Saturday, August 9, 2025

                                                       ਖਾੜੀ ਵੱਲ ਪਰਵਾਸ
                                 ਪੰਜਾਬੀ ਅੱਗੇ, ਹਰਿਆਣਾ ਪਿੱਛੇ
                                                         ਚਰਨਜੀਤ ਭੁੱਲਰ   

ਚੰਡੀਗੜ੍ਹ : ਖਾੜੀ ਮੁਲਕਾਂ ਵੱਲ ਕੂਚ ਕਰਨ ’ਚ ਪੰਜਾਬੀ ਪਿੱਛੇ ਨਹੀਂ। ਡੇਢ ਦਰਜਨ ਮੁਲਕਾਂ ਵੱਲ ਮਜ਼ਦੂਰੀ ਖ਼ਾਤਰ ਅਨਪੜ੍ਹ ਜਾਂ ਘੱਟ ਪੜ੍ਹੇ-ਲਿਖੇ ਪਰਵਾਸ ਕਰ ਰਹੇ ਹਨ। ਦੂਜੇ ਪਾਸੇ ਹਰਿਆਣਾ ਦੇ ਲੋਕਾਂ ’ਚ ਖਾੜੀ ਮੁਲਕਾਂ ’ਚ ਜਾਣ ਦਾ ਰੁਝਾਨ ਕਾਫ਼ੀ ਘੱਟ ਹੈ। ਇਸ ਮਾਮਲੇ ’ਚ ਦੇਸ਼ ’ਚੋਂ ਪਹਿਲੇ ਨੰਬਰ ’ਤੇ ਉੱਤਰ ਪ੍ਰਦੇਸ਼ ਹੈ, ਜਦੋਂ ਕਿ ਬਿਹਾਰ ਦੂਜੇ ਨੰਬਰ ’ਤੇ ਹੈ। ਬੀਤੇ ਸਾਢੇ ਚਾਰ ਵਰ੍ਹਿਆਂ ਦੌਰਾਨ ਪੰਜਾਬ ’ਚੋਂ 52,643 ਵਰਕਰ ਅਰਬ ਮੁਲਕਾਂ ਵਿੱਚ ਗਏ ਹਨ। ਵੇਰਵਿਆਂ ਅਨੁਸਾਰ ਅੰਡਰ ਮੈਟ੍ਰਿਕ ਵਰਕਰਾਂ ਨੂੰ 18 ਮੁਲਕਾਂ, ਅਫ਼ਗ਼ਾਨਿਸਤਾਨ, ਬਹਿਰੀਨ, ਇੰਡੋਨੇਸ਼ੀਆ, ਇਰਾਕ, ਜਾਰਡਨ, ਕੁਵੈਤ, ਲਿਬੀਆ, ਮਲੇਸ਼ੀਆ, ਓਮਾਨ, ਕਤਰ, ਸਾਊਦੀ ਅਰਬ, ਸੂਡਾਨ, ਸੀਰੀਆ, ਥਾਈਲੈਂਡ, ਯੂਏਈ, ਯਮਨ ਲਈ ਇਮੀਗਰੇਸ਼ਨ ਚੈੱਕ ਰਿਕੁਆਇਰਡ (ਈਸੀਆਰ) ਪਾਸਪੋਰਟ ਜਾਰੀ ਹੁੰਦੇ ਹਨ। ਵਿਦੇਸ਼ ਮੰਤਰਾਲੇ ਨੇ ਤਾਜ਼ਾ ਵੇਰਵੇ ਸਾਂਝੇ ਕੀਤੇ ਹਨ ਜਿਨ੍ਹਾਂ ਮੁਤਾਬਕ ਦੇਸ਼ ’ਚੋਂ ਸਾਲ 2020 ਤੋਂ 30 ਜੂਨ, 2025 ਤੱਕ 16.06 ਲੱਖ ਵਰਕਰ ਡੇਢ ਦਰਜਨ ਮੁਲਕਾਂ ਵਿੱਚ ਚਲੇ ਗਏ ਹਨ।

     ਪੰਜਾਬ ’ਚੋਂ ਸਾਲ 2025 ’ਚ (30 ਜੂਨ ਤੱਕ) 8,609 ਵਰਕਰ ਅਰਬ ਮੁਲਕਾਂ ਵਿਚ ਗਏ ਹਨ ਜਦਕਿ ਬੀਤੇ ਵਰ੍ਹੇ 12,575 ਵਰਕਰਾਂ ਨੇ ਪਰਵਾਸ ਕੀਤਾ ਸੀ। ਉਪਰੋਕਤ ਦੇਸ਼ਾਂ ’ਚੋਂ ਕਈਆਂ ਦੇ ਹਾਲਾਤ ਕਾਫ਼ੀ ਨਾਜ਼ੁਕ ਹਨ ਪ੍ਰੰਤੂ ਫਿਰ ਵੀ ਪੰਜਾਬੀ ਖ਼ਤਰਿਆਂ ਵਿੱਚ ਖੇਡਣ ਲਈ ਮਜਬੂਰ ਹੋ ਜਾਂਦੇ ਹਨ। ਇਮੀਗਰੇਸ਼ਨ ਨਾਲ ਜੁੜੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬਹੁਤੀਆਂ ਕੰਪਨੀਆਂ ਅਰਬ ਮੁਲਕਾਂ ਵਿੱਚ ਭਾਰਤ ’ਚੋਂ ਲੇਬਰ ਸਪਲਾਈ ਕਰਦੀਆਂ ਹਨ ਅਤੇ ਜ਼ਿਆਦਾਤਰ ਕਾਮੇ ਉਸਾਰੀ ਦੇ ਕੰਮਾਂ ਨਾਲ ਜੁੜਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਤਕਨੀਕੀ ਹੁਨਰ ਹੁੰਦਾ ਹੈ, ਉਨ੍ਹਾਂ ਨੂੰ ਚੰਗੀ ਕਮਾਈ ਦੀ ਆਸ ਵੀ ਬੱਝਦੀ ਹੈ। ਖਾੜੀ ਮੁਲਕਾਂ ਵਿੱਚ ਜਾਣ ਲਈ ਬਹੁਤੇ ਖ਼ਰਚੇ ਦੀ ਲੋੜ ਨਹੀਂ ਪੈਂਦੀ ਹੈ। ਭਾਰਤ ’ਚੋਂ ਪੜ੍ਹੇ-ਲਿਖੇ ਵਿਅਕਤੀਆਂ ਦੇ ਇਨ੍ਹਾਂ ਮੁਲਕਾਂ ’ਚ ਪਰਵਾਸ ਕਰਨ ਵਾਲਿਆਂ ਦਾ ਅੰਕੜਾ ਵੱਖਰਾ ਹੈ। ਰਾਜਸਥਾਨ ’ਚੋਂ ਬੀਤੇ ਸਾਢੇ ਚਾਰ ਵਰ੍ਹਿਆਂ ਵਿੱਚ 1.11 ਲੱਖ ਵਰਕਰ ਅਰਬ ਦੇਸ਼ਾਂ ਵਿੱਚ ਗਏ ਹਨ। 

     ਪੰਜਾਬ ਦੇ ਮੁਕਾਬਲੇ ਹਰਿਆਣਾ ਦਾ ਰੁਝਾਨ ਵੱਖਰੀ ਕਿਸਮ ਦਾ ਹੈ। ਹਰਿਆਣਾ ’ਚੋਂ ਲੰਘੇ ਸਾਢੇ ਚਾਰ ਸਾਲਾਂ ਵਿੱਚ ਸਿਰਫ਼ 5,589 ਵਰਕਰ ਹੀ ਖਾੜੀ ਮੁਲਕਾਂ ਵਿੱਚ ਗਏ। ਇਸ ਸਮੇਂ ਦੌਰਾਨ ਸਭ ਤੋਂ ਵੱਧ ਉੱਤਰ ਪ੍ਰਦੇਸ਼ ’ਚੋਂ 5.49 ਲੱਖ ਵਰਕਰ ਜਦੋਂ ਕਿ ਬਿਹਾਰ ’ਚੋਂ 2.84 ਲੱਖ ਵਰਕਰ ਅਰਬ ਮੁਲਕਾਂ ਵਿੱਚ ਰੁਜ਼ਗਾਰ ਲਈ ਗਏ ਹਨ। ਪੱਛਮੀ ਬੰਗਾਲ ’ਚੋਂ ਵੀ 1.24 ਲੱਖ ਵਰਕਰ ਗਏ ਹਨ। ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦਾ ਵੀ ਇਸ ਪਾਸੇ ਰੁਝਾਨ ਨਹੀਂ ਹੈ। ਹਾਲਾਂਕਿ ਵੱਧ ਸਾਖਰਤਾ ਦਰ ਵਾਲੇ ਕੇਰਲਾ ਸੂਬੇ ’ਚੋਂ ਵੀ ਉਕਤ ਸਮੇਂ ਦੌਰਾਨ 77,722 ਵਰਕਰ ਖਾੜੀ ਦੇਸ਼ਾਂ ਵਿੱਚ ਗਏ ਹਨ। ਇਨ੍ਹਾਂ ਮੁਲਕਾਂ ’ਚੋਂ ਕੋਈ ਬਹੁਤੀ ਕਮਾਈ ਨਹੀਂ ਹੁੰਦੀ ਪ੍ਰੰਤੂ ਭਾਰਤ ਦੇ ਮੁਕਾਬਲੇ ਵਰਕਰ ਇਨ੍ਹਾਂ ਮੁਲਕਾਂ ’ਚੋਂ ਵੱਧ ਆਮਦਨ ਹੋਣ ਦੀ ਗੱਲ ਕਰਦੇ ਹਨ। ਹਾਲਾਂਕਿ ਪੰਜਾਬ ’ਚੋਂ ਗਏ ਬਹੁਤੇ ਵਰਕਰਾਂ ਖ਼ਾਸ ਕਰਕੇ ਔਰਤਾਂ ਦੇ ਸ਼ੋਸ਼ਣ ਦੀਆਂ ਖ਼ਬਰਾਂ ਵੀ ਨਿੱਤ ਸਾਹਮਣੇ ਆਉਂਦੀਆਂ ਹਨ।

ਸਾਢੇ ਚਾਰ ਸਾਲਾਂ ’ਚ ਅਰਬ ਮੁਲਕਾਂ ’ਚ ਗਏ

ਸੂਬੇ ਦਾ ਨਾਮ             ਵਰਕਰਾਂ ਦੀ ਗਿਣਤੀ

ਉੱਤਰ ਪ੍ਰਦੇਸ਼                5.49 ਲੱਖ

ਬਿਹਾਰ                       2.84 ਲੱਖ

ਪੱਛਮੀ ਬੰਗਾਲ            1.24 ਲੱਖ

ਰਾਜਸਥਾਨ                1.11 ਲੱਖ

ਆਂਧਰਾ ਪ੍ਰਦੇਸ਼            71,317

ਪੰਜਾਬ                      52,643

ਗੁਜਰਾਤ                   16,966

ਹਰਿਆਣਾ                  5,589

No comments:

Post a Comment