ਕੌਣ ਭਰੂ ਦਮ ਕਿਤੇ ਅੱਜ ਧਨੀ ਰਾਮ ਹੁੰਦਾ ..! ਚਰਨਜੀਤ ਭੁੱਲਰ
ਚੰਡੀਗੜ੍ਹ : ਕਿਤੇ ਅੱਜ ਧਨੀ ਰਾਮ ਚਾਤ੍ਰਿਕ ਪੰਜਾਬ ਦੀ ਕਿਸਾਨੀ ਨੂੰ ਤੱਕਦਾ ਤਾਂ ਕਦੇ ਨਾ ਲਿਖਦਾ, ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।’ ਜਿਨ੍ਹਾਂ ਦੀ ਪੈਲੀ ਜੋਬਨ ਰੁੱਤੇ ਮਰ ਗਈ, ਉਹ ਕਿਸ ਹੌਸਲੇ ਦਮਾਮੇ ਮਾਰਨ। ਵਿਸਾਖ ਮਹੀਨੇ ’ਚ ਪੱਕੀ ਕਣਕ ’ਤੇ ਪਈ ਗੜ੍ਹੇਮਾਰੀ ਨੂੰ ਝੱਲ ਰਿਹਾ ਕਿਸਾਨ ਕਿਵੇਂ ਦਮਦਮੇ ਜਾਣ ਦਾ ਦਮ ਭਰੇ। ਐਤਕੀਂ ਵੈਸਾਖ ਮਹੀਨਾ ਚੜ੍ਹਨ ਤੋਂ ਪਹਿਲਾਂ ਹੀ ਪੈਲ਼ੀਆਂ ’ਤੇ ਮੀਂਹ ਚੜ੍ਹ ਆਇਆ। ਹੁਣ ਤੱਕ 1.30 ਲੱਖ ਏਕੜ ਫ਼ਸਲ ਨੁਕਸਾਨੀ ਗਈ ਹੈ।ਕੇਂਦਰੀ ਟੀਮ ਅੱਜ ਬੁੱਝੀਆਂ ਪੈਲ਼ੀਆਂ ਤੇ ਬੁਝੇ ਚਿਹਰੇ ਦੇਖ ਕੇ ਅਨੁਮਾਨ ਲਾਏਗੀ ਕਿ ਝੱਖੜ ਕਿੰਨਾ ਕੁ ਝੁੱਲਿਆ ਹੈ। ਪਿਛਲੇ ਵਰ੍ਹੇ ਹੜ੍ਹਾਂ ਦੀ ਮਾਰ ’ਚ ਛੇ ਲੱਖ ਏਕੜ ਤੋਂ ਵੱਧ ਪੈਲੀ ਰੁੜ੍ਹ ਗਈ। ਕੋਈ ਢਾਰਸ ਨਹੀਂ ਜੋ ਵਿਸਾਖੀ ਦੇ ਦਮਾਮਿਆਂ ਨੂੰ ਮੁੜ ਡੱਗਾ ਲਾ ਦੇਵੇ। ਮੁਕਤਸਰ ਅਤੇ ਫ਼ਾਜ਼ਿਲਕਾ ਦੇ ਹਜ਼ਾਰਾਂ ਕਿਸਾਨਾਂ ਦੇ ਘਰਾਂ ’ਚ ਉਦਾਸੀ ਛਾਈ ਹੋਈ ਹੈ। ਕਣਕਾਂ ਦਾ ਰੰਗ ਕਿਤੇ ਸੁਨਹਿਰੀ ਹੈ ਅਤੇ ਕਿਤੇ ਮੀਹਾਂ ਨੇ ਕਾਲਾ ਪਾ ਦਿੱਤਾ ਹੈ।
ਜਿਨ੍ਹਾਂ ਘਰਾਂ ’ਚ ਵਿਸਾਖ ਮਹੀਨੇ ’ਚ ਖ਼ੁਦਕੁਸ਼ੀ ਦਾ ਸੁਨੇਹਾ ਆਇਆ, ਉਨ੍ਹਾਂ ਦੇ ਵਿਸਾਖੀ ਮੁੜ ਜ਼ਖ਼ਮ ਹਰੇ ਕਰ ਦਿੰਦੀ ਹੈ।ਵਿਸਾਖ ਮਹੀਨੇ ਤੋਂ ਪਹਿਲਾਂ ਫ਼ਰੀਦਕੋਟ ਦੇ ਪਿੰਡ ਹਰੀ ਨੌ ਦੇ ਸਕੇ ਭਰਾ ਜਸਵਿੰਦਰ ਸਿੰਘ ਤੇ ਜਸਕਰਨ ਸਿੰਘ ਸ਼ੂਕਦੀ ਗੱਡੀ ਕੁੱਦ ਕੇ ਖ਼ੁਦਕੁਸ਼ੀ ਕਰ ਗਏ। ਇਹ ਪਰਿਵਾਰ ਹੁਣ ਕਿਸ ਮਨ ਨਾਲ ਦਮਦਮੇ ਜਾਵੇ। ਬਠਿੰਡਾ ਦੇ ਪਿੰਡ ਗਹਿਰੀ ਬਾਰਾ ਸਿੰਘ ਦਾ ਕਿਸਾਨ ਜਗਸੀਰ ਸਿੰਘ ਅੱਜ ਤੋਂ ਸੱਤ ਸਾਲ ਪਹਿਲਾਂ ਵਿਸਾਖੀ ਵਾਲੇ ਦਿਨ ਦਮਦਮਾ ਗਿਆ, ਮੱਥਾ ਟੇਕਿਆ ਤੇ ਘਰ ਆ ਕੇ ਖ਼ੁਦਕੁਸ਼ੀ ਕਰ ਲਈ। ਜਗਸੀਰ ਦੇ ਪਰਿਵਾਰ ਦੇ ਕਲੇਜੇ ਵਿਸਾਖੀ ਦਿਹਾੜਾ ਧੂਹ ਪਾਉਂਦਾ ਹੈ।ਫ਼ਾਜ਼ਿਲਕਾ ਦੇ ਪਿੰਡ ਵਜੀਦਪੁਰ ਭੋਮਾ ਦਾ ਕਿਸਾਨ ਸਿਕੰਦਰ ਸਿੰਘ ਜਿਸ ਦਿਨ ਜ਼ਿੰਦਗੀ ਦੀ ਜੰਗ ਹਾਰਿਆ, ਉਸ ਦਿਨ ਵਿਸਾਖੀ ਦਿਹਾੜਾ ਸੀ। ਵੱਡਾ ਭਰਾ ਬਿਮਾਰੀ ਨੇ ਖੋਹ ਲਿਆ ਤੇ ਛੋਟਾ ਸਿਕੰਦਰ ਸਿੰਘ ਖ਼ੁਦਕੁਸ਼ੀ ਦੇ ਰਾਹ ਚਲਾ ਗਿਆ। ਦਿੜ੍ਹਬਾ ਦਾ ਕਿਸਾਨ ਸੁਖਦੇਵ ਸਿੰਘ ਵੀ ਕਾਫ਼ੀ ਵਰ੍ਹੇ ਪਹਿਲਾਂ ਵਿਸਾਖੀ ਵਾਲੇ ਦਿਨ ਖ਼ੁਦਕੁਸ਼ੀ ਦੇ ਰਾਹ ਚਲਾ ਗਿਆ, ਦਸ ਸਾਲ ਵੀ ਇਸ ਪੀੜਤ ਪਰਿਵਾਰ ਨੂੰ ਤਿੰਨ ਲੱਖ ਰੁਪਏ ਦਾ ਮੁਆਵਜ਼ਾ ਨਹੀਂ ਮਿਲਿਆ।
ਮਾਨਸਾ ਦੇ ਪਿੰਡ ਟਾਂਡੀਆਂ ਦਾ ਜਸਪਾਲ ਸਿੰਘ ਵੀ ਸਾਲ 2022 ’ਚ ਵਿਸਾਖੀ ਵਾਲੇ ਦਿਨ ਖ਼ੁਦਕੁਸ਼ੀ ਕਰ ਗਿਆ। ਇਨ੍ਹਾਂ ਪਰਿਵਾਰਾਂ ਦਾ ਦੁੱਖ ਝੱਲਿਆ ਨਹੀਂ ਜਾ ਰਿਹਾ।ਲੰਘੇ ਚਾਰ ਵਰ੍ਹਿਆਂ ਤੋਂ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਵੀ ਨਹੀਂ ਮਿਲਿਆ ਅਤੇ ਨਾ ਹੀ ਸਰਕਾਰ ਨੇ ਕਦੇ ਬਜਟ ਰੱਖਿਆ ਹੈ। ਪਿੰਡ ਅਲੀਸ਼ੇਰ ਸਿੰਘ ਦਾ ਕਿਸਾਨ ਨਿਰਮਲ ਸਿੰਘ ਆਖਦਾ ਹੈ ਕਿ ਕਿਸਾਨ ਲਈ ਵੱਡਾ ਫ਼ਿਕਰ ਹੁਣ ਦਾਣਿਆਂ ਦਾ ਹੈ, ਨਾ ਕਿ ਮੇਲਿਆਂ ਦਾ। ਉਹ ਆਖਦਾ ਹੈ ਕਿ ਹੁਣ ਕਿਸਾਨ ਦਮਦਮੇ ਦਮਾਮੇ ਮਾਰਨ ਨਹੀਂ ਬਲਕਿ ਘਰਾਂ ਦੀ ਸੁੱਖ ਮੰਗਣ ਜਾਂਦਾ ਹੈ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਆਖਦਾ ਹੈ ਕਿ ਕੋਈ ਵੀ ਸਰਕਾਰ ਕਿਸਾਨ ਦੇ ਦਮਾਮੇ ਬਹਾਲ ਨਹੀਂ ਕਰ ਸਕੀ। ਕਮਾਲੂ ਦਾ ਮੇਜਰ ਸਿੰਘ ਆਖਦਾ ਹੈ ਕਿ ਕਿਸਾਨ ਪਰਿਵਾਰ ਦਮਦਮੇ ਇਸ ਆਸ ਨਾਲ ਹੁਣ ਜਾਂਦੇ ਹਨ ਕਿ ਖੌਰੇ ਦੁੱਖਾਂ ਵਾਲੀ ਰਾਤ ਹੀ ਕੱਟੀ ਜਾਵੇ।
ਸਟੇਟ ਲੈਵਲ ਬੈਂਕਰਜ਼ ਕਮੇਟੀ ਪੰਜਾਬ ਦੀ ਦਸੰਬਰ 2025 ਦੀ ਰਿਪੋਰਟ ਅਨੁਸਾਰ ਸੂਬੇ ਦੇ ਕਿਸਾਨਾਂ ਸਿਰ ਇਕੱਲੇ ਬੈਂਕਾਂ ਦਾ 1.01 ਲੱਖ ਕਰੋੜ ਦਾ ਕਰਜ਼ਾ ਹੈ ਜੋ ਸਾਲ 2019 ਵਿੱਚ 65,310 ਕਰੋੜ ਸੀ। ਕਰੀਬ 36 ਹਜ਼ਾਰ ਕਰੋੜ ਦਾ ਕਰਜ਼ ਸੱਤ ਵਰ੍ਹਿਆਂ ’ਚ ਵਧ ਗਿਆ ਹੈ। ਕਿਸਾਨ ਆਗੂ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਦੁੱਖ ਕੱਟਣ ਲਈ ਕਿਸੇ ਵੀ ਸਰਕਾਰ ਨੇ ਖੇਤੀ ਨੀਤੀ ਨੂੰ ਲਾਗੂ ਨਹੀਂ ਕੀਤੀ। ਤਿੰਨ ਵਾਰ ਸਰਕਾਰਾਂ ਨੇ ਖੇਤੀ ਨੀਤੀ ਦਾ ਖਰੜਾ ਤਿਆਰ ਕੀਤਾ ਪ੍ਰੰਤੂ ਕਿਸੇ ਨੇ ਖੇਤੀ ਨੀਤੀ ਨੂੰ ਹਕੀਕਤ ਨਹੀਂ ਬਣਾਇਆ। ਦੇਖਿਆ ਜਾਵੇ ਤਾਂ ਪੰਜਾਬ ਦੀ ਡੁੱਬ ਰਹੀ ਕਿਸਾਨੀ ਨੂੰ ਹਕੂਮਤਾਂ ਦਾ ਰੌਂਅ ਦੇਖ ਜਾਪਦਾ ਹੈ ਕਿ ਡਾਇਰ ਹਾਲੇ ਮਰਿਆ ਨਹੀਂ।
.jpg)
No comments:
Post a Comment