Showing posts with label CBI. Show all posts
Showing posts with label CBI. Show all posts

Tuesday, October 6, 2026

ਸੀ ਬੀ ਆਈ ਜਾਂਚ
ਉੱਚ ਅਫ਼ਸਰਾਂ ਤੇ ਵਿਚੋਲਿਆਂ ਨੂੰ ਕੰਬਣੀ ਛਿੜੀ
ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੀ ਬੀ ਆਈ ਜਾਂਚ ਦੇ ਹੁਕਮਾਂ ਨਾਲ ਹੁਣ 61 ਮਾਮਲਿਆਂ ਦੀ ਚੀਰ-ਫਾੜ ਹੋਣ ਦੀ ਸੰਭਾਵਨਾ ਹੈ ਜਿਨ੍ਹਾਂ ਦਾ ਜ਼ਿਕਰ ਈ ਡੀ ਵੱਲੋਂ ਪੰਜਾਬ ਦੇ ਡੀ ਜੀ ਪੀ ਨੂੰ ਲਿਖੇ ਪੱਤਰਾਂ ’ਚ ਕੀਤਾ ਸੀ। ਸੀ ਬੀ ਆਈ ਜਾਂਚ ਦੇ ਹੁਕਮਾਂ ਨੇ ਕਰੀਬ ਦੋ ਦਰਜਨ ਉੱਚ ਅਫ਼ਸਰਾਂ ਅਤੇ ਪੰਜ ਵਿਚੋਲਿਆਂ ਨੂੰ ਧੁੜਕੂ ਲਗਾ ਦਿੱਤਾ ਹੈ।ਇਸ ਜਾਂਚ ਕਾਰਨ ਪੰਜਾਬ ਦੀ ਨੌਕਰਸ਼ਾਹੀ ’ਚ ਭੈਅ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਪਹਿਲਾਂ ਈ ਡੀ ਦੇ ਛਾਪਿਆਂ ਨੇ ਸਾਹ ਸੂਤੇ ਹੋਏ ਸਨ। ਸੀ ਬੀ ਆਈ ਵੱਲੋਂ ਈ ਡੀ ਦੇ ਪੱਤਰਾਂ ਦੇ ਆਧਾਰ ’ਤੇ ਉਨ੍ਹਾਂ 61 ਮਾਮਲਿਆਂ ਦੀ ਜਾਂਚ ਕੀਤੇ ਜਾਣ ਦੀ ਸੰਭਾਵਨਾ ਹੈ ਜਿਨ੍ਹਾਂ ਦਾ ਸਬੰਧ ਪ੍ਰਸ਼ਾਸਨਿਕ ਫ਼ੈਸਲਿਆਂ ’ਚ ਦਖ਼ਲਅੰਦਾਜ਼ੀ, ਸਰਕਾਰੀ ਅਫ਼ਸਰਾਂ ਦੇ ਤਬਾਦਲੇ ਅਤੇ ਤਾਇਨਾਤੀ, ਅਸਲਾ ਲਾਇਸੈਂਸ ਦੇ ਮਾਮਲੇ ਅਤੇ ਜ਼ਮੀਨੀ ਸੌਦਿਆਂ ਆਦਿ ਨਾਲ ਹੈ।

        ਈ ਡੀ ਨੇ ਡੀ ਜੀ ਪੀ ਨੂੰ ਲਿਖੇ ਪੱਤਰਾਂ ’ਚ 23 ਅਫ਼ਸਰਾਂ ਤੇ ਪੰਜ ਪ੍ਰਾਈਵੇਟ ਵਿਚੋਲਿਆਂ ’ਤੇ ਵੀ ਉਂਗਲ ਉਠਾਈ ਸੀ। ਈ ਡੀ ਦੇ ਪੱਤਰ ਵਿਚੋਲਿਆਂ ਜ਼ਰੀਏ 21 ਤਬਾਦਲਿਆਂ ਵੱਲ ਵੀ ਇਸ਼ਾਰਾ ਕਰਦੇ ਸਨ। ਪੱਤਰਾਂ ’ਚ ਕਥਿਤ ਤੌਰ ’ਤੇ ਮੁੱਖ ਮੰਤਰੀ ਦਫ਼ਤਰ ਦੇ ਉੱਚ ਸਿਆਸੀ ਅਧਿਕਾਰੀ ਤੇ ਉਸ ਦੇ ਨੇੜਲੇ ਸਾਥੀਆਂ ਦਾ ਜ਼ਿਕਰ ਹੈ। ਈ ਡੀ ਵੱਲੋਂ ਨਿਤਿਨ ਗੋਹਲ ’ਤੇ ਛਾਪੇਮਾਰੀ ਦੌਰਾਨ ਬਹੁਮੰਜ਼ਿਲਾ ਇਮਾਰਤ ਤੋਂ ਨੋਟਾਂ ਦੇ ਭਰੇ ਬੈਗ ਸੁੱਟੇ ਜਾਣ ਨਾਲ ਇਹ ਮਾਮਲਾ ਸੁਰਖ਼ੀਆਂ ’ਚ ਆ ਗਿਆ ਸੀ।ਈ ਡੀ ਨੇ ਕਿਹਾ ਕਿ ਤਬਾਦਲਿਆਂ ਦੀ ਸੂਚੀ ਅੰਤਿਮ ਰੂਪ ’ਚ ਜਾਰੀ ਹੋਣ ਤੋਂ ਪਹਿਲਾਂ ਇਨ੍ਹਾਂ ਵਿਚੋਲਿਆਂ ਨੂੰ ਭੇਜੀ ਜਾਂਦੀ ਸੀ ਜਿਸ ਕਰ ਕੇ ਉਨ੍ਹਾਂ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇ ਪੱਤਰਾਂ ’ਚ ਅਜਿਹੇ 11 ਮਾਮਲਿਆਂ ਦਾ ਜ਼ਿਕਰ ਹੈ ਜਿਨ੍ਹਾਂ ’ਚ 89.55 ਲੱਖ ਰੁਪਏ ਦੇ ਲੈਣ-ਦੇਣ ਦੀ ਗੱਲ ਆਖੀ ਗਈ ਹੈ।

        ਇਨ੍ਹਾਂ ਮਾਮਲਿਆਂ ’ਚ ਅਨਾਜ ਲਈ ਆਵਾਜਾਈ ਨੀਤੀ, ਫੋਰਟੀਫਾਈਡ ਰਾਈਸ ਦੇ ਨਿਰਮਾਤਾਵਾਂ ਦੀ ਸੂਚੀਬੱਧਤਾ ਅਤੇ ਵੇਰਕਾ ਲਈ ਐੱਸ ਏ ਪੀ ਲਾਇਸੈਂਸ ਰੱਖਣ ਤੋਂ ਇਲਾਵਾ ਕਾਰੋਬਾਰਾਂ ਦੇ ਲਾਇਸੈਂਸਾਂ ਦਾ ਨਵੀਨੀਕਰਨ ਆਦਿ ਸ਼ਾਮਲ ਹਨ। ਸੂਤਰਾਂ ਮੁਤਾਬਕ ਸੀ ਬੀ ਆਈ ਇਨ੍ਹਾਂ ਪੱਤਰਾਂ ਤੋਂ ਇਲਾਵਾ ਜਾਂਚ ਦਾ ਘੇਰਾ ਹੋਰ ਵੀ ਮੋਕਲਾ ਕਰ ਸਕਦੀ ਹੈ। ਇਸੇ ਤਰ੍ਹਾਂ ਈ ਡੀ ਦਾ ਪੱਤਰ ਅਜਿਹੇ ਸੱਤ ਮਾਮਲਿਆਂ ’ਤੇ ਵੀ ਉਂਗਲ ਉਠਾਉਂਦਾ ਹੈ ਜਿੱਥੇ ਗੋਹਲ ਨੇ ਕਥਿਤ ਤੌਰ ’ਤੇ ਜ਼ਮੀਨੀ ਸੌਦਿਆਂ ਅਤੇ ਰੀਅਲ ਅਸਟੇਟ ਡਿਵੈਲਪਰਾਂ ਨਾਲ ਸਬੰਧਤ ਕੰਮਾਂ ’ਚ ਭੂਮਿਕਾ ਨਿਭਾਈ ਹੈ। ਨਿਤਿਨ ਗੋਹਲ ਪਹਿਲਾਂ ਹੀ ਇਸ ਮਾਮਲੇ ਨੂੰ ਸਿਆਸੀ ਬਦਲਾਖੋਰੀ ਦਾ ਕੇਸ ਕਰਾਰ ਦੇ ਚੁੱਕੇ ਹਨ। ਸੱਤ ਅਸਲਾ ਲਾਇਸੈਂਸਾਂ ਦੇ ਮਾਮਲੇ ਵੀ ਉੱਭਰ ਕੇ ਸਾਹਮਣੇ ਆਏ ਹਨ। 

        ਈ ਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ 2002 ਦੀ ਧਾਰਾ 66 (2) ਤਹਿਤ ਪੰਜਾਬ ਸਰਕਾਰ ਨੂੰ ਇਹ ਪੱਤਰ ਭੇਜੇ ਸਨ। ਹਾਈ ਕੋਰਟ ’ਚ ਦਾਇਰ ਪਟੀਸ਼ਨ ’ਚ ਦੋਸ਼ ਲਾਇਆ ਗਿਆ ਕਿ ਇਨ੍ਹਾਂ ਤੱਥਾਂ ਅਤੇ ਉੱਚ ਸਰਕਾਰੀ ਅਹੁਦਿਆਂ ’ਤੇ ਭ੍ਰਿਸ਼ਟਾਚਾਰ ਨਾਲ ਜੁੜੇ ਹੋਰ ਮਾਮਲਿਆਂ ਨੂੰ ਉਜਾਗਰ ਕੀਤੇ ਜਾਣ ਦੇ ਬਾਵਜੂਦ ਪੰਜਾਬ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ।

Tuesday, June 9, 2026

 ਵਿਚੋਲੇ ਦੀ ਪੀੜ
ਝੱਲ ਨਹੀਓਂ ਹੁੰਦਾ ਪਿੱਠ ਦਾ ਦਰਦ...
ਚਰਨਜੀਤ ਭੁੱਲਰ

ਚੰਡੀਗੜ੍ਹ : ‘ਬੜੈਲ ਜੇਲ੍ਹ ’ਚ ‘ਰਿਸ਼ਵਤ ਕਾਂਡ’ ਮਾਮਲੇ ’ਚ ਬੰਦ ਮਲੋਟ ਦੇ ਵਿਕਾਸ ਗੋਇਲ ਉਰਫ਼ ਵਿੱਕੀ ਗੋਇਲ ਤੋਂ ਪਿੱਠ ਦਰਦ ਦੀ ਤਕਲੀਫ਼ ਝੱਲੀ ਨਹੀਂ ਜਾ ਰਹੀ ਪ੍ਰੰਤੂ ਜੇਲ੍ਹ ਪ੍ਰਸ਼ਾਸਨ ਕੋਈ ਗ਼ੌਰ ਨਹੀਂ ਕਰ ਰਿਹਾ ਹੈ।’ ਮੁਲਜ਼ਮ ਵਿਕਾਸ ਗੋਇਲ ਨੇ ਆਪਣੀ ਇਹ ਦਰਦ ਕਹਾਣੀ ਸੀ ਬੀ ਆਈ ਦੀ ਚੰਡੀਗੜ੍ਹ ਅਦਾਲਤ ਅੱਗੇ ਰੱਖੀ ਹੈ। ਵਿਕਾਸ ਗੋਇਲ ਨੇ ਵੀਡੀਓ ਕਾਨਫ਼ਰੰਸ ਜ਼ਰੀਏ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਰੀੜ੍ਹ ਦੀ ਹੱਡੀ ਦੀ ਸਮੱਸਿਆ ਹੈ ਅਤੇ ਸੈਕਟਰ-32 ਦੇ ਸਰਕਾਰੀ ਹਸਪਤਾਲ ’ਚ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਹੱਡੀਆਂ ਦੇ ਮਾਹਿਰ ਡਾਕਟਰ ਤੋਂ ਸਲਾਹ ਲੈਣ ਲਈ ਕਿਹਾ ਸੀ। ਵਿਕਾਸ ਗੋਇਲ ਨੇ ਸ਼ਿਕਾਇਤ ਕੀਤੀ ਕਿ ਬੜੈਲ ਜੇਲ੍ਹ ਪ੍ਰਸ਼ਾਸਨ ਨੇ ਇਸ ਪਾਸੇ ਕੋਈ ਧਿਆਨ ਹੀ ਨਹੀਂ ਦਿੱਤਾ। ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਵਿਕਾਸ ਗੋਇਲ ਨੂੰ ਸੈਕਟਰ 32 ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਾਇਆ ਗਿਆ ਸੀ ਅਤੇ ਗੋਇਲ ਨੇ ਆਪਣੀ ਪੇਸ਼ੀ ਵੀ ਹਸਪਤਾਲ ’ਚੋਂ ਹੀ ਭੁਗਤੀ ਸੀ।

        ਸੂਤਰ ਆਖਦੇ ਹਨ ਕਿ ਜੇਲ੍ਹ ਪ੍ਰਸ਼ਾਸਨ ਵਿਕਾਸ ਗੋਇਲ ਦੀ ਬਿਮਾਰੀ ਨੂੰ ਸ਼ੱਕੀ ਨਜ਼ਰਾਂ ਨਾਲ ਦੇਖ ਰਿਹਾ ਹੈ। ਸੀ ਬੀ ਆਈ ਦੀ ਚੰਡੀਗੜ੍ਹ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਨਿਰਦੇਸ਼ ਦਿੱਤੇ ਹਨ ਕਿ ਜੇਲ੍ਹ ਮੈਨੂਅਲ ਅਤੇ ਸੈਕਟਰ 32 ਦੇ ਹਸਪਤਾਲ ਦੇ ਡਾਕਟਰਾਂ ਦੀ ਸਲਾਹ ਦੇ ਅਧਾਰ ’ਤੇ ਵਿਕਾਸ ਗੋਇਲ ਦਾ ਤੁਰੰਤ ਇਲਾਜ ਕਰਵਾਇਆ ਜਾਵੇ। ਇਤਫ਼ਾਕ ਹੀ ਸਮਝੋ ਕਿ ਸੀ ਬੀ ਆਈ ਵੱਲੋਂ ਫੜੇ ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੇ ਵੀ ਜੇਲ੍ਹ ਜਾਣ ਮਗਰੋਂ ਪਿੱਠ ਦਰਦ ਦੀ ਸ਼ਿਕਾਇਤ ਰੱਖੀ ਸੀ। ਅਦਾਲਤ ’ਚ ਅਰਜ਼ੀ ਦਾਇਰ ਕਰਕੇ ਪੁਲੀਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਨੇ ਜੇਲ੍ਹ ਅੰਦਰ ਗੱਦਾ ਮੁਹੱਈਆ ਕਰਾਏ ਜਾਣ ਦੀ ਮੰਗ ਕੀਤੀ ਸੀ ਅਤੇ ਅਦਾਲਤ ਨੇ ਜੇਲ੍ਹ ਮੈਨੂਅਲ ਅਨੁਸਾਰ ਹਰਚਰਨ ਸਿੰਘ ਭੁੱਲਰ ਦੀ ਮੰਗ ’ਤੇ ਗ਼ੌਰ ਕਰਨ ਲਈ ਜੇਲ੍ਹ ਪ੍ਰਸ਼ਾਸਨ ਨੂੰ ਕਿਹਾ ਸੀ। ਪਿੱਠ ਦਰਦ ਦੀ ਸ਼ਿਕਾਇਤ ਹੁਣ ਮਲੋਟ ਦੇ ਵਿਕਾਸ ਗੋਇਲ ਨੇ ਦਰਜ ਕਰਾਈ ਹੈ।

        ਅਸਲ ’ਚ ਵਿਕਾਸ ਗੋਇਲ ਦਾ ਸਰੀਰਕ ਵਜ਼ਨ ਕਾਫ਼ੀ ਜ਼ਿਆਦਾ ਹੈ ਅਤੇ ਜੇਲ੍ਹ ਝੱਲਣੀ ਕਾਰੋਬਾਰੀ ਲੋਕਾਂ ਲਈ ਸੌਖੀ ਨਹੀਂ ਹੁੰਦੀ। ਜ਼ਿਕਰਯੋਗ ਹੈ ਕਿ ਸੀ ਬੀ ਆਈ ਨੇ 11 ਮਈ ਨੂੰ ਮਲੋਟ ਦੇ ਵਿਕਾਸ ਗੋਇਲ ਤੇ ਰਾਘਵ ਗੋਇਲ ਦੇ ਡਰਾਈਵਰ ਅੰਕਿਤ ਵਧਵਾ ਨੂੰ ਚੰਡੀਗੜ੍ਹ ਦੇ ਇੱਕ ਹੋਟਲ ’ਚ 13 ਲੱਖ ਰੁਪਏ ਦੀ ਨਗਦੀ ਤੇ ਮੋਬਾਈਲ ਫ਼ੋਨ ਸਮੇਤ ਦਬੋਚਿਆ ਸੀ। ਸੀ ਬੀ ਆਈ ਨੇ ਟਰੈਪ ਕੇਸ ’ਚ ਵਿਕਾਸ ਗੋਇਲ ਤੇ ਰਾਘਵ ਗੋਇਲ ਨੂੰ ਅੰਬਾਲਾ ਲਾਗਿਓਂ ਗ੍ਰਿਫ਼ਤਾਰ ਕਰ ਲਿਆ ਸੀ ਪਰ ਰੀਡਰ ਰਾਣਾ ਫ਼ਰਾਰ ਹੋ ਗਿਆ ਸੀ। ਡਰਾਈਵਰ ਅੰਕਿਤ ਵਧਵਾ ਨੂੰ ਉਸ ਮਗਰੋਂ ਹੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ ਜਦੋਂ ਕਿ ਵਿਕਾਸ ਗੋਇਲ ਅਤੇ ਰਾਘਵ ਗੋਇਲ ਤੋਂ ਪੁੱਛਗਿੱਛ ਕੀਤੀ ਗਈ ਸੀ। ਮਲੋਟ ’ਚ ਤਾਇਨਾਤ ਟੈਕਸ ਅਧਿਕਾਰੀ ਦੀ ਸ਼ਿਕਾਇਤ ’ਤੇ ਸੀ ਬੀ ਆਈ ਨੇ ਟਰੈਪ ਅਪਰੇਸ਼ਨ ਕੀਤਾ ਸੀ ਜਿਸ ’ਚ ਹੁਣ ਵਿਜੀਲੈਂਸ ਵੀ ਘਿਰਦੀ ਨਜ਼ਰ ਆ ਰਹੀ ਹੈ।

 ਰਿਸ਼ਵਤ ਕਾਂਡ
 ਤਿੱਕੜੀ ਖੋਲ੍ਹ ਸਕਦੀ ਹੈ ਵਿਜੀਲੈਂਸ ਦੇ ਰਾਜ਼
ਚਰਨਜੀਤ ਭੁੱਲਰ  

ਚੰਡੀਗੜ੍ਹ :ਚੰਡੀਗੜ੍ਹ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਅੱਜ ਵਿਜੀਲੈਂਸ ਮੁਖੀ ਦੇ ਰੀਡਰ ਓ ਪੀ ਰਾਣਾ ਦੇ ਪੁਲੀਸ ਰਿਮਾਂਡ ’ਚ ਪੰਜ ਦਿਨਾਂ ਦਾ (12 ਜੂਨ ਤੱਕ) ਵਾਧਾ ਕਰ ਦਿੱਤਾ ਹੈ। ਇਸੇ ਤਰ੍ਹਾਂ ਬੁੜੈਲ ਜੇਲ੍ਹ ’ਚ ਬੰਦ ਮੁਲਜ਼ਮ ਰਾਘਵ ਗੋਇਲ ਅਤੇ ਅੰਕਿਤ ਵਧਵਾ ਨੂੰ ਵੀ ਪੰਜ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਸੀ ਬੀ ਆਈ ਨੇ ਜੇਲ੍ਹ ’ਚੋਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਹੈ। ਸੀ ਬੀ ਆਈ ਵੱਲੋਂ ਪਹਿਲੀ ਵਾਰ ਰਾਣਾ ਅਤੇ ਬਾਕੀ ਦੋਵੇਂ ਮੁਲਜ਼ਮਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛ-ਗਿੱਛ ਕੀਤੀ ਜਾਵੇਗੀ। ਇਹ ਤਿੱਕੜੀ ਵਿਜੀਲੈਂਸ ਦੇ ਰਾਜ਼ ਖੋਲ੍ਹ ਸਕਦੀ ਹੈ। ਰੀਡਰ ਰਾਣਾ ਦੇ ਆਤਮ-ਸਮਰਪਣ ਕਰਨ ਮਗਰੋਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਸੀ ਬੀ ਆਈ ਟੀਮ ਆਹਮੋ-ਸਾਹਮਣੇ ਬਿਠਾ ਕੇ ਮੁਲਜ਼ਮਾਂ ਨੂੰ ਵਿੱਤੀ ਲੈਣ-ਦੇਣ ਅਤੇ ਆਪਸ ’ਚ ਹੋਈਆਂ ਮੀਟਿੰਗਾਂ ਬਾਰੇ ਸੁਆਲ-ਜੁਆਬ ਕਰੇਗੀ। 

       ਸੀ ਬੀ ਆਈ ਨੂੰ ਰਾਣਾ ਤੋਂ ਕੀਤੀ ਪੁੱਛ-ਪੜਤਾਲ ਦੌਰਾਨ ਇੱਕ ਅਹਿਮ ਉਪਕਰਣ ਹੱਥ ਲੱਗਾ ਸੀ ਜਿਸ ਤੋਂ ਕਈ ਨਵੇਂ ਭੇਤ ਖੁੱਲ੍ਹੇ ਹਨ। ਸੀ ਬੀ ਆਈ ਨੂੰ ਪਿਛਲੇ ਦਿਨਾਂ ’ਚ ਪੁੱਛ-ਪੜਤਾਲ ਦੌਰਾਨ ਇੱਕ ਹੋਰ ਉਪਕਰਣ ਦੀ ਵਰਤੋਂ ਦਾ ਪਤਾ ਲੱਗਿਆ ਹੈ ਜਿਸ ਨੂੰ ਹਾਲੇ ਬਰਾਮਦ ਕੀਤਾ ਜਾਣਾ ਹੈ। ਇਸ ਡਿਵਾਈਸ ’ਚ ਸੌਦੇਬਾਜ਼ੀ ਨਾਲ ਸਬੰਧਤ ਅਹਿਮ ਸਬੂਤ ਹੋਣ ਦੀ ਸੰਭਾਵਨਾ ਹੈ। ਸੀ ਬੀ ਆਈ ਦੀ ਪਿਛਲੀ ਪੁੱਛ-ਪੜਤਾਲ ਦੌਰਾਨ ਕਈ ਨਵੇਂ ਖ਼ੁਲਾਸੇ ਵੀ ਹੋਏ ਹਨ ਜਿਸ ’ਚ ਸਾਹਮਣੇ ਆਇਆ ਹੈ ਕਿ ਕਿਵੇਂ ਵਿਜੀਲੈਂਸ ਦੀਆਂ ਗੁਪਤ ਸ਼ਿਕਾਇਤਾਂ ਤੱਕ ਪਹੁੰਚ ਬਣਾਈ ਜਾਂਦੀ ਸੀ ਅਤੇ ਲੋਕਾਂ ਤੋਂ ਪੈਸੇ ਵਸੂਲ ਕਰਨ ਵਾਸਤੇ ਇਨ੍ਹਾਂ ਸ਼ਿਕਾਇਤਾਂ ਦਾ ਨਾਜਾਇਜ਼ ਫਾਇਦਾ ਉਠਾਇਆ ਜਾਂਦਾ ਸੀ। ਸੀ ਬੀ ਆਈ ਹੁਣ ਪੰਜ ਦਿਨਾਂ ਪੁਲੀਸ ਰਿਮਾਂਡ ਦੌਰਾਨ ਵਿਜੀਲੈਂਸ ਬਿਊਰੋ ਦੇ ਸੀਨੀਅਰ ਅਫ਼ਸਰਾਂ ਵੱਲ ਰਾਹ ਬਣਾ ਸਕਦੀ ਹੈ।

       ਮੁਲਜ਼ਮ ਰਾਘਵ ਗੋਇਲ ਦੇ ਮੋਬਾਈਲ ਫੋਨ ਤੋਂ ਕੁੱਝ ਅਜਿਹੀ ਚੈਟ ਦਾ ਵੀ ਪਤਾ ਲੱਗਿਆ ਹੈ ਜੋ ਸਿੱਧੀ ਅਫ਼ਸਰਾਂ ਨਾਲ ਤਾਰ ਜੋੜਦੀ ਹੈ। ਵਿਜੀਲੈਂਸ ਅਫ਼ਸਰਾਂ ਲਈ ਆਉਂਦੇ ਦਿਨ ਮੁਸ਼ਕਲਾਂ ਭਰੇ ਹੋ ਸਕਦੇ ਹਨ। ਅਦਾਲਤ ਨੇ ਮੁਲਜ਼ਮਾਂ ਦੀ ਮੈਡੀਕਲ ਜਾਂਚ ਕਰਾਏ ਜਾਣ ਦੇ ਨਿਰਦੇਸ਼ ਵੀ ਦਿੱਤੇ ਅਤੇ ਰੀਡਰ ਰਾਣਾ ਨੂੰ ਉਸ ਦੇ ਵਕੀਲ ਨਾਲ ਰੋਜ਼ਾਨਾ ਅੱਧਾ ਘੰਟਾ ਮਿਲਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ। ਮੁਲਜ਼ਮਾਂ ਦੇ ਵਕੀਲਾਂ ਨੇ ਹੋਰ ਪੁਲੀਸ ਰਿਮਾਂਡ ਲੈਣ ਲਈ ਸੀ ਬੀ ਆਈ ਵੱਲੋਂ ਬਣਾਏ ਆਧਾਰਾਂ ਨੂੰ ਮਨਘੜਤ ਅਤੇ ਅਸਪੱਸ਼ਟ ਦੱਸਿਆ। ਚੇਤੇ ਰਹੇ ਕਿ ਸੀ ਬੀ ਆਈ ਨੇ ਟੈਕਸ ਅਧਿਕਾਰੀ ਦੀ ਸ਼ਿਕਾਇਤ ’ਤੇ 11 ਮਈ ਨੂੰ ਟਰੈਪ ਅਪਰੇਸ਼ਨ ਕੀਤਾ ਸੀ ਜਿਸ ’ਚ ਅੰਕਿਤ ਵਧਵਾ ਨੂੰ ਟੈਕਸ ਅਧਿਕਾਰੀ ਤੋਂ 13 ਲੱਖ ਰੁਪਏ ਦੀ ਨਗਦੀ ਅਤੇ ਇੱਕ ਮੋਬਾਈਲ ਫੋਨ ਲੈਂਦੇ ਫੜਿਆ ਸੀ।

        ਉਸ ਮੌਕੇ ਮਲੋਟ ਦੇ ਵਿਕਾਸ ਗੋਇਲ ਅਤੇ ਰਾਘਵ ਗੋਇਲ ਫਰਾਰ ਹੋ ਗਏ ਸਨ ਪ੍ਰੰਤੂ ਉਨ੍ਹਾਂ ਨੂੰ ਸੀ ਬੀ ਆਈ ਨੇ ਅੰਬਾਲਾ ਲਾਗਿਓਂ ਦਬੋਚ ਲਿਆ ਸੀ। ਰੀਡਰ ਰਾਣਾ ਨੇ ਬਾਅਦ ’ਚ ਸੀ ਬੀ ਆਈ ਅਦਾਲਤ ’ਚ ਆਤਮ-ਸਮਰਪਣ ਕਰ ਦਿੱਤਾ ਸੀ।

Sunday, May 24, 2026

 ਰਾਣੇ ਦਾ ਰਾਜ਼ 
 ਧਰੇ-ਧਰਾਏ ਰਹਿ ਗਏ ਫੁੱਲ ’ਤੇ ਤੋਹਫ਼ੇ ! 
ਚਰਨਜੀਤ ਭੁੱਲਰ 

ਚੰਡੀਗੜ੍ਹ : ‘ਫੁੱਲ ਤੇ ਤੋਹਫ਼ਾ’, ਇਹ ਕਿਸੇ ਕਹਾਣੀ ਦਾ ਸਿਰਲੇਖ ਨਹੀਂ ਬਲਕਿ ਸੀ ਬੀ ਆਈ ਦੇ ਜਾਲ ’ਚ ਫਸੇ ਵਿਜੀਲੈਂਸ ਬਿਊਰੋ ਪੰਜਾਬ ਦੇ ਮੁਖੀ ਦੇ ਰੀਡਰ ਓ ਪੀ ਰਾਣਾ ਵੱਲੋਂ ਆਪਣੇ ਬਚਾਅ ਲਈ ਕੀਤੀ ਪੇਸ਼ਕਾਰੀ ਦਾ ਅੰਸ਼ ਹੈ। ਸੀ ਬੀ ਆਈ ਅਦਾਲਤ ’ਚ ਰੀਡਰ ਰਾਣਾ ਤਰਫ਼ੋਂ ਜੋ ਦਲੀਲਾਂ ਪੇਸ਼ ਹੋਈਆਂ ਹਨ, ਉਨ੍ਹਾਂ ਦਾ ਅਧਾਰ ‘ਫੁੱਲ ਤੇ ਤੋਹਫ਼ਾ’ ਬਣੇ ਹਨ। ਹਾਲਾਂਕਿ ਰੀਡਰ ਰਾਣਾ ਨੂੰ ਇਹ ਤਰਕ ਅਦਾਲਤ ਚੋਂ ਅਗਾਊਂ ਜ਼ਮਾਨਤ ਤਾਂ ਨਹੀਂ ਦਿਵਾ ਸਕੇ ਪ੍ਰੰਤੂ ਰੀਡਰ ਰਾਣਾ ਨੇ ਸੀ ਬੀ ਆਈ ਦੀ ਮਾਰ ਚੋਂ ਬਚਣ ਲਈ ਇੱਕ ਨਵੀਂ ਤਫ਼ਸੀਲ ਅਦਾਲਤ ’ਚ ਪੇਸ਼ ਕੀਤੀ। ਬਚਾਅ ਪੱਖ ਤਰਫ਼ੋਂ ਅਦਾਲਤ ’ਚ ਤਰਕ ਦਿੱਤਾ ਗਿਆ ਕਿ ਜਿਸ ਸਮੇਂ 11 ਮਈ ਨੂੰ ਸੀ ਬੀ ਆਈ ਨੇ ਮਲੋਟ ਦੇ ਪਿਉ ਪੁੱਤ ਵਿਕਾਸ ਗੋਇਲ ਤੇ ਰਾਘਵ ਗੋਇਲ ਦੇ ਡਰਾਈਵਰ ਅੰਕਿਤ ਵਧਵਾ ਨੂੰ ਜੇ.ਡਬਲਿਊ.ਮੈਰੀਐਟ ਹੋਟਲ ’ਚ 13 ਲੱਖ ਰੁਪਏ ਦੀ ਨਗਦੀ ਤੇ ਮੋਬਾਈਲ ਫ਼ੋਨ ਸਮੇਤ ਦਬੋਚਿਆ ਸੀ ਤਾਂ ਉਸ ਵਕਤ ਰੀਡਰ ਰਾਣਾ ‘ਸ਼ਾਮ ਫ਼ੈਸ਼ਨ ਮਾਲ’ ’ਚ ਖ਼ਰੀਦਦਾਰੀ (ਤੋਹਫ਼ਾ) ਕਰ ਰਿਹਾ ਸੀ ਅਤੇ ਫੁੱਲਾਂ ਵਾਲੀ ਦੁਕਾਨ ਤੋਂ ਫੁੱਲ ਖ਼ਰੀਦ ਰਿਹਾ ਸੀ।

          ਫੁੱਲ ਤੇ ਤੋਹਫ਼ੇ ਦੀ ਖ਼ਰੀਦਦਾਰੀ ਮਗਰੋਂ ਰੀਡਰ ਰਾਣਾ ਨੇ ਸੈਕਟਰ-7 ਦੇ ਹੋਟਲ ਮਾਲੇਸ਼ਵਰਮ ’ਚ ਇੱਕ ਰਿਸ਼ਤੇਦਾਰ ਦੀ ਜਨਮ ਦਿਨ ਪਾਰਟੀ ’ਚ ਸ਼ਾਮਲ ਹੋਣਾ ਸੀ। ਰਾਣਾ ਦੇ ਵਕੀਲਾਂ ਨੇ ਅਦਾਲਤ ’ਚ ਫੁੱਲਾਂ ਵਾਲੀ ਦੁਕਾਨ ਦੀ ਵੀਡੀਓ ਵੀ ਮੌਜੂਦ ਹੋਣ ਦੀ ਗੱਲ ਆਖੀ ਅਤੇ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਡਰ ’ਚ ਭੱਜ ਰਿਹਾ ਹੋਵੇਗਾ ਤਾਂ ਉਹ ਇੰਨੇ ਆਰਾਮ ਨਾਲ ਖ਼ਰੀਦਦਾਰੀ ਕਿਵੇਂ ਕਰੇਗਾ। ਅਦਾਲਤ ’ਚ ‘ਸ਼ਾਮ ਫ਼ੈਸ਼ਨ ਮਾਲ’ ਦਾ ਬਿੱਲ ਵੀ ਪੇਸ਼ ਕੀਤਾ ਗਿਆ। ਦੱਸਣਯੋਗ ਹੈ ਕਿ ਸੀ ਬੀ ਆਈ ਟੀਮ ਨੇ ਮੈਰੀਅਟ ਹੋਟਲ ’ਚ ਟਰੈਪ ਮਗਰੋਂ ਰੀਡਰ ਰਾਣਾ ਦੇ ਸੈਕਟਰ  23-ਡੀ ਵਿਚਲੇ ਘਰ ’ਚ ਵੀ ਛਾਪੇਮਾਰੀ ਕੀਤੀ ਸੀ। ਰਾਣਾ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਬਹਿਸ ਮੌਕੇ ਸੀ ਬੀ ਆਈ ਨੇ ਦਲੀਲ ਦਿੱਤੀ ਕਿ ਜਿਸ ‘ਸ਼ਾਮ ਫ਼ੈਸ਼ਨ ਮਾਲ’ ’ਚ ਰੀਡਰ ਰਾਣਾ ਵੱਲੋਂ ਖ਼ਰੀਦਦਾਰੀ ਕੀਤੇ ਜਾਣ ਦੀ ਗੱਲ ਕਹੀ ਗਈ ਹੈ, ਉਹ ਫ਼ੈਸ਼ਨ ਮਾਲ ਹੋਟਲ ਮੈਰੀਅਟ ਦੇ ਬਿਲਕੁਲ ਨੇੜੇ ਹੈ ਜਿੱਥੇ ਟਰੈਪ ਲਾਇਆ ਗਿਆ ਸੀ। 

        ਕਹਿਣ ਦਾ ਭਾਵ ਕਿ ਇਹ ਭੂਗੋਲਿਕ ਸਥਿਤੀ ਸਾਬਤ ਕਰਦੀ ਹੈ ਕਿ ਰਾਣਾ ਘਟਨਾ ਮੌਕੇ ਆਸ ਪਾਸ ਸੀ ਅਤੇ ਟਰੈਪ ਦੀ ਕਾਰਵਾਈ ਦਾ ਪਤਾ ਲੱਗਦੇ ਫ਼ਰਾਰ ਹੋ ਗਿਆ। ਅਦਾਲਤ ਨੇ ਫ਼ੈਸਲੇ ’ਚ ਕਿਹਾ ਕਿ ਸ਼ਾਮ  ਫ਼ੈਸ਼ਨ ਮਾਲ ਦਾ ਬਿੱਲ ਰਾਣਾ ਦੇ ਨਾਮ ’ਤੇ ਨਹੀਂ ਸੀ। ਸੀ ਬੀ ਆਈ ਨੇ ਪੱਖ ਪੇਸ਼ ਕੀਤਾ ਕਿ ਟੀਮ ਜਦੋਂ ਰਾਣਾ ਦੀ ਰਿਹਾਇਸ਼ ’ਤੇ ਗਈ ਸੀ ਤਾਂ ਉਸ ਮੌਕੇ ਗਵਾਹਾਂ ਦੀ ਮੌਜੂਦਗੀ ’ਚ ਰਾਣਾ ਦੇ ਪੁੱਤਰ ਹਰਸ਼ ਰਾਣਾ ਨੇ ਆਪਣੇ ਪਿਤਾ ਨੂੰ ਫ਼ੋਨ ਲਾ ਕੇ ਸੀ ਬੀ ਆਈ ਦੀ ਜਾਣਕਾਰੀ ਦਿੱਤੀ ਅਤੇ ਘਰ ਆਉਣ ਲਈ ਕਿਹਾ। ਅੱਗਿਓਂ ਰਾਣਾ ਨੇ ਸੈਕਟਰ ਸੱਤ ’ਚ ਕਿਸੇ ਰਿਸ਼ਤੇਦਾਰ ਦੀ ਪਾਰਟੀ ’ਚ ਜਾਣ ਦੀ ਗੱਲ ਕਹੀ। ਅਦਾਲਤ ’ਚ ਇਹ ਵੀ ਗੱਲ ਰਿਕਾਰਡ ’ਤੇ ਹੈ ਕਿ ਰਾਣਾ ਦੀ ਪਤਨੀ ਨੀਨਾ ਰਾਣਾ ਨੇ ਵੀ ਸੀ ਬੀ ਆਈ ਟੀਮ ਨੂੰ ਕਿਹਾ ਕਿ ਉਸ ਦੇ ਪਤੀ ਘਰ ਦੇ ਪਿਛਲੇ ਪਾਸੇ ਮੌਜੂਦ ਹਨ।

         ਜਦੋਂ ਟੀਮ ਉਸ ਜਗ੍ਹਾ ’ਤੇ ਗਈ ਤਾਂ ਰਾਣਾ ਉੱਥੇ ਮੌਜੂਦ ਨਹੀਂ ਸੀ ਅਤੇ ਰਾਣਾ ਦਾ ਡਰਾਈਵਰ ਪੰਕਜ ਚੋਪੜਾ ਘਬਰਾਇਆ ਹੋਇਆ ਖੜ੍ਹਾ ਸੀ ਜਿਸ ਨੇ ਟੀਮ ਨੂੰ ਦੱਸਿਆ ਕਿ ਰਾਣਾ ਗੱਡੀ ਚੋਂ ਉੱਤਰ ਕੇ ਕਿਸੇ ਪ੍ਰਾਈਵੇਟ ਵਾਹਨ ’ਚ ਚਲਿਆ ਗਿਆ। ਟੀਮ ਸੈਕਟਰ ਸੱਤ ਦੇ ਹੋਟਲ ’ਚ ਵੀ ਗਈ ਜਿੱਥੇ ਰਾਣਾ ਮੌਜੂਦ ਨਹੀਂ ਸੀ। ਸੀ ਬੀ ਆਈ ਅਦਾਲਤ ਨੇ ਬਹਿਸ ਦੀ ਸੁਣਵਾਈ ਮਗਰੋਂ ਓ ਪੀ ਰਾਣਾ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ।

                                 ਬਿਨਾਂ ਆਰਡਰਾਂ ਤੋਂ ਵਿਜੀਲੈਂਸ ’ਚ ਤਾਇਨਾਤੀ

ਅਦਾਲਤੀ ਫ਼ੈਸਲੇ ਚੋਂ ਸਾਹਮਣੇ ਆਇਆ ਕਿ ਓ ਪੀ ਰਾਣਾ ਗੈਰ ਕਾਨੂੰਨੀ ਤੌਰ ’ਤੇ ਰੀਡਰ ਦੇ ਅਹੁਦੇ ਤੇ ਬੈਠਾ ਹੋਇਆ ਸੀ। ਰਾਣਾ ਦੇ 29 ਜੁਲਾਈ 2020 ਨੂੰ ਆਖ਼ਰੀ ਆਰਡਰ ਏਡੀਜੀਪੀ ਟਰੈਫ਼ਿਕ ਐੱਸ ਐੱਸ ਚੌਹਾਨ ਨਾਲ ਬਤੌਰ ਰੀਡਰ ਹੋਏ ਸਨ। ਰਿਕਾਰਡ ਮੁਤਾਬਿਕ ਉਹ ਏਡੀਜੀਪੀ ਟਰੈਫ਼ਿਕ ਦਾ ਰੀਡਰ ਹੈ ਪ੍ਰੰਤੂ ਹਕੀਕਤ ’ਚ ਰਾਣਾ ਵਿਜੀਲੈਂਸ ਮੁਖੀ ਦੇ ਰੀਡਰ ਵਜੋਂ ਬਿਨਾਂ ਆਰਡਰਾਂ ਤੋਂ ਹੀ ਵਿਚਰ ਰਿਹਾ ਸੀ। ਪੰਜਾਬ ਸਰਕਾਰ ਨੇ 18 ਮਈ ਨੂੰ ਰਾਣਾ ਨੂੰ ਮੁਅੱਤਲ ਕਰ ਦਿੱਤਾ ਹੈ। 

Thursday, May 21, 2026

 ਦੌਲਤ, ਦਲਾਲ ਤੇ ਦਲੇਰ ਸਿੰਘ
  ਚਰਨਜੀਤ ਭੁੱਲਰ  

ਚੰਡੀਗੜ੍ਹ : ਗੁਰਮੁਖੋ ! ਪੈਸਾ ਤਾਂ ਹੱਥਾਂ ਦੀ ਮੈਲ ਹੈ। ਮੁਹਾਲੀ ’ਚ ਐਸੀ ਕਲਾ ਵਰਤੀ, ਰੱਬ ਨੇ ਮੈਲ ਦੇ ਭਰੇ ਬੈਗ ਵਗਾਹ ਮਾਰੇ। ਫਲੈਟਾਂ ’ਚ ਲੁਕੇ ਇਨਕਲਾਬ ਨੇ ਬੁੱਚ ਲਏ। ਨਾਗਣੀ ਮਾਇਆ ਕਿਤੇ ਡੱਸ ਨਾ ਲਵੇ, ਨਵੇਂ ਫਲੈਟਪੁਰੀਏ ਨੇ ਨੌਵੀਂ ਮੰਜ਼ਿਲ ਤੋਂ ਬੈਗ ਏਅਰ ਲਿਫ਼ਟ ਕਰ’ਤੇ।ਜਵਾਨਾ! ਫਲੈਟਾਂ ’ਚ ਲਿਫ਼ਟ ਝੂਟੇ ਲੈਣ ਲਈ ਨੀ ਹੁੰਦੀ। ਲੱਛਮੀ ਨੂੰ ਕੋਈ ਇੰਜ ਧੱਕੇ ਮਾਰਦੈ, ਅਦਬ ਕਰਨਾ ਸਿੱਖੋ। ਸੰਜੀਵ ਅਰੋੜਾ ਸੱਚ ਆਖਦੈ, ਬਈ! ਧੱਕੇ ਨੀ ਮਾਰਨੇ। ਦੌਲਤ ਦੀ ਏਨੀ ਬੇਅਦਬੀ, ਰਹੇ ਰੱਬ ਦਾ ਨਾਂ। ਥੋਡੇ ਨਾਲੋਂ ਤਾਂ ਚੰਨੀ ਦਾ ਭਤੀਜਾ ਸੌ ਗੁਣਾ ਚੰਗੈ। ਕਸ਼ਟ ਝੱਲ ਗਿਆ, ਦੌਲਤ ਨੂੰ ਧੱਕੇ ਨੀ ਮਾਰੇ।

       ਵੱਡੇ ਬਾਦਲ ਆਖਦੇ ਹੁੰਦੇ ਸੀ, ‘ਮੈਂ ਤਾਂ ਤੁਰੀ ਜਾਂਦੀ ਕੀੜੀ ਦੇਖ ਲੈਨਾਂ।’ ਅਨਾੜੀਓ, ਥੋਨੂੰ ਫਲੈਟਾਂ ਚੋਂ ਏਡੀ ਵੱਡੀ ਈਡੀ ਨੀ ਦਿਖੀ। ਚੋਣਾਂ ਵੀ ਕੇਹੀ ਸ਼ੈਅ ਨੇ, ਬਲਵੀਰ ਬੋਪਾਰਾਏ ਨੇ ਹੇਕ ਲਾਈ ‘ਦੇ ਲੈ ਗੇੜਾ..’, ਕੇਂਦਰੀ ਏਜੰਸੀਆਂ ਨੇ ਬੋਲ ਪੁਗਾ’ਤੇ। ਅਖੇ, ਪੰਜਾਬ ਚੰਬਲ ਦੀ ਘਾਟੀ ਵਰਗੈ। ਨਾਲੇ ਘਾਟੀ ’ਚ ਮੈਲ ਦਾ ਕਾਹਦਾ ਘਾਟਾ। ਡੱਡਾਂ ਕਦੋਂ ਕਦੋਂ ਪਾਣੀ ਪੀਂਦੀਆਂ ਨੇ, ਸੀਬੀਆਈ ਤੇ ਈਡੀ ਨੂੰ ਸਭ ਪਤੈ। ਪਤੰਦਰ ਸਿੱਧੇ ਵਿਜੀਲੈਂਸ ਦੇ ਛੱਪੜ ’ਚ ਜਾ ਵੜੇ। ‘ਤੇਰੇ ਮੇਰੇ ਪਿਆਰ ਦੀਆਂ, ਗੱਲਾਂ ਹੋਣ ਸੰਤਾਂ ਦੇ ਡੇਰੇ।’

        ਜਿਵੇਂ ਮੋਟਰ ਤੇ ਵੋਟਰ ਦਾ ਇੱਕੋ ਸੁਭਾਅ ਐ, ਉਵੇਂ ਰੀਡਰ ਤੇ ਲੀਡਰ ਵੀ ਸਾਂਢੂ ਹੀ ਹੁੰਦੇ ਨੇ। ਵਿਜੀਲੈਂਸ ਮੁਖੀ ਦਾ ਰੀਡਰ, ਏਨਾ ਬੀਬਾ ਰਾਣਾ, ਨਹੀਂ ਕਿਸੇ ਗੱਲੋਂ ਕਾਣਾ, ਫਿਰ ਵੀ ਸੀਬੀਆਈ ਆਲੇ ਪੈ ਨਿਕਲੇ। ਉੱਪਰੋਂ ਫਾਰਮੈਲਿਟੀ ਕਰ ਰਹੇ ਨੇ, ‘ਮੁੱਝ ਕੋ ਰਾਣਾ ਜੀ ਮਾਫ਼ ਕਰਨਾ..।’ ਸੰਘੀ ਏਜੰਸੀ ਨੂੰ ਹੱਥ ਜੋੜ ਅਰਜੋਈ, ਭਾਈ ਸੰਘੀਓ! ਕਾਹਤੋਂ ਮਾਇਆਵਾਦ ਦੀ ਸੰਘੀ ਨੂੰ ਹੱਥ ਪਾਇਐ। ਇੱਕ ਨਾਟਕ ਵਿਚਲਾ ਪਾਤਰ ਆਖਦੈ, ‘ਹਮ ਏਸ ਨਾਗਣੀ ਮਾਇਆ ਕੋ ਹਾਥ ਨਹੀਂ ਲਗਾਤੇ, ਇਸ ਕੋ ਸੰਤੋਂ ਕੀ ਝੋਲੀ ਮੇ ਡਾਲ ਦੋ।’ ਸ਼ਹਿਦ ਖਾਣਾ ਹੋਵੇ ਤਾਂ ਡੰਗ ਸਹਿਣਾ ਪੈਂਦੈ।

       ਅਸਲ ’ਚ ਸਾਰਾ ਪੁਆੜਾ ਰੱਬ ਨੇ ਪਾਇਐ। ਸ੍ਰਿਸ਼ਟੀ ਸਾਜ ਕੇ ਜਦੋਂ ਰੱਬ ਲੁਕਣ ਲੱਗਿਆ ਤਾਂ ਅੱਗਿਓ ਨੇਤਾ ਜਣਾਂ ਨੇ ਵਲ ਲਿਆ। ਰੱਬ ਨੇ ਗਾਜਰਾਂ ਦਾ ਟੋਕਰਾ ਵਗਾਹ ਮਾਰਿਆ। ਓਹ ਦਿਨ ਤੇ ਆਹ ਦਿਨ, ਨੇਤਾ ਜੀ ਰੰਬਾ ਗਾਜਰਾਂ ਚੋਂ ਨੀ ਕੱਢ ਰਹੇ। ‘ਤੂੜੀ ਗਲੀ ਪਈ ਸੀ, ਬਲਦ ਵੀ ਭੁੱਖਾ ਸੀ, ਦੋਵਾਂ ਦਾ ਸਰ ਗਿਆ।’ ਪੰਜਾਬੀ ਮੋਰਚਾ ਵੇਲੇ ਭਾਸ਼ਾ ਨੂੰ ਲੈ ਕੇ ਰੌਲਾ ਪਿਆ ਸੀ। ਨਾਅਰੇ ਲੱਗੇ ਸਨ, ‘ਊੜਾ ਈੜੀ ਨਹੀਂ ਪੜ੍ਹਾਂਗੇ।’ ਉਸੇ ਈਡੀ ਨੇ ਹੁਣ ਪੰਜਾਬ ਨੂੰ ਪੜ੍ਹਨੇ ਪਾਇਐ। ਲਾਲਚ ਦੀ ਵਰਨਮਾਲਾ ਕੀ ਨੇਤਾ, ਕੀ ਅਫ਼ਸਰ, ਸਭ ਪੜ੍ਹ ਰਹੇ ਨੇ।

       ਨੇਤਾਵਾਂ ਦੇ ਮਨਾਂ ’ਚ ਮਾਇਆ ਦਾ ਮੋਹ ਪੈਲਾਂ ਪਾਉਣੋਂ ਨਹੀਂ ਹਟਦਾ। ਤਾਹੀਂ ਆਖਦੇ ਨੇ, ‘ਦਿਲ ਮਾਂਗੇ ਮੋਰ’। ਸੀਬੀਆਈ ਨੇ ਪਿੰਜਰਾ ਚੰਡੀਗੜ੍ਹ ’ਚ ਲਾਇਐ। ਕਦੇ ਕ੍ਰਿਸ਼ਾਨੂ ਫਸ ਜਾਂਦੈ ਅਤੇ ਕਦੇ ਮਲੋਟ ਆਲੇ ਪਿਉ ਪੁੱਤ। ਸੰਘੀ ਏਜੰਸੀਆਂ ਨੇ ਪੰਜਾਬ ਨੂੰ ਪ੍ਰਯੋਗਸ਼ਾਲਾ ਬਣਾਇਐ। ਕਦੇ ਇਮਾਨ ਦੇ ਕਿਤੋਂ ਨਮੂਨੇ ਭਰਦੇ ਨੇ ਕਦੇ ਕਿਤੋਂ। ਅਮਿਤਾਭ ਬਚਨ ਹਾਮੀ ਭਰਦੈ, ‘ਇਨਸਾਨ ਕਿਤਨਾ ਗਿਰ ਗਯਾ ਹੈ, ਦੌਲਤ ਕੇ ਸਾਮਨੇ ।’ ਪੰਜਾਬੀ ਸ਼ਾਇਰੋ ਸ਼ਾਇਰੀ ਕਰ ਰਹੇ ਨੇ, ‘ਦਿਲ ਦੀ ਬਸਤੀ ਭੀ ਸ਼ਹਿਰੇ ਦਿੱਲੀ ਹੈ, ਜੋ ਭੀ ਗੁਜ਼ਰਤਾ ਹੈ, ਉਸ ਨੇ ਲੂਟਾ ਹੈ।’

        ਢਾਕੇ ਦੀ ਮਲਮਲ ਵਾਂਗੂ ਅਰੋੜੇ ਵੀ ਵਾਹਵਾ ਮਸ਼ਹੂਰ ਹੋਏ ਨੇ। ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਜੀਹਨੇ ਕਿੰਨੀ ਭੀੜ ਝੱਲੀ। ਈਡੀ ਅਮਨ ਅਰੋੜਾ ਨੂੰ ਵੀ ਪੈ ਨਿੱਕਲੀ। ‘ਵਾਰਸ ਸ਼ਾਹ ਨਾ ਭੇਤ ਸੰਦੂਕ ਖੁੱਲ੍ਹੇ, ਭਾਵੇਂ ਜਾਨ ਦਾ ਜਿੰਦਰਾ ਟੁੱਟ ਜਾਵੇ।’ ‘ਪਾਵਰਫੁੱਲ’ ਸੰਜੀਵ ਅਰੋੜਾ, ਬਿਨਾਂ ਮੂੰਹ ਧੋਤੇ ਸਵਖਤੇ ਹੀ ਈਡੀ ਦੇ ਅੱਗੇ ਲੱਗ ਤੁਰੇ। ਪੰਜਾਬ ਗੂੰਜ ਉੱਠਿਆ, ‘ਅਰੋੜਾ ਸਾਬ੍ਹ ਤੇਰੀ ਸੋਚ ’ਤੇ..।’ ਸੰਜੀਵ ਲੁਧਿਆਣਵੀ ਤਾਂ ਮਜ਼ਦੂਰਾਂ ਦਾ ਮਸੀਹਾ ਕਹੋ ਜਿਸ ਨੇ ਦਿਹਾੜੀਦਾਰ ਮਜ਼ਦੂਰ ਦੀ ਫ਼ਰਮ ’ਚ 28 ਕਰੋੜ ਪਾ’ਤੇ। ਹੋਰ ਤੁਸੀਂ ਛਿੱਕੂ ਭਾਲਦੇ ਹੋ।

       ਸਤਿੰਦਰ ਸਰਤਾਜ ਨੇ ਰਾਗ ਛੇੜਿਐ, ‘ਦੌਲਤਾਂ ਤਾਂ ਜੱਗ ’ਤੇ ਬਥੇਰੀਆਂ, ਸਭ ਤੋਂ ਜ਼ਰੂਰੀ ਹੁੰਦੀ ਪੱਤ ਜੀ..।’ ਦਲਾਲੀ ਕਲਾ ਦਾ ਪੁਰਾਤਨ ਨਮੂਨਾ ਵੇਖਣਾ ਹੋਵੇ ਤਾਂ ਨਾਭੇ ਤੇ ਮਲੋਟ ਦਾ ਗੇੜਾ ਲਾਓ। ਅਜੰਤਾ ਅਲੋਰਾ ਦੀਆਂ ਗੁਫਾਵਾਂ ਚੋਂ ਨਾਭੇ ਆਲਾ ਕ੍ਰਿਸ਼ਾਨੂ ਪ੍ਰਗਟ ਹੋਇਆ। ਲਾਲਚੀ ਬੰਦੇ ਨੂੰ ਨਾ ਅਸਮਾਨ ਦਿਸਦਾ, ਨਾ ਪਹਾੜ ਤੇ ਨਾ ਹੀ ਸੀਬੀਆਈ। ਮੁਹੰਮਦ ਸਦੀਕ ਦੀ ਤੂੰਬੀ ਟੁਣਕੀ ,‘ਬੱਗੀ ਤਿੱਤਰੀ ਕਮਾਦੋਂ ਨਿਕਲੀ ਤੇ ਉੱਡਦੀ ਨੂੰ ਬਾਜ ਪੈ ਗਿਆ।’ ਸਕਾਈਲੈਬ ਵਾਂਗੂ ਮੁਹਾਲੀ ਆਲੇ ਫਲੈਟਾਂ ਚੋਂ ਬੈਗ ਕੀ ਡਿੱਗੇ, ਈਡੀ ਆਲੇ ਇੱਕ ਹੋਰ ਨਾਭੇ ਆਲੇ ਵਿਚੋਲੇ ਦੇ ਪਿੱਛੇ ਪੈ ਗਏ।

       ਲੁਧਿਆਣੇ ’ਚ ਖ਼ਬਰ ਫਲੈਸ਼ ਹੋਈ, ‘ਈਡੀ ਦੀ ਵਿਚੋਲਿਆਂ ’ਤੇ ਰੇਡ।’ ਭਾਜੜ ਮੱਚ ਗਈ, ਕਿੰਨੇ ਹੀ ਮੈਰਿਜ ਬਿਊਰੋ ਆਲੇ ਜਿੰਦਰੇ ਮਾਰ ਕੇ ਪੱਤਰੇ ਵਾਚ ਗਏ। ਜੋ ਜਾਗਿਆ, ਉਹੀ ਸਿਆਣਾ। ਪੁਰਾਣੀ ਗੱਲ ਚੇਤੇ ਆਈ ਹੈ। ਉਨ੍ਹਾਂ ਦਿਨਾਂ ’ਚ ਡੇਰਾ ਸਿਰਸਾ ਦੇ ਪ੍ਰੇਮੀਆਂ ਤੇ ਸਿੱਖ ਪੈਰੋਕਾਰਾਂ ਦਾ ਕਲੇਸ਼ ਸਿਖ਼ਰਾਂ ’ਤੇ ਸੀ। ਮੁਖ਼ਬਰ ਨੇ ਸੂਹ ਦਿੱਤੀ ਕਿ ਬਠਿੰਡਾ ਆਲੇ ਚੇਤਕ ਪਾਰਕ ’ਚ ਪ੍ਰੇਮੀ ਬੈਠੇ ਨੇ। ਸਿੰਘਾਂ ਨੇ ਛੱਡ’ਤੇ ਜੈਕਾਰੇ, ਪਾਰਕ ’ਚ ਜਾ ਮਾਰੇ ਲਲਕਾਰੇ, ਬਾਹਰ ਨਿਕਲੋ ਵੱਡੇ ਪ੍ਰੇਮੀਓ। ਪਾਰਕ ਦੀਆਂ ਝਾੜੀਆਂ ’ਚ ਕਿੰਨੇ ਹੀ ਜਵਾਨ ਜੋੜੇ ਹੱਥ ਜੋੜ ਨਿਕਲੇ। ਖ਼ਾਲਸਾ ਜੀ! ਅਸੀਂ ਤਾਂ ਹੀਰ ਰਾਂਝੇ ਦੇ ਵਾਰਸ ਹਾਂ, ਸਿਰਸੇ ਆਲੇ ਦੇ ਨਹੀਂ।

       ਮਲੋਟ ਵੀ ਹੁਣ ਦਲਾਲਗੜ੍ਹ ਬਣਿਐ। ਮਲੋਟ ਆਲੇ ਪਿਉ ਪੁੱਤਾਂ ਨੇ ਰਾਗ ਦਲਾਲਵੀ ਛੇੜਿਆ, ਵਿਜੀਲੈਂਸ ਨੇ ਖੁੱਲ੍ਹ ਕੇ ਦਾਦ ਦਿੱਤੀ। ਪੰਜਾਬੀ ਫ਼ਿਲਮ ਦਾ ਡਾਇਲਾਗ ਐ, ‘ਕਾਕਾ ਜੀ ਪੁਲੀਸ ’ਚ ਨੇ, ਬੱਸ ਇਸ ਨੌਕਰੀ ਦੀ ਕੋਈ ਰੀਸ ਨਹੀਂ, ਚਾਹੇ ਦਿਨਾਂ ’ਚ ਮਹਿਲ ਖੜ੍ਹੇ ਕਰ ਲੋ।’ ਸੰਘੀ ਏਜੰਸੀਆਂ ਦੀ ਮੱਚਦੀ ਅੱਗ ’ਚ ਵੀ ਨਾ ਟਲਣ ਵਾਲੇ ਅਸਲ ’ਚ ਦਲੇਰ ਸਿੰਘ ਹੀ ਹੁੰਦੇ ਨੇ। ਅਗਲਿਆਂ ਨੇ ਵਿਜੀਲੈਂਸ ਦੇ ਵਿਚੋਲੇ ਹੀ ਡੁੱਕ ਲਏ। ਅਕਸ਼ੈ ਕੁਮਾਰ ਇੱਕ ਫ਼ਿਲਮ ’ਚ ਆਖਦੈ, ‘ਕਿਸ ਕੀ ਮਜਾਲ ਜੋ ਛੇੜੇ ਦਲੇਰ ਕੋ, ਗਰਦਿਸ਼ ਮੇ ਘੇਰ ਲੇਤੇ ਹੈ, ਗੀਦੜ ਭੀ ਸ਼ੇਰ ਕੋ।’

       ਜਦੋਂ ਸੋਚਾਂ ਨੂੰ ਸੁੰਡੀ ਪੈ ਜਾਵੇ ਤੇ ਜ਼ਮੀਰਾਂ ਦਾ ਪਾਵਰਕੱਟ ਲੱਗ ਜਾਏ ਤਾਂ ਕਾਲਾ ਧੰਨ ਪੌਸ਼ਟਿਕ ਅਹਾਰ ਬਣਦੈ ਤੇ ਕਿਸੇ ਲਈ ਸਹਾਇਕ ਧੰਦਾ। ਚੋਣਾਂ ਮੌਕੇ ਨੇਤਾ ਜਣ ਕਬੀਰ ਦੇ ਚੇਲੇ ਬਣਦੇ ਨੇ,‘ ਕਬੀਰਾ ਖੜ੍ਹਾ ਬਾਜ਼ਾਰ ਮੇ, ਮਾਂਗੇ ਸਭ ਕੀ ਖ਼ੈਰ।’ ਵੋਟਰਾਂ ਪੱਲੇ ਪੈਂਦੀਆਂ ‘ਸ਼ੁਭ ਇੱਛਾਵਾਂ’ ਹੀ ਨੇ। ਚੋਣ ਜਲਸੇ ’ਚ ਲੱਡੂਆਂ ਦਾ ਲੰਗਰ ਸੀ। ਨਲੈਕ ਪ੍ਰਸ਼ਾਦ ਬੁੱਧੀਜੀਵੀ ਨੇ ਪੁੱਛਿਆ, ਬਈ! ਐਤਕੀਂ ਕੌਣ ਜਿੱਤੂਗਾ। ਅੱਗਿਓਂ ਮਹਾਤੜ ਦਾਸ ਮੂੰਹ ’ਚ ਲੱਡੂ ਪਾਉਂਦਿਆਂ ਬੋਲਿਆ, ਸਾਲਾ ਕੋਈ ਮਰਜ਼ੀ ਜਿੱਤੇ ਪਰ ਆਹ ਕੰਮ ਬੰਦ ਨੀ ਹੋਣਾ ਚਾਹੀਦਾ।

        ਨੇਤਾ ਲੋਕ ਪੰਜ ਸਾਲ ਦਾ ਰੀਚਾਰਜ ਕੂਪਨ ਲੈਂਦੇ ਨੇ, ਫਿਰ ਢੋਲੇ ਦੀਆਂ ਲਾਉਂਦੇ ਨੇ। ਯੂਨਾਈਟਿਡ ਨੇਸ਼ਨਜ਼ ਨੂੰ ਇੱਕ ‘ਢਿੱਡ ਕਮਿਸ਼ਨ’ ਬਣਾਉਣਾ ਚਾਹੀਦੈ ਤਾਂ ਜੋ ਭਾਰਤੀ ਨੇਤਾਵਾਂ ਦੇ ਹਾਜ਼ਮੇ ਦਾ ਰਾਜ਼ ਪਤਾ ਲੱਗ ਸਕੇ। ਕਿੰਨਾ ਕੁੱਝ ਹੀ ਛੱਕ ਜਾਂਦੇ ਨੇ। ਕਾਮਰੇਡ ਹਰਦੇਵ ਅਰਸ਼ੀ ਅੱਕਿਆ ਬੈਠੈ, ‘ਅਖੇ, ਕਾਮਰੇਡ ਕੀ ਕਰਨ, ਸਿਆਸਤ ’ਚ ਤਾਂ ਵਪਾਰੀ ਆ ਵੜੇ।’ ਸ਼ੁਕਰ ਐ, ਲਲਾਰੀ ਨੀ ਕਿਹਾ, ਨਹੀਂ ਤਾਂ ਦਿੱਲੀ ਆਲਿਆਂ ਨੇ ਗ਼ੁੱਸਾ ਮਨਾਉਣਾ ਸੀ।

       ਨੇਤਾ ਲੋਕ ਸੇਵਾ ਵੀ ਸੰਸਾਰੀ ਮੱਲ ਵਾਂਗੂ ਕਰਦੇ ਨੇ। ਮਾਲਕ ਨੇ ਨੌਕਰ ਨੂੰ ਪੁੱਛਿਆ, ਕਾਕਾ ਏਨੀ ਲੇਟ ਆਇਐਂ। ਅੱਗਿਓ ਸੰਸਾਰੀ ਮੱਲ ਬੋਲਿਆ, ਇੱਕ ਅੰਨ੍ਹੇ ਵਿਅਕਤੀ ਨੂੰ ਸੜਕ ਪਾਰ ਕਰੇਂਦਾ ਪਿਆ ਸੀ। ਫਿਰ ਏਨਾ ਟਾਈਮ ਕਿਵੇਂ ਲੱਗ ਗਿਆ। ਸਾਬ੍ਹ! ਅਸਲ ’ਚ ਓਹ ਸੂਰਮਾ ਸਿੰਘ ਸੜਕ ਪਾਰ ਨੀ ਕਰਨਾ ਚਾਹੁੰਦਾ ਸੀ ਪਰ ਦਾਸ ਨੇ ਹਾਰ ਨੀ ਮੰਨੀ। ਭਾਊ ਜੀ! ਵਰਿ੍ਹਆਂ ਤੋਂ ਇਹੋ ਧੱਕਾ ਪੰਜਾਬ ਝੱਲਦਾ ਪਿਐ। ਜਾਂਦੇ ਜਾਂਦੇ ਗੁਰਦਾਸ ਮਾਨ ਨੂੰ ਵੀ ਦਿਓ ਦਾਦ, ‘ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ..ਆਪਣਾ ਪੰਜਾਬ ਹੋਵੇ..।


Saturday, May 16, 2026

 ਰਿਸ਼ਵਤ ਕਾਂਡ
ਦਲਾਲ ਰਾਘਵ ਲਈ ਖੁੱਲ੍ਹਦੇ ਸਨ ਗੈਸਟ ਹਾਊਸ...
ਚਰਨਜੀਤ ਭੁੱਲਰ 

ਚੰਡੀਗੜ੍ਹ : ਸੀ ਬੀ ਆਈ ਦੇ ਅੜਿੱਕੇ ਆਏ ਮਲੋਟ ਦੇ ਰਾਘਵ ਗੋਇਲ ਦੀ ਸਰਕਾਰੇ ਦਰਬਾਰੇ ਤੂਤੀ ਬੋਲਦੀ ਸੀ। ਪਹਿਲਾਂ ਉਸ ਦੀ ਪਿੱਠ ’ਤੇ ਆਈ ਪੀ ਐੱਸ ਅਧਿਕਾਰੀ ਸੀ ਅਤੇ ਬਾਅਦ ’ਚ ਵਿਜੀਲੈਂਸ ’ਚ ਉਸ ਦੀ ਪੈਂਠ ਬਣ ਗਈ। ਉਸ ਲਈ ਸਰਕਾਰੀ ਗੈਸਟ ਹਾਊਸ ਖੁੱਲ੍ਹਦੇ ਸਨ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਦੇ ਮੁੱਖ ਦਫ਼ਤਰ ’ਚ ਬਿਨਾਂ ਕਾਗ਼ਜ਼ੀ ਐਂਟਰੀ ਤੋਂ ਉਸ ਦਾ ਦਾਖਲਾ ਹੁੰਦਾ ਸੀ, ਜਿਸ ਦਿਨ ਸੀ ਬੀ ਆਈ ਨੇ ਰਾਘਵ ਗੋਇਲ ਅਤੇ ਉਸ ਦੇ ਪਿਤਾ ਵਿਕਾਸ ਗੋਇਲ ਨੂੰ ਦਬੋਚਿਆ, ਉਸ ਦਿਨ ਵੀ ਰਾਘਵ ਗੋਇਲ ਦੇ ਨਾਮ ’ਤੇ ਟਰਾਂਸਕੋ ਦੇ ਮੁਹਾਲੀ ਸਥਿਤ ਗੈਸਟ ਹਾਊਸ ’ਚ ਬੁਕਿੰਗ ਸੀ। ਉਸ ਤੋਂ ਪਹਿਲਾਂ ਵੀ ਰਾਘਵ ਅਕਸਰ ਇਸ ਗੈਸਟ ਹਾਊਸ ’ਚ ਠਹਿਰਦਾ ਸੀ। ਮੁਹਾਲੀ ਦੇ ਗੈਸਟ ਹਾਊਸ ’ਚ ਸੀ ਸੀ ਟੀ ਵੀ ਕੈਮਰੇ ਵੀ ਨਹੀਂ ਲੱਗੇ ਹੋਏ। ਪਤਾ ਲੱਗਿਆ ਹੈ ਕਿ ਸੀ ਬੀ ਆਈ ਟੀਮ ਵੱਲੋਂ ਇਸ ਗੈਸਟ ਹਾਊਸ ਦਾ ਰਿਕਾਰਡ ਵੀ ਛਾਣਿਆ ਜਾ ਰਿਹਾ ਹੈ। 

        ਸੂਤਰ ਦੱਸਦੇ ਹਨ ਕਿ ਦਿੱਲੀ ਤੋਂ ਕਿਸੇ ਵੀ ਆਈ ਪੀ ਦੇ ਫ਼ੋਨ ’ਤੇ ਮੁਹਾਲੀ ਦੇ ਗੈਸਟ ਹਾਊਸ ’ਚ ਰਾਘਵ ਗੋਇਲ ਦੇ ਕਮਰੇ ਦੀ ਬੁਕਿੰਗ ਹੁੰਦੀ ਸੀ। ਸੀ ਸੀ ਟੀ ਵੀ ਕੈਮਰਿਆਂ ਦੀ ਅਣਹੋਂਦ ਕਰਕੇ ਰਾਘਵ ਗੋਇਲ ਦੀ ਪਹਿਲੀ ਪਸੰਦ ਇਹੋ ਗੈਸਟ ਹਾਊਸ ਰਿਹਾ ਹੈ। ਦੱਸਦੇ ਹਨ ਕਿ ਗੈਸਟ ਹਾਊਸ ਦੇ ਕਿਸੇ ਅਧਿਕਾਰੀ ਨੂੰ ਤਲਬ ਵੀ ਕੀਤਾ ਗਿਆ ਹੈ। ਗੈਸਟ ਹਾਊਸ ਨਾਲ ਸਬੰਧਿਤ ਐਕਸੀਅਨ ਦਾ ਕਹਿਣਾ ਸੀ ਕਿ ਰਾਘਵ ਗੋਇਲ ਦੀ ਬੁਕਿੰਗ ਹੋਈ ਸੀ ਪ੍ਰੰਤੂ ਕਿਸੇ ਨੇ ਬੁਕਿੰਗ ਕਰਾਈ ਸੀ, ਉਸ ਦਾ ਇਹ ਅਧਿਕਾਰ ਖੇਤਰ ਨਹੀਂ ਹੈ। ਇਸੇ ਤਰ੍ਹਾਂ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ’ਚ ਰਾਘਵ ਗੋਇਲ ਦੀ ਕੋਈ ਐਂਟਰੀ ਨਹੀਂ ਸੀ ਹੁੰਦੀ ਜਿਸ ਦਿਨ ਰਾਘਵ ਗੋਇਲ ਸ਼ਿਕਾਇਤਕਰਤਾ ਨੂੰ ਵਿਜੀਲੈਂਸ ਦਫ਼ਤਰ ਲੈ ਕੇ ਗਿਆ ਸੀ, ਉਸ ਦਿਨ ਬਿਨਾਂ ਕੋਈ ਗੇਟ ਐਂਟਰੀ ਤੋਂ ਹੀ ਰਾਘਵ ਗੋਇਲ ਸਿੱਧਾ ਵਿਜੀਲੈਂਸ ਦੀਆਂ ਪੌੜੀਆਂ ਚੜ੍ਹਿਆ ਸੀ।

       ਦੱਸਣਯੋਗ ਹੈ ਕਿ ਸੀ ਬੀ ਆਈ ਨੇ 11 ਮਈ ਨੂੰ 13 ਲੱਖ ਰੁਪਏ ਦੇ ਰਿਸ਼ਵਤ ਕਾਂਡ ਦੇ ਸਬੰਧ ਵਿੱਚ ਵਿਜੀਲੈਂਸ ਦੇ ਦਲਾਲ ਵਿਕਾਸ ਗੋਇਲ ਅਤੇ ਉਸ ਦੇ ਪੁੱਤਰ ਰਾਘਵ ਗੋਇਲ ਨੂੰ ਡਰਾਈਵਰ ਅੰਕਿਤ ਵਧਵਾ ਸਮੇਤ ਕਾਬੂ ਕੀਤਾ ਸੀ ਜਦੋਂ ਕਿ ਵਿਜੀਲੈਂਸ ਮੁਖੀ ਦਾ ਰੀਡਰ ਓ ਪੀ ਰਾਣਾ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ ਸੀ। ਸ਼ਿਕਾਇਤਕਰਤਾ ਟੈਕਸ ਅਧਿਕਾਰੀ ਤੋਂ ਦਰਖਾਸਤ ਰਫਾ ਦਫ਼ਾ ਕਰਾਉਣ ਬਦਲੇ ਦਲਾਲ ਪਿਉ ਪੁੱਤ ਨੇ 13 ਲੱਖ ਰੁਪਏ ਦੀ ਮੰਗ ਕੀਤੀ ਸੀ। ਹੁਣ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਰੀਡਰ ਓ ਪੀ ਰਾਣਾ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕੇ ਹਨ। ਵੇਰਵਿਆਂ ਅਨੁਸਾਰ ਰਾਘਵ ਗੋਇਲ ਨੇ ਪਹਿਲੀ ਦਫ਼ਾ 24 ਅਪਰੈਲ ਨੂੰ ਟੈਕਸ ਅਧਿਕਾਰੀ ਨੂੰ ਫ਼ੋਨ ਕਰਕੇ ਇਤਲਾਹ ਦਿੱਤੀ ਕਿ ਉਸ ਖ਼ਿਲਾਫ਼ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਪੁੱਜੀ ਹੈ ਪ੍ਰੰਤੂ ਉਹ ਮਾਮਲਾ ਖ਼ਤਮ ਕਰਾ ਦੇਣਗੇ। ਉਸ ਮਗਰੋਂ ਰਾਘਵ ਨੇ ਟੈਕਸ ਅਧਿਕਾਰੀ ਨੂੰ ਘਰ ਬੁਲਾਇਆ ਅਤੇ 28 ਅਪਰੈਲ ਨੂੰ ਚੰਡੀਗੜ੍ਹ ਸੱਦਿਆ।

      ਟੈਕਸ ਅਧਿਕਾਰੀ ਨੂੰ ਵਿਜੀਲੈਂਸ ਦੇ ਮੁੱਖ ਦਫ਼ਤਰ ਲਿਜਾ ਕੇ ਲਿਖਤੀ ਸ਼ਿਕਾਇਤ ਵੀ ਦਿਖਾਈ ਗਈ, ਜਿਸ ’ਤੇ ਕੋਈ ਡਾਇਰੀ ਨੰਬਰ ਨਹੀਂ ਲੱਗਿਆ ਹੋਇਆ ਸੀ। ਟੈਕਸ ਅਧਿਕਾਰੀ ਖ਼ਿਲਾਫ਼ ਦਰਖਾਸਤ ਦੇਣ ਵਾਲਾ ਰੋਹਿਤ ਦੇਵਗਨ ਵਾਸੀ ਮਲੋਟ ਤੋਂ ਸੀ। ਦਰਖਾਸਤ ਦੇਣ ਵਾਲਾ ਵੀ ਫ਼ਰਜ਼ੀ ਨਿਕਲਿਆ ਹੈ। ਵਿਜੀਲੈਂਸ ਦਫ਼ਤਰ ’ਚ ਦਿਖਾਈ ਸ਼ਿਕਾਇਤ ’ਚ ਟੈਕਸ ਅਧਿਕਾਰੀ ਦੀ ਵਸੀਲਿਆਂ ਤੋਂ ਵੱਧ ਸੰਪਤੀ ਦਾ ਜ਼ਿਕਰ ਸੀ। ਸੂਤਰ ਦੱਸਦੇ ਹਨ ਕਿ ਰਾਘਵ ਗੋਇਲ ਹੀ ਅਸਲ ’ਚ ਪਹਿਲਾਂ ਸ਼ਿਕਾਰ ਉਠਾਉਣ ਅਤੇ ਫਿਰ ਖ਼ੁਦ ਹੀ ਫ਼ੋਨ ਕਰਕੇ ਵਿਜੀਲੈਂਸ ਤੋਂ ਖਹਿੜਾ ਛੁਡਾਉਣ ਦਾ ਤਾਣਾ ਬਾਣਾ ਬੁਣਦਾ ਸੀ। ਸ਼ਿਕਾਇਤਕਰਤਾ ਟੈਕਸ ਅਧਿਕਾਰੀ ਅਬੋਹਰ ਦਾ ਰਹਿਣ ਵਾਲਾ ਹੈ ਅਤੇ ਸਾਲ 2009-10 ’ਚ ਟੈਕਸ ਅਧਿਕਾਰੀ ਵਜੋਂ ਭਰਤੀ ਹੋਇਆ ਸੀ।

       ਸ਼ਿਕਾਇਤਕਰਤਾ ਰਾਘਵ ਗੋਇਲ ਨੂੰ ਜਾਣਦਾ ਵੀ ਸੀ, ਜਦੋਂ ਟੈਕਸ ਅਧਿਕਾਰੀ ਖ਼ਿਲਾਫ਼ ਰਿਸ਼ਵਤ ਦੇਣ ਲਈ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਤਾਂ ਉਸ ਨੇ ਸੀ ਬੀ ਆਈ ਨੂੰ ਸ਼ਿਕਾਇਤ ਦੇ ਦਿੱਤੀ। ਮੁਢਲੇ ਪੜਾਅ ’ਤੇ ਟੈਕਸ ਅਧਿਕਾਰੀ ਤੋਂ ਵਿਜੀਲੈਂਸ ਤੋਂ ਸ਼ਿਕਾਇਤ ਰਫਾ ਦਫ਼ਾ ਕਰਾਉਣ ਬਦਲੇ 50 ਲੱਖ ਦੀ ਮੰਗ ਕੀਤੀ ਸੀ। ਇਸ ਰਿਸ਼ਵਤ ਕਾਂਡ ’ਚ ਹੋਰ ਪੀੜਤਾਂ ਦੀ ਵੀ ਹੁਣ ਤਲਾਸ਼ ਕੀਤੀ ਜਾ ਰਹੀ ਹੈ।

Friday, May 15, 2026

ਰਿਸ਼ਵਤ ਕਾਂਡ
ਰੀਡਰ ਸਾਬ੍ਹ ਤਾਂ ਨਖ਼ਰੇਬਾਜ਼ ਨਿਕਲੇ...
   ਚਰਨਜੀਤ ਭੁੱਲਰ   

ਚੰਡੀਗੜ੍ਹ :ਸੀ ਬੀ ਆਈ ਦੇ ਜਾਲ ’ਚ ਫਸੇ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ ਦੇ ਰੀਡਰ ਇੰਸਪੈਕਟਰ ਓ ਪੀ ਰਾਣਾ ਨੇ ‘ਮੁਫ਼ਤ ਦੀ ਗਾਂ ਦੇ ਕੌਣ ਦੰਦ ਗਿਣਦੈ’ ਅਖਾਣ ਨੂੰ ਝੂਠਾ ਪਾ ਦਿੱਤਾ ਹੈ। ਸੀ ਬੀ ਆਈ ਨੇ ਉਸ ਤੋਂ ਟਰੈਪ ਅਪਰੇਸ਼ਨ ਦੌਰਾਨ 13 ਲੱਖ ਰੁਪਏ ਅਤੇ ਸੈਮਸੰਗ ਕੰਪਨੀ ਦਾ ਮੋਬਾਈਲ ਫੋਨ ਬਰਾਮਦ ਕੀਤਾ ਸੀ। ਸੀ ਬੀ ਆਈ ਨੇ 11 ਮਈ ਨੂੰ ਅੰਕਿਤ ਵਧਵਾ ਨੂੰ ਪੰਜਾਬ ਦੇ ਈ ਟੀ ਓ ਤੋਂ 13 ਲੱਖ ਰੁਪਏ ਅਤੇ ਮੋਬਾਈਲ ਫੋਨ ਲੈਂਦੇ ਹੋਏ ਫੜਿਆ। ਮਗਰੋਂ ਵਿਜੀਲੈਂਸ ਦੇ ਦਲਾਲ ਵਿਕਾਸ ਗੋਇਲ ਅਤੇ ਰਾਘਵ ਗੋਇਲ ਨੂੰ ਵੀ ਸੀ ਬੀ ਆਈ ਨੇ ਕਾਬੂ ਕਰ ਲਿਆ। ਸੀ ਬੀ ਆਈ ਅਦਾਲਤ ਨੇ ਰੀਡਰ ਓ ਪੀ ਰਾਣਾ ਦੇ 26 ਮਈ ਤੱਕ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਸੀ ਬੀ ਆਈ ਨੇ ਅਦਾਲਤ ’ਚ ਖ਼ੁਲਾਸਾ ਕੀਤਾ ਕਿ ਰਾਘਵ ਗੋਇਲ ਦੇ ਮੋਬਾਈਲ ਫੋਨ ਦੀ ਚੈਟ ’ਚ ਕਈ ਨਵੇਂ ਤੱਥ ਉੱਭਰੇ ਹਨ, ਜਿਨ੍ਹਾਂ ’ਚ ਰਾਘਵ ਗੋਇਲ ਨੇ ਵਿਜੀਲੈਂਸ ਰੀਡਰ ਨਾਲ ਸ਼ਿਕਾਇਤਕਰਤਾ ਵੱਲੋਂ ਦਿੱਤੇ ਜਾਣ ਵਾਲੇ ਸੈਮਸੰਗ ਗਲੈਕਸੀ ਮੋਬਾਈਲ ਫੋਨ ਦੀ ਤਸਵੀਰ ਵੀ ਸਾਂਝੀ ਕੀਤੀ।

        ਸੀ ਬੀ ਆਈ ਨੇ ਅਦਾਲਤ ’ਚ ਦੱਸਿਆ ਕਿ ਇੱਥੋਂ ਤੱਕ ਕਿ ਰਿਸ਼ਵਤ ’ਚ ਲਏ ਜਾਣ ਵਾਲੇ ਮੋਬਾਈਲ ਫੋਨ ਦੇ ਰੰਗ ਬਾਰੇ ਵੀ ਰੀਡਰ ਰਾਣਾ ਨੇ ਰਾਘਵ ਗੋਇਲ ਨਾਲ ਵੱਟਸਐਪ ਚੈਟ ’ਚ ਚਰਚਾ ਕੀਤੀ। ਦੱਸਦੇ ਹਨ ਕਿ ਇੱਕ ਖ਼ਾਸ ਰੰਗ ਹੀ ਰੀਡਰ ਰਾਣਾ ਨੂੰ ਪਸੰਦ ਸੀ। ਸੂਤਰ ਦੱਸਦੇ ਹਨ ਕਿ ਸੈਮਸੰਗ ਗਲੈਕਸੀ ਮੋਬਾਈਲ ਫੋਨ ਦੇ ਰੰਗ ਬਾਰੇ ਰੀਡਰ ਰਾਣਾ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦਾ ਸੀ ਜੋ ਮਹਿੰਗਾ ਮੋਬਾਈਲ ਫੋਨ ਹੋਣ ਕਰ ਕੇ ਸਮਝੌਤਾ ਕਰਨਾ ਪੈ ਗਿਆ। ਆਖ਼ਰ ਸ਼ਿਕਾਇਤਕਰਤਾ ਨੇ ਸੈਮਸੰਗ ਗਲੈਕਸੀ ਜ਼ੈੱਡ ਫੋਲਡ-7 ਮੋਬਾਈਲ ਫੋਨ ਖ਼ਰੀਦ ਕੇ ਦਿੱਤਾ ਜੋ ਟਰੈਪ ਦੌਰਾਨ ਫੜਿਆ ਗਿਆ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਮੁਫ਼ਤ ਦਾ ਮਾਲ ਲੈਣ ਮੌਕੇ ਲੋਕ ਨਖ਼ਰੇ ਨਹੀਂ ਕਰਦੇ ਪਰ ਰੀਡਰ ਰਾਣਾ ਇਸ ਮਾਮਲੇ ’ਚ ਪੂਰੇ ਨਖਰੇਬਾਜ਼ ਜਾਪਦੇ ਹਨ। 

        ਸੀ ਬੀ ਆਈ ਨੇ ਰਾਘਵ ਗੋਇਲ ਦੇ ਮੋਬਾਈਲ ਦੀ ਫੋਰੈਂਸਿਕ ਅਤੇ ਤਕਨੀਕੀ ਜਾਂਚ ਕਰਾਈ ਹੈ। ਅਦਾਲਤ ਨੂੰ ਸੀ ਬੀ ਆਈ ਨੇ ਦੱਸਿਆ ਕਿ ਓ ਪੀ ਰਾਣਾ ਦੀ ਭੂਮਿਕਾ 29 ਅਪਰੈਲ ਨੂੰ ਸਾਹਮਣੇ ਆਈ ਜਦੋਂ ਵਿਕਾਸ ਗੋਇਲ ਅਤੇ ਰਾਘਵ ਗੋਇਲ ਸ਼ਿਕਾਇਤਕਰਤਾ ਨੂੰ ਦਫ਼ਤਰ ਲੈ ਕੇ ਗਏ ਜਿੱਥੇ ਉਸ ਨੂੰ ਲੰਬਿਤ ਸ਼ਿਕਾਇਤ ਦਿਖਾਈ ਗਈ। ਉਸ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਇਹ ਤਿੱਕੜੀ ਚੰਡੀਗੜ੍ਹ ਦੇ ਸੈਕਟਰ 30 ਦੇ ਗੈਸਟ ਹਾਊਸ ’ਚ ਲੈ ਕੇ ਗਈ ਜਿੱਥੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ਅਤੇ ਇਸ ਮੌਕੇ ਸ਼ਿਕਾਇਤ ਬੰਦ ਕਰਨ ਲਈ 20 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ। ਇਸ ਵੇਲੇ ਰੀਡਰ ਰਾਣਾ ਫ਼ਰਾਰ ਹੈ।

                                          ਨੀਲਾ ਰੰਗ ਸੀ ਪਹਿਲੀ ਪਸੰਦ...

ਵਿਜੀਲੈਂਸ ਦੇ ਫ਼ਰਾਰ ਰੀਡਰ ਓ ਪੀ ਰਾਣਾ ਨੂੰ ਅਸਲ ’ਚ ਨੀਲੇ ਰੰਗ ਦਾ ਮੋਬਾਈਲ ਫੋਨ ਪਸੰਦ ਸੀ ਪਰ ਉਸ ਦੀ ਮੈਮਰੀ 256 ਜੀ ਬੀ ਸੀ ਜਿਸ ਦੀ ਕੀਮਤ 1.76 ਲੱਖ ਰੁਪਏ ਸੀ। ਰੀਡਰ ਦੀ ਪਸੰਦ ਮੁਤਾਬਕ ਸ਼ਿਕਾਇਤਕਰਤਾ ਨੇ 512 ਜੀ ਬੀ ਦਾ ਮੋਬਾਈਲ ਖ਼ਰੀਦਿਆ ਪਰ ਉਸ ਦਾ ਸਿਲਵਰ ਰੰਗ ਸੀ। ਸਿਲਵਰ ਰੰਗ ਦੇ ਮੋਬਾਈਲ ਦੀ ਕੀਮਤ 1.86 ਲੱਖ ਹੋਣ ਕਰਕੇ ਰੀਡਰ ਰਾਣਾ ਨੇ ਸਿਲਵਰ ਰੰਗ ਲਈ ਹਰੀ ਝੰਡੀ ਦੇ ਦਿੱਤੀ। ਸ਼ਿਕਾਇਤਕਰਤਾ ਨੇ ਇਹ ਮੋਬਾਈਲ ਮੁਹਾਲੀ ਤੋਂ ਖ਼ਰੀਦਿਆ ਸੀ। ਦਿਲਚਸਪ ਹੈ ਕਿ ਖ਼ਰੀਦੇ ਫੋਨ ਦਾ ਬਿੱਲ ਵੀ ਸ਼ਿਕਾਇਤਕਰਤਾ ਦੇ ਨਾਮ ’ਤੇ ਹੀ ਹੈ।

Thursday, May 14, 2026

 ਰਿਸ਼ਵਤ ਕਾਂਡ
 ਮਲੋਟ ਦੇ ਠੇਕੇਦਾਰ ਨੂੰ ਮਿਲੇ ਕਰੋੜਾਂ ਦੇ ਠੇਕੇ
 ਚਰਨਜੀਤ ਭੁੱਲਰ  

ਚੰਡੀਗੜ੍ਹ : ਸੀ ਬੀ ਆਈ ਦੇ ਅੜਿੱਕੇ ਆਏ ਮਲੋਟ ਦੇ ਠੇਕੇਦਾਰ ਨੂੰ ਖੇਡ ਮੈਦਾਨਾਂ ਅਤੇ ਪੰਚਾਇਤ ਘਰਾਂ ਦੀ ਉਸਾਰੀ ਦੇ ਠੇਕੇ ਵੀ ਮਿਲੇ ਹੋਏ ਹਨ। ਪੰਚਾਇਤੀ ਰਾਜ ਵਿਭਾਗ ਨੇ ਇਸ ਠੇਕੇਦਾਰ ਨੂੰ ਉਸਾਰੀ ਕੰਮਾਂ ਦੇ ਕਰੋੜਾਂ ਰੁਪਏ ਦੇ ਟੈਂਡਰ ਦਿੱਤੇ ਹਨ। ਹਾਲਾਂਕਿ ਇਹ ਟੈਂਡਰ ਪ੍ਰਕਿਰਿਆ ਤਹਿਤ ਹੀ ਦਿੱਤੇ ਗਏ ਹਨ ਪ੍ਰੰਤੂ ਹੁਣ ਇਸ ਗੱਲ ਦਾ ਭੇਤ ਖੁੱਲ੍ਹਿਆ ਹੈ ਕਿ ਮਲੋਟ ਦਾ ਵਿਕਾਸ ਗੋਇਲ ਪੰਚਾਇਤੀ ਰਾਜ ਵਿਭਾਗ ਦਾ ਸਰਗਰਮ ਠੇਕੇਦਾਰ ਸੀ। ਜਲ ਸਰੋਤ ਵਿਭਾਗ ਦੇ ਕਈ ਕੰਮ ਵੀ ਇਹ ਠੇਕੇਦਾਰ ਕਰ ਚੁੱਕਾ ਹੈ। ਠੇਕੇਦਾਰ ਵਿਕਾਸ ਗੋਇਲ ਦਾ ਲੜਕਾ ਰਾਘਵ ਗੋਇਲ ਭਾਰਤੀ ਜਨਤਾ ਯੁਵਾ ਮੋਰਚਾ ਦਾ ਨੇਤਾ ਹੈ ਅਤੇ ਕੇਂਦਰੀ ਨੇਤਾਵਾਂ ਨਾਲ ਉਸ ਦੀਆਂ ਤਸਵੀਰਾਂ ਵੀ ਨਸ਼ਰ ਹੋਈਆਂ ਹਨ। ਵੇਰਵਿਆਂ ਅਨੁਸਾਰ ਪੰਚਾਇਤੀ ਰਾਜ ਵਿਭਾਗ ਨੇ ਇਸ ਵੇਲੇ 4.26 ਕਰੋੜ ਦੇ ਉਸਾਰੀ ਕੰਮਾਂ ਦੇ ਠੇਕੇ ਵਿਕਾਸ ਗੋਇਲ ਨੂੰ ਦਿੱਤੇ ਹੋਏ ਹਨ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਥਰਾਜਵਾਲਾ ਅਤੇ ਦਾਨੇਵਾਲਾ ’ਚ ਪੰਚਾਇਤ ਘਰਾਂ ਦੀ ਉਸਾਰੀ ਵਿਕਾਸ ਗੋਇਲ ਠੇਕੇਦਾਰ ਵੱਲੋਂ ਕੀਤੀ ਜਾ ਰਹੀ ਹੈ।

         ਇਨ੍ਹਾਂ ਪੰਚਾਇਤ ਘਰਾਂ ਦੀ ਅਲਾਟਮੈਂਟ ਰਾਸ਼ੀ 27.87 ਲੱਖ ਹੈ। ਮਲੋਟ ਦੇ ਇਸ ਠੇਕੇਦਾਰ ਵੱਲੋਂ ਬਲਾਕ ਲੰਬੀ ਦੇ ਪਿੰਡ ਭਾਈ ਕਾ ਕੇਰਾ, ਅਰਨੀਵਾਲਾ ਵਜ਼ੀਰਾ, ਫ਼ਤਿਹਪੁਰ ਮਨੀਆ, ਕੱਖਾਂਵਾਲੀ, ਖੇਮਾ ਖੇੜਾ ਅਤੇ ਬਲਾਕ ਗਿੱਦੜਬਾਹਾ ਦੇ ਪਿੰਡ ਦੌਲਾ, ਕੋਟਭਾਈ, ਪਿਊਰੀ, ਭਾਰੂ ਅਤੇ ਛੱਤੇਆਣਾ ’ਚ ਖੇਡ ਮੈਦਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਅਲਾਟਮੈਂਟ ਰਾਸ਼ੀ ਕਰੀਬ 2.88 ਕਰੋੜ ਦੱਸੀ ਗਈ ਹੈ। ਇਸੇ ਤਰ੍ਹਾਂ ਮੁਕਤਸਰ ਜ਼ਿਲ੍ਹੇ ਦੇ ਹੀ ਪਿੰਡ ਅਬੁਲ ਖੁਰਾਣਾ, ਪਿੰਡ ਰੱਥੜੀਆਂ ਅਤੇ ਥਰਾਜਵਾਲਾ ’ਚ ਹੈਲਥ ਵੈਲਨੈੱਸ ਸੈਂਟਰਾਂ ਦੀ ਉਸਾਰੀ ਵੀ ਇਹੋ ਠੇਕੇਦਾਰ ਕਰ ਰਿਹਾ ਹੈ ਜਿਨ੍ਹਾਂ ਦੀ ਅਲਾਟਮੈਂਟ ਰਾਸ਼ੀ ਕਰੀਬ 99.21 ਲੱਖ ਰੁਪਏ ਹੈ।ਠੇਕੇਦਾਰ ਵਿਕਾਸ ਗੋਇਲ ਨੇ ਜਲ ਸਰੋਤ ਵਿਭਾਗ ’ਚ ਵੀ 46.81 ਲੱਖ ਰੁਪਏ ਦਾ ਇੱਕ ਕੰਮ ਕੀਤਾ ਹੈ ਜੋ 25 ਦਸੰਬਰ 2025 ਨੂੰ ਮੁਕੰਮਲ ਵੀ ਹੋ ਚੁੱਕਿਆ ਹੈ। ਚਰਚੇ ਹਨ ਕਿ ਵਿਕਾਸ ਗੋਇਲ ਠੇਕੇਦਾਰ ਪੰਜਾਬ ਸਰਕਾਰ ਤੋਂ ਕਾਫ਼ੀ ਕੰਮਾਂ ਦੇ ਟੈਂਡਰ ਲੈਣ ’ਚ ਸਫਲ ਹੋਇਆ ਹੈ।

         ਦੱਸਣਯੋਗ ਹੈ ਕਿ ਸੀ ਬੀ ਆਈ ਨੇ ਰਿਸ਼ਵਤ ਕਾਂਡ ’ਚ 11 ਮਈ ਨੂੰ ਮਲੋਟ ਦੇ ਵਿਕਾਸ ਗੋਇਲ ਅਤੇ ਉਸ ਦੇ ਪੁੱਤਰ ਰਾਘਵ ਗੋਇਲ ਤੇ ਡਰਾਈਵਰ ਅੰਕਿਤ ਵਧਵਾ ਨੂੰ ਗ੍ਰਿਫ਼ਤਾਰ ਕੀਤਾ ਸੀ। ਕੇਂਦਰੀ ਏਜੰਸੀ ਦਾ ਕਹਿਣਾ ਸੀ ਕਿ ਇਹ ਪਿਉ ਪੁੱਤਰ ਪੰਜਾਬ ਵਿਜੀਲੈਂਸ ਬਿਊਰੋ ਦੇ ਵਿਚੋਲੇ ਵਜੋਂ ਕੰਮ ਕਰਦੇ ਸਨ। ਸੀ ਬੀ ਆਈ ਵੱਲੋਂ ਪਿਉ ਪੁੱਤਰ ਨੂੰ ਮਿਲੇ ਗੰਨਮੈਨਾਂ ਦੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਕੇਂਦਰੀ ਏਜੰਸੀ ਨੂੰ ਰਾਘਵ ਗੋਇਲ ਦੇ ਮੋਬਾਈਲ ਫ਼ੋਨ ਦੀ ਵੱਟਸਐਪ ਚੈਟ ’ਚੋਂ ਕਾਫ਼ੀ ਕੁਝ ਹੱਥ ਲੱਗਿਆ ਹੈ ਜੋ ਵਿਜੀਲੈਂਸ ਦੇ ਪ੍ਰਮੁੱਖ ਦੇ ਰੀਡਰ ਓ ਪੀ ਰਾਣਾ ਨਾਲ ਸਬੰਧਿਤ ਹੈ। ਏਜੰਸੀ ਨੇ 13 ਲੱਖ ਰੁਪਏ ਦੇ ਰਿਸ਼ਵਤ ਕਾਂਡ ’ਚ ਵਿਜੀਲੈਂਸ ਰੀਡਰ ਰਾਣਾ ਦੀ ਸਰਗਰਮ ਸ਼ਮੂਲੀਅਤ ਦੱਸੀ ਹੈ।

Thursday, April 2, 2026

 ਕੂੜਾ ਡੰਪ ਸਕੈਂਡਲ
10 ਸਾਲ ਬਾਅਦ ਕੇਸ ਖੁੱਲ੍ਹਿਆ
 ਚਰਨਜੀਤ ਭੁੱਲਰ 

ਚੰਡੀਗੜ੍ਹ : ਬਠਿੰਡਾ ਜ਼ਿਲ੍ਹੇ ਦੇ ਕੂੜਾ ਡੰਪ ਸਕੈਂਡਲ ਮਾਮਲਾ ਛੇਤੀ ਤਣ ਪੱਤਣ ਲੱਗ ਸਕਦਾ ਹੈ। ਕਰੀਬ ਦਸ ਵਰ੍ਹਿਆਂ ਤੋਂ ਇਹ ਮਾਮਲਾ ਠੰਢੇ ਬਸਤੇ ’ਚ ਪਿਆ ਸੀ। ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਇਸ ਕੇਸ ਦੀ ਪਹਿਲ ਦੇ ਆਧਾਰ ’ਤੇ 9 ਅਪਰੈਲ ਨੂੰ ਸੁਣਵਾਈ ਹੋਵੇਗੀ। ਚੀਫ ਜਸਟਿਸ ਸ਼ੀਲ ਨਾਗੂ ਤੇ ਸੰਜੀਵ ਬੈਰੀ ਦੇ ਬੈਚ ਨੇ ਮਾਮਲਾ ਦਸ ਵਰ੍ਹਿਆਂ ਤੋਂ ਠੱਪ ਪਏ ਹੋਣ ਦਾ ਨੋਟਿਸ ਲੈਂਦਿਆਂ ਕੇਸ ’ਤੇ ਫੌਰੀ ਸੁਣਵਾਈ ਦਾ ਫ਼ੈਸਲਾ ਕੀਤਾ ਹੈ।ਸੀ ਬੀ ਆਈ ਨੇ ਇਸ ਕੇਸ ਦੀ ਪੜਤਾਲ ਰਿਪੋਰਟ ਸੀਲਬੰਦ ਲਿਫ਼ਾਫ਼ੇ ’ਚ 29 ਜਨਵਰੀ 2013 ਨੂੰ ਹਾਈ ਕੋਰਟ ਨੂੰ ਸੌਂਪੀ ਸੀ। ਜਾਂਚ ਏਜੰਸੀ ਨੇ ਹਾਈ ਕੋਰਟ ਵਿਚ 8 ਜਨਵਰੀ 2014 ਨੂੰ ਸੰਖੇਪ ਪੜਤਾਲ ਰਿਪੋਰਟ ਨਸ਼ਰ ਕਰ ਕੇ ਸਬੰਧਤ ਧਿਰਾਂ ਨੂੰ ਇਸ ਦੀ ਕਾਪੀ ਵੀ ਦੇ ਦਿੱਤੀ ਸੀ। ਸੂਤਰਾਂ ਮੁਤਾਬਕ ਇਸ ਮਾਮਲੇ ’ਚ ਕਈ ਆਈ ਏ ਐੱਸ ਅਧਿਕਾਰੀ ਅਤੇ ਕੁੱਝ ਅਕਾਲੀ ਆਗੂ ਵੀ ਸ਼ਿਕੰਜੇ ’ਚ ਆ ਸਕਦੇ ਹਨ।

        ਪੰਜਾਬੀ ਟ੍ਰਿਬਿਊਨ ਨੇ ਸੂਚਨਾ ਦੇ ਅਧਿਕਾਰ ਐਕਟ ਤਹਿਤ ਜਾਣਕਾਰੀ ਹਾਸਲ ਕਰ ਕੇ ਕੂੜਾ ਡੰਪ ਸਕੈਂਡਲ ਬੇਪਰਦ ਕੀਤਾ ਸੀ। ਬਠਿੰਡਾ ਦੇ ਪਿੰਡ ਖ਼ੁਰਦ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਆਦਿ ਨੇ ਹਾਈ ਕੋਰਟ ’ਚ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਸੀ ਅਤੇ 8 ਅਗਸਤ 2012 ਨੂੰ ਜਾਂਚ ਸੀ ਬੀ ਆਈ ਹਵਾਲੇ ਕਰ ਦਿੱਤੀ ਸੀ। ਹਾਈ ਕੋਰਟ ’ਚ ਇਸ ਮਾਮਲੇ ਦੀ ਪਿਛਲੀ ਸੁਣਵਾਈ 4 ਫਰਵਰੀ 2015 ਨੂੰ ਹੋਈ ਸੀ। ਸੀ ਬੀ ਆਈ ਨੇ ਇਸ ਕੇਸ ਵਿਚ ਕਰੀਬ 15 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੀ ਪ੍ਰਵਾਨਗੀ ਹਾਈ ਕੋਰਟ ਤੋਂ ਮੰਗੀ ਹੋਈ ਹੈ ਜਿਸ ’ਚ ਜ਼ਿਲ੍ਹਾ ਲੁਧਿਆਣਾ ਦਾ ਸੀਨੀਅਰ ਅਕਾਲੀ ਆਗੂ ਵੀ ਸ਼ਾਮਲ ਹੈ। ਕਈ ਆਈ ਏ ਐੱਸ ਅਧਿਕਾਰੀਆਂ ਨੇ ਵੀ ਇਸ ਮਾਮਲੇ ’ਚ ਧਿਰ ਬਣਨ ਲਈ ਹਾਈ ਕੋਰਟ ਕੋਲ ਪਹੁੰਚ ਕੀਤੀ ਸੀ। ਵੇਰਵਿਆਂ ਅਨੁਸਾਰ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਕੂੜਾ ਡੰਪ (ਸੈਨੇਟਰੀ ਲੈਂਡ ਫਿਲ) ਲਈ ਪਿੰਡ ਮੰਡੀ ਖ਼ੁਰਦ ’ਚ ਜ਼ਮੀਨ ਐਕੁਆਇਰ ਕੀਤੀ ਸੀ।

       ਉਸ ਸਮੇਂ ਚਾਰ ਸਿਆਸੀ ਪਰਿਵਾਰਾਂ ਨੇ 1,59,41,000 ਰੁਪਏ ’ਚ ਇਹ ਜ਼ਮੀਨ ਸਸਤੇ ਭਾਅ ਵਿਚ ਖ਼ਰੀਦ ਲਈ ਸੀ। ਚਾਰ ਪਰਿਵਾਰਾਂ ਨੂੰ ਫ਼ੌਰੀ ਜ਼ਮੀਨ ਐਕੁਆਇਰ ਹੋਣ ’ਤੇ 5,62,80,490 ਰੁਪਏ ਦਾ ਮੁਨਾਫ਼ਾ ਹੋਇਆ ਸੀ। ਪਿੰਡ ਮੰਡੀ ਖ਼ੁਰਦ ਦੀ ਕੁੱਲ ਕਰੀਬ 38 ਏਕੜ ਜ਼ਮੀਨ ਨਗਰ ਨਿਗਮ ਬਠਿੰਡਾ ਲਈ ਕੂੜਾ ਡੰਪ ਬਣਾਉਣ ਵਾਸਤੇ ਐਕੁਆਇਰ ਕੀਤੀ ਗਈ ਸੀ। ਬਠਿੰਡਾ ਦੇ ਨੇੜੇ ਪੈਂਦੇ ਪਿੰਡ ਗਹਿਰੀ ਭਾਗੀ ਦੀ ਜ਼ਮੀਨ ਦੀ ਵੀ ਕੂੜਾ ਡੰਪ ਲਈ ਚੋਣ ਕੀਤੀ ਗਈ ਸੀ ਕਿਉਂਕਿ ਇਹ ਜਗ੍ਹਾ ਸ਼ਹਿਰ ਦੇ ਨੇੜੇ ਵੀ ਪੈਂਦੀ ਸੀ। ਸੂਤਰਾਂ ਮੁਤਾਬਕ ਪੜਤਾਲ ’ਚ ਸਾਹਮਣੇ ਆਇਆ ਕਿ ਅਫ਼ਸਰਾਂ ਨੇ ਜਾਣ ਬੁੱਝ ਕੇ ਗਹਿਰੀ ਭਾਗੀ ਦੀ ਜ਼ਮੀਨ ਨੂੰ ਰੱਦ ਕੀਤਾ ਅਤੇ ਪਿੰਡ ਮੰਡੀ ਖ਼ੁਰਦ ਵਿਚ 23 ਏਕੜ ਦੀ ਥਾਂ 38 ਏਕੜ ਜ਼ਮੀਨ ਖ਼ਾਸ ਲੋਕਾਂ ਨੂੰ ਮੁਨਾਫ਼ਾ ਦੇਣ ਖ਼ਾਤਰ ਐਕੁਆਇਰ ਕਰ ਲਈ।

Thursday, November 20, 2025

  ਬਈ ! ਤੈਨੂੰ ਸੱਤ ਸਲਾਮਾਂ..
 ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਕਿੰਨਾ ਭਾਗਾਂ ਵਾਲੈ। ਜਿਨ੍ਹਾਂ ਰੰਗ ਭਾਗ ਲਾਏ, ਸੱਤ ਸਲਾਮਾਂ ਐਸੇ ਪ੍ਰਤਾਪੀ ਬੰਦਿਆਂ ਨੂੰ। ਹਰਿਆਣਾ ਦਾ ‘ਖੱਟਰ ਯੁੱਗ’, ਪੰਜਾਬ ਦਾ ‘ਕੱਟੜ ਯੁੱਗ’, ਰਹਿੰਦੀ ਦੁਨੀਆ ਤੱਕ ਯਾਦ ਰਹੇਗਾ। ‘ਕੀ ਖੱਟਿਆ ਠੋਡੀ ਨੂੰ ਹੱਥ ਲਾ ਕੇ, ਲਾਲਾ-ਲਾਲਾ ਹੋਗੀ ਮਿੱਤਰਾ’, ਹਰਿਆਣਾ ਦੀ ਲੀਲਾ ਛੱਡੋ, ਪੰਜਾਬ ਤਾਂ ਮਗੈਂਬੋ ਤੋਂ ਵੱਧ ਖ਼ੁਸ਼ ਹੈ। ਹੁਣ ਪੰਜਾਬ ਦੇ ਸ਼ਾਲੀਮਾਰ ਬਾਗ਼ ’ਚ ਇਮਾਨਦਾਰੀ ਦੀ ਕਾਟੋ ਫੁੱਲਾਂ ’ਤੇ ਖੇਡ ਰਹੀ ਹੈ। ਬਿੰਨੂ ਢਿੱਲੋਂ ਇੱਕ ਪੰਜਾਬੀ ਫ਼ਿਲਮ ’ਚ ਪੁੱਛਣੋਂ ਨੀ ਹਟਦਾ, ‘ਕਾਟੋ ਕਾਹਤੋਂ’। ਬਈ! ਇਹ ਕਾਟੋ ਦੀ ਨਿੱਜਤੈ, ਉਹ ਫੁੱਲਾਂ ’ਤੇ ਖੇਡੇ, ਚਾਹੇ ਕੰਡਿਆਂ ’ਤੇ।

       ਸਰਕਾਰੀ ਇਮਾਨ ਏਨਾ ਕੱਟੜ ਹੈ ਕਿ ਰਹੇ ਰੱਬ ਦਾ ਨਾਮ। ਚੌਵੀ ਕੈਰੇਟ ਸੋਨੇ ਵਰਗਾ,ਐਨ ਸ਼ੁੱਧ ’ਤੇ ਖਰਾ। ਕੋਈ ਸ਼ੱਕ ਹੋਵੇ ਤਾਂ ਚਾਹੇ ਡੀਆਈਜੀ ਹਰਚਰਨ ਸਿਓਂ ਨੂੰ ਪੁੱਛ ਕੇ ਦੇਖ ਲੈਣਾ। ਸੰਘੀ ਏਜੰਸੀ ਸੀਬੀਆਈ ਦਾ ਕੱਖ ਨਾ ਰਹੇ, ਜੀਹਨੇ ਇਮਾਨ ਨੂੰ ਮੇਕਅਪ ਵੀ ਨੀ ਕਰਨ ਦਿੱਤਾ। ਮੁੰਨੀ ਤੋਂ ਵੱਧ ਬਦਨਾਮ ਕਰ’ਤਾ, ਸਾਢੇ ਸੱਤ ਕਰੋੜ ਦੀ ਮਾਇਆ, ਨਾਲੇ ਢਾਈ ਕਿੱਲੋ ਸੋਨਾ ਅਬਦਾਲੀ ਵਾਂਗੂ ਚੁੱਕ ਕੇ ਅਹੁ ਗਏ। ਕੰਵਰ ਗਰੇਵਾਲ ਨਸੀਹਤਾਂ ਦੀ ਪੰਡ ਖੋਲ੍ਹੀ ਬੈਠਾ, ‘ਮੈਂ ਉਹਦੀਆਂ ਗਠੜੀਆਂ ਬੰਨ੍ਹ ਬੈਠਾ, ਜਿਹੜਾ ਨਾਲ ਨਹੀਂ ਜਾਣਾ।’ ਭਲਾ ਪੁਰਸ਼ ਕ੍ਰਿਸ਼ਨੂੰ ਪ੍ਰਸ਼ਾਦ, ਕੋਲਿਆਂ ਦੀ ਦਲਾਲੀ ’ਚ ਮੂੰਹ ਕਾਲਾ ਕਰਾ ਬੈਠਾ।

        ਅਦਲਾ ਬਦਲੀ ਸਰਕਾਰਾਂ ਦੀ ਹੁੰਦੀ ਹੈ, ਦਲਾਲਾਂ ਦੀ ਨਹੀਂ, ਇਹ ਪ੍ਰਜਾਤੀ ਅਮਰ ਰਹਿੰਦੀ ਹੈ। ਦਲਾਲਪੁਰੀਏ ਨਾ ਹੋਣ ਤਾਂ ਦਫ਼ਤਰੀ ਫਾਈਲਾਂ ਨੂੰ ਸਿਉਂਕ ਛਕ’ਜੇ, ਖੱਜਲ ਜਣੋ! ਇਹੋ ਤਾਂ ਫਾਈਲਾਂ ਨੂੰ ਧੱਕਾ ਲਾਉਂਦੇ ਨੇ। ਇੰਜ ਲੱਗਦੈ ਜਿਵੇਂ ਕ੍ਰਿਸ਼ਨੂੰ ਪ੍ਰਸ਼ਾਦ ਦਲਾਲ ਨੀ, ਐੱਚਆਰ ਮੈਨੇਜਰ ਹੋਵੇ, ਉਹ ਵੀ ਸਦਾਬਹਾਰ। ਹੁਣ ਨੇਕ ਅਫ਼ਸਰਾਂ ਨੂੰ ਧੁੜਕੂ ਲੱਗਿਐ, ਜਿਨ੍ਹਾਂ ਦੇ ਰੈਣ ਬਸੇਰੇ ’ਚ ਕ੍ਰਿਸ਼ਨੂੰ ਪ੍ਰਸ਼ਾਦ ਜੀ ਦੇ ਚਰਨ ਪਏ ਨੇ। ਵਿਜੀਲੈਂਸ ਨੂੰ ‘ਖ਼ੁਦਾਈ’ ਮੌਕੇ ਇੱਕ ਆਈਏਐੱਸ ਅਫ਼ਸਰ ਦੇ ਘਰੋਂ ਸੋਨੇ ਦੀਆਂ ਨੌ ਇੱਟਾਂ ਮਿਲੀਆਂ। ਇਨ੍ਹਾਂ ਅਫ਼ਸਰਾਂ ਦੀ ਨਿਸ਼ਕਾਮ ਸੇਵਾ ਦਾ ਕਲਯੁਗੀ ਬੰਦਿਆਂ ਨੇ ਧੇਲਾ ਮੁੱਲ ਨੀ ਪਾਇਆ। ‘ਇਵੇਂ ਹੋਣੀ ਸੀ ਕਿ ਦੋਸ਼ ਨਣਦ ਨੂੰ ਦੇਵਾਂ’। ਪਰਮੀਸ਼ ਵਰਮਾ ਗਾਰੰਟੀ ਦੇ ਰਿਹੈ, ‘ਫ਼ਿਕਰ ਨਾ ਕਰੋ, ਸਭ ਫੜੇ ਜਾਣਗੇ।’

       ਕੋਈ ਨਹੀਂ ਫੜੇਗਾ, ਜੇ ਹਰੀ ਸ਼ੰਕਰ ਪਰਸਾਈ ਦੀ ਗੱਲ ਮੰਨੋਗੇ, ‘ਰਿਸ਼ਵਤ ਲੇਤਾ ਪਕੜਾ ਜਾਏ ਤੋ ਰਿਸ਼ਵਤ ਦੇ ਕੇ ਛੂਟ।’ ਉੜੀਸਾ ਦੇ ਰੇਲਵੇ ਅਫ਼ਸਰ ਦੇ ਘਰੋਂ ਸੰਘੀ ਏਜੰਸੀ ਨੇ 17 ਕਿੱਲੋ ਸੋਨਾ ਵਸੂਲ ਪਾਇਆ ਸੀ। ਸੰਸਦ ਮੈਂਬਰ ਧੀਰਜ ਪ੍ਰਸ਼ਾਦ ਸਾਹ ਦੀ ਕੁਟੀਆ ਚੋਂ 60 ਕਿੱਲੋ ਸੋਨਾ ਮਿਲਿਆ ਸੀ। ਏਧਰ, ਪੰਜਾਬ ਨੂੰ ਰਾਮ ਰਾਜ ਲੱਭਿਐ। ਅਮਿਤਾਭ ਬਚਨ ਪੁੱਛਦਾ ਪਿਐ, ਕੌਣ ਬਣੇਗਾ ਕਰੋੜਪਤੀ। ਮਾਹਤੜਾਂ ਨਾਲ ਤਾਂ ਲੱਛਮੀ ਦੀ ਅਣਬਣ ਐ, ਇਕੱਲੀ ਸਾਹਾਂ ਦੀ ਪੂੰਜੀ ਬਚੀ ਹੈ। ਸ਼ੁੱਧ ਸੋਨੇ ਦੀ ਮਾਲਕੀ ਕ੍ਰਿਸ਼ਨੂੰ ਦੇ ਬੌਸਾਂ ਕੋਲ ਐ। ਕਾਮਰੇਡੀ ਪ੍ਰਵਚਨ ਐ, ਇੱਕ ਬੰਦੇ ਦੀ ਅਮੀਰੀ ਪਿੱਛੇ ਲੱਖਾਂ ਲੋਕਾਂ ਦੀ ਗ਼ਰੀਬੀ ਹੁੰਦੀ ਹੈ।

       ਬਾਬਾ ਆਲਮ ਵੀ ਸੱਚ ਆਖਦੈ, ‘ਸਾਨੂੰ ਆਟੇ ਦਾ ਵੀ ਘਾਟਾ, ਤੇਰੇ ਕੁੱਤਿਆਂ ਨੂੰ ਖੀਰ, ਤੇਰੇ ਰੇਸ਼ਮੀ ਦੁਸ਼ਾਲੇ, ਸਾਡੇ ਤਨ ’ਤੇ ਨਾ ਲੀਰ।’ ਬਾਬਿਓ! ਚਿੰਤਾ ਛੱਡੋ, ਬੱਸ ਸਮਾਜਵਾਦ ਸ਼ੰਭੂ ਬਾਰਡਰ ਟੱਪ ਆਇਐ। ਤੁਸੀਂ ਸ਼ੁਕਰਾਨੇ ਕਰੋ ਕ੍ਰਾਂਤੀਵੀਰਾਂ ਦੇ। ਏਨੀ ਤਾਂ ਪੰਜਾਬੀ ਔਰਤ ਬਜਾਜੀ ਦੀ ਦੁਕਾਨ ਤੇ ਨਹੀਂ ਖਿੜਦੀ ਜਿਨ੍ਹਾਂ ਅੱਜ ਕੱਲ੍ਹ ਪੰਜਾਬ ’ਚ ਇਨਕਲਾਬੀ ਫੁੱਲ ਖਿੜਿਐ। ਥਾਮਸ ਐਡੀਸਨ ਨੇ ਬੱਲਬ ਦੀ ਖੋਜ ਕੀਤੀ, ਹਨੇਰਾ ਦੂਰ ਕੀਤਾ। ਇਵੇਂ ਕੇਜਰੀਵਾਲ ਬਦਲਾਅ ਆਲੀ ਕਰੇਨ ਨਾਲ ਕੁਰੱਪਸ਼ਨ ਨੂੰ ਜੜ੍ਹੋਂ ਪੁੱਟ ਰਿਹੈ। ਮਨੀਸ਼ ਸਿਸੋਦੀਆ ਪੰਜਾਬ ਖ਼ਾਤਰ ਘਰ ਬਾਰ ਛੱਡ ਆਇਆ। ਕਿੰਨੇ ਪਿਆਰ ਨਾਲ ‘ਸਾਮ, ਦਾਮ ਤੇ ਦੰਡ’ ਦੀ ਪਰਿਭਾਸ਼ਾ ਸਮਝਾ ਰਿਹੈ।

        ਪੇਂਡੂ ਬਾਬਾ ਆਖਦੈ, ਭਾਈ! ਅਸੀਂ ਚਾਰ ਸਾਲ ਪਹਿਲਾਂ ਛੱਲੀਆਂ ਆਲੇ ਖੇਤ ’ਚ ਡਰਨਾ ਗੱਡਿਆ ਸੀ, ਡਰਨਾ ਹੀ ਛੱਲੀਆਂ ਲੈ ਕੇ ਭੱਜ ਗਿਆ, ਹੁਣ ਕੀ ਕਰੀਏ। ਕਰਨਾ ਕੀ ਐ, ਸ਼ਾਹਰੁਖ਼ ਖ਼ਾਨ ਨੂੰ ਸੁਣੋ, ‘ਬੜੇ ਬੜੇ ਦੇਸ਼ੋਂ ਮੇ ਛੋਟੀ ਛੋਟੀ ਬਾਤੇਂ ਹੋਤੀ ਰਹਿਤੀ ਹੈਂ।’ ਜੇ ਫਿਰ ਵੀ ਦਿਲ ਨਾ ਟਿਕੇ, ਸਤਿੰਦਰ ਸਰਤਾਜ ਨੂੰ ਧਿਆ ਲੈਣਾ, ‘ਛੱਡ ਮਾਲਕ ’ਤੇ ਡੋਰਾਂ, ਬਹੁਤਾ ਸੋਚੀਂ ਨਾ’। ਸੰਧਵਾਂ ਆਲਾ ਕੁਲਤਾਰ ਸੋਚੀ ਜਾਂਦੈ, ਨਾਲੇ ‘ਕਾਲੀਆਂ ਭੇਡਾਂ’ ਆਲੀ ਸੂਚੀ ਉਡੀਕੀ ਜਾਂਦੈ।

         ਵੱਡੇ ਬਾਦਲ ਨੇ ਫ਼ਰਮਾਨ ਕੀਤਾ, ਕਾਲੀਆਂ ਭੇਡਾਂ ਦੀ ਲਿਸਟ ਬਣਾਓ। ਸਿਆਣੇ ਅਫ਼ਸਰਾਂ ਨੇ ਜੁਆਬੀ ਮਸ਼ਵਰਾ ਦਿੱਤਾ, ‘ਚਿੱਟੀਆਂ ਦੀ ਬਣਾ ਲੈਂਦੇ ਹਾਂ, ਨਾਲੇ ਜਲਦੀ ਬਣਜੂ।’ ਕੱਟੜ ਇਮਾਨੀ ਅਫ਼ਸਰਾਂ ਦਾ ਕੀ ਕਸੂਰ, ਰੱਬ ਦਾ ਦਿੱਤਾ ਛਕ ਰਹੇ ਨੇ, ਇਕੱਲੇ ਨਹੀਂ, ਵੰਡ ਕੇ। ਸੱਤਿਆ ਫ਼ਿਲਮ ਦਾ ਡਾਇਲਾਗ ਢੁਕਵੈਂ, ‘ਇਸ ਸ਼ਹਿਰ ਮੇ ਪੁਲੀਸ ਕੇ ਬਿਨਾਂ ਪੱਤਾ ਨਹੀਂ ਹਿਲਤਾ, ਸਭ ਕੀ ਹਿੱਸੇਦਾਰੀ ਤੈਅ ਹੈ।’ ਜਿਨ੍ਹਾਂ ਦਾ ਕਿਤੇ ਹੱਥ ਨੀ ਪੈਂਦਾ, ਉਹ ‘ਅੱਜ ਦੇ ਰਾਂਝੇ’ ਫਿਲਮ ਦੇ ਸਿਪਾਹੀ ਵਾਂਗੂ ਬੀਵੀ ਨੂੰ ਪੈ ਨਿਕਲਦੇ ਨੇ ‘ਕਿਥੋਂ ਲਿਆ ਦਿਆਂ ਰਾਣੀ ਹਾਰ, ਮੈਂ ਸਿਪਾਹੀ ਹਾਂ, ਕੋਈ ਡੀਆਈਜੀ ਨਹੀਂ।’

        ਡੀਆਈਜੀ ਹਰਚਰਨ ਸਿਓਂ ਦੇ ਘਰ ਰੱਬ ਦਾ ਦਿੱਤਾ ਸਭ ਕੁੱਝ ਸੀ। ਸੰਘੀ ਏਜੰਸੀ ਨੇ ਸਿੱਧਾ ਰੱਬ ਦੇ ਕੰਮ ’ਚ ਦਖਲ ਦੇਤਾ। ‘ਚੱਲ ਉੱਡ ਜਾ ਰੇ ਪੰਛੀ, ਅਬ ਯੇ ਦੇਸ਼ ਹੂਆ ਬਿਗਾਨਾ’। ਜਿੰਨੇ ਵੀ ਸੋਨਾਮੁਖੀ ਨੇ, ਜਦੋਂ ਭੀੜ ਪਈ, ਫਿਰ ਦੇਸ਼ ਚੇਤੇ ਕਰੇਗਾ। ਖ਼ੁਦਾ ਨਖਾਸਤਾ, ਕਦੇ ਜੰਗ ਲੱਗ ਜਾਏ। ਚੀਨ ਦੀ ਜੰਗ ਤਾਂ ਯਾਦ ਹੋਊ, ਜਦੋਂ ਲੋਕਾਂ ਨੇ ਦੇਸ਼ ਖ਼ਾਤਰ ਸੋਨਾ ਦਾਨ ਕੀਤਾ ਸੀ। ਮੂਰਖ ਦਾਸੋ! ਅੱਜ ਦੇ ਦੇਸ਼ ਭਗਤਾਂ ਨੇ ਕੌਮੀ ਸੁਰੱਖਿਆ ਵਾਸਤੇ ਹੀ ਤਾਂ ਘਰਾਂ ’ਚ ਸੋਨਾ ਰੱਖਿਐ। ਭਾਰਤ ਮਾਂ ਦੇ ਇਹ ਸਪੂਤ ਜੇਲ੍ਹਾਂ ਤੋਂ ਕਿੱਥੇ ਡਰਨ ਵਾਲੇ ਨੇ। ਸੰਘੀ ਏਜੰਸੀ ਨੇ ਐਵੇਂ ਬਾਤ ਦਾ ਬਤੰਗੜ ਬਣਾ’ਤਾ। ਰਾਂਝਾ ਜੀ ਠੀਕ ਆਖਦੇ ਸਨ, ‘ਜੋ ਰੰਨਾਂ ਤੋਂ ਵਰਜਦੇ ਚੇਲਿਆਂ ਨੂੰ, ਉਹ ਗੁਰੂ ਕੀ ਬੰਨ੍ਹ ਕੇ ਚੋਵਣੇਂ ਨੇ।’

        ਪੰਜਾਬ ਪੁਲੀਸ ਕੋਲ ਪੰਜ ਸੱਤ ਅਨਮੋਲ ਰਤਨ ਨੇ ਜਿਨ੍ਹਾਂ ਦੀ ਤੂਤੀ ਹਮੇਸ਼ਾ ਬੋਲਦੀ ਐ। ਬੱਸ ਇੱਕੋ ਅਸੂਲ ‘ਹਾਂਜੀ ਹਾਂਜੀ ਕਹਿਣਾ, ਸਦਾ ਸੁਖੀ ਰਹਿਣਾ।’ ਜਿਉਂ ਹੀ ਨਵੀਂ ਸਰਕਾਰ ਸਹੁੰ ਚੁੱਕਦੀ ਹੈ, ਇਹ ਐਨੂਅਲ ਪੈਕ ਲੈਂਦੇ ਨੇ, ਫਿਰ ਹਰ ਵਰ੍ਹੇ ਰਿਨਿਊ ਕਰਾਉਂਦੇ ਰਹਿੰਦੇ ਨੇ। ਅੱਜ ਕੱਲ੍ਹ ਤਾਂ ਬਿਜਲੀ ਮਹਿਕਮੇ ਦੇ ਵਿਹੜੇ ਵੀ ਬਸੰਤ-ਬਹਾਰ ਹੈ। ਪਹਿਲਾਂ ਆਨੰਦ ਫਿਲਮ ਦਾ ਡਾਇਲਾਗ ਸੁਣੋ, ‘ਲੋਗ ਕਹਿਤੇ ਹੈਂ ਇਮਾਨਦਾਰੀ ਮੇ ਕਿਆ ਮਿਲਤਾ ਹੈ,ਮੈਨੇ ਕਹਾ ਸਕੂਨ। ’ਪਾਵਰਕੌਮ ਦੇ ਡਾਇਰੈਕਟਰ ਹਰਜੀਤ ਸਿਓਂ ਵੀ ਇਸੇ ਸਕੂਨ ਦੇ ਆਸ਼ਕ ਨੇ। ਨਵੇਂ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਪਹਿਲੇ ਝਟਕੇ ਹਰਜੀਤ ਨੂੰ ਘਰੇ ਤੋਰ’ਤਾ। ਅਖੇ ਆਸ਼ਕਾਂ ਦਾ ਏਥੇ ਕੀ ਕੰਮ।

        ਪੰਜਾਬ ਜਣੋ! ਰਾਹਾਂ ਚੋਂ ਰੋੜੇ ਹਟਾਉਣੇ, ਕੋਈ ਅਰੋੜਾ ਸਾਹਿਬ ਤੋਂ ਸਿੱਖੇ। ਬਦਲਾਅ ਨੂੰ ਹੁਣ ਅੰਮ੍ਰਿਤਸਰ (ਦਿਹਾਤੀ) ਆਲੇ ਐੱਸਐੱਸਪੀ ਮਨਿੰਦਰ ਤੋਂ ਐਲਰਜੀ ਹੋ ਗਈ। ਮਨਿੰਦਰ ਅਖੀਰ ਤੱਕ ਗੈਂਗਸਟਰਾਂ ਨਾਲ ਭਿੜਿਆ। ਉਪ ਚੋਣ ਵੇਲੇ ਸਿਆਸਤ ਨਾਲ ਭਿੜ ਬੈਠਾ। ਮਨਿੰਦਰ ਹੁਣ ਉਸ ਬੈਂਚ ਤੇ ਬੈਠੇਗਾ ਜਿੱਥੇ ਪਹਿਲਾਂ ਗੁਰਕੀਰਤ ਕਿਰਪਾਲ ਹੋਰੀਂ ਬੈਠੇ ਨੇ। ਇਹ ਸਾਰੇ ਇਮਾਨਦਾਰੀ ਦਾ ਟੈਂਡਰ ਚੁੱਕਣਾ ਚਾਹੁੰਦੇ ਸੀ। ਗੋਨਿਆਣੇ ਆਲਾ ਹੇਮ ਰਾਜ ਮਿੱਤਲ, ਗਿਆਨੀ ਜ਼ੈਲ ਸਿੰਘ ਨੇ ਐੱਸਐੱਸਐੱਸ ਬੋਰਡ ਦਾ ਚੇਅਰਮੈਨ ਲਾ’ਤਾ। ਸਾਈਕਲ ’ਤੇ ਦਫ਼ਤਰ ਜਾਂਦਾ।

        ਆਖ਼ਰੀ ਸਾਹ ਤੱਕ ਗੋਨਿਆਣੇ ਆਪਣੀ ਆਟਾ ਚੱਕੀ ’ਤੇ ਬੈਠਿਆ। ਕਿਸੇ ਨੇ ਪੁੱਛਿਆ, ‘ਚਾਰ ਛਿੱਲੜ ਕਮਾ ਲੈਂਦਾ, ਅੱਜ ਇੱਥੇ ਨਾ ਬੈਠਣਾ ਪੈਂਦਾ।’ ਅੱਗਿਓ ਜੁਆਬ ਮਿਲਿਆ, ‘ਜੇਬਾਂ ਭਰਦਾ ਤਾਂ ਅੱਜ ਜੇਲ੍ਹ ਦੀ ਚੱਕੀ ’ਤੇ ਬੈਠਾ ਹੋਣਾ ਸੀ।’ ਪੈਪਸੂ ਸਰਕਾਰ ’ਚ ਜੈਤੋ ਦਾ ਸੇਠ ਰਾਮ ਨਾਥ ਮੰਤਰੀ ਬਣਿਆ। ਬੱਸ ਤੇ ਬੈਠ ਸਹੁੰ ਚੁੱਕਣ ਪਹੁੰਚ ਗਿਆ ਪਟਿਆਲੇ। ਪਟਿਆਲੇ ਆਲਾ ਰਾਜਾ ਕਹਿੰਦਾ, ਸਹੁੰ ਚੁੱਕਣੀ ਹੈ ਤਾਂ ਅਚਕਨ ਪਹਿਨ ਕੇ ਆਵੋ, ਧੋਤੀ ਨਹੀਂ ਚੱਲੇਗੀ। ‘ਮੈਨੂੰ ਨੀ ਚਾਹੀਦੀ ਇਹੋ ਜੇਹੀ ਵਜ਼ੀਰੀ’, ਆਖ ਸੇਠ ਜੀ ਤੁਰ ਪਏ। ਮਗਰੋਂ ਮਸਾਂ ਮੋੜ ਕੇ ਲਿਆਏ।

        ਸਾਦਗੀ ਤੇ ਇਮਾਨਦਾਰੀ ਦੇ ਵੇਲੇ ਹੁਣ ਕਿਥੇ ਰਹੇ ਨੇ। ਪੰਜਾਬ ਦਾ ਸਿਰ ਉੱਚਾ ਹੁਣ ਇਨਕਲਾਬੀ ਵੀਰਾਂ ਨੇ ਕੀਤੈ। ਤਰੱਕੀ ਦੇ ਰਾਹ ’ਚ ਜਿੰਨੇ ਵੀ ਅੜਿੱਕਾ ਸਿੰਘ ਰੋੜਾ ਬਣੇ, ਉਨ੍ਹਾਂ ਨੂੰ ‘ਪਰਚਾ ਸਿੰਘ’ ਨਾਲ ਸਾਈਕਲ ’ਤੇ ਬਿਠਾ ਜੇਲ੍ਹ ਨਾਥ ਦੇ ਡੇਰੇ ਛੱਡ ਆਏ। ਸਦੀਆਂ ਬਾਅਦ ਜਦ ਕੋਈ ਬ੍ਰਹਿਮੰਡ ਦਾ ਖ਼ੋਜੀ ਪੰਜਾਬ ਆਏਗਾ, ਬੌਂਦਲ ਜਾਏਗਾ ਜਦ ਜਾਣ ਜਾਏਗਾ ਕਿ ‘ਕੱਟੜ ਘਾਟੀ ਦੀ ਸਭਿਅਤਾ’ ਦੇ ਬਾਸ਼ਿੰਦੇ ਪੰਜਾਬੀ ਸਨ। ਜਦ ਘੱਗਰ ਤੋਂ ਰਾਵੀ ਤੱਕ ਥੇਹਾਂ ਦੀ ਖ਼ੁਦਾਈ ਹੋਵੇਗੀ ਤਾਂ ‘ਕ੍ਰਾਂਤੀ ਯੋਜਨਾ’ ਦੇ ਨਮੂਨੇ ਖੰਡਰਾਤਾਂ ਚੋਂ ਮਿਲਣਗੇ। ਇਮਾਨ ਦੀ ਤੜਾਗੀ ਦੇ ਚਿੰਨ੍ਹ ਲੱਭਣਗੇ।

        ਅਖੀਰ ’ਚ ਚਾਨਣ ਸਿੰਘ ਹਨੇਰਾ ਲਤੀਫ਼ਾ ਲੈ ਕੇ ਹਾਜ਼ਰ ਹੈ। ਪ੍ਰਤਾਪ ਸਿੰਘ ਕੈਰੋਂ ਦੀ ਜਾਂਚ ਲਈ ਕੇਂਦਰ ਨੇ ‘ਦਾਸ ਕਮਿਸ਼ਨ’ ਬਿਠਾ’ਤਾ। ਕੈਰੋਂ ਨੂੰ ਅਸਤੀਫ਼ਾ ਦੇਣਾ ਪਿਆ। ਜਦੋਂ ਹਲਕੇ ’ਚ ਗਏ ਤਾਂ ਕੋਈ ਪੁਰਾਣਾ ਚੇਲਾ ਗੋਡੀਂ ਹੱਥ ਲਾ ਆਖਣ ਲੱਗਿਆ, ‘ਜੀ! ਮੈਂ ਥੋਡਾ ਦਾਸ ਹਾਂ’। ਕੈਰੋਂ ਸਾਹਿਬ ਭੜਕ ਉੱਠੇ, ‘ਪਹਿਲੇ ਦਾਸ ਦਾ ਪੱਟਿਆ ਤਾਬ ਨੀ ਆਇਆ, ਹੁਣ ਤੂੰ ਕਿਹੜਾ ਦਾਸ ਆ ਗਿਆ।’

(20 ਨਵੰਬਰ 2025)



Wednesday, October 22, 2025

                                                    ਸਰੋਤਾਂ ਤੋਂ ਵੱਧ ਆਮਦਨ
                       ਡੀਆਈਜੀ ਕੋਲ 16 ਕਰੋੜ ਦੀ ਅਚੱਲ ਸੰਪਤੀ
                                                       ਚਰਨਜੀਤ ਭੁੱਲਰ  

ਚੰਡੀਗੜ੍ਹ :ਸੀ ਬੀ ਆਈ ਨੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ (ਹੁਣ ਮੁਅੱਤਲੀ ਅਧੀਨ) ਖ਼ਿਲਾਫ਼ ਸਰੋਤਾਂ ਤੋਂ ਵੱਧ ਆਮਦਨੀ ਦੇ ਕੇਸ ਦੀ ਤਿਆਰੀ ਵਿੱਢ ਲਈ ਹੈ। ਡੀ ਆਈ ਜੀ ਭੁੱਲਰ ਅਤੇ ਦਲਾਲ ਕ੍ਰਿਸ਼ਨੂ ਸ਼ਾਰਦਾ ਇਸ ਵੇਲੇ ਬੁੜੈਲ ਜੇਲ੍ਹ ’ਚ ਬੰਦ ਹਨ। ਸੀ ਬੀ ਆਈ ਨੇ ਭੁੱਲਰ ਦੀ ਰਿਹਾਇਸ਼ ਤੋਂ 7.5 ਕਰੋੜ ਦੀ ਨਕਦੀ, ਢਾਈ ਕਿੱਲੋ ਸੋਨਾ, 24 ਲਗਜ਼ਰੀ ਘੜੀਆਂ ਤੋਂ ਇਲਾਵਾ 50 ਦੇ ਕਰੀਬ ਸੰਪਤੀਆਂ ਦੇ ਦਸਤਾਵੇਜ਼ ਹਾਸਲ ਕੀਤੇ ਹਨ ਜਿਨ੍ਹਾਂ ’ਚ ਕਈ ਬੇਨਾਮੀ ਸੰਪਤੀਆਂ ਦੇ ਵੀ ਕਾਗ਼ਜ਼ ਹਨ। ਭੁੱਲਰ ਦੀ ਰਿਹਾਇਸ਼ ਆਦਿ ਤੋਂ ਸ਼ਰਾਬ ਮਿਲਣ ਦੇ ਮਾਮਲੇ ’ਚ ਆਬਕਾਰੀ ਐਕਟ ਤਹਿਤ ਵੱਖਰਾ ਮੁਕੱਦਮਾ ਦਰਜ ਕਰਾਇਆ ਗਿਆ ਹੈ। ਸੂਤਰਾਂ ਅਨੁਸਾਰ ਸੀ ਬੀ ਆਈ ਤਰਫ਼ੋਂ ਹੁਣ ਭੁੱਲਰ ਦੇ ਘਰੋਂ ਮਿਲੀ ਨਕਦੀ ਅਤੇ ਸੰਪਤੀ ਦੀ ਛਾਣਬੀਣ ਕੀਤੀ ਜਾਵੇਗੀ ਅਤੇ ਉਸ ਦੀ ਕੁੱਲ ਆਮਦਨੀ ਅਤੇ ਖ਼ਰਚੇ ਦਾ ਮਿਲਾਣ ਕੀਤਾ ਜਾਵੇਗਾ। ਉਸ ਮਗਰੋਂ 2009 ਬੈਚ ਦੇ ਆਈ ਪੀ ਐੱਸ ਅਧਿਕਾਰੀ ਖ਼ਿਲਾਫ਼ ਸਰੋਤਾਂ ਤੋਂ ਵੱਧ ਆਮਦਨ ਦੇ ਨਵੇਂ ਕੇਸ ਦਾ ਮੁੱਢ ਬੱਝ ਸਕਦਾ ਹੈ।

          ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੇ ਕੇਂਦਰ ਸਰਕਾਰ ਕੋਲ ਪਹਿਲੀ ਜਨਵਰੀ, 2025 ਤੱਕ ਦੀ ਪ੍ਰਾਪਰਟੀ ਰਿਟਰਨ ਭਰੀ ਸੀ। ਉਸ ਮੁਤਾਬਕ ਭੁੱਲਰ ਪਰਿਵਾਰ ਕੋਲ ਅੱਠ ਸੰਪਤੀਆਂ ਹਨ ਜਿਨ੍ਹਾਂ ਦਾ ਖ਼ੁਲਾਸਾ ਖ਼ੁਦ ਡੀ ਆਈ ਜੀ ਨੇ ਕੀਤਾ ਹੈ ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਰਿਟਰਨ ਦੀ ਕਾਪੀ ਅਨੁਸਾਰ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਪ੍ਰਤੀ ਮਹੀਨਾ ਮੌਜੂਦਾ ਬੇਸਿਕ ਤਨਖ਼ਾਹ 2,16,600 ਰੁਪਏ ਹੈ ਜੋ 58 ਫ਼ੀਸਦੀ ਡੀ ਏ ਨਾਲ 3.20 ਲੱਖ ਦੇ ਕਰੀਬ ਪ੍ਰਤੀ ਮਹੀਨਾ ਬਣ ਜਾਂਦੀ ਹੈ। ਤਨਖ਼ਾਹ ’ਚੋਂ ਕਰੀਬ 30 ਫ਼ੀਸਦੀ ਹਿੱਸਾ ਆਮਦਨ ਕਰ ’ਚ ਚਲਾ ਜਾਂਦਾ ਹੈ। ਆਮਦਨ ਕਰ ਦੇਣ ਮਗਰੋਂ ਸਾਲਾਨਾ ਤਨਖ਼ਾਹ ਕਰੀਬ 27 ਲੱਖ ਰੁਪਏ ਬਣਦੀ ਹੈ। ਡੀ ਆਈ ਜੀ ਨੇ ਬਾਕੀ ਸਰੋਤਾਂ ਤੋਂ ਸਾਲਾਨਾ ਆਮਦਨ 11.44 ਲੱਖ ਰੁਪਏ ਹੋਣ ਦੀ ਜਾਣਕਾਰੀ ਨਸ਼ਰ ਕੀਤੀ ਹੈ। ਇਸ ਤਰੀਕੇ ਨਾਲ ਕੁੱਲ ਆਮਦਨ ਕਰੀਬ 38.44 ਲੱਖ ਰੁਪਏ ਸਾਲਾਨਾ ਬਣਦੀ ਹੈ।

         ਉਧਰ ਸੀ ਬੀ ਆਈ ਨੇ ਭੁੱਲਰ ਦੀ ਰਿਹਾਇਸ਼ ਆਦਿ ਤੋਂ 7.50 ਕਰੋੜ ਦੀ ਨਕਦੀ ਫੜੀ ਹੈ। ਪ੍ਰਾਪਰਟੀ ਰਿਟਰਨ ਅਨੁਸਾਰ ਭੁੱਲਰ ਕੋਲ ਜਲੰਧਰ ਦੇ ਕੋਟ ਕਲਾਂ ’ਚ ਛੇ ਕਨਾਲ ਦਾ ਫਾਰਮ ਹਾਊਸ ਹੈ ਜਿਸ ਦੀ ਉਨ੍ਹਾਂ ਬਾਜ਼ਾਰੀ ਕੀਮਤ ਦੋ ਕਰੋੜ ਰੁਪਏ ਦੱਸੀ ਹੈ। ਇਹ ਸੰਪਤੀ ਉਨ੍ਹਾਂ ਨੂੰ ਆਪਣੇ ਪਿਤਾ ਮਹਿਲ ਸਿੰਘ ਭੁੱਲਰ ਤੋਂ 6 ਅਗਸਤ, 1993 ’ਚ ਵਿਰਾਸਤ ’ਚ ਮਿਲੀ। ਚੰਡੀਗੜ੍ਹ ਦੇ ਸੈਕਟਰ-39 ਬੀ ’ਚ ਸਾਲ 1999 ’ਚ ਖ਼ਰੀਦੇ ਗਏ ਫਲੈਟ ਦੀ ਮੌਜੂਦਾ ਕੀਮਤ ਕਰੀਬ ਡੇਢ ਕਰੋੜ ਰੁਪਏ ਹੈ ਅਤੇ ਇਹ ਫਲੈਟ ਪਰਿਵਾਰ ਨੇ 1999 ’ਚ ਛੇ ਲੱਖ ਰੁਪਏ ’ਚ ਖ਼ਰੀਦਿਆ ਸੀ। ਲੁਧਿਆਣਾ ਦੇ ਪਿੰਡ ਇਯਾਲੀ ਖ਼ੁਰਦ ਵਿਚਲੀ 3 ਕਨਾਲ 18 ਮਰਲੇ ਜ਼ਮੀਨ ਦੀ ਕੀਮਤ 2.10 ਕਰੋੜ ਰੁਪਏ ਹੈ ਜੋ ਭੁੱਲਰ ਪਰਿਵਾਰ ਨੇ 2005 ’ਚ 7.35 ਲੱਖ ਰੁਪਏ ’ਚ ਖ਼ਰੀਦੀ ਸੀ। ਮੁਹਾਲੀ ਦੇ ਸੈਕਟਰ-90 ’ਚ ਚੰਡੀਗੜ੍ਹ ਓਵਰਸੀਜ਼ ਕੋਆਪਰੇਟਿਵ ਸੁਸਾਇਟੀ ’ਚ ਸਾਲ 2005 ’ਚ 20 ਲੱਖ ਰੁਪਏ ਦਾ ਫਲੈਟ ਖ਼ਰੀਦਿਆ ਗਿਆ ਜਿਸ ਦੀ ਬਾਜ਼ਾਰੀ ਕੀਮਤ ਨਹੀਂ ਦੱਸੀ ਗਈ ਹੈ। 

         ਇਸ ਫਲੈਟ ਦਾ ਹਾਲੇ ਕਬਜ਼ਾ ਨਹੀਂ ਮਿਲਿਆ ਹੈ ਕਿਉਂਕਿ ਕੇਸ ਜ਼ਿਲ੍ਹਾ ਖਪਤਕਾਰ ਫੋਰਮ ਚੰਡੀਗੜ੍ਹ ’ਚ ਬਕਾਇਆ ਹੈ। ਰਿਟਰਨ ਅਨੁਸਾਰ ਭੁੱਲਰ ਪਰਿਵਾਰ ਦੀ ਚੰਡੀਗੜ੍ਹ ਦੇ ਸੈਕਟਰ-40 ਬੀ ਵਿਚਲੀ 528 ਗਜ਼ ਦੀ ਕੋਠੀ ਦੀ ਮੌਜੂਦਾ ਕੀਮਤ ਪੰਜ ਕਰੋੜ ਰੁਪਏ ਦੱਸੀ ਗਈ ਹੈ ਜੋ ਸਾਲ 2008 ’ਚ 1.32 ਕਰੋੜ ’ਚ ਖ਼ਰੀਦੀ ਗਈ ਸੀ। ਇਸੇ ਤਰ੍ਹਾਂ ਕਪੂਰਥਲਾ ਦੇ ਪਿੰਡ ਖਾਜੁਰਾਲਾ ’ਚ ਪੰਜ ਕਨਾਲ ਜ਼ਮੀਨ ਤਬਾਦਲੇ ’ਚ 2014 ’ਚ ਮਿਲੀ ਜਿਸ ਦੀ ਮੌਜੂਦਾ ਕੀਮਤ 60 ਲੱਖ ਰੁਪਏ ਦੱਸੀ ਗਈ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੰਡ ਸ਼ੇਰੀਆਂ ’ਚ ਕਰੀਬ 15 ਏਕੜ ਜ਼ਮੀਨ (ਤਬਾਦਲੇ ਰਾਹੀਂ) ਦੀ ਮੌਜੂਦਾ ਕੀਮਤ 3 ਕਰੋੜ ਰੁਪਏ ਦੱਸੀ ਗਈ ਹੈ। ਭੁੱਲਰ ਪਰਿਵਾਰ ਨੇ ਸਾਲ 2023 ’ਚ ਨਿਊ ਚੰਡੀਗੜ੍ਹ ’ਚ ਓਮੈਕਸ ਡਿਵੈਲਪਰ ਤੋਂ 1041.87 ਗਜ਼ ਦਾ ਪਲਾਟ ਕਰੀਬ 1.60 ਕਰੋੜ ’ਚ ਖ਼ਰੀਦਿਆ ਹੈ। ਰਿਟਰਨ ’ਚ ਭੁੱਲਰ ਨੇ ਸਭ ਸੰਪਤੀਆਂ ਤੋਂ ਸਾਲਾਨਾ ਆਮਦਨ 11.44 ਲੱਖ ਰੁਪਏ ਦੱਸੀ ਹੈ। ਇਹ ਸਿਰਫ਼ ਅਚੱਲ ਸੰਪਤੀ ਹੈ। ਸੀ ਬੀ ਆਈ ਵੱਲੋਂ ਬਰਾਮਦ ਕੀਤੇ ਢਾਈ ਕਿੱਲੋ ਸੋਨੇ, ਘੜੀਆਂ, ਗੱਡੀਆਂ ਆਦਿ ਦੀ ਕੀਮਤ ਇਸ ਤੋਂ ਵੱਖਰੀ ਹੈ।

Tuesday, April 25, 2023

                                                        ਕੂੜਾ ਡੰਪ ਸਕੈਂਡਲ 
                               ‘ ਸਾਡਾ ਵੀ ਸੀਲਬੰਦ ਲਿਫ਼ਾਫ਼ਾ ਖੁਲ੍ਹਵਾ ਦਿਓ ’ 
                                                         ਚਰਨਜੀਤ ਭੁੱਲਰ   

ਚੰਡੀਗੜ੍ਹ : ‘ਆਪ’ ਸਰਕਾਰ ਬਠਿੰਡਾ ਦੇ ਪਿੰਡ ਮੰਡੀ ਖ਼ੁਰਦ ਦੇ ਕੂੜਾ ਡੰਪ ਸਕੈਂਡਲ ਦੀ ਜਾਂਚ ਰਿਪੋਰਟ ਦਾ ਬੰਦ ਲਿਫ਼ਾਫ਼ਾ ਵੀ ਖੁਲ੍ਹਵਾਏਗੀ? ਪਿੰਡ ਮੰਡੀ ਖ਼ੁਰਦ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਕੂੜਾ ਡੰਪ ਸਕੈਂਡਲ ਦੀ ਜਾਂਚ ਰਿਪੋਰਟ ਦਾ ਸੀਲਬੰਦ ਲਿਫ਼ਾਫ਼ਾ ਖੁਲ੍ਹਵਾਉਣ ਵਿਚ ‘ਆਪ’ ਸਰਕਾਰ ਮਦਦ ਕਰੇ ਤਾਂ ਜੋ ਘਪਲੇ ਦੇ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ। ਸਾਬਕਾ ਸਰਪੰਚ ਨੇ ਕਿਹਾ ਹੈ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਬਹੁ ਕਰੋੜੀ ਸਕੈਂਡਲ ਦੀ ਜਾਂਚ ਰਿਪੋਰਟ ’ਤੇ ਕਾਰਵਾਈ ’ਚ ਅੜਿੱਕੇ ਪਾਉਣ ਲਈ ਤਾਣ ਲਾਇਆ ਸੀ।

         ਸਾਬਕਾ ਸਰਪੰਚ ਨੇ ਕਿਹਾ ਹੈ ਕਿ ਜਿਵੇਂ ਮੁੱਖ ਮੰਤਰੀ ਨੇ ਨਸ਼ਿਆਂ ਦੇ ਮਾਮਲੇ ’ਤੇ ਸੀਲਬੰਦ ਲਿਫ਼ਾਫ਼ੇ ਖੁਲ੍ਹਵਾ ਕੇ ਦੋਸ਼ੀਆਂ ਖ਼ਿਲਾਫ਼ ਤਕੜਾ ਐਕਸ਼ਨ ਲਿਆ ਹੈ, ਓਵੇਂ ਹੀ ਕੂੜਾ ਡੰਪ ਘਪਲੇ ਦੀ ਸੀਲਬੰਦ ਜਾਂਚ ਰਿਪੋਰਟ ਨੂੰ ਖੁਲ੍ਹਵਾਉਣ ਵਿਚ ਸਰਕਾਰ ਮਦਦ ਕਰੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਕਰੀਬ 10 ਵਰਿ੍ਹਆਂ ਤੋਂ ਸੀਲਬੰਦ ਜਾਂਚ ਰਿਪੋਰਟ ਪੈਂਡਿੰਗ ਪਈ ਹੈ। ਚੇਤੇ ਰਹੇ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਸਮੇਂ ਪਿੰਡ ਮੰਡੀ ਖ਼ੁਰਦ ਵਿਚ ਸਰਕਾਰ ਵੱਲੋਂ ਨਗਰ ਨਿਗਮ ਬਠਿੰਡਾ ਵਾਸਤੇ ਕੂੜਾ ਡੰਪ (ਸੈਨਟਰੀ ਲੈਂਡ ਫਿਲ) ਲਈ 36.81 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ।

         ਉਸ ਸਮੇਂ ਜ਼ਮੀਨ ਐਕਵਾਇਰ ਹੋਣ ’ਚ ਹੋਈ ਧਾਂਦਲੀ ਨੂੰ ਪੰਜਾਬੀ ਟ੍ਰਿਬਿਊਨ ਨੇ ਬੇਪਰਦ ਕੀਤਾ ਸੀ ਜਿਸ ਨੂੰ ਆਧਾਰ ਬਣਾ ਕੇ ਪਿੰਡ ਮੰਡੀ ਖ਼ੁਰਦ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਲੋਕ ਜਨਹਿਤ ਪਟੀਸ਼ਨ (ਸੀਡਬਲਿਊਪੀ-21860-2011) ਦਾਇਰ ਕਰ ਦਿੱਤੀ ਸੀ ਅਤੇ ਹਾਈਕੋਰਟ ਨੇ 8 ਅਗਸਤ 2012 ਨੂੰ ਇਸ ਘਪਲੇ ਦੀ ਜਾਂਚ ਸੀ.ਬੀ.ਆਈ ਹਵਾਲੇ ਕਰ ਦਿੱਤੀ ਸੀ। ਉਸ ਮਗਰੋਂ ਸੀ.ਬੀ.ਆਈ ਨੇ 29 ਜਨਵਰੀ 2013 ਨੂੰ ਇਸ ਮਾਮਲੇ ਦੀ ਜਾਂਚ ਰਿਪੋਰਟ ਸੀਲਬੰਦ ਲਿਫ਼ਾਫ਼ੇ ਵਿਚ ਹਾਈਕੋਰਟ ਵਿਚ ਪੇਸ਼ ਕਰ ਦਿੱਤੀ ਸੀ।

         ਮੁੱਦਈ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਉਦੋਂ ਦੀ ਸਰਕਾਰ ਨੇ ਅੜਿੱਕੇ ਖੜ੍ਹੇ ਕਰਕੇ ਮਾਮਲੇ ਨੂੰ ਲਟਕਾਉਣ ਲਈ ਪੂਰੀ ਵਾਹ ਲਾਈ ਅਤੇ ਉਸ ਪਿੱਛੋਂ ਕਾਂਗਰਸ ਸਰਕਾਰ ਨੇ ਵੀ ਟਾਲ਼ਾ ਵੱਟੀ ਰੱਖਿਆ। ਉਨ੍ਹਾਂ ਕਿਹਾ ਕਿ ਇਸ ਘਪਲੇ ਵਿਚ ਸ਼ਾਮਿਲ ਉੱਚ ਅਧਿਕਾਰੀ ਤਾਕਤਵਰ ਹਨ।

        ਹਾਈਕੋਰਟ ਵਿਚ ਸੀ.ਬੀ.ਆਈ ਨੇ 8 ਜਨਵਰੀ 2014 ਨੂੰ ਸੰਖੇਪ ਪੜਤਾਲ ਰਿਪੋਰਟ ਜੱਗ ਜ਼ਾਹਿਰ ਕਰਕੇ ਸਬੰਧਿਤ ਧਿਰਾਂ ਨੂੰ ਕਾਪੀ ਵੀ ਦੇ ਦਿੱਤੀ ਸੀ ਅਤੇ ਇਸ ਘਪਲੇ ਵਿਚ ਤਿੰਨ ਸੀਨੀਅਰ ਅਧਿਕਾਰੀਆਂ ਸਮੇਤ 15 ਲੋਕਾਂ ਨੂੰ ਘਪਲੇ ਲਈ ਜ਼ਿੰਮੇਵਾਰ ਦੱਸਿਆ ਗਿਆ ਸੀ। ਸੀਬੀਆਈ ਨੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਪ੍ਰਵਾਨਗੀ ਮੰਗੀ ਸੀ। ਸੀ.ਬੀ.ਆਈ ਵੱਲੋਂ ਉਜਾਗਰ ਕੀਤੀ ਸੰਖੇਪ ਰਿਪੋਰਟ ਵਿਚ ਬਠਿੰਡਾ ਜ਼ਿਲ੍ਹੇ ਦੇ ਤਤਕਾਲੀ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਬਠਿੰਡਾ ਦੇ ਤਤਕਾਲੀ ਕਮਿਸ਼ਨਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਸੀ। ਜ਼ਮੀਨ ਦੇ ਖ਼ਰੀਦਦਾਰਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸ਼ਾਮਿਲ ਸਨ।

         ਜਦੋਂ ਦਾ ਇਹ ਮਾਮਲਾ ਹੈ, ਉਦੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਗੁਰਕਿਰਤ ਕਿਰਪਾਲ ਸਿੰਘ ਸਨ ਜੋ ਉਸ ਸਮੇਂ ਜ਼ਿਲ੍ਹਾ ਲੈਂਡ ਪ੍ਰਾਈਸ ਫਿਕਸੇਸਨ ਕਮੇਟੀ ਦੇ ਚੇਅਰਮੈਨ ਸਨ ਅਤੇ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਰਵੀ ਭਗਤ ਸਨ ਜਿਨ੍ਹਾਂ ਨੇ ਪਿੰਡ ਮੰਡੀ ਖ਼ੁਰਦ ਵਿਚ ਜ਼ਮੀਨ ਐਕਵਾਇਰ ਕਰਨ ਵਾਸਤੇ ਜ਼ਮੀਨ ਤਜਵੀਜ਼ ਕੀਤੀ ਸੀ। ਮੁੱਦਈ ਜਰਨੈਲ ਸਿੰਘ ਦੇ ਦੋ ਦਫ਼ਾ ਹਾਈਕੋਰਟ ਵਿਚ ਕੋਵਿਡ ਮਹਾਂਮਾਰੀ ਤੋਂ ਪਹਿਲਾਂ ਦਰਖਾਸਤ ਦੇ ਕੇ ਮਾਮਲੇ ਦੀ ਸੁਣਵਾਈ ਦੀ ਅਪੀਲ ਕੀਤੀ ਸੀ। ਉਹ ਆਖਦੇ ਹਨ ਕਿ ਇਸ ਮਾਮਲੇ ਦੀ ਫਾਈਨਲ ਸੁਣਵਾਈ ਹੁੰਦੀ ਹੈ ਤਾਂ ਘਪਲੇ ਦੇ ਦੋਸ਼ੀਆਂ ’ਤੇ ਕਾਰਵਾਈ ਹੋਣੀ ਤੈਅ ਹੈ।

                                  ਨੇਤਾਵਾਂ ਨੇ ਰਾਤੋਂ ਰਾਤ ਕਰੋੜਾਂ ਕਮਾਏ..

ਸੀਬੀਆਈ ਦੀ ਸੰਖੇਪ ਰਿਪੋਰਟ ’ਚ ਕਿਹਾ ਗਿਆ ਹੈ ਕਿ ਨਗਰ ਨਿਗਮ ਬਠਿੰਡਾ ਲਈ ਜੋ ਕੂੜਾ ਡੰਪ ਵਾਸਤੇ ਪਿੰਡ ਮੰਡੀ ਖ਼ੁਰਦ ਵਿਚ ਜ਼ਮੀਨ ਸ਼ਨਾਖ਼ਤ ਕੀਤੀ ਗਈ ਅਤੇ ਐਕਵਾਇਰ ਕੀਤੀ ਗਈ, ਉਸ ਪਿੱਛੇ ਇੱਕੋ ਮੰਤਵ ਜ਼ਮੀਨ ਦੇ ਮਾਲਕਾਂ ਨੂੰ ਲਾਭ ਦੇਣਾ ਅਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣਾ ਸੀ। ਬਠਿੰਡਾ ਨੇੜਲੇ ਪਿੰਡ ਗਹਿਰੀ ਭਾਗੀ ਵਿਚਲੀ ਸਸਤੀ ਜ਼ਮੀਨ ਨੂੰ ਡਰਾਪ ਕਰਕੇ ਬਠਿੰਡਾ ਤੋਂ ਦੂਰ ਪੈਂਦੀ ਵੱਧ ਮੁੱਲ ਵਾਲੀ ਜ਼ਮੀਨ ਦੀ ਚੋਣ ਕਰਨ ਪਿੱਛੇ ਅਧਿਕਾਰੀਆਂ ਦੀ ਮਨਸ਼ਾ ਠੀਕ ਨਹੀਂ ਸੀ। ਅਧਿਕਾਰੀਆਂ ਨੇ ਜ਼ਮੀਨ ਦੇ ਭਾਅ ਲੋੜੋਂ ਵੱਧ ਤੈਅ ਕਰਕੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ।

        ਵੱਡੀ ਗੱਲ ਇਹ ਹੈ ਕਿ ਕਮਿਸ਼ਨਰ ਵੱਲੋਂ ਜ਼ਮੀਨ ਐਕਵਾਇਰ ਕਰਨ ਦੀ ਤਜਵੀਜ਼ ਤੋਂ ਦੋ ਦਿਨ ਪਹਿਲਾਂ ਹੀ ਚਾਰ ਸਿਆਸੀ ਪਰਿਵਾਰਾਂ ਨੇ ਪਿੰਡ ਮੰਡੀ ਖ਼ੁਰਦ ਦੇ ਕਿਸਾਨਾਂ ਤੋਂ ਕਰੀਬ 1.59 ਕਰੋੜ ਰੁਪਏ ‘ਚ ਇਹ ਜ਼ਮੀਨ ਖ਼ਰੀਦ ਲਈ ਤਾਂ ਉਸ ਤੋਂ ਤੁਰੰਤ ਮਗਰੋਂ ਹੀ ਪੰਜਾਬ ਸਰਕਾਰ ਨੇ ਉਹੀ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਇਨ੍ਹਾਂ ਚਾਰ ਪਰਿਵਾਰਾਂ ਨੂੰ ਜ਼ਮੀਨ ਐਕੁਆਇਰ ਹੋਣ ’ਤੇ 5.62 ਕਰੋੜ ਰੁਪਏ ਦਾ ਮੁਨਾਫ਼ਾ ਹੋਇਆ ਸੀ।

                                 ਵਿਧਾਨ ਸਭਾ ਕਮੇਟੀ ਨੇ ਵੀ ਉਂਗਲ ਉਠਾਈ

ਪੰਜਾਬ ਵਿਧਾਨ ਸਭਾ ਦੀ ਸਥਾਨਿਕ ਸਰਕਾਰਾਂ ਬਾਰੇ ਕਮੇਟੀ ਦੇ ਚੇਅਰਮੈਨ ਜਗਰੂਪ ਸਿੰਘ ਗਿੱਲ ਨੇ ਵੀ ਇਸ ਕੂੜਾ ਡੰਪ ਵਾਲੀ ਜਗ੍ਹਾ ਨੂੰ ਲੈ ਕੇ ਸਿਫ਼ਾਰਸ਼ ਕੀਤੀ ਸੀ ਕਿ ਨਗਰ ਨਿਗਮ ਇਸ ਬਾਰੇ ਇੱਕ ਨੋਡਲ ਅਧਿਕਾਰੀ ਤਾਇਨਾਤ ਕਰੇ ਅਤੇ ਅਦਾਲਤ ਵਿਚ ਇਸ ਦੀ ਮੁਕੰਮਲ ਪੈਰਵੀ ਕਰੇ। ਵਿਧਾਇਕ ਗਿੱਲ ਦਾ ਕਹਿਣਾ ਸੀ ਕਿ ਨਿਗਮ ਨੇ ਇਸ ਜ਼ਮੀਨ ਨੂੰ ਖ਼ਾਲੀ ਛੱਡਿਆ ਹੋਇਆ ਹੈ ਜਦੋਂ ਕਿ ਇਸ ਨੂੰ ਠੇਕੇ ’ਤੇ ਦੇ ਕੇ ਆਮਦਨ ਹੋ ਸਕਦੀ ਸੀ।




Saturday, September 15, 2018

                       ਬੇਅਦਬੀ ਮਾਮਲਾ 
   ਮੋਦੀ ਡੇਰਾ ਸਿਰਸਾ ’ਤੇ ‘ਮਿਹਰਬਾਨ’
                        ਚਰਨਜੀਤ ਭੁੱਲਰ
ਬਠਿੰਡਾ : ਕੇਂਦਰ ਦੀ ਭਾਜਪਾ ਸਰਕਾਰ ਹੁਣ ਆਗਾਮੀ ਚੋਣਾਂ ਦੀ ਨਜ਼ਰ ਤੋਂ ਡੇਰਾ ਸਿਰਸਾ ’ਤੇ ਮਿਹਰ ਦੀ ਨਜ਼ਰ ਰੱਖਣ ਲੱਗੀ ਹੈ। ਸੀ.ਬੀ.ਆਈ ਦਾ ਬੇਅਦਬੀ ਮਾਮਲੇ ’ਚ ਡੇਰਾ ਪੈਰੋਕਾਰਾਂ ਪ੍ਰਤੀ ਨਰਮ ਗੋਸ਼ਾ ਸਿਆਸੀ ਇਸ਼ਾਰੇ ਦੀ ਸ਼ਾਹਦੀ ਭਰਦਾ ਹੈ। ਬੇਅਦਬੀ ਮਾਮਲੇ ’ਚ ਡੇਰਾ ਸਿਰਸਾ ਦੇ ਤਿੰਨ ਪੈਰੋਕਾਰਾਂ ਦੀ ਜ਼ਮਾਨਤ ਹੋ ਜਾਣ ਤੋਂ ਸਾਫ਼ ਹੈ ਕਿ ਕੇਂਦਰ ਸਰਕਾਰ ਆਗਾਮੀ ਚੋਣਾਂ ਕਰਕੇ ਡੇਰਾ ਸਿਰਸਾ ’ਤੇ ਨਰਮ ਪੈ ਗਈ ਪਈ ਹੈ। ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਡੇਰਾ ਪੈਰੋਕਾਰਾਂ ਦਾ ਵੱਡਾ ਰੋਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਹੈ। ਮੋਦੀ ਸਰਕਾਰ ਵੱਲੋਂ ਹੁਣ ਰੁਖ਼ ’ਚ ਕੀਤੀ ਤਬਦੀਲੀ ਦੇ ਚੋਗੇ ਨੂੰ ਡੇਰਾ ਕਿੰਨਾ ਕੁ ਚੁਗੇਗਾ, ਇਹ ‘ਮਿਸ਼ਨ 2019’ ’ਚ ਸਾਫ਼ ਹੋਵੇਗਾ। ਵੇਰਵਿਆਂ ਅਨੁਸਾਰ ਰਾਜਸਥਾਨ ਚੋਣਾਂ ਸਿਰ ’ਤੇ ਹਨ ਅਤੇ ਡੇਰਾ ਸਿਰਸਾ ਦੇ ਰਾਜਸਥਾਨ ਦੇ ਦਰਜਨਾਂ ਅਸੈਂਬਲੀ ਹਲਕਿਆਂ ਡੇਰਾ ਪੈਰੋਕਾਰ ਹਨ। ਅਹਿਮ ਸੂਤਰ ਦੱਸਦੇ ਹਨ ਕਿ ਰਾਜਸਥਾਨ ਸਰਕਾਰ ਨੇ ਵੀ ਭਾਜਪਾ ਹਾਈਕਮਾਨ ਨੂੰ ਆਗਾਮੀ ਚੋਣਾਂ ਦੇ ਮੱਦੇਨਜ਼ਰ ਡੇਰਾ ਸਿਰਸਾ ਦੇ ਸਿਆਸੀ ਵਜ਼ਨ ਤੋਂ ਜਾਣੂ ਕਰਾਇਆ ਹੈ। ਜਦੋਂ ਕਿ ਇਸ ਵੇਲੇ ਪੰਜਾਬ ਵਿਚ ਬੇਅਦਬੀ ਦਾ ਮਾਮਲਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਠੀਕ ਉਸ ਵੇਲੇ ਕੇਂਦਰ ਸਰਕਾਰ ਡੇਰਾ ਸਿਰਸਾ ਨਾਲ ਮੁੜ ਸਿਆਸੀ ਤਾਲਮੇਲ ਬਿਠਾ ਰਹੀ ਹੈ ਤਾਂ ਜੋ ਮੌਕੇ ਦਾ ਲਾਹਾ ਲਿਆ ਜਾ ਸਕੇ।
                ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਤਰਫ਼ੋਂ ਬੇਅਦਬੀ ਮਾਮਲੇ ਦੀ ‘ਗੁਪਤ ਰਿਪੋਰਟ’ ਸੀ.ਬੀ.ਆਈ ਨੂੰ ਸੌਂਪ ਦਿੱਤੀ ਗਈ ਸੀ। ਸਿੱਟ ਨੇ 11 ਜੂਨ ਨੂੰ ਫੜੇ 10 ਡੇਰਾ ਪੈਰੋਕਾਰਾਂ ਨੂੰ ਮੋਗਾ ਅਦਾਲਤ ਵਿਚ ਪੇਸ਼ ਕਰ ਦਿੱਤਾ ਸੀ। ਸੀ.ਬੀ.ਆਈ ਨੇ ਫ਼ਰੀਦਕੋਟ ਜੇਲ੍ਹ ਵਿਚ ਬੰਦ 10 ਡੇਰਾ ਪੈਰੋਕਾਰਾਂ ਚੋਂ ਮੁੱਖ ਹਰਮਿੰਦਰ ਬਿੱਟੂ, ਸੁਖਜਿੰਦਰ ਸੰਨ੍ਹੀ ਅਤੇ ਸ਼ਕਤੀ ਸਿੰਘ ਦੀ 6 ਜੁਲਾਈ ਨੂੰ ਗ੍ਰਿਫ਼ਤਾਰੀ ਪਾਈ ਅਤੇ ਪੁੱਛਗਿੱਛ ਕੀਤੀ। ਹੁਣ ਇਹ ਤਿੰਨੋਂ ਪੈਰੋਕਾਰ ਨਾਭਾ ਜੇਲ੍ਹ ਵਿਚ ਬੰਦ ਹਨ। ਤਫ਼ਤੀਸ਼ੀ ਮਾਹਿਰਾਂ ਨੇ ਦੱਸਿਆ ਕਿ ਸੀਬੀਆਈ ਤਰਫ਼ੋਂ 6 ਸਤੰਬਰ ਤੱਕ ਫੜੇ ਪੈਰੋਕਾਰਾਂ ਦਾ ਅਦਾਲਤ ਵਿਚ ਚਲਾਨ ਪੇਸ਼ ਕੀਤਾ ਜਾਣਾ ਸੀ ਜੋ ਕਿ ਸਮੇਂ ਸਿਰ ਨਹੀਂ ਕੀਤਾ ਗਿਆ ਜਿਸ ਦਾ ਕਾਨੂੰਨੀ ਤੌਰ ਤੇ ਡੇਰਾ ਪੈਰੋਕਾਰਾਂ ਨੂੰ ਫ਼ਾਇਦਾ ਮਿਲ ਗਿਆ ਅਤੇ ਉਨ੍ਹਾਂ ਦੀਆਂ ਜ਼ਮਾਨਤਾਂ ਅਦਾਲਤ ਨੇ ਮਨਜ਼ੂਰ ਕਰ ਦਿੱਤੀਆਂ। ਪੰਜਾਬ ਪੁਲੀਸ ਦੀ ਸਿੱਟ ਟੀਮ ਦੇ ਅਧਿਕਾਰੀ ਜ਼ਮਾਨਤਾਂ ਮਨਜ਼ੂਰ ਹੋਣ ਤੋਂ ਹੈਰਾਨੀ ਵਿਚ ਹਨ ਅਤੇ ਕੈਪਟਨ ਸਰਕਾਰ ਨੂੰ ਵੀ ਇਹ ਵੱਡਾ ਹਲੂਣਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਗਰ ਸੀਬੀਆਈ ਦੀ ਤਫ਼ਤੀਸ਼ ਅਧੂਰੀ ਸੀ ਤਾਂ ਵੀ ਅਦਾਲਤ ਵਿਚ ਚਲਾਨ ਪੇਸ਼ ਕਰਕੇ ਮਗਰੋਂ ਸਪਲੀਮੈਂਟਰੀ ਚਲਾਨ ਦੇ ਸਕਦੀ ਸੀ। ਏਦਾ ਦਾ ਕੱੁਝ ਨਹੀਂ ਹੋਇਆ।
                 ਸੂਤਰ ਦੱਸਦੇ ਹਨ ਕਿ ਸਿੱਟ ਤਰਫ਼ੋਂ ਸੀਬੀਆਈ ਨੂੰ ‘ਗੁਪਤ ਜਾਂਚ ਰਿਪੋਰਟ’ ਦੇਣ ਸਮੇਂ ਇਹ ਨੁਕਤਾ ਸਾਂਝਾ ਕੀਤਾ ਗਿਆ ਕਿ ਇਸ ਮਾਮਲੇ ’ਚ ਹੁਣ ਹਰਸ਼ ਧੂਰੀ,ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਗ੍ਰਿਫ਼ਤਾਰ ਕਰਨਾ ਬਣਦਾ ਹੈ ਪ੍ਰੰਤੂ ਸੀਬੀਆਈ ਇਸ ਰਾਹ ਹੀ ਨਹੀਂ ਪਈ। ਵੱਡਾ ਨੁਕਤਾ ਇਹ ਵੀ ਹੈ ਕਿ ਸੀਬੀਆਈ ਨੇ ਡੇਰਾ ਮੁਖੀ ਦੇ ਪੀ.ਏ ਰਾਕੇਸ਼ ਦਿੜ੍ਹਬਾ ਨੂੰ ਪੁੱਛਗਿੱਛ ਵਿਚ ਸ਼ਾਮਿਲ ਹੀ ਨਹੀਂ ਕੀਤਾ ਜਿਸ ਦੀਆਂ ਹਦਾਇਤਾਂ ’ਤੇ ਬੇਅਦਬੀ ਕਾਂਡ ਨੂੰ ਅੰਜਾਮ ਦਿੱਤਾ ਗਿਆ। ਸੂਤਰਾਂ ਅਨੁਸਾਰ ਰਾਕੇਸ਼ ਦਿੜ੍ਹਬਾ ਇਸ ਵੇਲੇ ਅੰਬਾਲਾ ਜੇਲ੍ਹ ਵਿਚ ਪੰਚਕੂਲਾ ਹਿੰਸਾ ਮਾਮਲੇ ਵਿਚ ਬੰਦ ਹੈ ਜਿਸ ਨੂੰ ਸੀਬੀਆਈ ਪ੍ਰੋਡਕਸ਼ਨ ਵਰੰਟ ’ਤੇ ਲਿਆ ਸਕਦੀ ਸੀ ਪ੍ਰੰਤੂ ਸੀ.ਬੀ.ਆਈ ਦੇ ਅਧਿਕਾਰੀ ਅੰਬਾਲੇ ਦੇ ਰਾਹ ਹੀ ਨਹੀਂ ਪਏ। ਸਿੱਟ ਦੀ ਜਾਂਚ ਤੋਂ ਪਹਿਲਾਂ ਵੀ ਸੀ.ਬੀ.ਆਈ ਨੇ ਪੌਣੇ ਤਿੰਨ ਵਰੇ੍ਹ ਜਾਂਚ ਢਿੱਲੀ ਹੀ ਰੱਖੀ। ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਦਾ ਪ੍ਰਤੀਕਰਮ ਸੀ ਕਿ ਸੀਬੀਆਈ ਨੇ ਬੇਅਦਬੀ ਮਾਮਲੇ ਦੀ ਜਾਂਚ ਨੂੰ ਪੁੱਠਾ ਗੇੜਾ ਦੇ ਦਿੱਤਾ ਹੈ।
               ਇਵੇਂ ਹੀ ਸੀਬੀਆਈ ਨੇ ਫ਼ਰੀਦਕੋਟ ਜੇਲ੍ਹ ਵਿਚ ਬੰਦ ਹੋਰ 7 ਡੇਰਾ ਪੈਰੋਕਾਰਾਂ ਦੀ ਬੇਅਦਬੀ ਮਾਮਲੇ ਵਿਚ ਗ੍ਰਿਫ਼ਤਾਰੀ ਪਾਉਣ ਤੋਂ ਪਾਸਾ ਵੱਟਿਆ ਜਿਨ੍ਹਾਂ ਨੂੰ ਸਿੱਟ ਨੇ ਬੇਅਦਬੀ ਮਾਮਲੇ ਵਿਚ ਬਰਾਬਰ ਦਾ ਦੋਸ਼ੀ ਮੰਨਿਆ ਸੀ। ਸੀ.ਬੀ.ਆਈ ਅਫ਼ਸਰਾਂ ਨੇ ਫ਼ਰੀਦਕੋਟ ਜੇਲ੍ਹ ਵਿਚ ਬੰਦ ਇਨ੍ਹਾਂ 7 ਪੈਰੋਕਾਰਾਂ ਤੋਂ ਰਸਮੀ ਪੁੱਛਗਿੱਛ ਕਰਕੇ ਪੱਲਾ ਝਾੜ ਲਿਆ। ਸਿੱਟ ਨੇ 10 ਡੇਰਾ ਪੈਰੋਕਾਰਾਂ ਨੂੰ ਜਿਸ ਮੋਗਾ ਦੇ ਪੁਰਾਣੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ, ਉਸ ਵਿਚ ਮੋਗਾ ਅਦਾਲਤ ਚੋਂ ਕੱੁਝ ਪੈਰੋਕਾਰਾਂ ਦੀਆਂ ਜ਼ਮਾਨਤ ਦੀਆਂ ਦਰਖਾਸਤਾਂ ਰੱਦ ਵੀ ਹੋ ਚੁੱਕੀਆਂ ਹਨ। ਭਾਵੇਂ ਹੁਣ ਸੀਬੀਆਈ ਅਦਾਲਤ ਚੋਂ ਤਿੰਨ ਪ੍ਰੇਮੀਆਂ ਦੀਆਂ ਜ਼ਮਾਨਤਾਂ ਹੋ ਗਈਆਂ ਹਨ ਪ੍ਰੰਤੂ ਪੁਰਾਣੇ ਕੇਸ ਵਿਚ ਜ਼ਮਾਨਤ ਨਾ ਹੋਣ ਕਰਕੇ ਫ਼ਿਲਹਾਲ ਉਨ੍ਹਾਂ ਨੂੰ ਜੇਲ੍ਹ ਵਿਚ ਰਹਿਣਾ ਪਵੇਗਾ।
                         ਕੇਂਦਰ ਦੀ ਭੂਮਿਕਾ ਸ਼ੱਕੀ : ਜਾਖੜ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵਿਚ ਸ਼੍ਰੋਮਣੀ ਅਕਾਲੀ ਦਲ ਭਾਈਵਾਲ ਹੈ ਜੋ ਆਪਣਾ ਰਸੂਖ ਵਰਤ ਕੇ ਅਜਿਹੀ ਚਾਲ ਚੱਲ ਰਿਹਾ ਹੈ। ਕੇਂਦਰ ਦੀ ਬੇਅਦਬੀ ਮਾਮਲਿਆਂ ਵਿਚ ਭੂਮਿਕਾ ਨੇ ਲੋਕਾਂ ਦੇ ਖਦਸ਼ੇ ਸੱਚ ਕਰ ਦਿੱਤੇ ਹਨ ਪ੍ਰੰਤੂ ਕਾਂਗਰਸ ਸਰਕਾਰ ਬੇਅਦਬੀ ਮਾਮਲੇ ਵਿਚ ਕਿਸੇ ਵੀ ਦੋਸ਼ੀ ਨੂੰ ਬਖਸ਼ੇਗੀ ਨਹੀਂ ਅਤੇ ਲੋਕਾਂ ਨਾਲ ਪੂਰਨ ਨਿਆਂ ਕੀਤਾ ਜਾਵੇਗਾ।
                                 ਏਦਾ ਦੀ ਕੋਈ ਗੱਲ ਨਹੀਂ : ਸਾਂਪਲਾ
ਭਾਜਪਾ ਦੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਕਹਿਣਾ ਸੀ ਕਿ ਏਦਾ ਦੀ ਕੋਈ ਵੀ ਗੱਲ ਨਹੀਂ ਹੈ ਅਤੇ ਕੇਂਦਰ ਤੇ ਹਰਿਆਣਾ ਸਰਕਾਰ ਨੇ ਤਾਂ ਆਪਣੀ ਬਣਦੀ ਨਿਰਪੱਖ ਡਿਊਟੀ ਨਿਭਾਈ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਨੇ ਡੇਢ ਵਰੇ੍ਹ ਦੌਰਾਨ ਬੇਅਦਬੀ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਅਤੇ ਹੁਣ ਆਪਣੇ ਦਾਗ ਛੁਪਾਉਣ ਲਈ ਕਾਂਗਰਸੀ ਨੇਤਾ ਛਿੱਕੜ ਉਛਾਲੀ ਕਰ ਰਹੇ ਹਨ।

   



Thursday, November 8, 2012

                                     ਸੀ ਬੀ ਆਈ
           ਕੂੜਾ ਡੰਪ ਵਾਲੀ ਜ਼ਮੀਨ ਦੀ ਪੈਮਾਇਸ਼
                                   ਚਰਨਜੀਤ ਭੁੱਲਰ
ਬਠਿੰਡਾ : ਸੀ ਬੀ ਆਈ ਦੀ ਵਿਸ਼ੇਸ਼ ਟੀਮ ਨੇ ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੰਡੀ ਖੁਰਦ ਵਿੱਚ ਕੂੜਾ ਡੰਪ ਵਾਲੀ ਜ਼ਮੀਨ ਦੀ ਪੈਮਾਇਸ਼ ਕੀਤੀ। ਸੀ ਬੀ ਆਈ ਦੀ ਛੇ ਮੈਂਬਰੀ ਟੀਮ ਅੱਜ ਦੁਪਹਿਰ ਸਵਾ ਦੋ ਵਜੇ ਪਿੰਡ ਮੰਡੀ ਖੁਰਦ ਪੁੱਜੀ ਤੇ ਇਸ ਟੀਮ ਨੇ ਮਾਲ ਵਿਭਾਗ ਦੀ ਹਾਜ਼ਰੀ ਵਿੱਚ ਕੂੜਾ ਡੰਪ ਵਾਲੀ ਜਗ੍ਹਾ ਦੀ ਕਈ ਘੰਟੇ ਪੈਮਾਇਸ਼ ਕੀਤੀ। ਦੱਸਣਯੋਗ ਹੈ ਕਿ ਹਾਈ ਕੋਰਟ ਵੱਲੋਂ ਇਸ ਕੂੜਾ ਡੰਪ ਵਾਲੀ ਜ਼ਮੀਨ ਐਕਵਾਇਰ ਕਰਨ ਵਿੱਚ ਹੋਏ ਸਕੈਂਡਲ ਦੀ ਸੀ ਬੀ ਆਈ ਜਾਂਚ ਦੇ ਹੁਕਮ ਦਿੱਤੇ ਸਨ ਤੇ 11 ਅਕਤੂਬਰ ਨੂੰ ਸੀ ਬੀ ਆਈ ਨੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਮਹੀਨੇ ਦਾ ਹੋਰ ਸਮਾਂ ਲਿਆ ਸੀ। ਸੀ ਬੀ ਆਈ ਨੇ 12 ਜਨਵਰੀ 2013 ਤੱਕ ਇਸ ਮਾਮਲੇ ਦੀ ਜਾਂਚ ਮੁਕੰਮਲ ਕਰਨੀ ਹੈ।
            ਸੀ ਬੀ ਆਈ ਅਧਿਕਾਰੀ ਅਰਵਿੰਦ ਦੀ ਅਗਵਾਈ ਵਿੱਚ ਟੀਮ ਨੇ ਪਿੰਡ ਮੰਡੀ ਖੁਰਦ ਦੀ ਪੰਚਾਇਤ ਤੇ ਐਕਸ਼ਨ ਕਮੇਟੀ ਨੂੰ ਪੈਮਾਇਸ਼ ਕਰਨ ਸਮੇਂ ਹਾਜ਼ਰ ਰੱਖਿਆ। ਪਿੰਡ ਦੇ ਪਟਵਾਰੀ ਪਰਗਟ ਸਿੰਘ ਤੇ ਕਾਨੂੰਗੋਜ਼ ਸੁਖਦੇਵ ਸਿੰਘ ਨੇ ਸੀ ਬੀ ਆਈ ਟੀਮ ਦਾ ਸਹਿਯੋਗ ਕੀਤਾ। ਮਾਲ ਵਿਭਾਗ ਵੱਲੋਂ ਅੱਜ ਇਸ ਜ਼ਮੀਨ ਦਾ ਨਕਸ਼ਾ ਵੀ ਸੀ ਬੀ ਆਈ ਟੀਮ ਨੂੰ ਸੌਂਪ ਦਿੱਤਾ ਹੈ। ਟੀਮ ਨੇ ਐਕੁਆਇਰ ਜ਼ਮੀਨ ਦੀ ਫੋਟੋਗਰਾਫੀ ਤੇ ਵੀਡੀਓਗਰਾਫੀ ਵੀ ਕੀਤੀ। ਸੀ ਬੀ ਆਈ ਟੀਮ ਨੇ ਇਕੱਲੀ ਐਕੁਆਇਰ ਜ਼ਮੀਨ ਦੀ ਪੈਮਾਇਸ਼ ਹੀ ਨਹੀਂ ਕੀਤੀ ਬਲਕਿ ਕੂੜਾ ਡੰਪ ਵਾਲੀ ਜਗ੍ਹਾ ਦੀ ਪਿੰਡ ਦੀ ਆਬਾਦੀ ਤੇ ਲਾਲ ਲਕੀਰ ਤੋਂ ਦੂਰੀ ਵੀ ਦੇਖੀ। ਦੱਸਣਯੋਗ ਹੈ ਕਿ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਕੋਈ ਵੀ ਸਨਅਤ ਪਿੰਡ ਦੀ ਆਬਾਦੀ ਤੋਂ 500 ਮੀਟਰ ਦੀ ਦੂਰੀ ਦੇ ਅੰਦਰ ਨਹੀਂ ਲੱਗ ਸਕਦੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਭੂਮਿਕਾ ਵੀ ਹੁਣ ਸ਼ੱਕ ਦੇ ਦਾਇਰੇ ਵਿੱਚ ਆ ਗਈ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੂੜਾ ਡੰਪ ਵਾਲੀ ਜਗ੍ਹਾ ਨੂੰ ਹਰੀ ਝੰਡੀ ਦਿੱਤੀ ਗਈ ਸੀ। ਅੱਜ ਸੀ ਬੀ ਆਈ ਦੀ ਟੀਮ ਨੇ ਜਦੋਂ ਕੂੜਾ ਡੰਪ ਵਾਲੀ ਜ਼ਮੀਨ ਤੋਂ ਪਿੰਡ ਦੀ ਲਾਲ ਲਕੀਰ ਦੀ ਦੂਰੀ ਦੀ ਮਿਣਤੀ ਕੀਤੀ ਤਾਂ ਉਹ ਸਿਰਫ਼ 400 ਮੀਟਰ ਹੀ ਨਿਕਲੀ। ਇਸੇ ਤਰ੍ਹਾਂ ਮਿਣਤੀ ਦੌਰਾਨ ਇਹ ਗੱਲ ਵੀ ਜ਼ਾਹਰ ਹੋਈ ਕਿ ਕੂੜਾ ਡੰਪ ਵਾਲੀ ਜਗ੍ਹਾ ਤੋਂ 90 ਮੀਟਰ ਦੂਰੀ 'ਤੇ ਹੀ ਛੇ ਘਰ ਵਸਦੇ ਹਨ। ਇਹ ਘਰ ਮੱਘਰ ਸਿੰਘ ਸਾਬਕਾ ਪੰਚ, ਬੀਰ ਸਿੰਘ, ਮੱਖਣ ਸਿੰਘ,ਮੇਵਾ ਸਿੰਘ ਤੇ ਗੁਰਦਿਆਲ ਸਿੰਘ ਆਦਿ ਦੇ ਹਨ ਜੋ1999 ਤੋਂ ਇਥੇ ਵਸ ਰਹੇ ਹਨ।
            ਪੈਮਾਇਸ਼ ਵਿੱਚ ਇਹ ਗੱਲ ਵੀ ਬੇਪਰਦ ਹੋਈ ਕਿ ਤਿੰਨ ਮਕਾਨ ਕੂੜਾ ਡੰਪ ਵਾਲੀ ਜਗ੍ਹਾ ਤੋਂ 240 ਮੀਟਰ ਦੀ ਦੂਰੀ 'ਤੇ ਸਨ। ਇਹ ਘਰ ਨਿਰਮਲ ਸਿੰਘ ਨੰਬਰਦਾਰ,ਸੈਬਰ ਸਿੰਘ ਸਾਬਕਾ ਪੰਚ ਤੇ ਗੁਰਚਰਨ ਸਿੰਘ ਦੇ ਹਨ। ਇਹ ਗੱਲ ਸਾਬਤ ਹੋਈ ਕਿ ਮਕਾਨਾਂ ਦੇ ਨੇੜੇ ਤੇ ਪਿੰਡ ਦੀ ਲਾਲ ਲਕੀਰ ਦੇ ਨੇੜੇ ਹੀ ਕੂੜਾ ਡੰਪ ਵਾਲੀ ਜਗ੍ਹਾ ਦੀ ਚੋਣ ਕੀਤੀ ਗਈ। ਅੱਜ ਪਿੰਡ ਦਾ ਸਰਪੰਚ ਬਲਵੰਤ ਸਿੰਘ ਤੇ ਐਕਸ਼ਨ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਜਰਨੈਲ ਸਿੰਘ ਤੋਂ ਇਲਾਵਾ ਮੇਵਾ ਸਿੰਘ,ਸੁਖਦੇਵ ਸਿੰਘ,ਬਲਕਰਨ ਸਿੰਘ,ਬੱਗਾ ਸਿੰਘ,ਗੁਰਚਰਨ ਸਿੰਘ,ਦਰਸ਼ਨ ਸਿੰਘ ਤੇ ਪੂਡਾ ਅਧਿਕਾਰੀ ਵੀ ਹਾਜ਼ਰ ਸਨ। ਸੀ ਬੀ ਆਈ ਅਧਿਕਾਰੀਆਂ ਨੇ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਜਦੋਂਕਿ ਸੂਤਰਾਂ ਨੇ ਦੱਸਿਆ ਕਿ ਟੀਮ ਵੱਲੋਂ ਇਸ ਮਾਮਲੇ ਵਿੱਚ ਪਿੰਡ ਦੇ ਲੋਕਾਂ ਦੇ ਬਿਆਨ ਵੀ ਲਏ ਜਾਣੇ ਹਨ। ਸੀ ਬੀ ਆਈ ਟੀਮ ਕਰੀਬ ਚਾਰ ਘੰਟੇ ਜ਼ਮੀਨ ਵਾਲੀ ਜਗ੍ਹਾ 'ਤੇ ਰਹੀ ਤੇ ਕਰੀਬ ਸਵਾ ਛੇ ਵਜੇ ਵਾਪਸ ਰਵਾਨਾ ਹੋਈ। ਟੀਮ ਨੇ ਹਰ ਲਿਖਤੀ ਕਾਰਵਾਈ 'ਤੇ ਪਿੰਡ ਦੇ ਹਾਜ਼ਰ ਲੋਕਾਂ ਤੇ ਮਾਲ ਵਿਭਾਗ ਦੇ ਮੁਲਾਜ਼ਮਾਂ ਦੇ ਦਸਤਖਤ ਵੀ ਕਰਵਾਏ।
          ਦੱਸਣਯੋਗ ਹੈ ਕਿ 'ਪੰਜਾਬੀ ਟ੍ਰਿਬਿਊਨ' ਵੱਲੋਂ ਇਸ ਮਾਮਲੇ ਨੂੰ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਵੇਰਵੇ ਲੈ ਕੇ ਪ੍ਰਮੁੱਖਤਾ ਨਾਲ ਬੇਪਰਦ ਕੀਤਾ ਸੀ ਜਿਸ ਵਿੱਚ ਪੰਜਾਬ ਸਰਕਾਰ ਨੇ ਸਿਆਸੀ ਆਗੂਆਂ ਨੂੰ ਕਰੋੜਾਂ ਰੁਪਏ ਦਾ ਫਾਇਦਾ ਦਿੱਤਾ ਸੀ। ਉਸ ਮਗਰੋਂ ਹੀ ਪਿੰਡ ਮੰਡੀ ਖੁਰਦ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਵਗੈਰਾ ਨੇ ਹਾਈ ਕੋਰਟ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਨੇ 8 ਅਗਸਤ 2012  ਨੂੰ ਇਹ ਮਾਮਲਾ ਸੀ ਬੀ ਆਈ ਨੂੰ ਸੌਂਪ ਦਿੱਤਾ ਸੀ। ਪੰਜਾਬ ਸਰਕਾਰ ਨੇ ਕੂੜਾ ਡੰਪ (ਸੈਨੀਟਰੀ ਲੈਂਡ ਫਿਲ) ਲਈ ਪਿੰਡ ਮੰਡੀ ਖੁਰਦ 'ਚ 36.81 ਏਕੜ ਜ਼ਮੀਨ ਐਕਵਾਇਰ ਕੀਤੀ ਸੀ। ਚਾਰ ਸਿਆਸੀ ਪਰਿਵਾਰਾਂ ਵੱਲੋਂ 1,59,41,000 ਰੁਪਏ 'ਚ ਇਹ ਜ਼ਮੀਨ ਖਰੀਦੀ ਗਈ ਸੀ। ਉਸ ਮਗਰੋਂ ਹੀ ਸਰਕਾਰ ਨੇ ਇਹ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਸਰਕਾਰ ਨੇ ਇਹ ਜ਼ਮੀਨ  ਸਭ ਖ਼ਰਚਿਆਂ ਸਮੇਤ ਕਰੀਬ 7,22,25,490 ਰੁਪਏ 'ਚ ਐਕਵਾਇਰ ਕਰ ਲਈ।ਸੀ। ਕੂੜਾ ਡੰਪ ਲਈ ਕੁੱਲ ਐਕਵਾਇਰ ਕੀਤੀ 36.81 ਏਕੜ ਜ਼ਮੀਨ ਦਾ ਮੁਆਵਜ਼ਾ 8,66,65,800 ਰੁਪਏ ਦਿੱਤਾ ਗਿਆ ਜਿਸ 'ਚ 1,76,67,000 ਰੁਪਏ ਉਜਾੜਾ ਭੱਤਾ ਵੀ ਸ਼ਾਮਲ ਹੈ। ਸਿਆਸੀ ਪਹੁੰਚ ਰੱਖਣ ਵਾਲੇ ਚਾਰ ਪਰਿਵਾਰਾਂ ਨੂੰ ਜ਼ਮੀਨ ਐਕਵਾਇਰ ਹੋਣ 'ਤੇ 5,62,80,490 ਰੁਪਏ ਦਾ ਮੁਨਾਫ਼ਾ ਹੋਇਆ ਸੀ।
                                      ਮੰਡੀ ਖੁਰਦ ਦੇ ਲੋਕਾਂ ਨੇ ਕੂੜਾ ਡੰਪ ਖ਼ਿਲਾਫ਼ ਭੜਾਸ ਕੱਢੀ
ਸੀ.ਬੀ.ਆਈ. ਦੀ ਵਿਸ਼ੇਸ਼ ਟੀਮ ਕੋਲ ਪਿੰਡ ਮੰਡੀ ਖੁਰਦ ਦੇ ਪ੍ਰਭਾਵਿਤ ਲੋਕਾਂ ਨੇ ਅੱਜ ਕੂੜਾ ਡੰਪ ਖ਼ਿਲਾਫ਼ ਭੜਾਸ ਕੱਢੀ। ਟੀਮ ਨੇ ਅੱਜ ਬਠਿੰਡਾ ਦੇ ਗਿਆਨੀ ਜ਼ੈਲ ਸਿੰਘ ਕਾਲਜ ਆਫ ਇੰਜਨੀਅਰਿੰਗ ਦੇ ਗੈਸਟ ਹਾਊਸ ਵਿੱਚ ਪਿੰਡ ਮੰਡੀ ਖੁਰਦ ਦੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ। ਸੀ.ਬੀ.ਆਈ.  ਟੀਮ ਦੀ ਅਗਵਾਈ ਕਰ ਰਹੇ ਅਧਿਕਾਰੀ ਅਰਵਿੰਦ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਿੰਡ ਮੰਡੀ ਖੁਰਦ ਵਿੱਚ ਕੂੜਾ ਡੰਪ ਨੂੰ ਪ੍ਰਵਾਨਗੀ ਦੇਣ ਤੋਂ ਪਹਿਲਾਂ ਰੱਖੀ ਜਨਤਕ ਸੁਣਵਾਈ ਬਾਰੇ ਗੱਲਬਾਤ ਕੀਤੀ। ਇਸ ਟੀਮ ਨੇ ਖਾਸ ਤੌਰ 'ਤੇ ਉਨ੍ਹਾਂ ਅਧਿਕਾਰੀਆਂ ਬਾਰੇ ਪੁੱਛਿਆ ਜੋ ਨਗਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਨਤਕ ਸੁਣਵਾਈ ਮੌਕੇ ਹਾਜ਼ਰ ਸਨ। ਜਾਣਕਾਰੀ ਅਨੁਸਾਰ ਪਿੰਡ ਮੰਡੀ ਖੁਰਦ ਦੇ ਪ੍ਰਭਾਵਿਤ ਲੋਕਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਫਸਰਾਂ ਦੀ ਜਨਤਕ ਸੁਣਵਾਈ ਮੌਕੇ ਹਾਜ਼ਰੀ ਬਾਰੇ ਲਿਖਤੀ ਬਿਆਨ ਦਰਜ ਕਰਾਏ ਹਨ। ਇਸ ਟੀਮ ਨੇ ਅੱਧੀ ਦਰਜਨ ਪ੍ਰਭਾਵਿਤ ਲੋਕਾਂ ਦੇ ਬਿਆਨ ਕਲਮਬੰਦ ਕੀਤੇ। ਇਹ ਉਹ ਲੋਕ ਹਨ ਜਿਨ੍ਹਾਂ ਦੀ ਰਿਹਾਇਸ਼ ਕੂੜਾ ਡੰਪ ਦੇ ਨੇੜੇ ਹੈ ਅਤੇ ਜਿਨ੍ਹਾਂ ਨੇ ਜਨਤਕ ਸੁਣਵਾਈ ਮੌਕੇ ਕੂੜਾ ਡੰਪ ਦਾ  ਵਿਰੋਧ ਕੀਤਾ ਸੀ। ਪੰਜਾਬ ਸਰਕਾਰ ਦੇ ਅਫਸਰਾਂ ਨੇ ਰਸੂਖ ਵਾਲਿਆਂ ਨੂੰ ਫਾਇਦਾ ਦੇਣ ਖਾਤਰ ਇਨ੍ਹਾਂ ਲੋਕਾਂ ਦੀ ਇੱਕ ਨਾ ਸੁਣੀ। ਨਿਯਮਾਂ ਅਨੁਸਾਰ ਕੂੜਾ ਡੰਪ ਦੀ ਆਬਾਦੀ ਤੋਂ 500 ਮੀਟਰ ਦੀ ਦੂਰੀ ਹੋਣੀ ਲਾਜ਼ਮੀ ਹੈ। ਸੀ.ਬੀ.ਆਈ. ਟੀਮ ਕੋਲ ਪ੍ਰਭਾਵਿਤ ਵਿਅਕਤੀ ਮੇਵਾ ਸਿੰਘ, ਛਹਿੰਬਰ ਸਿੰਘ, ਗੁਰਪ੍ਰੀਤ ਸਿੰਘ, ਸੁੱਖਾ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ਼ ਗੁਰਾ ਨੇ ਬਿਆਨ ਕਲਮਬੰਦ ਕਰਾਏ ਹਨ ਕਿ ਉਨ੍ਹਾਂ ਦੀ ਰਿਹਾਇਸ਼ ਕੂੜਾ ਡੰਪ ਤੋਂ 150 ਮੀਟਰ ਦੂਰ ਹੈ। ਉਨ੍ਹਾਂ ਦੱਸਿਆ ਕਿ ਜਨਤਕ ਸੁਣਵਾਈ ਮੌਕੇ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ ਸੀ। ਕੁਝ ਪ੍ਰਭਾਵਿਤ ਲੋਕਾਂ ਨੇ ਬਿਆਨ ਦਰਜ ਕਰਾਏ ਹਨ ਕਿ ਉਨ੍ਹਾਂ ਦੀ ਰਿਹਾਇਸ਼ ਸਾਲ 1999 ਤੋਂ ਹੈ ਜਦੋਂ ਕਿ ਕੁਝ ਲੋਕਾਂ ਨੇ ਆਪਣੀ ਰਿਹਾਇਸ਼ ਸਾਲ 2004 ਤੋਂ ਹੋਣ ਦੀ ਗੱਲ ਕਹੀ ਹੈ।
           ਦੱਸਣਯੋਗ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੂੜਾ ਡੰਪ ਲਈ ਜਨਤਕ ਸੁਣਵਾਈ 1 ਜੁਲਾਈ, 2011 ਨੂੰ ਰੱਖੀ ਸੀ। ਜਦੋਂ ਲੋਕਾਂ ਦੀ ਕਿਧਰੇ  ਸੁਣਵਾਈ ਨਾ ਹੋਈ ਤਾਂ ਪਿੰਡ ਦੇ ਲੋਕਾਂ ਨੇ ਐਕਸ਼ਨ ਕਮੇਟੀ ਬਣਾ ਕੇ ਕੂੜਾ ਡੰਪ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾ ਦਿੱਤਾ ਸੀ । ਅੱਜ ਦੂਜੇ ਦਿਨ ਪਿੰਡ ਦੇ ਪ੍ਰਭਾਵਿਤ ਲੋਕਾਂ ਦੇ ਬਿਆਨ ਕਲਮਬੰਦ ਕੀਤੇ ਹਨ। ਸੂਤਰਾਂ ਮੁਤਾਬਕ ਇਸ ਮਾਮਲੇ ਵਿੱਚ ਇੱਕ ਦੋ ਅਫ਼ਸਰ ਵੀ ਫਸ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਖਾਸ ਲੋਕਾਂ ਨੂੰ ਫਾਇਦਾ ਦੇਣ ਖਾਤਰ ਕੂੜਾ ਡੰਪ ਲਈ ਪਿੰਡ ਮੰਡੀ ਖੁਰਦ ਦੀ ਜ਼ਮੀਨ ਦੀ ਚੋਣ ਕੀਤੀ ਸੀ। ਸੀ.ਬੀ.ਆਈ. ਟੀਮ ਵੱਲੋਂ ਪਿੰਡ ਮੰਡੀ ਖੁਰਦ ਦੀ ਪੰਚਾਇਤ ਦੇ ਬਿਆਨ ਵੀ ਕਲਮਬੰਦ ਕੀਤੇ ਜਾਣੇ ਹਨ। ਟੀਮ ਨੇ ਮੰਡੀ ਖੁਰਦ ਦੇ ਸਰਪੰਚ ਬਲਵੰਤ ਸਿੰਘ ਨੂੰ ਇਸੇ ਹਫ਼ਤੇ ਚੰਡੀਗੜ੍ਹ ਸੱਦ ਲਿਆ ਹੈ। ਸਰਪੰਚ ਬਲਵੰਤ ਸਿੰਘ ਨੇ ਦੱਸਿਆ ਕਿ ਸੀ.ਬੀ.ਆਈ. ਟੀਮ ਨੇ ਉਸ ਨੂੰ ਚੰਡੀਗੜ੍ਹ ਬੁਲਾਇਆ ਹੈ ਪਰ ਅੱਜ ਉਸ ਦਾ ਬਿਆਨ ਦਰਜ ਨਹੀਂ ਕੀਤਾ। ਇਸ ਬਾਰੇ ਟੀਮ ਦੇ ਅਫ਼ਸਰਾਂ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਅਨੁਸਾਰ ਇਸ ਕੂੜਾ ਡੰਪ ਨੂੰ ਪ੍ਰਦੂਸ਼ਣ ਕੰਟਰੋਲ ਸਬੰਧੀ ਬਣੀ ਉੱਚ ਕਮੇਟੀ ਨੇ ਹਰੀ ਝੰਡੀ ਦੇ ਦਿੱਤੀ ਹੈ।
                                                           ਇੱਕ ਹੋਰ ਘਪਲਾ ਬੇਪਰਦ
ਸੀ ਬੀ ਆਈ ਟੀਮ ਦੇ ਦੌਰੇ ਸਮੇਂ ਇੱਕ ਹੋਰ ਘਪਲਾ ਬੇਪਰਦ ਹੋਇਆ ਹੈ। ਜੋ ਜਗ੍ਹਾ ਨਗਰ ਨਿਗਮ ਬਠਿੰਡਾ ਨੇ ਕੂੜਾ ਡੰਪ ਲਈ ਐਕੁਆਇਰ ਕੀਤੀ ਹੈ, ਉਸ ਵਿੱਚ ਅਣਅਧਿਕਾਰਤ ਤੌਰ 'ਤੇ ਪਿੰਡ ਦੇ ਕੁਝ ਲੋਕ ਨਰਮੇ ਦੀ ਬਿਜਾਈ ਕਰੀ ਬੈਠੇ ਹਨ। ਪਿੰਡ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਅਣਅਧਿਕਾਰਤ ਬਿਜਾਈ ਖ਼ਿਲਾਫ਼ ਨਗਰ ਨਿਗਮ ਬਠਿੰਡਾ ਵਿੱਚ ਦਰਖਾਸਤ ਵੀ ਦਿੱਤੀ ਸੀ ਪ੍ਰੰਤੂ ਨਗਰ ਨਿਗਮ ਦੇ ਅਧਿਕਾਰੀਆਂ ਨੇ ਦਰਖਾਸਤ ਅਣਗੌਲੀ ਕਰ ਦਿੱਤੀ ਸੀ। ਸਾਬਕਾ ਸਰਪੰਚ ਦਾ ਕਹਿਣਾ ਹੈ ਕਿ ਐਕਆਇਰ ਜਗ੍ਹਾ ਵਿੱਚ ਪ੍ਰਾਈਵੇਟ ਆਦਮੀ ਬਿਜਾਈ ਨਹੀਂ ਕਰ ਸਕਦੇ ਪਰ ਨਿਗਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅਜਿਹਾ  ਹੋਇਆ ਹੈ। ਡਿਪਟੀ ਕਮਿਸ਼ਨਰ ਕੇ.ਕੇ. ਯਾਦਵ ਨੇ ਇਸ ਮਾਮਲੇ ਤੋਂ ਪੱਲਾ ਝਾੜਦਿਆਂ ਕਿਹਾ ਕਿ ਨਗਰ ਨਿਗਮ ਦਾ ਜ਼ਮੀਨ 'ਤੇ ਕਬਜ਼ਾ ਹੈ ਇਸ ਲਈ ਨਗਰ ਨਿਗਮ ਤੋਂ ਇਸ ਬਾਰੇ ਪੁੱਛੋ। ਜਦੋਂ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਬਾਰੇ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਕੋਈ ਪ੍ਰਾਈਵੇਟ ਵਿਅਕਤੀ ਅਜਿਹਾ ਨਹੀਂ ਕਰ ਸਕਦਾ। ਉਨ੍ਹਾਂ ਆਖਿਆ ਕਿ ਉਹ ਮਾਮਲੇ ਦੀ ਪੜਤਾਲ ਕਰਾਉਣਗੇ।