Thursday, November 4, 2021

                                               ਹਨੇਰ ਸਾਈਂ ਦਾ
                          ਤੁਸਾਂ ਦੀਪ ਬੁਝਾਏ ,ਅਸੀਂ ਮਸ਼ਾਲਾਂ ਬਾਲਾਂਗੇ..!
                                               ਚਰਨਜੀਤ ਭੁੱਲਰ    

ਚੰਡੀਗੜ੍ਹ :  ਜਿਨ੍ਹਾਂ ਘਰਾਂ ਦੇ ਚਿਰਾਗ ਬੁਝ ਗਏ, ਉਨ੍ਹਾਂ ਘਰਾਂ ’ਚ ਹੁਣ ਰੋਹ ਦੀ ਮਸ਼ਾਲ ਬਲਣ ਲੱਗੀ ਹੈ| ਵਰ੍ਹੇ ਤੋਂ ਚੱਲ ਰਹੇ ਕਿਸਾਨ ਘੋਲ ’ਚ ਸ਼ਹਾਦਤਾਂ ਦੇਣ ਵਾਲੇ ਘਰਾਂ ’ਚ ਐਤਕੀਂ ਦੀਵਾਲੀ ’ਤੇੇ ਦੀਪ ਨਹੀਂ ਬਲਣਗੇ| ਹਕੂਮਤ ਨੇ ਖੇਤੀ ਕਾਨੂੰਨ ਲਿਆ ਕੇ ਕਿਸਾਨੀ ਦੀ ਹਿੱਕ ’ਤੇ ਜੋ ਦੀਵਾ ਬਾਲਿਆ ਹੈ, ਉਨ੍ਹਾਂ ਖ਼ਿਲਾਫ਼ ਕਿਸਾਨਾਂ ਨੇ ਹੱਥਾਂ ਵਿਚ ਸੰਘਰਸ਼ੀ ਮਸ਼ਾਲ ਚੁੱਕ ਹੇਕ ਲਾਈ ਹੈ| ਜਦੋਂ ਤੱਕ ਸੱਤਾ ਦਾ ਹਨੇਰ ਦੂਰ ਨਹੀਂ ਹੁੰਦਾ, ਉਨ੍ਹਾਂ ਦੇ ਮੁੱਕੇ ਢਿੱਲੇ ਨਹੀਂ ਪੈਣਗੇ, ਨਾਅਰਿਆਂ ਦਾ ਜੋਸ਼ ਸੁੱਤਿਆਂ ਨੂੰ ਜਗਾਏਗਾ, ਹਨੇਰਾ ਦੂਰ ਕਰ ਕੇ ਹੀ ਦਿੱਲੀਓਂ ਘਰਾਂ ਨੂੰ ਪਰਤਾਂਗੇ|ਜ਼ਿਲ੍ਹਾ ਮਾਨਸਾ ਦੇ ਖੀਵਾ ਦਿਆਲੂਵਾਲਾ ਦੀ ਅਮਰਜੀਤ ਕੌਰ ਕਿਸਾਨ ਘੋਲ ’ਚ ਜਾਨ ਗੁਆ ਬੈਠੀ ਹੈ| ਪਰਿਵਾਰ ਆਖਦਾ ਹੈ ਕਿ ‘ਕਿਸੇ ਨੇ ਦੇਸ਼ ਭਗਤੀ ਪਰਖਣੀ ਹੈ ਤਾਂ ਸਾਡੇ ਘਰ ਆਓ’| ਦਿੱਲੀ ਵਿਚ ਟਿੱਪਰ ਦੇ ਦਰੜੇ ਜਾਣ ਕਰ ਕੇ ਅਮਰਜੀਤ ਕੌਰ ਅਤੇ ਇਸ ਪਿੰਡ ਦੀਆਂ ਦੋ ਔਰਤਾਂ ਦੀ ਜਾਨ ਚਲੀ ਗਈ| ਅਮਰਜੀਤ ਕੌਰ ਦਾ ਪਤੀ ਹਰਜੀਤ ਸਿੰਘ 26 ਸਾਲ ਪਹਿਲਾਂ ਖੇਤਾਂ ਵਿਚ ਸੱਪ ਦੇ ਡੱਸਣ ਕਾਰਨ ਮੌਤ ਦੇ ਮੂੰਹ ਜਾ ਪਿਆ| 

              ਅਮਰਜੀਤ ਕੌਰ ਦਾ ਲੜਕਾ ਫ਼ੌਜ ’ਚ ਤਾਇਨਾਤ ਹੈ ਜਦੋਂਕਿ ਉਸ ਦਾ ਦਿਓਰ ਫ਼ੌਜੀ ਗੁਰਚਰਨ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ| ਅਮਰਜੀਤ ਕੌਰ ਦੀ ਲੜਕੀ ਲਖਵਿੰਦਰ ਕੌਰ ਆਖਦੀ ਹੈ ਕਿ ‘ਸਾਡੇ ਪਰਿਵਾਰ ਨੇ ‘ਜੈ ਕਿਸਾਨ ਜੈ ਜਵਾਨ’ ਦੇ ਨਾਅਰੇ ’ਤੇ ਪਹਿਰਾ ਦਿੱਤਾ, ਤਿੰਨ ਜੀਅ ਗੁਆ ਲਏ, ਹੁਣ ਕਿਵੇਂ ਦੀਵਾਲੀ ਦੇ ਦੀਵੇ ਬਾਲੀਏ|’ ਮੋਗਾ ਦੇ ਪਿੰਡ ਰੌਲੀ ਦਾ ਕਿਸਾਨ ਦਰਸ਼ਨ ਸਿੰਘ ਕਿਸਾਨ ਘੋਲ ਦੇ ਆਪਣੀ ਜਾਨ ਲੇਖੇ ਲਾ ਗਿਆ| ਲੜਕਾ ਕਰਮਜੀਤ ਸਿੰਘ ਆਖਦਾ ਹੈ ਕਿ ਕੋਈ ਦੀਵਾਲੀ ਵੀ ਸੁੱਖ ਦਾ ਸੁਨੇਹਾ ਨਹੀਂ ਬਣੀ ਹੈ| ਸੰਗਰੂਰ ਦੇ ਪਿੰਡ ਗੰਢੂਆਂ ਦਾ ਕਿਸਾਨ ਜਾਗਰ ਸਿੰਘ ਪਹਿਲਾਂ ਮੌਤ ਦੇ ਮੂੰਹ ਜਾ ਪਿਆ ਅਤੇ ਸੰਘਰਸ਼ ਦੌਰਾਨ ਉਸ ਦੀ ਪਤਨੀ ਮਹਿੰਦਰ ਕੌਰ ਵੀ ਸ਼ਹਾਦਤ ਦੇ ਗਈ| ਲੜਕਾ ਅਜੈਬ ਸਿੰਘ ਆਖਦਾ ਹੈ ਕਿ ‘ਸ਼ਹਾਦਤਾਂ ਦੇਣ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਦੇ ਘਰਾਂ ’ਚ ਤਾਂ ਇਸ ਵਾਰ ਦੀਵਾਲੀ ’ਤੇ ਦੁੱਖਾਂ ਦੀ ਦੀਵੇ ਹੀ ਬਲਣਗੇ| 

              ਪਿੰਡ ਜੇਠੂਕੇ ਦੇ ਦੋ ਕਿਸਾਨ ਇਸ ਹਫ਼ਤੇ ਕਿਸਾਨ ਸੰਘਰਸ਼ ਦੇ ਲੇਖੇ ਲੱਗ ਗਏ, ਉਨ੍ਹਾਂ ਦੇ ਸਿਵੇ ਵੀ ਹਾਲੇ ਠੰਢੇ ਨਹੀਂ ਹੋਏ, ਪਰਿਵਾਰਾਂ ਦਾ ਰੋਹ ਹੀ ਦੀਵਾਲੀ ’ਤੇ ਬਲੇਗਾ| ਰਹਿੰਦੀ ਕਸਰ ਐਤਕੀਂ ਨਰਮਾ ਪੱਟੀ ਵਿਚ ਗੁਲਾਬੀ ਸੁੰਡੀ ਨੇ ਕੱਢ ਦਿੱਤੀ| ਕਰੀਬ 10 ਕਿਸਾਨ ਤਬਾਹ ਫ਼ਸਲ ਨੂੰ ਦੇਖ ਕੇ ਖ਼ੁਦਕੁਸ਼ੀ ਕਰ ਗਏ| ਮਾਨਸਾ ਦੇ ਪਿੰਡ ਘੁਦੂਵਾਲਾ ਵਿਚ ਅਣਹੋਣੀ ਵਾਪਰੀ ਜਿਸ ਕਰ ਕੇ ਪੂਰੇ ਪਿੰਡ ਲਈ ਐਤਕੀਂ ਦੀਵਾਲੀ ਸੁੰਨੀ ਰਹੇਗੀ| ਗੁਲਾਬੀ ਸੁੰਡੀ ਨੇ ਫ਼ਸਲ ਤਬਾਹ ਕਰ ਦਿੱਤੀ ਤਾਂ ਕਿਸਾਨ ਦਰਸ਼ਨ ਸਿੰਘ ਖ਼ੁਦਕੁਸ਼ੀ ਕਰ ਗਿਆ| ਜਦੋਂ ਕੁਝ ਅਰਸਾ ਪਹਿਲਾਂ ਅਮਰੀਕਨ ਸੁੰਡੀ ਨੇ ਉਨ੍ਹਾਂ ਦੀ ਫ਼ਸਲ ਬਰਬਾਦ ਕਰ ਦਿੱਤੀ ਸੀ ਤਾਂ ਉਦੋਂ ਦਰਸ਼ਨ ਸਿੰਘ ਦਾ ਭਰਾ ਸੁਖਪਾਲ ਸਿੰਘ ਖ਼ੁਦਕੁਸ਼ੀ ਕਰ ਗਿਆ ਸੀ| ਬਾਪ ਆਖਦਾ ਹੈ ਕਿ ਸੁੰਡੀਆਂ ਨੇ ਹੀ ਘਰ ਦਾ ਦੀਵਾ ਬੁਝਾ ਦਿੱਤਾ ਹੈ, ਉਹ ਦੀਵਾਲੀ ਕਿਵੇਂ ਮਨਾਉਣ| ਏਦਾਂ ਦੀ ਕਹਾਣੀ ਬਹੁਤੇ ਘਰਾਂ ਦੀ ਹੈ|

             ਲਖੀਮਪੁਰ ਖੀਰੀ (ਯੂਪੀ) ’ਚ ਜਿਨ੍ਹਾਂ ਚਾਰ ਕਿਸਾਨਾਂ ਨੂੰ ਹਕੂਮਤੀ ਜੀਪ ਨੇ ਦਰੜਿਆ, ਉਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ‘ਏਸ ਘੋਲ ਦੀ ਤਾਸੀਰ ਏਨੀ ਠੰਢੀ ਨਹੀਂ ਕਿ ਚੁੱਪ ਬੈਠ ਜਾਵਾਂਗੇ|’ ਲਖੀਮਪੁਰ ਦੇ ਪਿੰਡ ਮੋਹਰਨੀਆਂ ਦਾ ਜਵਾਨ ਪੁੱਤ ਗੁਰਵਿੰਦਰ ਸਿੰਘ ਵੀ ਲਖੀਮਪੁਰ ਕਾਂਡ ਵਿਚ ਜਾਨ ਤੋਂ ਹੱਥ ਧੋ ਬੈਠਾ| ਬਾਪ ਸੁਖਵਿੰਦਰ ਸਿੰਘ ਆਖਦਾ ਹੈ ਕਿ ਸ਼ਹਾਦਤਾਂ ਨੂੰ ਅਜਾਈਂ ਨਹੀਂ ਜਾਣ ਦਿਆਂਗੇ, ਜਿਨ੍ਹਾਂ ਨੇ ਘਰਾਂ ਦੇ ਦੀਪ ਬੁਝਾ ਦਿੱਤੇ, ਉਨ੍ਹਾਂ ਖ਼ਿਲਾਫ਼ ਮਸ਼ਾਲ ਚੁੱਕ ਤੁਰਾਂਗੇ| ਪਿੰਡ ਵਣਜਾਹਨ ਦਾ ਦਲਜੀਤ ਸਿੰਘ ਵੀ ਜੀਪ ਕਾਂਡ ’ਚ ਸ਼ਹਾਦਤ ਦੇ ਗਿਆ| ਭਰਾ ਜਗਜੀਤ ਸਿੰਘ ਆਖਦਾ ਹੈ ਕਿ ਕਿਵੇਂ ਬਨੇਰਿਆਂ ’ਤੇ ਦੀਵੇ ਰੱਖੀਏ| ਉਨ੍ਹਾਂ ਕਿਹਾ ਕਿ ਹਕੂਮਤੀ ਸਾਈਂ ਦੇ ਹਨੇਰ ਨੂੰ ਦੂਰ ਕਰ ਕੇ ਦਮ ਲਵਾਂਗੇ| ਕਿਸਾਨ ਘੋਲ ਵਿਚ ਬੈਠੇ ਕਿਸਾਨਾਂ ਦਾ ਪ੍ਰਣ ਹੈ ਕਿ ਉਹ ਦਿੱਲੀ ਦੀ ਸਰਹੱਦ ’ਤੇ ਹੀ ਦੀਵਾਲੀ ਮਨਾਉਣਗੇ| ਕਿਸਾਨ ਪਰਿਵਾਰਾਂ ਨੂੰ ਖੇਤੀ ਕਾਨੂੰਨਾਂ ਦਾ ਵੱਡਾ ਝੋਰਾ ਜ਼ਰੂਰ ਹੈ ਪਰ ਉਨ੍ਹਾਂ ਦੇ ਹੌਸਲੇ ਹਾਲੇ ਵੀ ਲਟ ਲਟ ਬਲ ਰਹੇ ਹਨ|

No comments:

Post a Comment