Sunday, September 27, 2020

                      ਵਿਚਲੀ ਗੱਲ 
     ਅਸਾਂ ਰੰਗ ਲਏ ਬਸੰਤੀ ਚੋਲੇ..!
                    ਚਰਨਜੀਤ ਭੁੱਲਰ

ਚੰਡੀਗੜ੍ਹ : ਕਿਹਾ ਏਹ ਵੀ ਜਾਂਦਾ ਸੀ, ‘ਅੰਗਰੇਜ਼ ਦੇ ਰਾਜ ’ਚ ਕਦੇ ਸੂਰਜ ਨਹੀਂ ਛਿਪਦਾ’। ਉਹ ਵੀ ਤਾਂ ਸੁਣੋ, ਜੋ ਫਕੀਰ ਬੁੱਲੇ ਸ਼ਾਹ ਫ਼ਰਮਾ ਗਏ, ‘ਚੜ੍ਹਦੇ ਸੂਰਜ ਢਲਦੇ ਵੇਖੇ, ਬੁਝਦੇ ਦੀਵੇ ਬਲਦੇ ਵੇਖੇ’। ਸੱਚਮੁੱਚ ਹੁਣ ਨਵਾਂ ਸੂਰਜ ਚੜ੍ਹਿਐ। ਪੰਜਾਬ ਦੀ ਰੂਹ ’ਚ ਤੇ ਜੂਹ ’ਚ। ਨਵਾਂ ਖੂਨ ਖੌਲਣ ਲੱਗਾ ਹੈ। ਬੰਨ੍ਹ ਸਿਰਾਂ ’ਤੇ ਮੰਡਾਸੇ, ਖੇਤਾਂ ਦੇ ਵਾਰਸ ਤੁਰੇ ਨੇ। ਅੱਗੇ ਜਵਾਨੀ, ਪਿਛੇ ਕਿਸਾਨੀ। ਸਾਂਝੀ ਹੇਕ ਲੱਗੀ ਹੈ। ਪੰਜਾਲੀ ਖੌਫ਼ ਦੀ ਗਲੋਂ ਲਹੀ ਹੈ। ਜੂਝਣ ਦੀ ਵਿਰਸਾ ਤਾਂ ਪੁਰਾਣੈ। ‘ਅਸਲੀ ਸੋਨਾ ਅੱਗ ਤੋਂ ਨਹੀਂ ਡਰਦਾ।’ ਸਿਆਸੀ ‘ਫਕੀਰ’ ਭੁੱਲ ਕਰ ਬੈਠੇ, ਖੇਤੀ ਬਿੱਲ ਪਾਸ ਕਰਕੇ। ਅੰਬਾਨੀ ਵਿਉਂਤ ਘੜਦਾ ਹੋਊ, ਹੁਣ ਖੇਤ ਕਰੂੰ ਮੁੱਠੀ ’ਚ। ਦਹੀਂ ਭੁਲੇਖੇ ਕਪਾਹ ਨਾ ਖਾ ਬੈਠਿਓ। ਏਨੇ ਸੌਖੇ ਨਹੀਂ ਠੂਠੇ ਫੜਾਉਣੇ। ਨਿਰੇ ਠੂਹੇਂ ਵੀ ਨੇ। ਆਈ ’ਤੇ ਆ ਜਾਣ, ਫੇਰ ਪੰਜਾਬੀ ਝਿਪਦੇ ਨਹੀਂ। ਲਿਫਣ ਦੀ ਤਾਂ ਗੱਲ ਛੱਡੋ। ਗੁਰਾਂ ਦੀ ਗੁੜ੍ਹਤੀ ਐ... ਭਾਣਾ ਮੰਨਦੇ ਵੀ ਨੇ, ਵਰਤਾਉਂਦੇ ਵੀ ਨੇ। ਯੋਗਿੰਦਰ ਯਾਦਵ ਆਖਦੈ.. ਆਜ਼ਾਦੀ ਦੀ ਦੂਜੀ ਲੜਾਈ ਹੈ। ਰੋਮਨ ਚੇਤਾ ਕਰਾਉਂਦੇ ਨੇ, ‘ਸਿਰੇ ਦੇ ਕਾਨੂੰਨਾਂ ’ਚ ਨੁਕਸ ਵੀ ਸਿਰੇ ਦੇ ਹੁੰਦੇ ਨੇ।’‘ਜੀਓ’ ਵਾਲੀ ਜਵਾਨੀ ਨੂੰ, ਏਨੀ ਘੜਸੁੱਕ ਨਾ ਸਮਝੀ, ਕਿਤੇ ਬੱਲੀਆਂ ਨੂੰ ਹੱਥ ਲਾ ਬੈਠੈ। ਪੱਗਾਂ ਕੇਸਰੀ ਨੇ ਤੇ ਚੋਲੇ ਬਸੰਤੀ। ‘ਪੰਜਾਬ ਬੰਦ’ ’ਚ ਜਦੋਂ ਜਵਾਨੀ ਨਿਸਰੀ। ਬਾਬਾ ਗੁਰਮੁਖ ਸਿਓਂ ਬੋਲਿਆ, ਪੁੱਤਰੋ! ਖੇਤਾਂ ਦੀ ਲਾਜ ਰੱਖਤੀ। ਰੱਬ ਦਾ ਵਾਸਤਾ, ਕਿਤੇ ਠੰਢੇ ਨਾ ਪੈ ਜਾਇਓ। ਫਰਾਂਸ ਵਾਲੇ ਚੌਕਸ ਕਰਦੇ ਨੇ, ‘ਵੈਰੀ ਕਦੇ ਵੀ ਸੌਂਦਾ ਨਹੀਂ।’ ਇੱਧਰ ਮਰਦਾਂ ਨੂੰ ਨਿੱਤ ਮੁਹਿੰਮਾਂ। ਪਿੰਡਾਂ ਦੀ ਪਿੱਠ ’ਤੇ ਸ਼ਹਿਰ ਡਟੇ ਨੇ। ਜਿਉਂਦਾ ਰਹਿ ਦਿੱਲੀ ਦੇ ‘ਫਕੀਰਾ’। ਘੱਟੋ-ਘੱਟ ਪੰਜਾਬ ਤਾਂ ਇੱਕਮੁੱਠ ਕਰਤਾ।                                                                                                  ਸ਼ਹੀਦ-ਏ-ਆਜ਼ਮ ਭਗਤ ਸਿੰਘ ਫਾਂਸੀ ਤੋਂ ਪਹਿਲਾਂ ਤੱਕ ਕਿਤਾਬ ਪੜ੍ਹਦਾ ਰਿਹਾ। ਜੇਲ੍ਹਰ ਨੇ ਕਿਤਾਬ ਚੁੱਕੀ, ਪੰਨਾ ਮੋੜਿਆ ਹੋਇਆ ਸੀ। ਜਦੋਂ ਸਿਰ ਧੜ ਦੀ ਲੱਗੀ ਹੋਵੇ, ਉਦੋਂ ਨਵਾਂ ਪੰਨਾ ਮੋੜਨਾ ਪੈਂਦੈ। ਜ਼ਕਰੀਆ ਖਾਨ ਅੱਗੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਜਿਵੇਂ ਗਰਜੇ, ਉਵੇਂ ਹੀ ਪੰਜਾਬ ਦੀ ਜਵਾਨੀ ਗਰਜੀ ਐ। ਵਿਰਾਸਤੀ ਖ਼ਜ਼ਾਨਾ ਭਰਪੂਰ ਹੈ। ਚਮਕੌਰ ਦੀ ਗੜ੍ਹੀ ਵੀ ਹੈ ਅਤੇ ਖਿਦਰਾਣੇ ਦੀ ਢਾਬ ਵੀ। ਸਰਾਭੇ ਪਿੰਡ ਦੀ ਮਿੱਟੀ ਵੀ ਹੈ ਤੇ ਖਟਕੜ ਕਲਾਂ ਦਾ ਪਰਛਾਵਾਂ ਵੀ। ਜਦੋਂ ਏਹ ਮੁੰਡੇ ਨਿੱਕੇ ਸਨ, ਬਾਪੂ ਦੀ ਬੁੱਕਲ ’ਚ ਬੈਠ ਕੇ ਜਿਉਣਾ ਮੌੜ ਵੀ ਸੁਣਿਐ ਤੇ ਸੁੱਚਾ ਸੂਰਮਾ ਵੀ। ਨੰਦ ਲਾਲ ਨੂਰਪੁਰੀ ਦੇ ਬੋਲ ਬੁਲੰਦੀ ਬਖ਼ਸਦੇ ਨੇ, ‘ਬੀਜ ਦਿਓ ਤਾਕਤਾਂ ਤੇ ਹੌਸਲੇ ਉਭਾਰੋ, ਹੋਰ ਹੱਲਾ ਮਾਰੋ ਸ਼ੇਰੋ, ਹੋਰ ਹੱਲਾ ਮਾਰੋ।’ ਲੰਬੀ ’ਚ ਵੀ ਜ਼ਮੀਰ ਨੇ ਮੂੰਹ ਹੱਥ ਧੋਤੈ। ਕਿਸਾਨੀ ਸੰਘਰਸ਼ ’ਚ ਪੈਂਤੀ ਪਿੰਡ ਕੁੱਦੇ। ਵੈਸੇ ਪੰਜਾਬ ਭਰ ’ਚ ਸ਼ੇਰ ਬੱਗੇ ਕੂਕੇ ਨੇ। ਖੇਤਾਂ ਦੇ ਜਥੇਦਾਰਾਂ ਨੇ ਮੜਕ ਭੰਨਤੀ। ਦਸ ਰਾਜਾਂ ’ਚ ਨਵੀਂ ਸਵੇਰ ਹੋਈ ਹੈ। ਕਿਸਾਨੀ ਸੰਘਰਸ਼ ਹਰ ਕੋਨੇ ਮਘਣ ਲੱਗਾ। ਸ਼ੇਰ ਨੂੰ ਸਵਾ ਸ਼ੇਰ ਟੱਕਰੇ ਨੇ। ਦਿੱਲੀ ਬਿਟਰ ਬਿਟਰ ਝਾਕੇ..! ਏਹ ਕਿਥੋਂ ਨਿਕਲ ਆਏ। ਗੁਜਰਾਤੀ ਕਿਸਾਨ ਭਾਨੂ ਆਖਦੈ, ਮਹਾਂਭਾਰਤ ਹੁਣ ਹੋਏਗਾ। ਅੰਦਾਜ਼-ਏ-ਮੋਦੀ ਤਾਂ ਵੇਖੋ..! ਏਹ ਖੇਤੀ ਬਿੱਲ ਨਹੀਂ, ਨਵੀਂ ਆਜ਼ਾਦੀ ਹੈ। ਕਾਕਾ ਰਾਹੁਲ ਬੋਲੇ! ਤਾਇਆ, ਕੇਹੀ ਆਜ਼ਾਦੀ, ਏਹ ਤਾਂ ਮੌਤ ਦੇ ਵਾਰੰਟ ਨੇ। ਆਜ਼ਾਦੀ ਤੋਂ ਪਹਿਲਾਂ ਸ਼ਾਹੂਕਾਰ ਫ਼ਸਲਾਂ ਖਰੀਦਦੇ ਸਨ। 1950 ਵਿੱਚ ਮੰਡੀਆਂ ਬਣੀਆਂ। ਸੱਠਵਿਆਂ ਮਗਰੋਂ ਜਿਣਸਾਂ ਦਾ ਸਰਕਾਰੀ ਭਾਅ ਬੱਝਾ।                          ਖੇਤੀ ਖੋਜ ਦੀ ਕੇਂਦਰੀ ਸੰਸਥਾ ਦੇ ਤੱਥ ਹਨ। ਸਾਲ 2000 ਤੋਂ 2017 ਤੱਕ ਕਿਸਾਨਾਂ ਨੂੰ ਸਹੀ ਮੁੱਲ ਮਿਲਦਾ, 45 ਲੱਖ ਕਰੋੜ ਕਿਸਾਨਾਂ ਦੀ ਜੇਬ ’ਚ ਪੈਂਦਾ। ਖੇਤੀ ਮਾਹਿਰ ਦਵਿੰਦਰ ਸ਼ਰਮਾ ਦਾ ਲੱਖਣ ਕਹਿੰਦੈ, ਦੇਸ਼ ’ਚ ਸੱਤ ਹਜ਼ਾਰ ਮੰਡੀਆਂ ਨੇ, 42 ਹਜ਼ਾਰ ਦੀ ਲੋੜ ਐ। ਨਵਾਂ ਅੰਕੜਾ ਹੈ, ਖੇਤੀ ਉਤਪਾਦ ਪੰਜਾਬੋਂ ਵਿਦੇਸ਼ ਜਾਂਦੇ ਹਨ, ਅੌਸਤਨ ਸਾਲਾਨਾ 1400 ਮਿਲੀਅਨ ਡਾਲਰ ਦੇ। ਵਿਲੀਅਮ ਰੈਨਡੋਲਫ ਹਰਸਟ! ਏਨਾ ਸੱਚ ਨਾ ਬੋਲ! ‘ਸਿਆਸਤਦਾਨ ਆਪਣੀ ਨੌਕਰੀ ਪੱਕੀ ਕਰੀ ਰੱਖਣ ਲਈ ਕੁਝ ਵੀ ਕਰ ਸਕਦੈ, ਇੱਥੋਂ ਤੱਕ ਕਿ ਕਈ ਵਾਰ ਉਹ ਦੇਸ਼ ਭਗਤ ਵੀ ਬਣ ਜਾਂਦੈ।’ ਸ਼ੇਖ ਸਾਅਦੀ ਨੂੰ ਕਾਹਦਾ ਡਰ, ‘ਚਿੜੀਆਂ ਏਕਾ ਕਰ ਲੈਣ, ਸ਼ੇਰ ਦੀ ਖੱਲ ਉਧੇੜ ਸਕਦੀਆਂ ਨੇ।’ਕਦੇ ਟਾਟੇ ਬਿਰਲੇ ਦੇ ਟੱਲ ਖੜਕਦੇ ਸਨ। 1951 ’ਚ ਟਾਟੇ ਕੋਲ 116 ਕਰੋੜ, ਬਿਰਲੇ ਕੋਲ 155 ਕਰੋੜ ਦੀ ਦੌਲਤ ਸੀ। ਮਗਰੋਂ ਤਾਂ ਮਾਇਆ ਸਾਂਭੀ ਨਹੀਂ ਗਈ। ਅਡਾਨੀ ਤੇ ਅੰਬਾਨੀ ਖਫ਼ਾ ਨੇ! ਹੁਣ ਬੱਸ ਵੀ ਤਾਂ ਕਰੋ। ਇਤਫ਼ਾਕ ਦੇਖੋ.. ਉਧਰ ਨਰੇਂਦਰ ਭਾਈ ਨੇ ਐਲਾਨ ਕੀਤਾ, ਖਿਡੌਣਿਆਂ ’ਚ ਦੇਸ਼ ਆਤਮ ਨਿਰਭਰ ਬਣੂ। ਇੱਧਰ ਰਿਲਾਇੰਸ ਨੇ ਖਿਡੌਣਾ ਕੰਪਨੀ ਹੈਮਲੇਜ ਗਲੋਬਲ ਖਰੀਦ ਲਈ। ਉੱਤਰ ਪ੍ਰਦੇਸ਼ ‘ਚ 100 ਏਕੜ ‘ਚ ਖਿਡੌਣਾ ਕਲੱਸਟਰ ਬਣੇਗਾ। ਮਾਲਕ ਦੀ ਕਿਰਪਾ ਰਹੀ, ਮੁਫ਼ਤ ’ਚ ਜ਼ਮੀਨ ਵੀ ਮਿਲੂ। ਰਿਲਾਇੰਸ, ਕਾਰਗਿਲ, ਗਲੋਬਲ ਗਰੀਨ, ਗੋਦਰੇਜ, ਹਿੰਦੁਸਤਾਨ ਯੂਨੀਲੀਵਰ, ਸ੍ਰੀ ਰਾਮ, ਟਾਟਾ ਮਹਿੰਦਰਾ। ਇਨ੍ਹਾਂ ਕੰਪਨੀਆਂ ਨੇ ਖੇਤੀ ਕਾਰੋਬਾਰ ’ਚ ਆਗਾਜ਼ ਕੀਤਾ। ਉਧਰ ਖੇਤੀ ਬਿੱਲ ਪਾਸ ਹੋ ਗਏ। ਇਤਫਾਕ ਨਹੀਂ ਤਾਂ ਹੋਰ ਕੀ ਏ।                                                                                                                          ਤੁਸੀਂ ਆਖਦੇ ਹੋ ਕਿਹੜੇ ਬਾਗ ਦੀ ਮੂਲ਼ੀ ਹੋ। ਖੇਤਾਂ ਵੱਲ ਅੱਖ ਤਾਂ ਕਰਿਓ! ਦੱਸ ਦਿਆਂਗੇ ਬਾਗਾਂ ਦਾ ਪਤਾ। ਸੁਨੀਲ ਜਾਖੜ ਦੇ ਕਿੰਨੂਆਂ ਦੇ ਬਾਗ ਨੇ। ਬਾਦਲਾਂ ਦੇ ਪਿਛੇ ਪਏ ਨੇ, ਅਖੇ ਖੇਤੀ ਬਿੱਲਾਂ ’ਤੇ ਯੂ-ਟਰਨ ਲਿਐ। ਸੁਖਬੀਰ ਬਾਦਲ ਵੀ ਤਾਂ ਖੇਤੀ ਕਰਦੇ ਨੇ। ਫੋਰਡ ਟਰੈਕਟਰ ਕੱਲ੍ਹ ਖੁਦ ਚਲਾਇਆ। ਸੁਖਬੀਰ ਨੇ ਪੰਜਾਬ ਨੂੰ ਦੱਸਤਾ, ‘ਅਕਾਲੀਆਂ ਕੋਲ ਬੈਕ ਗੇਅਰ ਨਹੀਂ।’ ‘ਆਪ’ ਫੀਲਿੰਗ ਲੈ ਰਹੀ ਹੈ, ਅਖੇ ਜਹਾਜ਼ੋ ਲਾਹ ਕੇ ਟਰੈਕਟਰ ’ਤੇ ਚੜ੍ਹਾ ’ਤੇ।ਜਰਮਨੀ ਅਖਾਣ ਹੈ! ‘ਪੌੜੀ ਫੜਨ ਵਾਲਾ ਵੀ ਚੋਰ ਜਿੰਨਾ ਮਾੜਾ ਹੁੰਦੈ।’ ਜਿੰਨੇ ਮੂੰਹ, ਓਨੀਆਂ ਗੱਲਾਂ। ਅਮਰਿੰਦਰ ਸਿਓਂ ਪਤਾ ਨਹੀਂ ਕਿਹੜੀ ਗੱਲੋਂ ਚੁੱਪ ਸੀ। ਅੰਦਰਲਾ ਪਾਲਾ ਮਾਰਦੈ, ਕਿਤੇ ਕਿਸਾਨ ਸਾਡੀ ਵਹੀ ਨਾ ਖੋਲ੍ਹ ਲੈਣ। ਕਾਂਗਰਸੀ ਲਾਣਾ ਅੰਦਰੋਂ ਖੁਸ਼ ਵੀ ਐ। ਆਖਦਾ ਹੈ, ਨਰਿੰਦਰ ਮੋਦੀ ਨੇ ਬਚਾ ਲਏ। ਸਮੁੱਚੇ ਦੇਸ਼ ਲਈ ਖੇਤੀ ਬਿੱਲ ਮਾਰੂ ਨਿਕਲੇ। ਇਕੱਲੇ ਮੰਤਰੀ ਧਰਮਸੋਤ ਲਈ ਤਾਰੂ ਨਿਕਲੇ। ਖੇਤੀ ਬਿੱਲਾਂ ’ਚ ਹੀ ਰੁਲ ਗਿਆ ਵਜ਼ੀਫਾ ਘਪਲਾ। ਖੇਤੀ ਬਿੱਲਾਂ ਨੇ ਤਾਂ ਸੁੱਤੇ ਸ਼ੇਰ ਜਗਾਤੇ। ਚਾਣਕਯ ਗੁਰ ਐ! ‘ਬਿਪਤਾ ਤੋਂ ਉਦੋਂ ਡਰੋ, ਜਦੋਂ ਦੂਰ ਹੋਵੇ, ਜਦੋਂ ਸਿਰ ਆਣ ਪਵੇ, ਸਿੱਧਾ ਮੁਕਾਬਲਾ ਕਰੋ।’ ਚਾਣਕਯ ਦੀ ਸੋਚ ’ਤੇ, ਪੰਜਾਬੀ ਠੋਕ ਕੇ ਪਹਿਰਾ ਦੇ ਰਹੇ ਨੇ। ਬਿਹਾਰ ’ਚ ਤੇਜਸਵੀ ਯਾਦਵ ਵੀ ਟਰੈਕਟਰ ’ਤੇ ਚੜ੍ਹਿਐ। ਵਰਕਰਾਂ ਨੇ ਅਨੋਖਾ ਮਾਰਚ ਵੀ ਕੀਤੈ। ਮੱਝਾਂ ’ਤੇ ਚੜ੍ਹ ਕੇ। ਚਾਰੇ ਦਾ ਤੋੜਾ ਪੈ ਜਾਵੇ, ਮੱਝਾਂ ਨੂੰ ਝਉਲਾ ਪੈਂਦੈ, ਕਿਤੇ ਲਾਲੂ ਜੀ ਰਿਹਾਅ ਤਾਂ ਨਹੀਂ ਹੋ ਗਏ।                                                                                                                                 ਸਿਆਸੀ ਨੇਤਾਵਾਂ ਨੇ ਲੰਗੋਟ ਕਸੇ ਨੇ। ਹਰ ਛੋਟਾ ਵੱਡਾ ਨੇਤਾ ਆਖਦੈ। ਕਿਸਾਨੀ ਲਈ ਆਖ਼ਰੀ ਸਾਹ ਤੱਕ ਲੜਾਂਗੇ। ਦਸੌਧਾ ਸਿਓਂ ਦੇ ਮੂੰਹੋਂ ਸੱਚ ਫੁੱਟਿਐ, ‘ਪਿਆਰੀ ਸਾਧ ਸੰਗਤ ਜੀ, ਰੱਬ ਝੂਠ ਨਾ ਬੁਲਾਵੇ, ਕਿਸਾਨੀ ਲਈ 2022 ਤੱਕ ਹੀ ਜਾਨ ਵਾਰਾਂਗੇ।’ ਅੱਗੇ ਤੇਰੇ ਭਾਗ ਲੱਛੀਏ..! ਅਮਰਿੰਦਰ ਸਿੰਘ ਖੇਤੀ ਮੰਤਰੀ ਨੇ, ਜਿਨ੍ਹਾਂ ਕੋਲ 3.53 ਕਰੋੜ ਦੇ ਖੇਤ ਨੇ। ਟਰੈਕਟਰ ਇੱਕ ਵੀ ਨਹੀਂ। ਭਲਾ ਸੰਦ ਸਦੇੜੇ ਬਿਨਾਂ ਕਾਹਦੀ ਖੇਤੀ।ਬਾਦਲ ਪਰਿਵਾਰ ਕੋਲ ਦੋ ਟਰੈਕਟਰ ਨੇ, ਪੁਰਾਣਾ ਮੈਸੀ ਤੇ ਇੱਕ ‘ਨਿਊ ਹਾਲੈਂਡ’। ਆਓ ਹੋਰ ਲੇਖਾ ਜੋਖਾ ਕਰੀਏ। ਪੰਜਾਬ ’ਚ 117 ਵਿਧਾਇਕ ਨੇ। ਇਨ੍ਹਾਂ ’ਚੋਂ 88 ਵਿਧਾਇਕ ਖੇਤਾਂ ਦੇ ਮਾਲਕ ਨੇ। ਟਰੈਕਟਰ ਸਿਰਫ਼ ਪੰਜ ਵਿਧਾਇਕਾਂ ਕੋਲ ਹੈ। ਮਨਪ੍ਰੀਤ ਬਾਦਲ ਤੇ ਕੰਵਲਪਾਲ ਸਿੰਘ ਕੋਲ ਮੈਸੀ ਟਰੈਕਟਰ ਨੇ। ਸੁਖਪਾਲ ਖਹਿਰੇ ਕੋਲ ਸਭ ਤੋਂ ਵੱਧ 20.40 ਕਰੋੜ ਦੀ ਖੇਤ ਵਾਲੀ ਜ਼ਮੀਨ ਐ। ਮਨਪ੍ਰੀਤ ਕੋਲ 10.16 ਕਰੋੜ ਤੇ ਬਿਕਰਮ ਮਜੀਠੀਆ ਕੋਲ 9.81 ਕਰੋੜ ਦੀ ਖੇਤੀ ਜ਼ਮੀਨ ਹੈ।ਖੇਤੀ ਬਿੱਲਾਂ ਦੀ ਸੱਟ ਮਹਾਤੜਾਂ ਨੂੰ ਵੱਧ ਵੱਜੂ। ਨਾਅਰੇ ਪੰਜਾਬ ’ਚ ਗੂੰਜੇ, ਦਿੱਲੀ ਤੱਕ ਧਮਕ ਪਈ। ਰਾਜਾ ਐਂਡ ਪਾਰਟੀ ਨੂੰ ਵੀ ਧੁੜਕੂ ਲੱਗਿਐ। ਜਵਾਨੀ ਤੇ ਕਿਸਾਨੀ ਦੇ ਸਿਰ ਜੁੜ ਗਏ ਨੇ। ਕਿਤੇ ਜਾਣ ਜੋਗੇ ਨਹੀਂ ਛੱਡਣਾ। ਸ਼ਹੀਦ-ਏ-ਆਜ਼ਮ ਭਗਤ ਸਿਓਂ ਦਾ ਭਲਕੇ ਜਨਮ ਦਿਹਾੜਾ ਹੈ। ਜਵਾਨੋ! ਦਿਓ ਸੱਚੀ ਸ਼ਰਧਾਂਜਲੀ। ਪੱਗਾਂ ’ਚ ਨਹੀਂ, ਸੋਚ ਨੂੰ ਸਿਰਾਂ ’ਚ ਪਾਓ। ਪ੍ਰਤਾਪੀ ਕਰਾਮਾਤ ਦੇਖਣਾ, ਹਕੂਮਤੀ ਸੂਰਜ ਕਿਵੇਂ ਢਲਨਗੇ। ਅਖੀਰ ਸੁਰਜੀਤ ਪਾਤਰ ਦੇ ਬੋਲਾਂ ਨਾਲ..‘ਮੰਨਿਆ ਕਿ ਰਾਜ ਹਨੇਰੇ ਦਾ ਹਠੀਲਾ, ਪਰ ਅਜੇ ਜਿਉਂਦਾ ਏ ਕਿਰਨਾਂ ਦਾ ਕਬੀਲਾ।’


 

No comments:

Post a Comment