ਕਾਹਲੀ ਅੱਗੇ ਟੋਏ
ਕੁਲੈਕਟਰ ਰੇਟਾਂ ’ਚ ਵਾਧਾ ਟਾਲਿਆ..!
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਹੁਣ ਸਮੁੱਚੇ ਪੰਜਾਬ ’ਚ ਕੁਲੈਕਟਰ ਰੇਟਾਂ ’ਚ ਵਾਧੇ ਦੀ ਤਜਵੀਜ਼ ਨੂੰ ਫ਼ਿਲਹਾਲ ਰੋਕ ਦਿੱਤਾ ਗਿਆ ਹੈ। ਲੈਂਡ ਪੂਲਿੰਗ ਨੀਤੀ ਦੀ ਵਾਪਸੀ ਮਗਰੋਂ ਸੂਬੇ ਵਿੱਚ ਬਣੇ ਮਾਹੌਲ ਦੇ ਮੱਦੇਨਜ਼ਰ ‘ਆਪ’ ਸਰਕਾਰ ਨੇ ਹਾਲ ਦੀ ਘੜੀ ਸਾਰੇ ਸੂਬੇ ਵਿੱਚ ਕੁਲੈਕਟਰ ਰੇਟਾਂ ’ਚ ਵਾਧਾ ਕਰਨ ਤੋਂ ਟਾਲਾ ਵੱਟਿਆ ਹੈ। ਪੰਜਾਬ ਸਰਕਾਰ ਨੇ ਮਾਲੀਏ ਵਿਚ ਵਾਧੇ ਦੇ ਮੱਦੇਨਜ਼ਰ ਸਾਰੇ ਜ਼ਿਲ੍ਹਿਆਂ ਵਿੱਚ ਕੁਲੈਕਟਰ ਰੇਟਾਂ ਵਿੱਚ ਵਾਧਾ ਕਰਨ ਦੀ ਯੋਜਨਾ ਬਣਾਈ ਸੀ ਅਤੇ ਦਰਜਨ ਜ਼ਿਲ੍ਹਿਆਂ ਵਿੱਚ ਇਸ ਸਕੀਮ ਨੂੰ ਅਮਲ ਵਿੱਚ ਵੀ ਲਿਆਂਦਾ ਜਾ ਚੁੱਕਾ ਹੈ। ਇਸੇ ਦੌਰਾਨ ਹੁਣ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਵਾਪਸ ਲੈਣੀ ਪਈ ਹੈ। ਪੰਜਾਬ ਸਰਕਾਰ ਦੇ ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰਾਂ ਤੋਂ ਪ੍ਰਾਪਤ ਹੋਏ ਕੁਝ ਪ੍ਰਸਤਾਵਾਂ ਨੂੰ ਹਾਲੇ ਮੁਲਤਵੀ ਕੀਤਾ ਗਿਆ ਹੈ।ਪੰਜਾਬ ਸਰਕਾਰ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ ਸਟੈਂਪ ਅਤੇ ਰਜਿਸਟਰੇਸ਼ਨ ਤੋਂ ਸੱਤ ਹਜ਼ਾਰ ਕਰੋੜ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਮਿਥਿਆ ਹੈ ਜੋ ਕਿ ਪਿਛਲੇ ਵਿੱਤੀ ਸਾਲ ਦੌਰਾਨ 5750 ਕਰੋੜ ਰੁਪਏ ਸੀ।
ਕਈ ਜ਼ਿਲ੍ਹਿਆਂ ਵਿੱਚ ਕੁਲੈਕਟਰ ਰੇਟਾਂ ਵਿੱਚ ਵਾਧਾ ਕੀਤੇ ਜਾਣ ਮਗਰੋਂ ਕਾਫ਼ੀ ਰੌਲਾ ਰੱਪਾ ਵੀ ਪਿਆ ਸੀ। ਪਤਾ ਲੱਗਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਕੁਲੈਕਟਰ ਰੇਟਾਂ ਵਿੱਚ 25 ਤੋਂ 40 ਫ਼ੀਸਦੀ ਤੱਕ ਵਾਧੇ ਦਾ ਪ੍ਰਸਤਾਵ ਪੰਜਾਬ ਸਰਕਾਰ ਨੂੰ ਭੇਜਿਆ ਹੋਇਆ ਹੈ ਜਿਸ ਨੂੰ ਫ਼ਿਲਹਾਲ ਸਰਕਾਰ ਨੇ ਪ੍ਰਵਾਨਗੀ ਨਹੀਂ ਦਿੱਤੀ ਹੈ। ਲੈਂਡ ਪੂਲਿੰਗ ਨੀਤੀ ਦੇ ਵਿਰੋਧ ਦਾ ਮੁੱਖ ਕੇਂਦਰ ਵੀ ਲੁਧਿਆਣਾ ਹੀ ਬਣਿਆ ਰਿਹਾ ਹੈ ਕਿਉਂਕਿ ਇਸ ਜ਼ਿਲ੍ਹੇ ਵਿੱਚ ਹੀ ਸਭ ਤੋਂ ਵੱਧ ਜ਼ਮੀਨ ਹਾਸਲ ਕੀਤੀ ਜਾਣੀ ਸੀ। ਸਰਕਾਰ ਫ਼ੌਰੀ ਕੋਈ ਨਵਾਂ ਰੱਫੜ ਸਹੇੜਨਾ ਨਹੀਂ ਚਾਹੁੰਦੀ ਹੈ ਕਿਉਂਕਿ ਲੈਂਡ ਪੂਲਿੰਗ ਨੀਤੀ ਕਾਰਨ ਹੀ ਸੱਤਾਧਾਰੀ ਧਿਰ ਦੀ ਕਾਫ਼ੀ ਕਿਰਕਿਰੀ ਹੋਈ ਹੈ।ਬਠਿੰਡਾ ਪ੍ਰਸ਼ਾਸਨ ਵੱਲੋਂ ਕੁਝ ਖੇਤਰਾਂ ਵਿੱਚ ਕੁਲੈਕਟਰ ਰੇਟਾਂ ਵਿਚ ਪੰਜ ਫ਼ੀਸਦੀ ਵਾਧਾ ਕੀਤਾ ਜਾ ਚੁੱਕਾ ਹੈ ਜਦਕਿ ਪੌਸ਼ ਇਲਾਕਿਆਂ ਦੇ ਕੁਲੈਕਟਰ ਰੇਟਾਂ ਵਿੱਚ ਵਾਧਾ ਕੀਤਾ ਜਾਣਾ ਪੈਂਡਿੰਗ ਪਿਆ ਹੈ ਜਿਸ ਨੂੰ ਹਾਲੇ ਪੰਜਾਬ ਸਰਕਾਰ ਦੀ ਪ੍ਰਵਾਨਗੀ ਦੀ ਉਡੀਕ ਹੈ।
ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ 12 ਜ਼ਿਲ੍ਹਿਆਂ ਵਿਚ ਪੰਜ ਤੋਂ ਪੰਜਾਹ ਫ਼ੀਸਦੀ ਤੱਕ ਕੁਲੈਕਟਰ ਰੇਟ ਵਿਚ ਵਾਧਾ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿੱਚ ਫ਼ਾਜ਼ਿਲਕਾ, ਬਰਨਾਲਾ, ਅੰਮ੍ਰਿਤਸਰ, ਪਠਾਨਕੋਟ, ਰੋਪੜ, ਨਵਾਂ ਸ਼ਹਿਰ, ਸੰਗਰੂਰ, ਮੋਗਾ, ਕਪੂਰਥਲਾ, ਮਾਲੇਰਕੋਟਲਾ, ਜਲੰਧਰ ਤੇ ਫ਼ਰੀਦਕੋਟ ਸ਼ਾਮਲ ਹਨ। ਪਟਿਆਲਾ ਜ਼ਿਲ੍ਹੇ ਵਿੱਚ ਕੁਲੈਕਟਰ ਰੇਟ ਪਿਛਲੇ ਸਾਲ ਹੀ ਵਧਾ ਦਿੱਤੇ ਗਏ ਸਨ। ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੁਲੈਕਟਰ ਦਰਾਂ ਵਿੱਚ ਪੰਜ ਤੋਂ ਸੌ ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਅੰਮ੍ਰਿਤਸਰ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਇਹ ਵਾਧਾ ਜ਼ਿਆਦਾ ਹੈ ਤੇ ਪੇਂਡੂ ਖੇਤਰਾਂ ਵਿੱਚ ਘੱਟ ਹੈ। ਇਸੇ ਤਰ੍ਹਾਂ ਜਲੰਧਰ ਸ਼ਹਿਰ ਵਿਚ ਕੁਲੈਕਟਰ ਰੇਟ ਵਿੱਚ ਪੰਜ ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ ਅਤੇ ਬਾਹਰਲੇ ਇਲਾਕਿਆਂ ਵਿੱਚ 20 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਸ਼ਹਿਰ ਵਿਚ ਕੁਲੈਕਟਰ ਰੇਟ 20 ਫ਼ੀਸਦੀ ਵਧਾਏ ਗਏ ਹਨ।
No comments:
Post a Comment