Saturday, December 30, 2023

                                                  ਗਾਥਾ ਗਧੇ ਦੀ  ! 
                                                        ਚਰਨਜੀਤ ਭੁੱਲਰ  

ਚੰਡੀਗੜ੍ਹ: ਪੰਡਿਤ ਨਹਿਰੂ ਕਿਤੇ ਪਰਲੋਕਪੁਰੀ ਵਿੱਚੋਂ ਖਿੜਕੀ ਖੋਲ੍ਹ ਅੱਜ ਹੇਠਾਂ ਝਾਕਣ ਤਾਂ ਜ਼ਰੂਰ ਮੱਥੇ ’ਤੇ ਹੱਥ ਮਾਰਨਗੇ, ‘ਓਹ ਮੇਰਿਆ ਰੱਬਾ! ਏਨੇ ਗਧੇ ਕਿੱਥੋਂ ਭੇਜ ਦਿੱਤੇ।’ ਪੰਡਿਤ ਜੀ! ਹੁਣ ਰੱਬ ਨੂੰ ਕਾਹਦੇ ਉਲਾਂਭੇ, ਤੁਸਾਂ ਲੋਕ ਰਾਜ ਦੇ ਬੂਟੇ ਨੂੰ ਪਾਣੀ ਪਾਇਆ, ਕਿੰਨਾ ਸੋਹਣਾ ਬੋਹੜ ਬਣਾਇਆ। ਬੋਹੜ ਦੀ ਸੰਘਣੀ ਛਾਂ ਹੇਠ, ਹੁਣ ਗਧੇ ਬੈਠਣ ਜਾਂ ਘੋੜੇ, ਤੁਸਾਂ ਫ਼ਿਕਰ ਨਹੀਓਂ ਕਰਨਾ, ਬੱਸ ਘੋੜੇ ਵੇਚ ਕੇ ਸੌਂ ਜਾਓ। ਵੋਟਾਂ ਦੀ ਗ਼ਰਜ਼ ਵੇਲੇ ਗਧੇ ਨੂੰ ਬਾਪ ਤੇ ਬਾਪ ਨੂੰ ਗਧਾ ਕਹਿੰਦੇ ਨੇ। ਇਨ੍ਹਾਂ ਨੂੰ ਦੇਖ ਇੰਜ ਲੱਗਦੈ ਕਿ ਮੁੰਨੀ ਤਾਂ ਐਵੇਂ ਬਦਨਾਮ ਐ।

         ‘ਡਿਕਸ਼ਨਰੀ ਆਫ਼ ਨਿਹੰਗ ਸਿੰਘਜ਼’ ਵਿੱਚ ਗਧੇ ਨੂੰ ਸੁਲਤਾਨ ਲਿਖਿਐ। ਫੇਰ ਕਿਉਂ ਨਾ ਮਾਣ ਕਰੀਏ, ਸਾਡੀ ਤਾਂ ਸਿਆਸਤ ਹੀ ਸੁਲਤਾਨਾਂ ਨਾਲ ਭਰੀ ਪਈ ਹੈ। ਜਮਹੂਰੀਅਤ ਵੀ ਗਧੇਪਣ ਦੇ ਅਹਿਸਾਸ ’ਚ ਗੜੁੱਚ ਹੈ। ‘ਅੱਲ੍ਹਾ ਮਿਹਰਬਾਨ, ਗਧਾ ਪਹਿਲਵਾਨ।’ ਚੋਣ ਅਖਾੜੇ ’ਚ ਦੁਲੱਤੀਆਂ ਮਾਰਨ ਦੀ ਸਭ ਜੀਵਾਂ ਨੂੰ ਖੁੱਲ੍ਹ ਐ। ਨਾਲੇ ਪੜਦਾਦੇ ਅਰਸਤੂ ਨੇ ਖ਼ੁਦ ਕਿਹਾ, ‘ਮਨੁੱਖ ਤਾਂ ਸਮਾਜਿਕ ਜੀਵ ਐ।’

ਕਵੀ ਕੁਮਾਰ ਵਿਸ਼ਵਾਸ ਵੀ ਇਹੋ ਕਹਿ ਰਹੇ ਨੇ,

              ‘ਗਧੇ ਹਸ ਰਹੇ, ਆਦਮੀ ਰੋ ਰਹਾ ਹੈ,                   

              ਹਿੰਦੋਸਤਾਂ ਮੇਂ ਯੇਹ ਕਯਾ ਹੋ ਰਹਾ ਹੈ।’

ਕਵਿਤਾ ਨੂੰ ਛੱਡੋ, ਔਹ ਰਾਜ ਬਰਾੜ ਤੋਂ ਸੁਣੋ,

              ‘ਸਾਡੇ ਸਿਰ ’ਤੇ ਅੱਜ ਕੱਲ੍ਹ ਇਲਜ਼ਾਮ ਬੜੇ ਹੋ ਗਏ

           ਤੁਸੀਂ ਮਸ਼ਹੂਰ ਬੜੇ ਹੋ ਗਏ, ਅਸਾਂ ਬਦਨਾਮ ਬੜੇ ਹੋ ਗਏ।’

         ਸਫ਼ਰ, ਕਿਵੇਂ ਸਮਾਜਵਾਦ ਤੋਂ ਚੱਲੇ, ‘ਹਿਣਕਨਵਾਦ’ ਤਕ ਪਹੁੰਚ ਗਏ। ਇੱਕ ਵਾਰੀ ਨੇਤਾ ਜੀ ਆਪਣੇ ਕੁੱਤੇ ਨਾਲ ਜਾ ਰਹੇ ਸਨ, ਕਿਸੇ ਗੁਸਤਾਖ਼ ਮੱਲ ਨੇ ਪੁੱਛਿਆ ਕਿ ਹਜ਼ੂਰ, ਗਧੇ ਨਾਲ ਕਿਧਰ ਚੱਲੇ ਹੋ। ਨੇਤਾ ਜੀ ਅੱਗਬਬੂਲਾ ਹੋਏ, ‘ਏਹ ਗਧਾ ਨਹੀਂ, ਕੁੱਤਾ ਹੈ।’ ‘ਮੁਆਫ਼ ਕਰਨਾ, ਮੈਂ ਕੁੱਤੇ ਨੂੰ ਪੁੱਛਿਆ,’ ਗੁਸਤਾਖ਼ ਮੱਲ ਨੇ ਅੱਗਿਓਂ ਜੁਆਬ ਦਿੱਤਾ।

        ਜਮਹੂਰੀ ਤਰੀਕੇ ਨਾਲ ਥਾਪੇ ਨਵੇਂ ਮੁੱਖ ਮੰਤਰੀ ਨੇ ਲੰਘੇ ਦਿਨੀਂ ਇੰਜ ਬਿਆਨ ਕੀਤੈ, ‘ਮੈਂ ਪ੍ਰਧਾਨ ਸੇਵਕ ਕੋ ਭਾਵਭਿੰਨੀ ਸ਼ਰਧਾਂਜਲੀ ਦੇਤਾ ਹੂੰ।’ ਹੁਣ ਕੌਣ ਸਮਝਾਏ ਕਿ ਬਈ! ਜਿਉਂਦੇ ਜੀਅ ਨੂੰ ਸ਼ਰਧਾ ਭੇਟ ਹੁੰਦੀ ਹੈ, ਸ਼ਰਧਾਂਜਲੀ ਨਹੀਂ। ਸਰਵਨ ਭੱਟੀ ਨੇ ਕਰਾਚੀ ਅਦਾਲਤ ’ਚ ਪਟੀਸ਼ਨ ਪਾਈ ਹੈ ਕਿ ‘ਗਧਾ ਮਿਹਨਤੀ ਤੇ ਮਾਸੂਮ ਜਾਨਵਰ ਹੈ, ਇਸ ਨੂੰ ਭ੍ਰਿਸ਼ਟ ਸਿਆਸਤਦਾਨਾਂ ਨਾਲ ਜੋੜਨਾ ਗ਼ਲਤ ਹੈ। ਕਿਥੇ ਸੰਜਮੀ ਤੇ ਸੰਤੋਖੀ ਜਾਨਵਰ, ਕਿੱਥੇ ਏਹ ਨੇਤਾ। ਗਧੇ ਦੀ ਵਫ਼ਾਦਾਰੀ ਦਾ ਕੋਈ ਮੁਕਾਬਲਾ ਨਹੀਂ।’

        ਇਹਨੂੰ ਸਰਵਨ ਭੱਟੀ ਨਹੀਂ, ਅਸਲ ਵਿਚ ਸਰਵਣ ਪੁੱਤ ਕਹੋ, ਜਿਨ੍ਹਾਂ ਤੋਂ ਗਧਾ ਜਾਤੀ ਦਾ ਅਪਮਾਨ ਝੱਲ ਨਾ ਹੋਇਆ। ਭੱਟੀ ਸਾਹਿਬ ਨੇ ਤਾਂ ਸਚਮੁੱਚ ਗਧਾ ਜਾਤੀ ਦਾ ਮਾਣ ’ਚ ਸਿਰ ਉਚਾ ਕੀਤੈ। ਦੇਖਣਾ ਹੋਵੇਗਾ ਕਿ ਕਰਾਚੀ ਅਦਾਲਤ ਵਿੱਚੋਂ ਗਧਿਆਂ ਨੂੰ ਨਿਆਂ ਮਿਲਦਾ ਹੈ ਜਾਂ ਨਹੀਂ। ਸੰਨੀ ਦਿਓਲ ਨੇ ਤਾਂ ਇਹੋ ਰਟ ਲਾਈ ਹੈ, ‘ਤਾਰੀਖ਼ ਪੇ ਤਾਰੀਖ਼।’

       ਏਨਾ ਜ਼ਰੂਰ ਐ ਕਿ ਅਦਾਲਤ ’ਚ ਵਕੀਲ ਸਰਵਨ ਭੱਟੀ ਨੇ ਬੇਜ਼ਬਾਨ ਗਧਿਆਂ ਦਾ ਠੋਕ ਕੇ ਪੱਖ ਰੱਖਿਆ, ‘ਮਾਈ ਲਾਰਡ, ਗਧਾ ਬੇਕਸੂਰ ਜਾਨਵਰ ਐ, ਨੇਤਾਵਾਂ ਵਾਂਗੂੰ ਕਿਸ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਲੀਡਰਾਂ ਨਾਲ ਗਧੇ ਦੀ ਤੁਲਨਾ ਕਰਨੀ, ਗਧੇ ਦੀ ਤੌਹੀਨ ਹੈ। ਇਸ ਨਾਲ ਗਧਿਆਂ ਦੀ ਸਾਖ ਨੂੰ ਧੱਕਾ ਲੱਗਦੈ। ’ ਵੈਸੇ ਪਾਕਿਸਤਾਨ ਦੀ ਇਕਾਨਮੀ ਗਧਿਆਂ ਨਾਲ ਚੱਲਦੀ ਹੈ। ਦੁਨੀਆਂ ’ਚੋਂ ਪਾਕਿਸਤਾਨ ਗਧਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਤੀਜੇ ਨੰਬਰ ’ਤੇ ਹੈ ਅਤੇ ਚੀਨ ਨੂੰ ਆਪਣੇ ਗਧੇ ਵੀ ਵੇਚਦਾ ਹੈ। ਗਧਾ, ਧੋਬੀ ਦਾ ਬੋਝ ਵੀ ਉਠਾਉਂਦਾ ਹੈ ਅਤੇ ਘੁਮਿਆਰ ਦਾ ਵੀ।

       ਕ੍ਰਿਸ਼ਨ ਚੰਦਰ ਦੇ ਨਾਵਲ ‘ਇੱਕ ਗਧੇ ਦੀ ਆਤਮ ਕਥਾ’ ਵਿਚਲੇ ਗਧੇ ਵਾਂਗ ਧੋਬੀ ਦਾ ਗਧਾ ਵੀ ਬੋਲ ਪਾਉਂਦਾ ਤਾਂ ‘ਕੁਲੀ’ ਫ਼ਿਲਮ ਵਿਚਲੇ ਇਸ ਗਾਣੇ ਦੀ ਜ਼ਰੂਰ ਹੇਕ ਲਾਉਂਦਾ,

                         ‘ਲੋਗ ਆਤੇ ਹੈਂ, ਲੋਗ ਜਾਤੇ ਹੈਂ

                   ਸਾਰੀ ਦੁਨੀਆਂ ਕਾ ਬੋਝ ਹਮ ਉਠਾਤੇ ਹੈਂ।’

ਕਈ ਨਸਲੀ ਗਧੇ ਬੜੇ ਮਹਿੰਗੇ ਵਿਕਦੇ ਨੇ, ਨੇਤਾਵਾਂ ਦੇ ਮੁੱਲ ਦਾ ਤਾਂ ਪਤਾ ਨਹੀਂ। ਅਹਿਮਦਾਬਾਦ ਕੋਲ ‘ਗਧਿਆਂ ਦਾ ਮੇਲਾ’ ਵੀ ਲੱਗਦਾ ਹੈ। ਗੁਜਰਾਤੀ ਗਧਿਆਂ ਬਾਰੇ ਅਮਿਤਾਭ ਬੱਚਨ ਨੇ ਇੱਕ ਮਸ਼ਹੂਰੀ ਕੀਤੀ ਸੀ ਜਿਸ ਬਾਰੇ ਅਖਿਲੇਸ਼ ਯਾਦਵ ਨੇ ਵਿਵਾਦ ਵੀ ਛੇੜਿਆ ਸੀ। ‘ਗਿਆਨੀ ਕੇ ਹਮ ਗੁਰੂ ਹੈਂ, ਮੂਰਖ ਕੇ ਹਮ ਦਾਸ।’  ਜੈਪੁਰ ਨੇੜੇ ਇੱਕ ‘ਗਧਾ ਉਤਸਵ’ ਹੁੰਦਾ ਹੈ। ਦੁਨੀਆਂ ਭਰ ’ਚੋਂ ਗਧੇ ਵਿਕਣ ਲਈ ਆਉਂਦੇ ਨੇ।

         ਕੇਰਾਂ ਇੱਕ ਨੇਤਾ ‘ਗਧਾ ਉਤਸਵ’ ਦਾ ਉਦਘਾਟਨ ਕਰਨ ਆਇਆ, ਉਸ ਨੇ ਸ਼ਿੰਗਾਰੇ ਹੋਏ ਗਧੇ ਨੂੰ ਗਲ ਨਾਲ ਲਾਇਆ, ਜਨਤਾ ਦਾ ਏਨਾ ਦਿਮਾਗ਼ ਘੁਮਾਇਆ, ਪਤਾ ਹੀ ਨਾ ਲੱਗੇ ਕਿ ਅਸਲੀ ਕਿਹੜੈ। ਵਰਿ੍ਹਆਂ ਤੋਂ ‘ਗਧਾ ਉਤਸਵ’ ਦਾ ਉਦਘਾਟਨੀ ਫੀਤਾ ਕੱਟਣ ਕੋਈ ਨੇਤਾ ਨਹੀਂ ਆਇਆ। ਸਭ ਨੂੰ ਡਰ ਐ, ਜਿਹੜਾ ਫੀਤਾ ਕੱਟੂ, ਉਹੀ ਚੋਣਾਂ ਹਾਰੂ। ਵੈਸੇ ਗਧੇ ਸਮਾਜ ਦੀ ਸੱਚੀ ਤਰਜਮਾਨੀ ਕਰਦੇ ਹਨ। ਸਮਾਜ ਦਾ ਅਸਲ ਸ਼ੀਸ਼ਾ ਗਧੇ ਹੀ ਨੇ। ਪਤਾ ਨਹੀਂ ਕਿਉਂ, ਚੋਣਾਂ ਵਾਲਾ ਮੇਲਾ ਦੇਖਣ ਮਗਰੋਂ ਗਧੇ ਪ੍ਰਤੀ ਇੱਜ਼ਤ ਮਨਾਂ ਮੂੰਹੇਂ ਵਧ ਜਾਂਦੀ ਹੈ। ‘ਅਕਲਾਂ ਬਾਝੋਂ ਖੂਹ ਖ਼ਾਲੀ’, ਦੇਸ਼ ਦਾ ਸਿਆਸੀ ਪਾਣੀ ਤਾਂ ਪੱਤਣ ਤਕ ਉਤਰਿਐ।

       ਬੰਗਲੌਰ ’ਚ ਕੇਰਾਂ ਇੱਕ ਖੇਤਰੀ ਨੇਤਾ ਨੇ ਸਿਆਸਤ ਵਿਚਲੀ ਦਲ ਬਦਲੀ ਤੇ ਅਨੁਸ਼ਾਸਨਹੀਣਤਾ ਦੇ ਰੰਗ ਢੰਗ ਦੇਖ ਸ਼ਹਿਰ ’ਚੋਂ ਦੋ ਗਧੇ ਫੜੇ, ਉਨ੍ਹਾਂ ਨੂੰ ਫੁੱਲਾਂ ਨਾਲ ਲੱਦ ਦਿੱਤਾ। ਜਿਹੜਾ ਸਿਆਸਤ ਦੇ ਚਰਨੀਂ ਲੱਗਦੈ, ਉਸ ਨੂੰ ਰਾਜਨੀਤੀ ਅਜਬ ਨਸ਼ਾ ਚੜ੍ਹਾਉਂਦੀ ਐ, ਰੁਤਬੇ ਦਿਵਾਉਂਦੀ ਐ, ਸਬਜ਼ਬਾਗ਼ ਵੀ ਦਿਖਾਉਂਦੀ ਹੈ। ਜਨਤਾ ਤੋਂ ਦੂਰੀ ਬਣਵਾਉਂਦੀ ਐ, ਨਾਲੇ ਹੱਸਣਾ ਵੀ ਭੁਲਾਉਂਦੀ ਹੈ। ਤਾਹੀਂ ਤਾਂ ਸਤਿੰਦਰ ਸਰਤਾਜ ਨੂੰ ਗਾਉਣਾ ਪੈ ਰਿਹੈ,

                             ‘ਕਿਤੇ ਨ੍ਹੀਂ ਤੇਰਾ ਰੁਤਬਾ ਘੱਟਦਾ, ਜੇ ਹੱਸ ਕੇ ਬੁਲਾ ਲਵੇਂ ਕਿਧਰੇ’

         ਮਹਾਰਾਜਾ ਰਣਬੀਰ ਸਿੰਘ ਬੋਲਾ ਸੀ, ਪਰਜਾ ਦੇ ਬੁੱਲ੍ਹਾਂ ਦੀ ਹਰਕਤ ਤੋਂ ਕਹੀ ਗੱਲ ਸਮਝ ਲੈਂਦੇ ਸਨ। ਹੁਣ ਲੋਕ ਕੂਕਦੇ ਵੀ ਨੇ, ਵੋਟ-ਵਪਾਰੀ ਫਿਰ ਵੀ ਸਮਝਦੇ ਨਹੀਂ। ਵੋਟਰ ਪਾਤਸ਼ਾਹ ਨਾਲ ਤੋਕੜ ਮੱਝ ਵਰਗਾ ਸਲੂਕ ਹੁੰਦੈ। ਗੱਲ ਤਾਂ ਗਧਿਆਂ ਦੀ ਤੋਰੀ ਸੀ, ਵਿਚ ਤੋਕੜ ਮੱਝ ਆ ਵੜੀ।

        ਮੇਨਕਾ ਗਾਂਧੀ ਫ਼ਰਮਾਏ ਸਨ ਕਿ ਮਿਸ਼ਰ ਦੀ ਰਾਣੀ ਗਧੀ ਦੇ ਦੁੱਧ ਨਾਲ ਨਹਾਉਂਦੀ ਹੈ। ਅਖੇ ਜੇ ਦੁੱਧ ਨ੍ਹੀਂ ਮਿਲਦਾ ਤਾਂ ਗਧੀ ਦੇ ਦੁੱਧ ਤੋਂ ਬਣੀ ਸਾਬਣ ਲੈ ਲਓ। ਗਧੇ ਦੀ ਖੱਲ ਤੋਂ ਚੀਨ ਮਰਦਾਨਗੀ ਵਾਲੀ ਦਵਾਈ ਬਣਾਉਂਦਾ ਹੈ।

   ਕਿਸੇ ਬਾਬੇ ਦੇ ਟਿੱਲੇ ’ਤੇ ਸੰਗਤ ਗਾ ਰਹੀ ਹੈ,

                        ‘ਤੇਰਾ ਚੰਮ ਨਹੀਂ ਕਿਸੇ ਕੰਮ ਆਉਣਾ, 

                               ਪਸ਼ੂਆਂ ਦੇ ਹੱਡ ਵਿੱਕਦੇ’

ਗੱਲ ਸੋਲ੍ਹਾਂ ਆਨੇ ਸੱਚ ਹੈ। ਤਾਹੀਂ ਤਾਂ ਗਧਾ ਜਾਤੀ ਦਾ ਕੇਸ ਕਰਾਚੀ ਅਦਾਲਤ ਤਕ ਪੁੱਜਾ ਹੈ। ਲੋਕ ਉਥੇ ਹੀ ਖੜ੍ਹੇ ਨੇ, ਜਿਥੇ ਨਹਿਰੂ ਛੱਡ ਕੇ ਗਿਆ ਸੀ। ਅੰਤ ਚਾਣਕਿਆ ਦੇ ਬੋਲਾਂ ਨਾਲ, ‘ਬੇਸ਼ਰਮ ਬਾਦਸ਼ਾਹ ਅਤੇ ਸੁੱਤੀ ਹੋਈ ਜਨਤਾ, ਦੇਸ਼ ਲਈ ਘਾਤਕ ਹੁੰਦੇ ਹਨ।’

(30 ਦਸੰਬਰ 2023)


No comments:

Post a Comment