ਟਕਰਾਅ ਦਾ ਮੁੱਢਸੁਰੱਖਿਆ ਨਾਕਾਮੀ ਦੇ ਮੁੱਦੇ ਨੂੰ ਨਵਾਂ ਸਿਆਸੀ ਮੋੜਾ ਚਰਨਜੀਤ ਭੁੱਲਰ
ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਜਲੰਧਰ ਅਤੇ ਅੰਮ੍ਰਿਤਸਰ ’ਚ ਲੰਘੇ ਕੱਲ੍ਹ ਹੋਏ ਧਮਾਕਿਆਂ ਤੋਂ ਉੱਭਰੇ ਸੁਰੱਖਿਆ ਨਾਕਾਮੀ ਦੇ ਮੁੱਦੇ ਨੂੰ ਨਵਾਂ ਸਿਆਸੀ ਮੋੜਾ ਦੇ ਦਿੱਤਾ ਹੈ। ਵਿਰੋਧੀ ਧਿਰਾਂ ਦੀ ਕਾਨੂੰਨ ਵਿਵਸਥਾ ’ਤੇ ਘੇਰਾਬੰਦੀ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਧਮਾਕਿਆਂ ਪਿੱਛੇ ਭਾਜਪਾ ਦਾ ਹੱਥ ਐਲਾਨ ’ਤੇ ਨਵਾਂ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ‘ਆਪ’ ਦੇ ਰਾਜ ਸਭਾ ਦੇ ਸੱਤ ਮੈਂਬਰਾਂ ਵੱਲੋਂ ਭਾਜਪਾ ’ਚ ਰਲੇਵਾਂ ਕੀਤੇ ਜਾਣ ਮਗਰੋਂ ਹਾਲੇ ਵੀ ਦਲ ਬਦਲੀ ਦਾ ਖ਼ਤਰਾ ‘ਆਪ’ ’ਤੇ ਬਣਿਆ ਹੋਇਆ ਹੈ। ਭਾਜਪਾ ਨੂੰ ਚਿੱਤ ਕਰਨ ਲਈ ‘ਆਪ’ ਹੁਣ ਕੋਈ ਮੌਕਾ ਨਹੀਂ ਖੁੰਝਾਉਣਾ ਚਾਹੁੰਦੀ। ਜਿਉਂ ਹੀ ਪੰਜਾਬ ’ਚ ਲੰਘੇ ਕੱਲ੍ਹ ਹੋਏ ਧਮਾਕਿਆਂ ’ਤੇ ਵਿਰੋਧੀ ‘ਆਪ’ ਨੂੰ ਘੇਰਨ ਲਈ ਪੱਬਾਂ ਭਾਰ ਹੋਏ ਤਾਂ ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਨੇ ਇਸ ਮੁੱਦੇ ਨੂੰ ਨਵਾਂ ਸਿਆਸੀ ਰੰਗ ਦੇ ਦਿੱਤਾ। ਪੰਜਾਬ ’ਚ ‘ਆਪ’ ਅਤੇ ਭਾਜਪਾ ਵਿਚਾਲੇ ਅਗਾਮੀ ਚੋਣਾਂ ਤੋਂ ਕਾਫ਼ੀ ਅਗੇਤ ’ਚ ਹੀ ਬੰਗਾਲ ਵਾਂਗ ਟਕਰਾਅ ਦਾ ਮੁੱਢ ਬੱਝਣ ਲੱਗਿਆ ਹੈ।
ਲੰਘੇ ਕੱਲ੍ਹ ਹੋਏ ਧਮਾਕੇ ਇਸ ਆਪਸੀ ਤਲਖ਼ੀ ਦਾ ਨਵਾਂ ਕਾਰਨ ਬਣੇ ਹਨ। ਪੱਛਮੀ ਬੰਗਾਲ ਦੀ ਜਿੱਤ ਮਗਰੋਂ ਭਾਜਪਾ ਦੇ ਏਜੰਡੇ ’ਤੇ ਹੁਣ ਪੰਜਾਬ ਹੈ।‘ਆਪ’ ਵੱਲੋਂ ਭਾਜਪਾ ਖ਼ਿਲਾਫ਼ ਲੜਾਈ ਨੂੰ ਸੜਕਾਂ ’ਤੇ ਲਿਆਉਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਅੱਜ ਸ਼ੁਕਰਾਨਾ ਯਾਤਰਾ ਸ਼ੁਰੂ ਕੀਤੀ ਹੈ ਜਿਸ ਨੂੰ ਇੱਕ ਸਿਆਸੀ ਨਜ਼ਰੀਏ ਤੋਂ ਹੀ ਦੇਖਿਆ ਜਾ ਰਿਹਾ ਹੈ। ‘ਆਪ’ ਨੇ ਹੁਣ ਭਾਜਪਾ ਖ਼ਿਲਾਫ਼ ਇੱਕ ਸਿਆਸੀ ਬਿਰਤਾਂਤ ਘੜਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਮੁਢਲੇ ਪੜਾਅ ’ਤੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਅੰਦੋਲਨ ’ਚ ਸ਼ਹੀਦ ਹੋਏ 700 ਕਿਸਾਨਾਂ ਦਾ ਪੰਜਾਬੀਆਂ ਨੂੰ ਮੁੜ ਚੇਤਾ ਕਰਾਇਆ। ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਮੌਕੇ ਹੋਈਆਂ ਬੇਅਦਬੀਆਂ ਦਾ ਚੇਤਾ ਵੀ ਵੋਟਰਾਂ ਨੂੰ ਕਰਾਉਣਾ ਨਹੀਂ ਭੁੱਲ ਰਹੇ ਹਨ। ਅੱਜ ਮੁੱਖ ਮੰਤਰੀ ਨੇ ਧਮਾਕਿਆਂ ਪਿੱਛੇ ਭਾਜਪਾ ਦਾ ਹੱਥ ਹੋਣ ਦੀ ਗੱਲ ਆਖ ਕੇ ਭਾਜਪਾ ਤੇ ਡਰ ਫੈਲਾਉਣ ਦਾ ਇਲਜ਼ਾਮ ਲਾਇਆ ਹੈ।
ਸਿਆਸੀ ਵਿਸ਼ਲੇਸ਼ਕ ਆਖਦੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੋਧੀਆਂ ’ਤੇ ਗੰਭੀਰ ਇਲਜ਼ਾਮ ਲਗਾ ਕੇ ਸੁਰੱਖਿਆ ਦੀ ਨਾਕਾਮੀ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਵਿੱਚ ਵੀ ਹੈ। ‘ਆਪ’ ਸਰਕਾਰ ਵੱਲੋਂ ਘੜਿਆ ਜਾ ਰਿਹਾ ਬਿਰਤਾਂਤ ਲੋਕ ਮਨਾਂ ’ਤੇ ਕਿੰਨਾ ਕੁ ਅਸਰ ਛੱਡੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਧਮਾਕਿਆਂ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦਲੀਲ ਦਿੱਤੀ ਕਿ ਭਾਜਪਾ ਨੇ ਪੰਜਾਬ ’ਚ ਆਪਣੀ ਚੋਣ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਸ ਵਜੋਂ ਭਾਜਪਾ ਹੁਣ ਪੰਜਾਬ ’ਚ ਡਰ ਦਾ ਮਾਹੌਲ ਪੈਦਾ ਕਰਕੇ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ। ਜਿੱਥੇ ਚੋਣਾਂ ਹੁੰਦੀਆਂ ਹਨ, ਉੱਥੇ ਭਾਜਪਾ ਅਜਿਹੇ ਹੱਥਕੰਡੇ ਵਰਤਦੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਆਪਣੀਆਂ ਹਰਕਤਾਂ ਤੋਂ ਬਾਜ ਆਏ ਕਿਉਂਕਿ ਪੰਜਾਬ ਸ਼ਾਂਤਮਈ ਸੂਬਾ ਹੈ।
ਇਸੇ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਦੇ ਬਿਆਨ ਨੂੰ ਗੈਰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਸੂਬਾ ਸਰਕਾਰ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ’ਚ ਫ਼ੇਲ੍ਹ ਹੋਈ ਹੈ ਜਿਸ ਕਰਕੇ ਮੁੱਖ ਮੰਤਰੀ ਨੂੰ ਆਪਣਾ ਅਹੁਦਾ ਛੱਡਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸੂਬੇ ਦੇ ਡੀ ਜੀ ਪੀ ਤਾਂ ਧਮਾਕਿਆਂ ਪਿੱਛੇ ਆਈ ਐੱਸ ਆਈ ਦਾ ਹੱਥ ਦੱਸ ਰਹੇ ਹਨ ਜਦੋਂ ਕਿ ਮੁੱਖ ਮੰਤਰੀ ਬੌਖਲਾਹਟ ’ਚ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਵੀ ਅੱਜ ਕਿਹਾ ਕਿ ਭਗਵੰਤ ਮਾਨ ’ਚ ਹਿੰਮਤ ਹੈ ਤਾਂ ਉਹ ਭਾਜਪਾ ਆਗੂਆਂ ਖ਼ਿਲਾਫ਼ ਕੇਸ ਦਰਜ ਕਰਕੇ ਦਿਖਾਵੇ। ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਤਾਂ ਧਮਾਕਿਆਂ ਨੂੰ ਲੈ ਕੇ ਆਈ ਐੱਸ ਆਈ ਨੂੰ ਸ਼ਾਬਾਸ਼ ਦੇ ਰਹੇ ਹਨ ਜਦੋਂ ਕਿ ਭਾਜਪਾ ਖ਼ਿਲਾਫ਼ ਗੈਰ ਜ਼ਿੰਮੇਵਾਰੀ ਵਾਲੀ ਬਿਆਨਬਾਜ਼ੀ ਕਰ ਰਹੇ ਹਨ। ਦੱਸਣਯੋਗ ਹੈ ਕਿ ਪੰਜਾਬ ’ਚ ਲੰਘੇ ਪੰਜ ਮਹੀਨਿਆਂ ’ਚ ਪੰਜ ਧਮਾਕੇ ਸਾਹਮਣੇ ਆਏ ਹਨ।
23 ਜਨਵਰੀ ਨੂੰ ਸਰਹਿੰਦ ਦੇ ਖ਼ਾਨਪੁਰ ਫਾਟਕ ’ਤੇ, ਇੱਕ ਅਪਰੈਲ ਨੂੰ ਭਾਜਪਾ ਦਫ਼ਤਰ ਚੰਡੀਗੜ੍ਹ ਦਫ਼ਤਰ ਦੇ ਬਾਹਰ ਅਤੇ 27 ਅਪਰੈਲ ਨੂੰ ਪਟਿਆਲਾ ਦੇ ਸ਼ੰਭੂ ਫਾਟਕ ਦੇ ਨੇੜੇ ਧਮਾਕਾ ਹੋਇਆ ਹੈ। ਲੰਘੇ ਕੱਲ੍ਹ ਜਲੰਧਰ ਤੇ ਅੰਮ੍ਰਿਤਸਰ ’ਚ ਧਮਾਕੇ ਹੋਏ ਹਨ। ਭਾਜਪਾ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਮੁੱਖ ਮੁੱਦੇ ਦੇ ਤੌਰ ’ਤੇ ਉਭਾਰਨਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ‘ਆਪ’ ਦੇ ਹਰ ਛੋਟੇ ਵੱਡੇ ਆਗੂ ਨੇ ਭਾਜਪਾ ’ਤੇ ਬੋਲਣਾ ਸ਼ੁਰੂ ਕੀਤਾ ਹੈ, ਓਵੇਂ ਹੀ ਭਾਜਪਾ ਦੇ ਆਗੂਆਂ ਨੇ ਵੀ ਬੱਝਵੇਂ ਰੂਪ ’ਚ ‘ਆਪ’ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਮੁੱਢਲੇ ਸੰਕੇਤਾਂ ਤੋਂ ਇਹ ਵੀ ਜਾਪਦਾ ਹੈ ਕਿ ਜਿਵੇਂ ‘ਆਪ’ ਅਤੇ ਭਾਜਪਾ ਵੱਲੋਂ ਪੰਜਾਬ ’ਚ ਸਿਆਸੀ ਲੜਾਈ ਆਪੋ ਆਪਣੇ ’ਚ ਬਣਾਏ ਜਾਣ ਦਾ ਬਿਰਤਾਂਤ ਘੜਿਆ ਜਾ ਰਿਹਾ ਹੋਵੇ।
.jpg)
No comments:
Post a Comment