Tuesday, May 1, 2018

                               ਲੰਮੇ ਹੱਥ   
     ਕੁੰਡੀਆਂ ਸਹਾਰੇ ਜਗਦੇ ਥਾਣਿਆਂ ਦੇ ਲਾਟੂ
                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ’ਚ ਦਰਜਨਾਂ ਪੁਲੀਸ ਥਾਣੇ ‘ਕੁੰਡੀ ਕੁਨੈਕਸ਼ਨ’ ਨਾਲ ਚੱਲ ਰਹੇ ਹਨ ਜਿਨ੍ਹਾਂ ਨੂੰ ਰੋਕਣ ਲਈ ਹੁਣ ਹੱਥ ਉੱਠੇ ਹਨ। ਇਨ੍ਹਾਂ ਥਾਣਿਆਂ ’ਚ ਡਾਂਗਾਂ ਦੇ ਗਜ ਬਣਾ ਕੇ ਬਿਜਲੀ ਚੋਰੀ ਹੋ ਰਹੀ ਹੈ। ਪਾਵਰਕੌਮ ਨੇ ਇਨ੍ਹਾਂ ਥਾਣਿਆਂ ਦੀ ਅਚਨਚੇਤ ਚੈਕਿੰਗ ਵਿੱਢੀ ਹੈ ਜਿਸ ’ਚ ਬਿਜਲੀ ਚੋਰੀ ਦੇ ਕੇਸ ਫੜੇ  ਗਏ ਹਨ। ਏਦਾ ਪਹਿਲੀ ਦਫ਼ਾ ਹੋਇਆ ਹੈ ਕਿ ਪਾਵਰਕੌਮ ਦੇ ਛੋਟੇ ਹੱਥ ਪੁਲੀਸ ਤੱਕ ਜਾ ਪੁੱਜੇ ਹਨ। ਪਾਵਰਕੌਮ ਦੇ ਐਨਫੋਰਸਮੈਂਟ ਵਿੰਗ ਨੇ ਇਹ ਪਹਿਲਕਦਮੀ ਕੀਤੀ ਹੈ। ਵੇਰਵਿਆਂ ਅਨੁਸਾਰ ਮੁਕਤਸਰ ਦੇ ਲੱਖੇਵਾਲੀ ਮੰਡੀ ਦਾ ਪੁਲੀਸ ਸਟੇਸ਼ਨ ’ਚ ਸਿੱਧੀ ਕੁੰਡੀ ਸਪਲਾਈ ਫੜੀ ਹੈ। ਇਸ ਥਾਣੇ ਨੂੰ ਹੁਣ ਪਾਵਰਕੌਮ ਨੇ 38506 ਰੁਪਏ ਦਾ ਜੁਰਮਾਨਾ ਪਾਇਆ ਹੈ। ਬਠਿੰਡਾ ਦੀ ਬੱਲੂਆਣਾ ਪੁਲੀਸ ਚੌਂਕੀ ਨੂੰ 2.13 ਲੱਖ ਰੁਪਏ ਜੁਰਮਾਨਾ ਭਰਨਾ ਪਵੇਗਾ ਜਿੱਥੇ ਪੁਲੀਸ ਸਿੱਧੀ ਕੁੰਡੀ ਨਾਲ ਚੌਂਕੀ ਨੂੰ ਰੌਸ਼ਨ ਕਰ ਰਹੀ ਸੀ। ਸੂਤਰ ਦੱਸਦੇ ਹਨ ਕਿ ਕਾਫ਼ੀ ਸਮੇਂ ਤੋਂ ਥਾਣਿਆਂ ’ਚ ਕੁੰਡੀ ਸਹਾਰੇ ਪੱਖੇ,ਕੂਲਰ ਤੇ ਏ.ਸੀ ਚੱਲ ਰਹੇ ਹਨ। ਰਾਮਪੁਰਾ (ਸਦਰ) ਥਾਣੇ ਦਾ ਮੀਟਰ ਹੀ ਸੜਿਆ ਹੋਇਆ ਹੈ ਅਤੇ ਇਵੇਂ ਸਦਰ ਫ਼ਰੀਦਕੋਟ ਦਾ ਮੀਟਰ ਵੀ ਸੜਿਆ ਹੋਇਆ ਨਿਕਲਿਆ।
                    ਸੂਤਰ ਦੱਸਦੇ ਹਨ ਕਿ ਕਾਫ਼ੀ ਸਮੇਂ ਤੋਂ ਸੜੇ ਮੀਟਰ ਦਾ ਥਾਣੇ ਲਾਹਾ ਲੈ ਰਹੇ ਸਨ। ਮੁਕਤਸਰ ਦੇ ਥਾਣਾ ਸਦਰ ਦਾ ਬਿਜਲੀ ਬਿੱਲ ਖਪਤ ਤੋਂ ਘੱਟ ਬਣ ਰਿਹਾ ਸੀ ਜਿਸ ਨੂੰ ਚੈਕਿੰਗ ਮਗਰੋਂ ਹੁਣ 4.99 ਲੱਖ ਰੁਪਏ ਪਾਏ ਗਏ ਹਨ। ਥਾਣਾ ਸਿਟੀ ਮੁਕਤਸਰ ਨੂੰ ਵੀ 23 ਹਜ਼ਾਰ ਰੁਪਏ ਪਾਏ ਗਏ ਹਨ। ਸੰਗਤ ਦੇ ਸਾਂਝ ਕੇਂਦਰ ਅਤੇ ਮੁਕਤਸਰ ਦੇ ਸਾਂਝ ਕੇਂਦਰ ਨੂੰ ਵੀ ਪੈਸੇ ਪਾਏ ਗਏ ਹਨ। ਬਠਿੰਡਾ ਦੇ ਥਰਮਲ ਪਲਾਂਟ ਦੇ ਥਾਣੇ ਦਾ ਮੀਟਰ ਡਿਫੈਕਟਿਵ ਪਾਇਆ ਗਿਆ ਹੈ। ਮਾਲਵੇ ’ਚ ਕਰੀਬ 24 ਪੁਲੀਸ ਥਾਣੇ ਚੈੱਕ ਕੀਤੇ ਗਏ ਹਨ। ਪਟਿਆਲਾ ਖ਼ਿੱਤੇ ’ਚ ਵੀ 24 ਪੁਲੀਸ ਥਾਣਿਆਂ ਤੇ ਚੌਂਕੀਆਂ ਦੀ ਚੈਕਿੰਗ ਕੀਤੀ ਗਈ ਹੈ। ਇੱਥੇ ਵੀ ਤਿੰਨ ਪੁਲੀਸ ਚੌਂਕੀਆਂ ਵਿਚ ਵੱਧ ਲੋਡ ਚੱਲ ਰਿਹਾ ਸੀ ਜਿਨ੍ਹਾਂ ਨੂੰ ਜੁਰਮਾਨੇ ਪਾ ਦਿੱਤੇ ਗਏ ਹਨ। ਇਵੇਂ ਇੱਕਾ ਦੁੱਕਾ ਹੋਰ ਮੀਟਰਾਂ ਵਿਚ ਵੀ ਗੜਬੜ ਲੱਭੀ ਹੈ। ਜਲੰਧਰ ਸਰਕਲ ਦੇ ਜਲੰਧਰ,ਹੁਸ਼ਿਆਰਪੁਰ,ਕਪੂਰਥਲਾ ਅਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਵਿਚ ਵੀ 26 ਪੁਲੀਸ ਥਾਣੇ ਚੈੱਕ ਕੀਤੀ ਗਏ ਹਨ।
                  ਜਲੰਧਰ ਦੇ ਮਾਡਲ ਟਾਊਨ ਦੇ ਲਾਲ ਚੰਦ ਪੁਲੀਸ ਸਟੇਸ਼ਨ ਵਿਚ ਸਿੱਧੀ ਕੁੰਡੀ ਫੜੀ ਗਈ ਹੈ ਪ੍ਰੰਤੂ ਇਸ ਕੁੰਡੀ ਨਾਲ ਇੱਕ ਕਮਰੇ ਨੂੰ ਸਪਲਾਈ ਚੱਲ ਰਹੀ ਸੀ ਜਿਸ ਕਰਕੇ 1500 ਦਾ ਜੁਰਮਾਨਾ ਪਾ ਦਿੱਤਾ ਗਿਆ ਹੈ। ਮਕਸੂਦਾਂ ਪੁਲੀਸ ਥਾਣੇ ਦੇ ਇੱਕ ਨਵੇਂ ਕਮਰੇ ਵਿਚ ਸਿੱਧੀ ਕੁੰਡੀ ਚੱਲ ਰਹੀ ਸੀ ਜਿਸ ਨੂੰ 26 ਹਜ਼ਾਰ ਦਾ ਜੁਰਮਾਨਾ ਪਾਇਆ ਗਿਆ ਹੈ। ਜਲੰਧਰ ਦੇ ਬਾਰਾਂਦਰੀ ਦੇ ਪੁਲੀਸ ਸਟੇਸ਼ਨ ਵਿਚ ਵੱਧ ਲੋੜ ਚੱਲਦਾ ਫੜਿਆ ਗਿਆ ਜਿਸ ਨੂੰ 17 ਹਜ਼ਾਰ ਦਾ ਜੁਰਮਾਨਾ ਪਾ ਦਿੱਤਾ ਗਿਆ ਹੈ। ਇਸ ਤੋਂ ਬਿਨਾਂ ਮਲਸੀਆਂ,ਗੜ੍ਹਸ਼ੰਕਰ ਅਤੇ ਸਿਟੀ ਹੁਸ਼ਿਆਰਪੁਰ ਥਾਣੇ ਦੇ ਮੀਟਰ ਹੀ ਸੜੇ ਹੋਏ ਸਨ। ਪਾਵਰਕੌਮ ਨੇ ਇਨ੍ਹਾਂ ਥਾਣਿਆਂ ’ਚ ਹੁਣ ਨਵੇਂ ਮੀਟਰ ਲਗਵਾ ਦਿੱਤੇ ਹਨ। ਪਾਵਰਕੌਮ ਨੇ ਡਿਫਾਲਟਰ ਥਾਣਿਆਂ ਨੂੰ ਵੀ ਚੇਤਾਵਨੀ ਦਿੱਤੀ ਹੈ। ਸੁਲਤਾਨਪੁਰ ਥਾਣੇ ਵੱਲ 91,688 ਰੁਪਏ, ਰਾਮਾਂ ਮੰਡੀ,ਜਲੰਧਰ ਥਾਣੇ ਵੱਲ 1.16 ਲੱਖ ਰੁਪਏ, ਫੋਕਲ ਪੁਆਇੰਟ ਸਿਟੀ ਜਲੰਧਰ ਵੱਲ 35,880 ਰੁਪਏ ਦਾ ਬਕਾਇਆ ਖੜ੍ਹਾ ਹੈ।  ਪੰਜਾਬ ਵਿਚ ਕੁੱਲ 404 ਪੁਲੀਸ ਥਾਣੇ ਅਤੇ 165 ਪੁਲੀਸ ਚੌਂਕੀਆਂ ਹਨ ਜਿਨ੍ਹਾਂ ਦਾ ਬਿਜਲੀ ਬਿੱਲ ਮਹਿਕਮੇ ਲਈ ਵੱਡੀ ਸਿਰਦਰਦੀ ਹੈ।
                 ਆਮ ਤੌਰ ਤੇ ਥਾਣਿਆਂ ਦੇ ਬਿਜਲੀ ਬਿੱਲ ਲਈ ਕੋਈ ਖ਼ਾਸ ਫ਼ੰਡ ਨਹੀਂ ਮਿਲਦਾ ਹੈ। ਅੰਮ੍ਰਿਤਸਰ ਸਰਕਲ ਵਿਚ 21 ਪੁਲੀਸ ਥਾਣਿਆਂ ਅਤੇ ਚੌਂਕੀਆਂ ਦੀ ਚੈਕਿੰਗ ਹੋ ਚੁੱਕੀ ਹੈ। ਇਸ ਸਰਕਲ ਦੇ ਐਨਫੋਰਸਮੈਂਟ ਵਿੰਗ ਦੇ ਨਿਗਰਾਨ ਇੰਜੀਨੀਅਰ ਦਾ ਕਹਿਣਾ ਸੀ ਕਿ ਜ਼ਿਆਦਾ ਕੇਸ ਵੱਧ ਲੋਡ ਵਾਲੇ ਫੜੇ ਗਏ ਹਨ ਜਿਨ੍ਹਾਂ ਨੂੰ ਜੁਰਮਾਨੇ ਪਾ ਰਹੇ ਹਾਂ। ਲੁਧਿਆਣਾ ਸਰਕਲ ਦੇ ਨਿਗਰਾਨ ਇੰਜੀਨੀਅਰ ਦਾ ਕਹਿਣਾ ਸੀ ਕਿ ਹਾਲੇ ਚੈਕਿੰਗ ਦਾ ਕੰਮ ਸ਼ੁਰੂ ਕੀਤਾ ਹੈ।
                       ਸਾਰੇ ਥਾਣੇ ਚੈੱਕ ਕਰਾਂਗੇ : ਮੁੱਖ ਇੰਜੀਨੀਅਰ
ਪਾਵਰਕੌਮ ਦੇ ਇਨਫੋਰਸਮੈਂਟ ਵਿੰਗ ਦੇ ਮੁੱਖ ਇੰਜੀਨੀਅਰ ਸ੍ਰੀ ਗੋਪਾਲ ਸ਼ਰਮਾ ਦਾ ਕਹਿਣਾ ਸੀ ਕਿ ਥਾਣਿਆਂ ਦੀ ਚੈਕਿੰਗ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਹਰ ਹਫ਼ਤੇ ਰਿਪੋਰਟ ਲਈ ਜਾ ਰਹੀ ਹੈ। ਵੱਧ ਲੋਡ ਅਤੇ ਬਿਜਲੀ ਚੋਰੀ ਦੇ ਕੇਸ ਸਾਹਮਣੇ ਆ ਰਹੇ ਹਨ ਜਿਨ੍ਹਾਂ ਨੂੰ ਜੁਰਮਾਨੇ ਪਾਏ ਜਾ ਰਹੇ ਹਨ। ਬਾਕੀ ਵਿਭਾਗਾਂ ਦੀ ਚੈਕਿੰਗ ਵੀ ਇਸ ਮਗਰੋਂ ਕੀਤੀ ਜਾਵੇਗੀ।


No comments:

Post a Comment