Saturday, December 23, 2023

                                                ਐਸੀ ਰੱਬ ਦੀ ਮਾਇਆ !        
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਰਾਂਚੀ ਵਾਲੇ ਐਮ.ਪੀ. ਧੀਰਜ ਸਾਹੂ ਨੂੰ ਕੋਟਨ ਕੋਟਿ ਪ੍ਰਣਾਮ। ਇੱਕੋ ਵੇਲੇ ਦੋ ਧੰਦੇ ਕੀਤੇ; ਇੱਕ ਸ਼ਰਾਬ ਦਾ ਦੂਜਾ ਸਿਆਸਤ ਦਾ। ਵੈਲ ਤਾਂ ਚਾਹ ਦਾ ਵੀ ਮਾੜੈ, ਧੀਰਜ ਸਾਹੂ ਨੂੰ ਇੱਕ ਦੌਲਤ ਦਾ ਸਰੂਰ, ਦੂਜਾ ਕੁਰਸੀ ਦੇ ਨਸ਼ੇ ’ਚ ਟੁੰਨ ਹੋ ਗਿਆ। ਐਸੀ ਕਲਾ ਵਰਤੀ, ਦਿਨਾਂ ’ਚ ਨੋਟਾਂ ਦੇ ਪਹਾੜ ਖੜ੍ਹੇ ਹੋ ਗਏ। ਹੁਣ ਆਮਦਨ ਕਰ ਵਾਲੇ ਸਾਹੂ ਦੀ ਦੌਲਤ ਨੇ ਸਾਹੋ-ਸਾਹੀਂ ਕੀਤੇ ਨੇ। ਟਣਕਦੀ ਖ਼ਬਰ ਏਹ ਹੈ ਕਿ ਸਾਹੂ ਦੇ ਖ਼ਜ਼ਾਨੇ ’ਚੋਂ 353 ਕਰੋੜ ਦੀ ਨਕਦੀ, 60 ਕਿਲੋ ਸੋਨਾ ਵਸੂਲ ਹੋਇਆ ਹੈ।

        ਤੁਸੀਂ ਪੱਤਣਾਂ ਦਾ ਤਾਰੂ ਕਹੋ, ਚਾਹੇ ਨੋਟਾਂ ਦਾ ਸ਼ਿਕਾਰੀ। ਸਾਹੂ ਦੀ ਲੱਛਮੀ ਨੇ ਸਭ ਵਾਹਣੀਂ ਪਾਏ ਨੇ, ਨੋਟ ਗਿਣਨ ਵਾਲੀਆਂ 40 ਮਸ਼ੀਨਾਂ ਹੰਭੀਆਂ ਨੇ। ਕਈ ਮਸ਼ੀਨਾਂ ਨੇ ਫ਼ਿਊਜ਼ ਉਡਾ’ਤੇ। ਚੰਦਰੀ ਮਾਇਆ ਨੂੰ ਦੇਖ ਕਈ ਅਫ਼ਸਰਾਂ ਨੂੰ ਹੌਲ ਪੈ ਗਏ, ਕਈ ਮੁਲਾਜ਼ਮ ਇਲਾਜ ਅਧੀਨ ਨੇ। ਏਨੀ ਧਨ-ਦੌਲਤ ਅਸਾਂ ਤਾਂ ਕਦੇ ਨਹੀਂ ਦੇਖੀ। ਇੰਜ ਲੱਗਦੈ ਜਿਵੇਂ ਰੂਸ ਵਾਲਾ ਇਨਕਲਾਬ ਸਾਹੂ ਦੀ ਝੌਂਪੜੀ ਆਣ ਵੜਿਆ ਹੋਵੇ। ਪਿੰਡ ਤਾਂ ਗੁਹਾਰਿਆਂ ਤੋਂ ਪਛਾਣਿਆ ਜਾਂਦੈ। ਦੇਸ਼ ਐਨ ਸੁਰੱਖਿਅਤ ਹੱਥਾਂ ਵਿਚ ਐ, ਜਨਤਾ ਜਨਾਰਧਨ ਚਾਹੇ ਹੁਣ ਘੋੜੇ ਵੇਚ ਕੇ ਸੌਂ ਜਾਵੇ।

        ਐਂਵੇ ਕਿਸੇ ਮਹਾਂਯੱਭ ’ਚ ਨਾ ਪਵੋ। ਕੰਵਰ ਗਰੇਵਾਲ ਨੂੰ ਧਿਆਨ ਧਰ ਧਿਆਓ...‘ਮੈਂ ਓਹਦੀਆਂ ਗੱਠੜੀਆਂ ਬੰਨ੍ਹ ਬੈਠਾ, ਜਿਹੜਾ ਨਾਲ ਨਹੀਂ ਜਾਣਾ।’ ਗਰੇਵਾਲਾ! ਤੂੰ ਕੀ ਜਾਣੇ, ਭਾਰਤੀ ਡੱਡਾਂ ਕਦੋਂ ਪਾਣੀ ਪੀਂਦੀਆਂ ਨੇ। ਔਹ ਦੇਖੋ, ਕਿਵੇਂ ਟਰੱਕਾਂ ਤੇ ਟਰਾਲੀਆਂ ’ਚ ਸਾਹੂ ਦੀ ਦੌਲਤ ਨੂੰ ਪੰਡਾਂ ਬੰਨ੍ਹ ਕੇ ਲਿਜਾ ਰਹੇ ਨੇ। ਮਾੜੇ ਬੰਦੇ ਤੋਂ ਤਾਂ ਤੂੜੀ ਦੀ ਪੰਡ ਨ੍ਹੀਂ ਬੰਨ੍ਹੀ ਜਾਂਦੀ। ਕੋਈ ਐਮਡੀਐਚ ਮਸਾਲੇ ਵਾਲੇ ਮਹਾਸ਼ੈ ਨੂੰ ਆਖਦੈ, ‘ਬਾਦਸ਼ਾਹੋ! ਤੁਸੀਂ ਤਾਂ ਮਸਾਲਿਆਂ ਦੇ ਸ਼ਹਿਨਸ਼ਾਹ ਹੋ’। ਮਹਾਸ਼ਾ ਜੀ ਅੱਗਿਓਂ ਆਖਦੇ ਨੇ, ‘ਸਭ ਆਪ ਕੀ ਮੇਹਰਬਾਨੀ ਸੇ।’

       ਹੁਣ ਵੋਟਰ ਪਾਤਸ਼ਾਹ ਪੁੱਛਦੇ ਪਏ ਨੇ, ਧੀਰਜ ਬਾਬੂ! ਤੁਸੀਂ ਤਾਂ ਨੋਟਾਂ ਦੇ ਸ਼ਹਿਨਸ਼ਾਹ ਨਿਕਲੇ। ‘ਸਭ ਆਪ ਕੀ ਮੇਹਰਬਾਨੀ ਸੇ’, ਜਨਤਾ ਵਿਚਾਰੀ ਕੀ ਕਰੇ, ਠੰਢਾ ਪਾਣੀ ਪੀ ਮਰੇ। ਮਾਂ ਨੇ ਨਾਂ ਰੱਖਿਆ, ਧੀਰਜ। ਕਿਤੇ ਸਾਹੂ ਥੋੜ੍ਹਾ ਧੀਰਜ ਦਿਖਾਉਂਦਾ ਤਾਂ ਵੋਟਾਂ ਦੇ ਕਾਰੋਬਾਰ ’ਚੋਂ ਕਿਵੇਂ ਜੱਸ ਪਾਉਂਦਾ। ਏਹ ਸੰਸਾਰੀ ਜੀਵ ਐਂਵੇ ਮੋਹ ਮਾਇਆ ’ਚ ਫਸ ਬੈਠਾ। ਓਧਰ, ਅਮਿਤਾਭ ਬੱਚਨ ਦੁਬਿਧਾ ’ਚ ਫਸਿਐ, ਹਾਲੇ ਵੀ ਪੁੱਛਦਾ ਪਿਐ, ‘ਕੌਣ ਬਣੇਗਾ ਕਰੋੜਪਤੀ।’ ਓਹ ਭਾਈ ਲੰਬੂ, ਰੱਬ ਤਾਂ ਆਨੀਆਂ-ਬਾਨੀਆਂ ਨੇ ਜੇਬ ’ਚ ਪਾਇਆ, ਘਾਹ ਖੋਤਣ ਵਾਲਿਆਂ ਦੇ ਨਸੀਬ ਕਿੱਥੇ।

       ਘਾਹਪੁਰੀਓ, ਸਾਹੂ ਨੂੰ ਛੱਡੋ, ਆਹ ਸੰਗੀਤ ਮਾਣੋ, ‘ਪੈਸਾ ਪੈਸਾ ਕਰਤੀ ਹੈ, ਕਿਉਂ ਪੈਸੇ ਪੇ ਤੂੰ ਮਰਤੀ ਹੈ।’ ‘ਬਾਪ ਬੜਾ ਨਾ ਭਈਆ, ਸਭ ਸੇ ਬੜਾ ਰੁਪਈਆ।’ ਜਦੋਂ ਰੱਬ ਸ੍ਰਿਸ਼ਟੀ ਸਾਜ ਕੇ ਲੁਕਣ ਲੱਗਿਆ, ਧੀਰਜ ਸਾਹੂ ਨੇ ਜ਼ਰੂਰ ਅੱਗਿਓਂ ਵਲ ਲਿਆ ਹੋਊ। ਅੱਕੇ ਹੋਏ ਰੱਬ ਨੇ ਗਾਜਰਾਂ ਦਾ ਟੋਕਰਾ ਵਗਾਹ ਮਾਰਿਆ, ਸਾਹੂ ਰੰਬਾ ਚੁੱਕੀ ਫਿਰਦੈ, ਆਮਦਨ ਕਰ ਵਾਲੇ ਮਸ਼ੀਨਾਂ। ਅਸਾਂ ਲੱਖਣ ਲਾਇਐ, ਬਈ! ਨਿੱਕਾ ਹੁੰਦਾ ਸਾਹੂ ਜ਼ਰੂਰ ਕਿਸੇ ਸਾਧ ਦੇ ਪ੍ਰਵਚਨ ਸੁਣਦਾ ਰਿਹਾ ਹੋਊ।

        ਭਗਤਜਣੋ! ਪੈਸਾ ਤਾਂ ਹੱਥਾਂ ਦੀ ਮੈਲ ਐ। ਬੱਸ ਫੇਰ ਕੀ ਸੀ, ਸਾਹੂ ਨੇ ਗੱਲ ਪੱਲੇ ਬੰਨ੍ਹੀ ਤੇ ਹੱਥ ਧੋਣੇ ਛੱਡ’ਤੇ। ਨਾ ਦਿਨ ਦੇਖਿਆ ਨਾ ਰਾਤ। ਆਹ ਆਮਦਨ ਕਰ ਵਾਲਿਆਂ ਨੂੰ ਹੁਣ ਸਾਹੂ ਦੇ ਤਹਿਖ਼ਾਨਿਆਂ ’ਚੋਂ ਮੈਲ ਦੇ ਭਰੇ 176 ਬੈਗ ਮਿਲੇ ਨੇ। ਇੰਦਰਾ ਗਾਂਧੀ ਨੇ ਸੰਵਿਧਾਨ ’ਚ ‘ਸਮਾਜਵਾਦ’ ਸ਼ਬਦ ਪਾਇਆ, ਧੀਰਜ ਸਾਹੂ ਨੇ ਸੱਚ ਕਰ ਦਿਖਾਇਆ। ਕਾਦਰ ਖ਼ਾਨ ਮੌਕੇ ਦਾ ਗਵਾਹ ਐ, ਤਾਹੀਂ ਗਾਉਣੋਂ ਨ੍ਹੀਂ ਹਟ ਰਿਹਾ,..‘ਯੇ ਪੈਸਾ ਬੋਲਤਾ ਹੈ।’ ਭੋਲਿਓ! ਇਹ ਭਾਗਾਂ ਦੀ ਖੇਡ ਐ। ਮਲੰਗਦਾਸ ਪਿਛਲੇ ਜਨਮਾਂ ਦੇ ਕਰਮ ਭੋਗਦੇ ਰਹੇ। ਪੈਸੇ ਨੂੰ ਸਾਹੂ ਦਾ ਪੈਸਾ ਖਿੱਚਦਾ ਰਿਹਾ।

        ਕੇਰਾਂ ਕਿਸੇ ਮਹਾਤੜ ਨੇ ਲਾਲੇ ਦੇ ਗੱਲੇ ’ਤੇ ਅਠਿਆਨੀ ਸੁੱਟੀ। ਦੇਖਦਾ ਰਿਹਾ ਕਿ ਅਠਿਆਨੀ ਗੱਲੇ ’ਚੋਂ ਨੋਟ ਖਿੱਚ ਲਿਆਏਗੀ। ਲਾਲਾ ਜੀ ਫ਼ਰਮਾਏ, ਜਾਹ ਭਾਈ, ਅਸਾਂ ਦੇ ਨੋਟਾਂ ਨੇ ਤੇਰੀ ਅਠਿਆਨੀ ਵੀ ਖਿੱਚ ਲਈ। ਗੁਰਦਾਸ ਮਾਨ ਵੀ ਅਠਿਆਨੀ ਵਾਲਿਆਂ ਨੂੰ ਹੀ ਨਸੀਹਤਾਂ ਦੇਣ ਜੋਗੈ...‘ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ।’ ਪਰ ਜਗਸੀਰ ਜੀਦਾ ਟਕੇ ਵਰਗਾ ਜੁਆਬ ਦਿੰਦੈ, ‘ਹੱਕ ਮੰਗੀਏ ਬਰਾਬਰ ਦੇ, ਕਾਹਤੋਂ ਬੂਟ ਪਾਲਿਸ਼ਾਂ ਕਰੀਏ।’ ਜਦ ਆਵਾ ਹੀ ਊਤ ਜਾਵੇ, ਤਾਂ ’ਕੱਲੇ ਸਾਹੂ ਨੂੰ ਕਿਉਂ ਰੋਈਏ।

        ਕਾਨਪੁਰ ਵਾਲਾ ਇੱਤਰ ਵਪਾਰੀ ਪਿਊਸ ਜੈਨ, ਕਿਸੇ ਦੀ ਨੂੰਹ ਧੀ ਨਾਲੋਂ ਘੱਟ ਨਹੀਂ। ਆਮਦਨ ਕਰ ਵਾਲਿਆਂ ਦਾ ਕੱਖ ਨਾ ਰਹੇ, ਜਿਨ੍ਹਾਂ ਜੈਨ ਦੇ ਤਹਿਖ਼ਾਨੇ ਫਰੋਲ ਸੁੱਟੇ। 257 ਕਰੋੜ ਦੀ ਨਕਦੀ ਨਿਕਲੀ। ਜੈਨ ਸਾਹਿਬ ਨੇ ਵੀ ਸਾਧ ਦੀ ਗੱਲ ਪੱਲੇ ਬੰਨ੍ਹੀ ਹੋਊ। ‘ਸੰਗਤਜਣੋ! ਮਾਇਆ ਨਾਗਣੀ ਐ।’ ਲਓ ਜੀ, ਜੇ ਮਾਇਆ ਨਾਗਣੀ ਐ ਤਾਂ ਪਿਊਸ਼ ਜੈਨ ਵੀ ਕਹਿੰਦੇ ਕਹਾਉਂਦੇ ਜੋਗੀ ਨੇ। ਬੀਨ ਵਜਾ ਨਾਗਣੀ ਮਾਇਆ ਦੀ ਸਿਰੀ ਨੱਪਦੇ ਰਹੇ। ਪਾਪੀ ਬੰਦਿਓ! ਤੁਸੀਂ ਸਦਕੇ ਜਾਓ, ਸਾਹੂ ਤੇ ਜੈਨ ਦੇ ਜਿਨ੍ਹਾਂ ਮਸ਼ੱਕਤ ਕਰ ਕੇ ਨਾਗ ਦੇ ਬੱਚੇ ਸਾਂਭੇ। ਮਾੜੇ ਜਿਗਰੇ ਵਾਲਾ ਤਾਂ ਸੌ ਠੀਕਰੀਆਂ ਨ੍ਹੀਂ ਸਾਂਭ ਸਕਦੈ।

       ‘ਮਾਇਆ ਤੇਰੇ ਤੀਨ ਰਾਮ, ਪਰਸੂ ਪਰਸਾ ਪਰਸ ਰਾਮ।’ ਕਿੰਨੇ ਹੀ ਪਰਸ ਰਾਮ ਨੇ ਜਿਨ੍ਹਾਂ ਦੀ ਪਟਾਰੀ ਹਕੂਮਤੀ ਹੱਥਾਂ ਤੋਂ ਦੂਰ ਹੈ। ਤਾਮਿਲਨਾਡੂ ਦੇ ਇੱਕ ਠੇਕੇਦਾਰ ਦੇ ਘਰੋਂ 163 ਕਰੋੜ ਦੀ ਨਕਦੀ, ਕੁਇੰਟਲ ਸੋਨਾ ਨਿਕਲਿਆ ਸੀ। ਪ੍ਰਯਾਗਰਾਜ ਦੇ ਇੱਕ ਮਹੰਤ ਦੇ ਕਮਰੇ ’ਚੋਂ ਸੀਬੀਆਈ ਨੂੰ ਤਿੰਨ ਕਰੋੜ ਨਕਦ ਨਾਰਾਇਣ ਅਤੇ 24 ਕੈਰਿਟ ਖਰਾ 50 ਕਿਲੋ ਸੋਨਾ ਮਿਲਿਆ। ਇੱਕ ਹੋਰ ਬਾਬੇ ਦੀ ਝੌਂਪੜੀ ’ਚੋਂ ਕੁਇੰਟਲ ਸੋਨਾ ਪ੍ਰਗਟ ਹੋਇਆ। ਮਹਿੰਦਰ ਕਪੂਰ ਦਾ ਪੁਰਾਣਾ ਗੀਤ ਤਾਂ ਸੁਣਿਆ ਹੋਊ, ‘ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ, ਉਗਲੇ ਹੀਰੇ ਮੋਤੀ...।’

         ਧਰਤੀ ਨੇ ਸੋਨਾ ਉਗਲਿਆ, ਬਾਬਿਆਂ ਨੇ ’ਕੱਠਾ ਕਰ ਲਿਆ। ਨੇਤਾਵਾਂ ਨੂੰ ਬੇਈਮਾਨੀ ਦਾ ਕੰਬਲ ਨਹੀਂ ਛੱਡ ਰਿਹਾ। ਬਾਬਾ ਨਾਨਕ ਨੂੰ ਹੁਣ ਕਿਵੇਂ ਧਿਆਉਣ ‘ਹਕੁ ਪਰਾਇਆ ਨਾਨਕਾ, ਉਸੁ ਸੂਅਰ ਉਸੁ ਗਾਇ।’ ਬਾਬੇ ਦੇ ਲਾਲੋ ਤਾਂ ਅੱਜ ਵੀ ਰੁਲਦੇ ਨੇ। ‘ਭੁੱਲ ਗਏ ਨੇ ਰੰਗ ਰਾਗ, ਭੁੱਲ ਗਈਆਂ ਯੱਕੜਾਂ, ਤਿੰਨੋਂ ਗੱਲਾਂ ਯਾਦ ਰਹੀਆਂ, ਲੂਣ ਤੇਲ ਲੱਕੜਾਂ।’ ਰੱਬ ਪਤਾ ਨਹੀਂ ਕਿਉਂ, ਦਾਣੇ ਦਾਣੇ ’ਤੇ ਸਾਹੂਆਂ ਤੇ ਜੈਨਾਂ ਦੇ ਨਾਂ ਲਿਖ ਰਿਹੈ।

          ਨੇਤਾਜਨੋ! ਨਾਨਾ ਪਾਟੇਕਰ ਦੇ ਬੋਲਾਂ ’ਚੋਂ ਤੁਹਾਨੂੰ ਅਪਣੱਤ ਦਿਖੇਗੀ, ‘ਬੇਈਮਾਨੀ ਮੇਰਾ ਜਨਮਸਿੱਧ ਅਧਿਕਾਰ ਹੈ, ਸਭੀ ਭ੍ਰਿਸ਼ਟਚਾਰੀ ਮੇਰੇ ਭਾਈ ਬਹਿਨ ਹੈਂ।’ ਪੰਜਾਬ ਦੇ ਨੇਤਾਵਾਂ ਨੇ ਤਾਂ ਨੱਕ ਕਟਾ’ਤੀ, ਨਹੀਂ ਸਾਹੂ ਤੇ ਜੈਨ ਦੀ ਕੀ ਮਜਾਲ ਸੀ! ਵੈਸੇ ਮਾਇਆ ਦੇ ਢੇਰ ਦੇਖ ਕਈ ਪੰਜਾਬੀ ਆਗੂਆਂ ਦੀਆਂ ਲਾਰਾਂ ਡਿੱਗੀਆਂ ਹੋਣੀਆਂ ਨੇ। ਪ੍ਰੋ. ਮੋਹਨ ਸਿੰਘ ਨੇ ਲਿਖਿਐ, ‘ਵਿੱਚ ਸੁਖਾਂ ਦੇ ਸਾਰੀ ਦੁਨੀਆਂ, ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ, ਜਦ ਬਾਜ਼ੀ ਪੁੱਠੀ ਪੈਂਦੀ।’

       ਪ੍ਰੋਫ਼ੈਸਰ ਸਾਹਿਬ ਚਿੰਤਾ ਛੱਡੋ, ਅਸਾਡੇ ਨੇਤਾਗਣ ਧੀਰਜ ਸਾਹੂ ਦੀ ਪਿੱਠ ਨਹੀਂ ਲੱਗਣ ਦੇੇਣਗੇ। ਸਾਧ ਦੇ ਡੇਰੇ ’ਤੇ ਲੱਖ ਛੈਣੇ ਖੜਕਣ, ‘ਗਿਰਝਾਂ ਮਾਸ ਨਹੀਂ ਖਾਣਾ, ਪਾਪੀ ਬੰਦਿਆਂ ਦਾ।’ ਜੇ ਹਾਲੇ ਵੀ ਯਕੀਨ ਨਹੀਂ ਬੱਝਦਾ ਤਾਂ ਬਹਾਦਰ ਸ਼ਾਹ ਜ਼ਫ਼ਰ ਦਾ ਆਖ਼ਰੀ ਵੇਲਾ ਦੇਖ ਲਓ। ‘ਕਿਤਨਾ ਹੈ ਬਦਨਸੀਬ ਜ਼ਫ਼ਰ ਦਫ਼ਨ ਕੇ ਲੀਏ, ਦੋ ਗਜ਼ ਜ਼ਮੀਨ ਭੀ ਮਿਲ ਨਾ ਸਕੀ ਕੂ-ਏ-ਯਾਰ ਮੇਂ।’

(15 ਦਸੰਬਰ, 2023)

No comments:

Post a Comment