ਈ ਡੀ ਦੀ ਅੱਖਫੁਰਤੀ ਨਾਲ ਖਰੀਦੇ ਹਜ਼ਾਰਾਂ ਮੋਬਾਈਲ ਸੈੱਟ ਚਰਨਜੀਤ ਭੁੱਲਰ
ਚੰਡੀਗੜ੍ਹ : ਐੱਨਫੋਰਸਮੈਂਟ ਡਾਇਰੈਕਟੋਰੇਟ ਦੇ ਜਾਂਚ ਦਾਇਰੇ ’ਚ ਹੁਣ ਪਾਵਰਕੌਮ ਵੱਲੋਂ ਹਾਲ ’ਚ ਹੀ ਬਹੁਤ ਹੀ ਫੁਰਤੀ ਨਾਲ ਥੋਕ ’ਚ ਖ਼ਰੀਦੇ ਮੋਬਾਈਲ ਹੈਂਡਸੈੱਟਾਂ ਦੇ ਆਉਣ ਦੀ ਸੰਭਾਵਨਾ ਹੈ।। ਈ ਡੀ ਤਰਫ਼ੋਂ ਸਾਬਕਾ ਬਿਜਲੀ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ ਪਾਵਰਕੌਮ ਵੱਲ ਕਦਮ ਵਧਾਏ ਜਾਣ ਲੱਗੇ ਹਨ। ਈ ਡੀ ਪਹਿਲਾਂ ਹੀ ਮਨੀ ਲਾਂਡਰਿੰਗ ਦੇ ਮਾਮਲੇ ’ਚ ਸੰਜੀਵ ਅਰੋੜਾ ਦੀ ਕੰਪਨੀ ਵੱਲੋਂ 157 ਕਰੋੜ ਰੁਪਏ ਦੇ ਮੋਬਾਈਲ ਫੋਨਾਂ ਦੇ ਕਾਰੋਬਾਰ ਨੂੰ ਛਾਣ ਰਹੀ ਹੈ ਜਿਸ ’ਚੋਂ 102 ਕਰੋੜ ਰੁਪਏ ਦੇ ਮੋਬਾਈਲ ਫ਼ੋਨ ਵਿਦੇਸ਼ ਭੇਜੇ ਗਏ ਹਨ।ਅਹਿਮ ਸੂਤਰਾਂ ਅਨੁਸਾਰ ਮੋਬਾਈਲ ਹੈਂਡਸੈੱਟਾਂ ਦੀ ਏਨੀ ਵੱਡੀ ਪੱਧਰ ’ਤੇ ਖ਼ਰੀਦ ’ਚ ਏਨੀ ਕਾਹਲੀ ਕਿਉਂ ਦਿਖਾਈ ਗਈ, ਇਸ ’ਤੇ ਹੁਣ ਈ ਡੀ ਦੀ ਨਜ਼ਰ ਹੈ। ਦੂਜੇ ਪਾਸੇ, ਪਾਵਰਕੌਮ ਦੀਆਂ ਕਈ ਜਥੇਬੰਦੀਆਂ ਦੇ ਆਗੂਆਂ ਨੇ ਇਹ ਮੋਬਾਈਲ ਫ਼ੋਨ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਪਾਵਰਕੌਮ ਨੇ 12 ਹਜ਼ਾਰ ਮੋਬਾਈਲ ਹੈਂਡ ਸੈੱਟਾਂ ਦਾ ਪਹਿਲਾ ਆਰਡਰ 17 ਅਪਰੈਲ ਨੂੰ ਦਿੱਤਾ ਸੀ ਅਤੇ ਬਾਅਦ ’ਚ 3600 ਹੋਰ ਮੋਬਾਈਲਾਂ ਦਾ ਆਰਡਰ ਦਿੱਤਾ ਗਿਆ।
ਪੰਜਾਬ ਸਰਕਾਰ ਦੀ ਈ-ਪ੍ਰੋਕਿਓਰਮੈਂਟ ਸਾਈਟ ’ਤੇ ਟੈਂਡਰ ਪ੍ਰਕਾਸ਼ਿਤ ਕੀਤੇ ਗਏ ਅਤੇ ਚਾਰ ਬੋਲੀਕਾਰਾਂ ਨੇ ਟੈਂਡਰ ਪਾਏ ਜਿਨ੍ਹਾਂ ’ਚੋਂ ਇੱਕ ਫ਼ਰਮ ਨੂੰ ਅਯੋਗ ਹੋ ਗਈ ਅਤੇ ਤਿੰਨ ਫ਼ਰਮਾਂ ’ਚੋਂ ਪੰਚਕੂਲਾ ਸਥਿਤ ਡੀਲਰ ਨੂੰ ਰਿਵਰਸ ਨਿਲਾਮੀ ਰਾਹੀਂ ਚੁਣਿਆ ਗਿਆ। ਪ੍ਰਤੀ ਮੋਬਾਈਲ ਸੈੱਟ 21,800 ਰੁਪਏ ਦੀ ਕੀਮਤ ’ਤੇ ਪਹਿਲੀ ਕਿਸ਼ਤ ’ਚ 26.16 ਕਰੋੜ ਦਾ ਆਰਡਰ ਕੀਤਾ ਗਿਆ। ਤਤਕਾਲੀ ਬਿਜਲੀ ਮੰਤਰੀ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਕੁਝ ਦਿਨ ਬਾਅਦ ਹੀ 14 ਮਈ ਨੂੰ 3600 ਮੋਬਾਈਲ ਹੈਂਡ ਸੈੱਟਾਂ ਦਾ ਪੰਚਕੂਲਾ ਦੇ ਡੀਲਰ ਨੂੰ 7.84 ਕਰੋੜ ਦਾ ਦੂਜਾ ਆਰਡਰ ਦਿੱਤਾ ਗਿਆ। ਪਾਵਰਕੌਮ ਵੱਲੋਂ ਇਹ ਮੋਬਾਈਲ ਫ਼ੋਨ ਮੁਲਾਜ਼ਮਾਂ ਲਈ ਖ਼ਰੀਦੇ ਜਾ ਰਹੇ ਹਨ। ਸੂਤਰ ਦੱਸਦੇ ਹਨ ਕਿ ਲਾਈਨਮੈਨਾਂ ਨੂੰ ਸੈਮਸੰਗ ਏ 07 ਹੈਂਡਸੈੱਟ ਦੀ ਪੇਸ਼ਕਸ਼ ਕੀਤੀ ਗਈ ਹੈ। ਜਥੇਬੰਦੀਆਂ ਦੇ ਆਗੂ ਆਖਦੇ ਹਨ ਕਿ ਇਹੋ ਮੋਬਾਈਲ ਫ਼ੋਨ ਔਨਲਾਈਨ ਪਲੈਟਫਾਰਮਾਂ ’ਤੇ 17,499 ਰੁਪਏ ’ਚ ਮੁਹੱਈਆ ਹਨ।
ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਕੀਮਤ ’ਚ ਚਾਰ ਹਜ਼ਾਰ ਰੁਪਏ ਦਾ ਫ਼ਰਕ ਇਸ ਕਰ ਕੇ ਵੀ ਹੋ ਸਕਦਾ ਹੈ ਕਿਉਂਕਿ ਪ੍ਰੋਵਾਈਡਰ ਨੇ ਮੋਬਾਈਲ ਡਿਵਾਈਸ ਪ੍ਰਬੰਧਨ ਸਿਸਟਮ ਵੀ ਸਥਾਪਤ ਕਰਨਾ ਹੁੰਦਾ ਹੈ। ਪੀ ਐੱਸ ਈ ਬੀ ਇੰਜਨੀਅਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੈਪਾਲ ਸਿੰਘ ਅਟਵਾਲ ਦਾ ਕਹਿਣਾ ਸੀ ਕਿ ਜੋ ਹੁਣ ਮੋਬਾਈਲ ਫ਼ੋਨ ਦਿੱਤੇ ਜਾ ਰਹੇ ਹਨ, ਉਨ੍ਹਾਂ ਨੂੰ ਮੁਲਾਜ਼ਮਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਟ੍ਰਿਬਿਊਨ ਗਰੁੱਪ ਵੱਲੋਂ ਪਾਵਰਕੌਮ ਦੇ ਚੇਅਰਮੈਨ ਬਸੰਤ ਗਰਗ ਦਾ ਪੱਖ ਜਾਣਨ ਲਈ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਭੇਜੇ ਸੁਨੇਹਿਆਂ ਦਾ ਵੀ ਕੋਈ ਜਵਾਬ ਨਹੀਂ ਦਿੱਤਾ। ਦੱਸਣਯੋਗ ਹੈ ਕਿ ਪਾਵਰਕੌਮ ਦੇ ਸੀ ਐੱਮ ਡੀ ਅਤੇ ਡਾਇਰੈਕਟਰ ਨੇ 20 ਮਈ ਨੂੰ ਈ ਡੀ ਅੱਗੇ ਪੇਸ਼ ਹੋਣਾ ਹੈ।ਸੂਤਰ ਆਖਦੇ ਹਨ ਕਿ ਮੋਬਾਈਲ ਫ਼ੋਨ ਪਾਵਰਕੌਮ ਦੇ ਕੰਮ ਨੂੰ ਡਿਜੀਟਲ ਰੂਪ ਦੇਣ ਲਈ ਖ਼ਰੀਦ ਕੀਤੇ ਗਏ ਹਨ ਅਤੇ ਲਾਈਨਮੈਨਾਂ ਨੂੰ ਫ਼ੋਨ ਦਿੱਤੇ ਜਾਣੇ ਹਨ।
ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਫ਼ੀਲਡ ’ਚ ਮੁਲਾਜ਼ਮਾਂ ਦੀ ਵੱਡੀ ਘਾਟ ਹੈ ਅਤੇ ਮੁਲਾਜ਼ਮਾਂ ’ਤੇ ਕੰਮ ਦਾ ਬੋਝ ਜ਼ਿਆਦਾ ਹੈ ਜਿਸ ਕਰ ਕੇ ਉਨ੍ਹਾਂ ਦੀ ਮੰਗ ਤਾਂ ਪਹਿਲਾਂ ਮੁਲਾਜ਼ਮਾਂ ਦੀ ਪੂਰੀ ਭਰਤੀ ਕਰਨ ਅਤੇ ਸੇਫ਼ਟੀ ਕਿੱਟਾਂ ਦੀ ਹੈ। ਮੈਨੇਜਮੈਂਟ ਮੋਬਾਈਲ ਹੈਂਡ ਸੈੱਟ ਖ਼ਰੀਦਣ ਦੇ ਰਾਹ ਪਈ ਹੈ ਜੋ ਉਨ੍ਹਾਂ ਦੀ ਮੰਗ ਨਹੀਂ ਹੈ।

No comments:
Post a Comment