Tuesday, November 14, 2017

                                    ਰੋਹੀ ਦੇ ਰੁਖ਼ 
               ਜ਼ਿੰਦਗੀ ਤੋਂ ਹਾਰੇ ਬੇਕਸੂਰ 'ਸਿਕੰਦਰ'
                                  ਚਰਨਜੀਤ ਭੁੱਲਰ
ਬਠਿੰਡਾ : ਪਿੰਡ ਗਿੱਦੜ ਦਾ ਸਿਕੰਦਰ ਹੁਣ ਹਾਰ ਗਿਆ ਹੈ। ਵਿਰਾਸਤ 'ਚ ਇਕੱਲੇ ਦੁੱਖ ਨਹੀਂ ਮਿਲੇ, ਕਰਜ਼ੇ ਦੀ ਪੰਡ ਵੀ ਮਿਲੀ । ਅਪਾਹਜ ਸਿਕੰਦਰ ਹੁਣ ਇਹ ਪੰਡ ਕਿਵੇਂ ਚੁੱਕੇ, ਕੋਈ ਢਾਰਸ ਦੇਣ ਵਾਲਾ ਨਹੀਂ। ਪਹਿਲੋਂ ਬਾਪ ਬਿੰਦਰ ਸਿੰਘ ਖੁਦਕੁਸ਼ੀ ਕਰ ਗਿਆ ਤੇ ਫਿਰ ਚਾਚਾ ਬਾਦਲ ਸਿੰਘ ਇਹੋ ਰਾਹ ਚਲਾ ਗਿਆ। ਮਾਂ ਵੀਰਾਂ ਕੌਰ ਦਾ ਸੁਹਾਗ ਦੋ ਵਾਰ ਲੁੱਟਿਆ ਗਿਆ। ਜਦੋਂ 'ਚਾਚਾ ਨਹਿਰੂ' ਦਾ ਜਨਮ ਦਿਨ ਆਉਂਦਾ ਹੈ ਤਾਂ ਉਦੋਂ ਉਸ ਨੂੰ ਬਾਲ ਦਿਵਸ ਨਹੀਂ, ਸਿਰ ਚੜੇ• ਪੰਜ ਲੱਖ ਦੇ ਕਰਜ਼ ਦਾ ਚੇਤਾ ਆਉਂਦਾ ਹੈ। ਬਰਨਾਲਾ ਦੇ ਪਿੰਡ ਬਦਰਾ ਦੇ ਸਕੂਲ ਪੜ•ਦੇ ਹਰਮਨਦੀਪ ਤੇ ਕਰਨਦੀਪ ਸਿੰਘ ਦਾ ਚਾਚਾ ਗੁਰਤੇਜ ਸਿੰਘ ਕਦੇ ਸਰਦਾ ਪੁੱਜਦਾ ਕਿਸਾਨ ਸੀ। ਦੋ ਏਕੜ ਜ਼ਮੀਨ ਵਿਕਣ ਮਗਰੋਂ ਇਹ ਚਾਚਾ ਹੁਣ ਲੇਬਰ ਚੌਂਕ ਦਾ ਮਜ਼ਦੂਰ ਬਣ ਗਿਆ ਹੈ। ਜਦੋਂ ਦੋਵੇਂ ਬੱਚਿਆਂ ਦਾ ਬਾਪ ਖੁਦਕੁਸ਼ੀ ਕਰ ਗਿਆ ਤਾਂ ਉਸ ਮਗਰੋਂ ਇਨ•ਾਂ ਦੀ ਮਾਂ ਛੱਡ ਕੇ ਚਲੀ ਗਈ। ਚਾਚੇ ਗੁਰਤੇਜ ਨੇ ਇਨ•ਾਂ ਬੱਚਿਆਂ ਦੇ ਸਿਰ ਤੇ ਹੱਥ ਤਾਂ ਰੱਖਿਆ ਪ੍ਰੰਤੂ  ਚਾਚੇ ਨੂੰ ਖੁਦ ਜ਼ਿੰਦਗੀ ਪੰਜੀ ਦਾ ਭੌਣ ਦਿਖਾ ਰਹੀ ਹੈ। ਨਰਮਾ ਪੱਟੀ 'ਚ ਹਜ਼ਾਰਾਂ ਬੱਚੇ ਹਨ ਜਿਨ•ਾਂ ਨੂੰ ਜ਼ਿੰਦਗੀ ਨੇ ਰੋਹੀ ਦੇ ਰੁੱਖ ਬਣਾ ਦਿੱਤਾ ਹੈ ਜੋ ਹੁਣ ਅਜਿਹੇ 'ਚਾਚੇ' ਦਾ ਰਾਹ ਤੱਕ ਰਹੇ ਹਨ ਜੋ ਉਨ•ਾਂ ਦੇ ਦੁੱਖਾਂ ਦੀ ਦਾਰੂ ਬਣ ਸਕੇ। ਹਕੂਮਤਾਂ ਦੇ ਜਰਨੈਲ ਇਨ•ਾਂ ਬੱਚਿਆਂ ਦੀ ਹੰਝੂ ਨਹੀਂ ਸਮਝ ਸਕੇ ਹਨ।
                   ਉਂਜ, ਪਿੰਡ ਲਹਿਰਾ ਖਾਨਾ ਦਾ ਸਿਕੰਦਰ ਸਿੰਘ ਉਸ ਬੱਚੀ ਗੁਰਬਿੰਦਰ ਕੌਰ ਲਈ ਕਿਸੇ ਜਰਨੈਲ ਤੋਂ ਘੱਟ ਨਹੀਂ ਜਿਸ ਦਾ ਬਾਪ ਸਤਪਾਲ ਸਿੰਘ ਖੁਦਕੁਸ਼ੀ ਕਰ ਗਿਆ ਅਤੇ ਮਾਂ ਉਸ ਨੂੰ ਛੱਡ ਕੇ ਚਲੀ ਗਈ। ਨਾ ਕੋਈ ਚਾਚਾ ਤੇ ਨਾ ਤਾਇਆ, ਉਹ ਜ਼ਿੰਦਗੀ ਚੋਂ ਹੀ ਖਾਰਜ ਹੋ ਗਈ। ਗੁਆਂਢੀ ਸਿਕੰਦਰ ਸਿੰਘ ਨੇ ਮ੍ਰਿਤਕ ਮਜ਼ਦੂਰ ਦੀ ਇਸ ਇਕੱਲੀ ਬੱਚੀ ਨੂੰ ਆਪਣੀ ਧੀ ਹੀ ਸਮਝਿਆ। ਉਸ ਨੂੰ ਪੜ•ਾ ਰਿਹਾ ਹੈ ਤੇ ਦਾਨੀ ਸੱਜਣ ਇਸ ਬੱਚੀ ਦਾ ਸਹਾਰਾ ਬਣ ਰਹੇ ਹਨ। ਮਾਨਸਾ ਦੇ ਪਿੰਡ ਬਰਨਾਲਾ ਦੇ ਗੁਰਪਿਆਰ ਲਈ ਕੋਈ ਬਾਲ ਦਿਵਸ ਢਾਰਸ ਨਹੀਂ ਬਣ ਸਕਿਆ। ਉਸ ਲਈ ਦਾਦੀ ਹੀ ਸਭ ਕੁਝ ਹੈ। ਗੁਰਪਿਆਰ ਦੇ ਬਾਪ ਕੁਲਦੀਪ ਸਿੰਘ ਦੀ ਮੌਤ ਹੋ ਗਈ ਤੇ ਮਾਂ ਨੇ ਖੁਦਕੁਸ਼ੀ ਕਰ ਲਈ। ਹੁਣ ਇਸ ਬੱਚੇ ਦੇ ਸਿਰ ਤੇ ਦੋ ਲੱਖ ਦਾ ਕਰਜ਼ ਹੈ। ਉਸ ਦੀ ਇਕਲੌਤੀ ਭੈਣ ਨਾਨਕੇ ਘਰ ਪੜ•ਨ ਲੱਗੀ ਹੈ। ਜ਼ਿੰਦਗੀ ਦੇ ਕੌੜੇ ਘੁੱਟ ਮਿੱਠੇ ਕਰਕੇ ਪੀਣ ਦੀ ਇਨ•ਾਂ ਨਿੱਕਿਆਂ ਦੀ ਆਦਤ ਬਣ ਗਈ ਹੈ। ਮਾਈਸਰਖਾਨਾ ਪਿੰਡ ਦੇ ਬੱਚੇ ਮਹਿਕਦੀਪ ਸਿੰਘ ਤੇ ਉਸ ਦੀ ਭੈਣ ਹਰਮਨਜੋਤ ਕੌਰ ਲਈ ਦਾਦੀ ਹੀ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਜੋ ਇਨ•ਾਂ ਬੱਚਿਆਂ ਲਈ ਜ਼ਿੰਦਗੀ ਦੇ ਪੱਤਣ ਤਲਾਸ਼ ਰਹੀ ਹੈ।
                  ਭੁੱਚੋ ਖੁਰਦ ਦੀ ਛੇ ਵਰਿ•ਆਂ ਦੀ ਅਰਸ਼ਦੀਪ ਦੂਸਰੀ ਜਮਾਤ ਵਿਚ ਪੜ•ਦੀ ਹੈ ਪ੍ਰੰਤੂ ਵਕਤ ਦੇ ਹੱਲੇ ਨੇ ਉਸ ਨੂੰ ਵੱਡੇ ਸਬਕ ਸਿਖਾ ਦਿੱਤੇ ਹਨ। ਜਦੋਂ ਇਸ ਬੱਚੀ ਦਾ ਬਾਪ ਸਤਨਾਮ ਸਿੰਘ ਖੁਦਕੁਸ਼ੀ ਕਰ ਗਿਆ ਤਾਂ ਮਾਂ ਉਸ ਨੂੰ ਛੱਡ ਕੇ ਚਲੀ ਗਈ। ਦਾਦੀ ਨਸੀਬ ਕੌਰ ਹੁਣ ਇਸ ਛੋਟੀ ਬੱਚੀ ਦੇ ਖੰਭ ਬਣੀ ਹੋਈ ਹੈ। ਗੁਜ਼ਾਰੇ ਦਾ ਕੋਈ ਸਾਧਨ ਨਹੀਂ ਹੈ। ਪਿੰਡ ਪੂਹਲਾ ਦੀਆਂ ਤਿੰਨ ਬੱਚੀਆਂ ਮਨਦੀਪ,ਨਵਨੀਤ ਤੇ ਸੁਖਜੀਤ ਕੌਰ ਦਾ ਬਾਪ ਬਿਮਾਰੀ ਨੇ ਖੋਹ ਲਿਆ ਜਦੋਂ ਕਿ ਮਾਂ ਲਾਪਤਾ ਹੋ ਗਈ ਹੈ। ਹੁਣ ਦਾਦੀ ਹੀ ਇਨ•ਾਂ ਬੱਚੀਆਂ ਨੂੰ ਪਾਲ ਰਹੀ ਹੈ। 'ਚਾਚਾ ਨਹਿਰੂ' ਨੂੰ ਭਲਕੇ ਜਨਮ ਦਿਨ 'ਤੇ ਚੇਤੇ ਕਰਨ ਵਾਲਿਆਂ ਨੂੰ ਇਹ ਬੱਚੇ ਹਲੂਣਾ ਦੇਣ ਲਈ ਕਾਫ਼ੀ ਹਨ। ਇਨ•ਾਂ ਬੱਚਿਆਂ ਨੇ ਬਚਪਨ ਉਮਰੇ 'ਬਾਲ ਦਿਵਸ' ਨਹੀਂ ਦੇਖੇ, ਜਦੋਂ ਵੇਖੇ, ਤਾਂ ਉਦੋਂ ਸਿਰਫ਼ ਆੜ•ਤੀਆਂ ਹੱਥੋਂ ਜਲੀਲ ਹੁੰਦੇ ਬਾਪ ਹੀ ਦੇਖੇ ਹਨ।

1 comment:

  1. ਜਦੋਂ ਖੇਤ ਗਹਿਣੇ ਹੋ ਜਾਂਦੇ ਹਨ ਤਾਂ ਨਾਲ ਹੀ ਸੁਪਨੇ ਵੀ ਗਹਿਣੇ ਹੋ ਜਾਂਦੇ ਹਨ।

    ReplyDelete