Saturday, September 2, 2017

                          ਅਲਰਟ ਜਾਰੀ  
             ਉਡ ਗਈ 'ਪਾਪਾ ਦੀ ਪਰੀ'
                          ਚਰਨਜੀਤ ਭੁੱਲਰ  
ਬਠਿੰਡਾ  : ਹਰਿਆਣਾ ਪੁਲੀਸ ਦੇ ਲੁੱਕ ਆਊਟ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਹੀ  'ਪਾਪਾ ਦੀ ਦੂਤ' ਹਨੀਪ੍ਰੀਤ ਇੰਸਾਂ ਪਿੰਡ ਗੁਰੂਸਰ ਮੋਡੀਆ ਤੋਂ ਰਫ਼ੂ ਚੱਕਰ ਹੋ ਗਈ ਹੈ। ਦੋ ਦਿਨ ਪਹਿਲਾਂ ਹੀ ਉਹ ਡੇਰਾ ਮੁਖੀ ਦੇ ਜੱਦੀ ਪਿੰਡ ਗੁਰੂਸਰ ਮੋਡੀਆ (ਹਨੂੰਮਾਨਗੜ•) ਵਿਖੇ ਪੁੱਜੀ ਸੀ। ਅਹਿਮ ਸੂਤਰਾਂ ਅਨੁਸਾਰ ਡੇਰਾ ਸਿਰਸਾ ਤੋਂ ਇਨੋਵਾ ਗੱਡੀ ਬੀਤੀ ਰਾਤ ਪਿੰਡ ਗੁਰੂਸਰ ਮੋਡੀਆ ਪੁੱਜੀ ਸੀ ਜਿਸ ਵਿਚ ਸਵਾਰ ਹੋ ਕੇ ਹਨੀਪ੍ਰੀਤ ਇੰਸਾਂ ਚਲੀ ਗਈ ਹੈ। ਹਨੀਪ੍ਰੀਤ ਇੰਸਾਂ ਡੇਰਾ ਮੁਖੀ ਦੀ ਗੋਦ ਲਈ ਧੀ ਹੈ। ਡੇਰਾ ਮੁਖੀ ਦੀਆਂ ਦੋਵੇਂ ਧੀਆਂ ਵੀ ਗੁਰੂਸਰ ਮੋਡੀਆ ਤੋਂ ਚਲੀਆਂ ਗਈਆਂ ਹਨ। ਹੁਣ ਗੁਰੂਸਰ ਮੋਡੀਆ ਦੇ ਜੱਦੀ ਘਰ ਵਿਚ ਡੇਰਾ ਮੁਖੀ ਦੀ ਮਾਂ ਨਸੀਬ ਕੌਰ,ਪਤਨੀ ਹਰਜੀਤ ਕੌਰ, ਲੜਕਾ ਜਸਮੀਤ ਇੰਸਾਂ ਤੇ ਉਸ ਦੀ ਪਤਨੀ ਹਨ। ਹਨੀਪ੍ਰੀਤ ਇੰਸਾਂ ਆਪਣੇ ਟਵਿੱਟਰ ਖਾਤੇ 'ਤੇ ਆਪਣੇ ਆਪ ਨੂੰ 'ਪਾਪਾ ਦੀ ਦੂਤ' ਲਿਖ ਕੇ ਪੇਸ਼ ਕਰਦੀ ਰਹੀ ਹੈ।
                      ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਹਨੀਪ੍ਰੀਤ ਵਿਸ਼ੇਸ਼ ਹੈਲੀਕਾਪਟਰ ਵਿਚ ਡੇਰਾ ਮੁਖੀ ਦੇ ਨਾਲ ਹੀ ਰੋਹਤਕ ਜੇਲ• ਤੱਕ ਗਈ ਸੀ। ਹਰਿਆਣਾ ਪੁਲੀਸ ਨੇ ਦੇਸ਼ ਧਿਰੋਹ ਦਾ ਮਾਮਲਾ ਹਨੀਪ੍ਰੀਤ ਇੰਸਾਂ ਤੇ ਦਰਜ ਕੀਤਾ ਹੈ। ਹਰਿਆਣਾ ਪੁਲੀਸ ਨੂੰ ਡਰ ਹੈ ਕਿ ਹਨੀਪ੍ਰੀਤ ਇੰਸਾਂ ਦੇਸ਼ ਛੱਡ ਕੇ ਜਾ ਸਕਦੀ ਹੈ ਜਿਸ ਕਰਕੇ ਉਸ ਦਾ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ ਪ੍ਰੰਤੂ ਉਸ ਤੋਂ ਪਹਿਲਾਂ ਹੀ ਹਨੀਪ੍ਰੀਤ ਇੰਸਾਂ ਪਿੰਡ ਗੁਰੂਸਰ ਮੋਡੀਆ ਤੋਂ ਗਾਇਬ ਹੋ ਗਈ ਹੈ। ਸੂਤਰ ਦੱਸਦੇ ਹਨ ਕਿ ਹਰਿਆਣਾ ਪੁਲੀਸ ਦੇ ਡਰੋਂ ਉਸ ਨੇ ਪਾਸਾ ਵੱਟਣਾ ਬਿਹਤਰ ਸਮਝਿਆ। ਉਧਰ ਰਾਜਸਥਾਨ ਪੁਲੀਸ ਨੇ ਪਿੰਡ ਗੁਰੂਸਰ ਮੋਡੀਆ ਚੋਂ ਪੁਲੀਸ ਪਹਿਰਾ ਅੱਜ ਹਟਾ ਲਿਆ ਹੈ ਜਦੋਂ ਕਿ ਡੇਰਾ ਪੈਰੋਕਾਰਾਂ ਵਲੋਂ ਡੇਰਾ ਮੁਖੀ ਦੇ ਪਰਿਵਾਰ ਦੀ ਸੁਰੱਖਿਆ ਵਿਚ ਦਿਨ ਰਾਤ ਦਾ ਪਹਿਰਾ ਲਾਇਆ ਹੋਇਆ ਹੈ।
                      ਸੂਤਰ ਦੱਸਦੇ ਹਨ ਕਿ ਬੀਤੀ ਰਾਤ ਡੇਰਾ ਮੁਖੀ ਦੇ ਰਿਸ਼ਤੇਦਾਰ ਅਤੇ ਸਾਬਕਾ ਕਾਂਗਰਸੀ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਪਿੰਡ ਗੁਰੂਸਰ ਮੋਡੀਆ ਦਾ ਗੇੜਾ ਲਾਇਆ ਹੈ ਜਿਥੇ ਉਹ ਕੁਝ ਸਮਾਂ ਡੇਰਾ ਮੁਖੀ ਦੇ ਪਰਿਵਾਰ ਨੂੰ ਮਿਲੇ ਹਨ। ਉਸ ਮਗਰੋਂ ਉਹ ਰਾਤ ਵਕਤ ਹੀ ਵਾਪਸ ਪਰਤ ਆਏ ਹਨ। ਪਤਾ ਲੱਗਾ ਹੈ ਕਿ ਪਰਿਵਾਰ ਵਲੋਂ ਗੱਦੀਨਸ਼ੀਨੀ ਨੂੰ ਲੈ ਕੇ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਹੋਇਆ ਹੈ। ਸੂਤਰਾਂ ਅਨੁਸਾਰ ਡੇਰਾ ਸਿਰਸਾ ਦੇ ਦੋ ਸੀਨੀਅਰ ਵਕੀਲਾਂ ਨੇ ਵੀ ਬੀਤੇ ਕੱਲ ਡੇਰਾ ਮੁਖੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਇਨ•ਾਂ ਵਕੀਲਾਂ ਚੋਂ ਇੱਕ ਵਕੀਲ ਤਾਂ ਡੇਰਾ ਮੁਖੀ ਦਾ ਰਿਸ਼ਤੇਦਾਰ ਹੀ ਹੈ। ਇਨ•ਾਂ ਵਕੀਲਾਂ ਤੋਂ ਪਰਿਵਾਰ ਨੇ ਡੇਰਾ ਮੁਖੀ ਦੇ ਕੇਸ ਦਾ ਵਿਸਥਾਰ ਜਾਣਿਆ ਹੈ।

4 comments:

  1. VERY GOOD JOB.WE ARE PROUD OF YOU AND YOUR TALENT.KEEP IT UP.

    ReplyDelete
  2. VERY GOOD JOB.WE ARE PROUD OF YOU AND YOUR TALENT.KEEP IT UP.

    ReplyDelete
  3. VERY GOOD JOB BROTHER. KEEP IT UP WE ARE PROUD OF YOU AND YOUR TALENT.

    ReplyDelete