ਦੌਲਤ, ਦਲਾਲ ਤੇ ਦਲੇਰ ਸਿੰਘ ਚਰਨਜੀਤ ਭੁੱਲਰ
ਚੰਡੀਗੜ੍ਹ : ਗੁਰਮੁਖੋ ! ਪੈਸਾ ਤਾਂ ਹੱਥਾਂ ਦੀ ਮੈਲ ਹੈ। ਮੁਹਾਲੀ ’ਚ ਐਸੀ ਕਲਾ ਵਰਤੀ, ਰੱਬ ਨੇ ਮੈਲ ਦੇ ਭਰੇ ਬੈਗ ਵਗਾਹ ਮਾਰੇ। ਫਲੈਟਾਂ ’ਚ ਲੁਕੇ ਇਨਕਲਾਬ ਨੇ ਬੁੱਚ ਲਏ। ਨਾਗਣੀ ਮਾਇਆ ਕਿਤੇ ਡੱਸ ਨਾ ਲਵੇ, ਨਵੇਂ ਫਲੈਟਪੁਰੀਏ ਨੇ ਨੌਵੀਂ ਮੰਜ਼ਿਲ ਤੋਂ ਬੈਗ ਏਅਰ ਲਿਫ਼ਟ ਕਰ’ਤੇ।ਜਵਾਨਾ! ਫਲੈਟਾਂ ’ਚ ਲਿਫ਼ਟ ਝੂਟੇ ਲੈਣ ਲਈ ਨੀ ਹੁੰਦੀ। ਲੱਛਮੀ ਨੂੰ ਕੋਈ ਇੰਜ ਧੱਕੇ ਮਾਰਦੈ, ਅਦਬ ਕਰਨਾ ਸਿੱਖੋ। ਸੰਜੀਵ ਅਰੋੜਾ ਸੱਚ ਆਖਦੈ, ਬਈ! ਧੱਕੇ ਨੀ ਮਾਰਨੇ। ਦੌਲਤ ਦੀ ਏਨੀ ਬੇਅਦਬੀ, ਰਹੇ ਰੱਬ ਦਾ ਨਾਂ। ਥੋਡੇ ਨਾਲੋਂ ਤਾਂ ਚੰਨੀ ਦਾ ਭਤੀਜਾ ਸੌ ਗੁਣਾ ਚੰਗੈ। ਕਸ਼ਟ ਝੱਲ ਗਿਆ, ਦੌਲਤ ਨੂੰ ਧੱਕੇ ਨੀ ਮਾਰੇ।
ਵੱਡੇ ਬਾਦਲ ਆਖਦੇ ਹੁੰਦੇ ਸੀ, ‘ਮੈਂ ਤਾਂ ਤੁਰੀ ਜਾਂਦੀ ਕੀੜੀ ਦੇਖ ਲੈਨਾਂ।’ ਅਨਾੜੀਓ, ਥੋਨੂੰ ਫਲੈਟਾਂ ਚੋਂ ਏਡੀ ਵੱਡੀ ਈਡੀ ਨੀ ਦਿਖੀ। ਚੋਣਾਂ ਵੀ ਕੇਹੀ ਸ਼ੈਅ ਨੇ, ਬਲਵੀਰ ਬੋਪਾਰਾਏ ਨੇ ਹੇਕ ਲਾਈ ‘ਦੇ ਲੈ ਗੇੜਾ..’, ਕੇਂਦਰੀ ਏਜੰਸੀਆਂ ਨੇ ਬੋਲ ਪੁਗਾ’ਤੇ। ਅਖੇ, ਪੰਜਾਬ ਚੰਬਲ ਦੀ ਘਾਟੀ ਵਰਗੈ। ਨਾਲੇ ਘਾਟੀ ’ਚ ਮੈਲ ਦਾ ਕਾਹਦਾ ਘਾਟਾ। ਡੱਡਾਂ ਕਦੋਂ ਕਦੋਂ ਪਾਣੀ ਪੀਂਦੀਆਂ ਨੇ, ਸੀਬੀਆਈ ਤੇ ਈਡੀ ਨੂੰ ਸਭ ਪਤੈ। ਪਤੰਦਰ ਸਿੱਧੇ ਵਿਜੀਲੈਂਸ ਦੇ ਛੱਪੜ ’ਚ ਜਾ ਵੜੇ। ‘ਤੇਰੇ ਮੇਰੇ ਪਿਆਰ ਦੀਆਂ, ਗੱਲਾਂ ਹੋਣ ਸੰਤਾਂ ਦੇ ਡੇਰੇ।’
ਜਿਵੇਂ ਮੋਟਰ ਤੇ ਵੋਟਰ ਦਾ ਇੱਕੋ ਸੁਭਾਅ ਐ, ਉਵੇਂ ਰੀਡਰ ਤੇ ਲੀਡਰ ਵੀ ਸਾਂਢੂ ਹੀ ਹੁੰਦੇ ਨੇ। ਵਿਜੀਲੈਂਸ ਮੁਖੀ ਦਾ ਰੀਡਰ, ਏਨਾ ਬੀਬਾ ਰਾਣਾ, ਨਹੀਂ ਕਿਸੇ ਗੱਲੋਂ ਕਾਣਾ, ਫਿਰ ਵੀ ਸੀਬੀਆਈ ਆਲੇ ਪੈ ਨਿਕਲੇ। ਉੱਪਰੋਂ ਫਾਰਮੈਲਿਟੀ ਕਰ ਰਹੇ ਨੇ, ‘ਮੁੱਝ ਕੋ ਰਾਣਾ ਜੀ ਮਾਫ਼ ਕਰਨਾ..।’ ਸੰਘੀ ਏਜੰਸੀ ਨੂੰ ਹੱਥ ਜੋੜ ਅਰਜੋਈ, ਭਾਈ ਸੰਘੀਓ! ਕਾਹਤੋਂ ਮਾਇਆਵਾਦ ਦੀ ਸੰਘੀ ਨੂੰ ਹੱਥ ਪਾਇਐ। ਇੱਕ ਨਾਟਕ ਵਿਚਲਾ ਪਾਤਰ ਆਖਦੈ, ‘ਹਮ ਏਸ ਨਾਗਣੀ ਮਾਇਆ ਕੋ ਹਾਥ ਨਹੀਂ ਲਗਾਤੇ, ਇਸ ਕੋ ਸੰਤੋਂ ਕੀ ਝੋਲੀ ਮੇ ਡਾਲ ਦੋ।’ ਸ਼ਹਿਦ ਖਾਣਾ ਹੋਵੇ ਤਾਂ ਡੰਗ ਸਹਿਣਾ ਪੈਂਦੈ।
ਅਸਲ ’ਚ ਸਾਰਾ ਪੁਆੜਾ ਰੱਬ ਨੇ ਪਾਇਐ। ਸ੍ਰਿਸ਼ਟੀ ਸਾਜ ਕੇ ਜਦੋਂ ਰੱਬ ਲੁਕਣ ਲੱਗਿਆ ਤਾਂ ਅੱਗਿਓ ਨੇਤਾ ਜਣਾਂ ਨੇ ਵਲ ਲਿਆ। ਰੱਬ ਨੇ ਗਾਜਰਾਂ ਦਾ ਟੋਕਰਾ ਵਗਾਹ ਮਾਰਿਆ। ਓਹ ਦਿਨ ਤੇ ਆਹ ਦਿਨ, ਨੇਤਾ ਜੀ ਰੰਬਾ ਗਾਜਰਾਂ ਚੋਂ ਨੀ ਕੱਢ ਰਹੇ। ‘ਤੂੜੀ ਗਲੀ ਪਈ ਸੀ, ਬਲਦ ਵੀ ਭੁੱਖਾ ਸੀ, ਦੋਵਾਂ ਦਾ ਸਰ ਗਿਆ।’ ਪੰਜਾਬੀ ਮੋਰਚਾ ਵੇਲੇ ਭਾਸ਼ਾ ਨੂੰ ਲੈ ਕੇ ਰੌਲਾ ਪਿਆ ਸੀ। ਨਾਅਰੇ ਲੱਗੇ ਸਨ, ‘ਊੜਾ ਈੜੀ ਨਹੀਂ ਪੜ੍ਹਾਂਗੇ।’ ਉਸੇ ਈਡੀ ਨੇ ਹੁਣ ਪੰਜਾਬ ਨੂੰ ਪੜ੍ਹਨੇ ਪਾਇਐ। ਲਾਲਚ ਦੀ ਵਰਨਮਾਲਾ ਕੀ ਨੇਤਾ, ਕੀ ਅਫ਼ਸਰ, ਸਭ ਪੜ੍ਹ ਰਹੇ ਨੇ।
ਨੇਤਾਵਾਂ ਦੇ ਮਨਾਂ ’ਚ ਮਾਇਆ ਦਾ ਮੋਹ ਪੈਲਾਂ ਪਾਉਣੋਂ ਨਹੀਂ ਹਟਦਾ। ਤਾਹੀਂ ਆਖਦੇ ਨੇ, ‘ਦਿਲ ਮਾਂਗੇ ਮੋਰ’। ਸੀਬੀਆਈ ਨੇ ਪਿੰਜਰਾ ਚੰਡੀਗੜ੍ਹ ’ਚ ਲਾਇਐ। ਕਦੇ ਕ੍ਰਿਸ਼ਾਨੂ ਫਸ ਜਾਂਦੈ ਅਤੇ ਕਦੇ ਮਲੋਟ ਆਲੇ ਪਿਉ ਪੁੱਤ। ਸੰਘੀ ਏਜੰਸੀਆਂ ਨੇ ਪੰਜਾਬ ਨੂੰ ਪ੍ਰਯੋਗਸ਼ਾਲਾ ਬਣਾਇਐ। ਕਦੇ ਇਮਾਨ ਦੇ ਕਿਤੋਂ ਨਮੂਨੇ ਭਰਦੇ ਨੇ ਕਦੇ ਕਿਤੋਂ। ਅਮਿਤਾਭ ਬਚਨ ਹਾਮੀ ਭਰਦੈ, ‘ਇਨਸਾਨ ਕਿਤਨਾ ਗਿਰ ਗਯਾ ਹੈ, ਦੌਲਤ ਕੇ ਸਾਮਨੇ ।’ ਪੰਜਾਬੀ ਸ਼ਾਇਰੋ ਸ਼ਾਇਰੀ ਕਰ ਰਹੇ ਨੇ, ‘ਦਿਲ ਦੀ ਬਸਤੀ ਭੀ ਸ਼ਹਿਰੇ ਦਿੱਲੀ ਹੈ, ਜੋ ਭੀ ਗੁਜ਼ਰਤਾ ਹੈ, ਉਸ ਨੇ ਲੂਟਾ ਹੈ।’
ਢਾਕੇ ਦੀ ਮਲਮਲ ਵਾਂਗੂ ਅਰੋੜੇ ਵੀ ਵਾਹਵਾ ਮਸ਼ਹੂਰ ਹੋਏ ਨੇ। ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਜੀਹਨੇ ਕਿੰਨੀ ਭੀੜ ਝੱਲੀ। ਈਡੀ ਅਮਨ ਅਰੋੜਾ ਨੂੰ ਵੀ ਪੈ ਨਿੱਕਲੀ। ‘ਵਾਰਸ ਸ਼ਾਹ ਨਾ ਭੇਤ ਸੰਦੂਕ ਖੁੱਲ੍ਹੇ, ਭਾਵੇਂ ਜਾਨ ਦਾ ਜਿੰਦਰਾ ਟੁੱਟ ਜਾਵੇ।’ ‘ਪਾਵਰਫੁੱਲ’ ਸੰਜੀਵ ਅਰੋੜਾ, ਬਿਨਾਂ ਮੂੰਹ ਧੋਤੇ ਸਵਖਤੇ ਹੀ ਈਡੀ ਦੇ ਅੱਗੇ ਲੱਗ ਤੁਰੇ। ਪੰਜਾਬ ਗੂੰਜ ਉੱਠਿਆ, ‘ਅਰੋੜਾ ਸਾਬ੍ਹ ਤੇਰੀ ਸੋਚ ’ਤੇ..।’ ਸੰਜੀਵ ਲੁਧਿਆਣਵੀ ਤਾਂ ਮਜ਼ਦੂਰਾਂ ਦਾ ਮਸੀਹਾ ਕਹੋ ਜਿਸ ਨੇ ਦਿਹਾੜੀਦਾਰ ਮਜ਼ਦੂਰ ਦੀ ਫ਼ਰਮ ’ਚ 28 ਕਰੋੜ ਪਾ’ਤੇ। ਹੋਰ ਤੁਸੀਂ ਛਿੱਕੂ ਭਾਲਦੇ ਹੋ।
ਸਤਿੰਦਰ ਸਰਤਾਜ ਨੇ ਰਾਗ ਛੇੜਿਐ, ‘ਦੌਲਤਾਂ ਤਾਂ ਜੱਗ ’ਤੇ ਬਥੇਰੀਆਂ, ਸਭ ਤੋਂ ਜ਼ਰੂਰੀ ਹੁੰਦੀ ਪੱਤ ਜੀ..।’ ਦਲਾਲੀ ਕਲਾ ਦਾ ਪੁਰਾਤਨ ਨਮੂਨਾ ਵੇਖਣਾ ਹੋਵੇ ਤਾਂ ਨਾਭੇ ਤੇ ਮਲੋਟ ਦਾ ਗੇੜਾ ਲਾਓ। ਅਜੰਤਾ ਅਲੋਰਾ ਦੀਆਂ ਗੁਫਾਵਾਂ ਚੋਂ ਨਾਭੇ ਆਲਾ ਕ੍ਰਿਸ਼ਾਨੂ ਪ੍ਰਗਟ ਹੋਇਆ। ਲਾਲਚੀ ਬੰਦੇ ਨੂੰ ਨਾ ਅਸਮਾਨ ਦਿਸਦਾ, ਨਾ ਪਹਾੜ ਤੇ ਨਾ ਹੀ ਸੀਬੀਆਈ। ਮੁਹੰਮਦ ਸਦੀਕ ਦੀ ਤੂੰਬੀ ਟੁਣਕੀ ,‘ਬੱਗੀ ਤਿੱਤਰੀ ਕਮਾਦੋਂ ਨਿਕਲੀ ਤੇ ਉੱਡਦੀ ਨੂੰ ਬਾਜ ਪੈ ਗਿਆ।’ ਸਕਾਈਲੈਬ ਵਾਂਗੂ ਮੁਹਾਲੀ ਆਲੇ ਫਲੈਟਾਂ ਚੋਂ ਬੈਗ ਕੀ ਡਿੱਗੇ, ਈਡੀ ਆਲੇ ਇੱਕ ਹੋਰ ਨਾਭੇ ਆਲੇ ਵਿਚੋਲੇ ਦੇ ਪਿੱਛੇ ਪੈ ਗਏ।
ਲੁਧਿਆਣੇ ’ਚ ਖ਼ਬਰ ਫਲੈਸ਼ ਹੋਈ, ‘ਈਡੀ ਦੀ ਵਿਚੋਲਿਆਂ ’ਤੇ ਰੇਡ।’ ਭਾਜੜ ਮੱਚ ਗਈ, ਕਿੰਨੇ ਹੀ ਮੈਰਿਜ ਬਿਊਰੋ ਆਲੇ ਜਿੰਦਰੇ ਮਾਰ ਕੇ ਪੱਤਰੇ ਵਾਚ ਗਏ। ਜੋ ਜਾਗਿਆ, ਉਹੀ ਸਿਆਣਾ। ਪੁਰਾਣੀ ਗੱਲ ਚੇਤੇ ਆਈ ਹੈ। ਉਨ੍ਹਾਂ ਦਿਨਾਂ ’ਚ ਡੇਰਾ ਸਿਰਸਾ ਦੇ ਪ੍ਰੇਮੀਆਂ ਤੇ ਸਿੱਖ ਪੈਰੋਕਾਰਾਂ ਦਾ ਕਲੇਸ਼ ਸਿਖ਼ਰਾਂ ’ਤੇ ਸੀ। ਮੁਖ਼ਬਰ ਨੇ ਸੂਹ ਦਿੱਤੀ ਕਿ ਬਠਿੰਡਾ ਆਲੇ ਚੇਤਕ ਪਾਰਕ ’ਚ ਪ੍ਰੇਮੀ ਬੈਠੇ ਨੇ। ਸਿੰਘਾਂ ਨੇ ਛੱਡ’ਤੇ ਜੈਕਾਰੇ, ਪਾਰਕ ’ਚ ਜਾ ਮਾਰੇ ਲਲਕਾਰੇ, ਬਾਹਰ ਨਿਕਲੋ ਵੱਡੇ ਪ੍ਰੇਮੀਓ। ਪਾਰਕ ਦੀਆਂ ਝਾੜੀਆਂ ’ਚ ਕਿੰਨੇ ਹੀ ਜਵਾਨ ਜੋੜੇ ਹੱਥ ਜੋੜ ਨਿਕਲੇ। ਖ਼ਾਲਸਾ ਜੀ! ਅਸੀਂ ਤਾਂ ਹੀਰ ਰਾਂਝੇ ਦੇ ਵਾਰਸ ਹਾਂ, ਸਿਰਸੇ ਆਲੇ ਦੇ ਨਹੀਂ।
ਮਲੋਟ ਵੀ ਹੁਣ ਦਲਾਲਗੜ੍ਹ ਬਣਿਐ। ਮਲੋਟ ਆਲੇ ਪਿਉ ਪੁੱਤਾਂ ਨੇ ਰਾਗ ਦਲਾਲਵੀ ਛੇੜਿਆ, ਵਿਜੀਲੈਂਸ ਨੇ ਖੁੱਲ੍ਹ ਕੇ ਦਾਦ ਦਿੱਤੀ। ਪੰਜਾਬੀ ਫ਼ਿਲਮ ਦਾ ਡਾਇਲਾਗ ਐ, ‘ਕਾਕਾ ਜੀ ਪੁਲੀਸ ’ਚ ਨੇ, ਬੱਸ ਇਸ ਨੌਕਰੀ ਦੀ ਕੋਈ ਰੀਸ ਨਹੀਂ, ਚਾਹੇ ਦਿਨਾਂ ’ਚ ਮਹਿਲ ਖੜ੍ਹੇ ਕਰ ਲੋ।’ ਸੰਘੀ ਏਜੰਸੀਆਂ ਦੀ ਮੱਚਦੀ ਅੱਗ ’ਚ ਵੀ ਨਾ ਟਲਣ ਵਾਲੇ ਅਸਲ ’ਚ ਦਲੇਰ ਸਿੰਘ ਹੀ ਹੁੰਦੇ ਨੇ। ਅਗਲਿਆਂ ਨੇ ਵਿਜੀਲੈਂਸ ਦੇ ਵਿਚੋਲੇ ਹੀ ਡੁੱਕ ਲਏ। ਅਕਸ਼ੈ ਕੁਮਾਰ ਇੱਕ ਫ਼ਿਲਮ ’ਚ ਆਖਦੈ, ‘ਕਿਸ ਕੀ ਮਜਾਲ ਜੋ ਛੇੜੇ ਦਲੇਰ ਕੋ, ਗਰਦਿਸ਼ ਮੇ ਘੇਰ ਲੇਤੇ ਹੈ, ਗੀਦੜ ਭੀ ਸ਼ੇਰ ਕੋ।’
ਜਦੋਂ ਸੋਚਾਂ ਨੂੰ ਸੁੰਡੀ ਪੈ ਜਾਵੇ ਤੇ ਜ਼ਮੀਰਾਂ ਦਾ ਪਾਵਰਕੱਟ ਲੱਗ ਜਾਏ ਤਾਂ ਕਾਲਾ ਧੰਨ ਪੌਸ਼ਟਿਕ ਅਹਾਰ ਬਣਦੈ ਤੇ ਕਿਸੇ ਲਈ ਸਹਾਇਕ ਧੰਦਾ। ਚੋਣਾਂ ਮੌਕੇ ਨੇਤਾ ਜਣ ਕਬੀਰ ਦੇ ਚੇਲੇ ਬਣਦੇ ਨੇ,‘ ਕਬੀਰਾ ਖੜ੍ਹਾ ਬਾਜ਼ਾਰ ਮੇ, ਮਾਂਗੇ ਸਭ ਕੀ ਖ਼ੈਰ।’ ਵੋਟਰਾਂ ਪੱਲੇ ਪੈਂਦੀਆਂ ‘ਸ਼ੁਭ ਇੱਛਾਵਾਂ’ ਹੀ ਨੇ। ਚੋਣ ਜਲਸੇ ’ਚ ਲੱਡੂਆਂ ਦਾ ਲੰਗਰ ਸੀ। ਨਲੈਕ ਪ੍ਰਸ਼ਾਦ ਬੁੱਧੀਜੀਵੀ ਨੇ ਪੁੱਛਿਆ, ਬਈ! ਐਤਕੀਂ ਕੌਣ ਜਿੱਤੂਗਾ। ਅੱਗਿਓਂ ਮਹਾਤੜ ਦਾਸ ਮੂੰਹ ’ਚ ਲੱਡੂ ਪਾਉਂਦਿਆਂ ਬੋਲਿਆ, ਸਾਲਾ ਕੋਈ ਮਰਜ਼ੀ ਜਿੱਤੇ ਪਰ ਆਹ ਕੰਮ ਬੰਦ ਨੀ ਹੋਣਾ ਚਾਹੀਦਾ।
ਨੇਤਾ ਲੋਕ ਪੰਜ ਸਾਲ ਦਾ ਰੀਚਾਰਜ ਕੂਪਨ ਲੈਂਦੇ ਨੇ, ਫਿਰ ਢੋਲੇ ਦੀਆਂ ਲਾਉਂਦੇ ਨੇ। ਯੂਨਾਈਟਿਡ ਨੇਸ਼ਨਜ਼ ਨੂੰ ਇੱਕ ‘ਢਿੱਡ ਕਮਿਸ਼ਨ’ ਬਣਾਉਣਾ ਚਾਹੀਦੈ ਤਾਂ ਜੋ ਭਾਰਤੀ ਨੇਤਾਵਾਂ ਦੇ ਹਾਜ਼ਮੇ ਦਾ ਰਾਜ਼ ਪਤਾ ਲੱਗ ਸਕੇ। ਕਿੰਨਾ ਕੁੱਝ ਹੀ ਛੱਕ ਜਾਂਦੇ ਨੇ। ਕਾਮਰੇਡ ਹਰਦੇਵ ਅਰਸ਼ੀ ਅੱਕਿਆ ਬੈਠੈ, ‘ਅਖੇ, ਕਾਮਰੇਡ ਕੀ ਕਰਨ, ਸਿਆਸਤ ’ਚ ਤਾਂ ਵਪਾਰੀ ਆ ਵੜੇ।’ ਸ਼ੁਕਰ ਐ, ਲਲਾਰੀ ਨੀ ਕਿਹਾ, ਨਹੀਂ ਤਾਂ ਦਿੱਲੀ ਆਲਿਆਂ ਨੇ ਗ਼ੁੱਸਾ ਮਨਾਉਣਾ ਸੀ।
ਨੇਤਾ ਲੋਕ ਸੇਵਾ ਵੀ ਸੰਸਾਰੀ ਮੱਲ ਵਾਂਗੂ ਕਰਦੇ ਨੇ। ਮਾਲਕ ਨੇ ਨੌਕਰ ਨੂੰ ਪੁੱਛਿਆ, ਕਾਕਾ ਏਨੀ ਲੇਟ ਆਇਐਂ। ਅੱਗਿਓ ਸੰਸਾਰੀ ਮੱਲ ਬੋਲਿਆ, ਇੱਕ ਅੰਨ੍ਹੇ ਵਿਅਕਤੀ ਨੂੰ ਸੜਕ ਪਾਰ ਕਰੇਂਦਾ ਪਿਆ ਸੀ। ਫਿਰ ਏਨਾ ਟਾਈਮ ਕਿਵੇਂ ਲੱਗ ਗਿਆ। ਸਾਬ੍ਹ! ਅਸਲ ’ਚ ਓਹ ਸੂਰਮਾ ਸਿੰਘ ਸੜਕ ਪਾਰ ਨੀ ਕਰਨਾ ਚਾਹੁੰਦਾ ਸੀ ਪਰ ਦਾਸ ਨੇ ਹਾਰ ਨੀ ਮੰਨੀ। ਭਾਊ ਜੀ! ਵਰਿ੍ਹਆਂ ਤੋਂ ਇਹੋ ਧੱਕਾ ਪੰਜਾਬ ਝੱਲਦਾ ਪਿਐ। ਜਾਂਦੇ ਜਾਂਦੇ ਗੁਰਦਾਸ ਮਾਨ ਨੂੰ ਵੀ ਦਿਓ ਦਾਦ, ‘ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ..ਆਪਣਾ ਪੰਜਾਬ ਹੋਵੇ..।

No comments:
Post a Comment