸ਼ਨ ਵਾਪਸ ਲੈ ਲਿਆ। ਹਾਈਕੋਰਟ ਵਿਚ ਦੋ ਪਟੀਸ਼ਨਾਂ ਚੱਲ ਰਹੀਆਂ ਸਨ। ਮੌਜੂਦਾ ਪੰਚਾਇਤ ਨੇ ਅਕਾਲੀ ਐਮ.ਐਲ.ਏ ਦੇ ਲੜਕੇ ਤੇ ਪੰਚ ਬਿਕਰਮਜੀਤ ਸਿੰਘ ਨੂੰ ਅਦਾਲਤਾਂ ਵਿਚ ਕੇਸਾਂ ਦੀ ਪੈਰਵੀ ਕਰਨ ਦੇ ਅਧਿਕਾਰ ਦੇ ਦਿੱਤੇ ਸਨ ਪ੍ਰੰਤੂ ਉਸ ਨੇ ਪੈਰਵੀ ਨਹੀਂ ਕੀਤੀ । ਬੀ.ਡੀ.ਪੀ.ਓ ਬੁਢਲਾਡਾ ਲੈਨਿਨ ਗਰਗ ਨੇ ਦੱਸਿਆ ਕਿ ਪੰਚ ਬਿਕਰਮਜੀਤ ਸਿੰਘ ਮੁਅੱਤਲ ਕਰ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਕੇਸਾਂ ਦੀ ਪੈਰਵੀ ਨਹੀਂ ਕੀਤੀ ਸੀ ਅਤੇ ਵਿਵਾਦਤ ਜ਼ਮੀਨ ਹੁਣ ਖਾਲੀ ਪਈ ਹੈ।
                      ਪਿੰਡ ਦਾਤੇਵਾਸ ਦੇ ਪੰਚਾਇਤ ਮੈਂਬਰ ਰਣਜੀਤ ਸਿੰਘ ਦਾ ਪ੍ਰਤੀਕਰਮ ਸੀ ਕਿ ਪੰਜਾਬ ਭਰ ਵਿਚ ਚੱਕਬੰਦੀ ਮਹਿਕਮੇ ਦੀ ਮਿਲੀਭੁਗਤ ਨਾਲ ਪੰਚਾਇਤੀ ਜ਼ਮੀਨਾਂ ਦੇ ਸਕੈਂਡਲ ਹੋਏ ਹਨ ਜਿਸ ਦੀ ਸਰਕਾਰ ਪੜਤਾਲ ਕਰਾਏ। ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਧਰਮਪਾਲ ਗੁਪਤਾ ਦਾ ਕਹਿਣਾ ਸੀ ਕਿ ਦਾਤੇਵਾਸ ਵਿਚ ਆਪਸੀ ਮਿਲੀਭੁਗਤ ਨਾਲ ਜ਼ਮੀਨ ਦਾ ਘਪਲਾ ਹੋਇਆ ਹੈ ਜਿਸ ਵਿਚ ਸਾਬਕਾ ਸਰਪੰਚ ਅਤੇ ਮੌਜੂਦਾ ਪੰਚਾਇਤ ਮੈਂਬਰ ਖ਼ਿਲਾਫ਼ ਕਾਰਵਾਈ ਸਿਫਾਰਸ਼ ਕੀਤੀ ਗਈ ਹੈ ਜਦੋਂ ਕਿ ਮਾਲ ਮਹਿਕਮੇ ਦੇ ਤਤਕਾਲੀ ਅਫਸਰਾਂ ਤੇ ਮੁਲਾਜ਼ਮਾਂ ਨੂੰ 'ਕਾਰਨ ਦੱਸੋ ਨੋਟਿਸ' ਜਾਰੀ ਕਰ ਦਿੱਤੇ ਗਏ ਹਨ।
                                ਮਾਮਲਾ ਸਿਆਸੀ ਬਦਲਾਖੋਰੀ ਦਾ : ਦਾਤੇਵਾਸ
ਸਾਬਕਾ ਵਿਧਾਇਕ ਦੇ ਲੜਕੇ ਅਤੇ ਪੰਚ ਬਿਕਰਮਜੀਤ ਸਿੰਘ ਦਾਤੇਵਾਸ ਦਾ ਕਹਿਣਾ ਸੀ ਕਿ ਇਸ ਜ਼ਮੀਨ ਨਾਲ ਉਨ•ਾਂ ਦੇ ਪਰਿਵਾਰ ਦਾ ਕੋਈ ਲੈਣਾ ਦੇਣਾ ਨਹੀ ਹੈ। ਕਾਂਗਰਸ ਸਰਕਾਰ ਉਨ•ਾਂ ਦੇ ਪਰਿਵਾਰ ਖ਼ਿਲਾਫ਼ ਸਿਆਸੀ ਬਦਲਾਖੋਰੀ ਕਰ ਰਹੀ ਹੈ ਜਦੋਂ ਕਿ ਉਸ ਨੇ ਅਦਾਲਤਾਂ ਵਿਚ ਪੰਚਾਇਤੀ ਕੇਸਾਂ ਦੀ ਪੂਰੀ ਪੈਰਵੀ ਕੀਤੀ ਸੀ ਅਤੇ ਕੋਈ ਕੇਸ ਅਦਾਲਤ ਚੋਂ ਵਾਪਸ ਨਹੀਂ ਲਿਆ ਸੀ। ਸਾਬਕਾ ਵਿਧਾਇਕ ਦਾਤੇਵਾਸ ਨੇ ਫੋਨ ਨਹੀਂ ਚੁੱਕਿਆ।

No comments:

Post a Comment