Thursday, November 8, 2012

                                     ਸੀ ਬੀ ਆਈ
           ਕੂੜਾ ਡੰਪ ਵਾਲੀ ਜ਼ਮੀਨ ਦੀ ਪੈਮਾਇਸ਼
                                   ਚਰਨਜੀਤ ਭੁੱਲਰ
ਬਠਿੰਡਾ : ਸੀ ਬੀ ਆਈ ਦੀ ਵਿਸ਼ੇਸ਼ ਟੀਮ ਨੇ ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੰਡੀ ਖੁਰਦ ਵਿੱਚ ਕੂੜਾ ਡੰਪ ਵਾਲੀ ਜ਼ਮੀਨ ਦੀ ਪੈਮਾਇਸ਼ ਕੀਤੀ। ਸੀ ਬੀ ਆਈ ਦੀ ਛੇ ਮੈਂਬਰੀ ਟੀਮ ਅੱਜ ਦੁਪਹਿਰ ਸਵਾ ਦੋ ਵਜੇ ਪਿੰਡ ਮੰਡੀ ਖੁਰਦ ਪੁੱਜੀ ਤੇ ਇਸ ਟੀਮ ਨੇ ਮਾਲ ਵਿਭਾਗ ਦੀ ਹਾਜ਼ਰੀ ਵਿੱਚ ਕੂੜਾ ਡੰਪ ਵਾਲੀ ਜਗ੍ਹਾ ਦੀ ਕਈ ਘੰਟੇ ਪੈਮਾਇਸ਼ ਕੀਤੀ। ਦੱਸਣਯੋਗ ਹੈ ਕਿ ਹਾਈ ਕੋਰਟ ਵੱਲੋਂ ਇਸ ਕੂੜਾ ਡੰਪ ਵਾਲੀ ਜ਼ਮੀਨ ਐਕਵਾਇਰ ਕਰਨ ਵਿੱਚ ਹੋਏ ਸਕੈਂਡਲ ਦੀ ਸੀ ਬੀ ਆਈ ਜਾਂਚ ਦੇ ਹੁਕਮ ਦਿੱਤੇ ਸਨ ਤੇ 11 ਅਕਤੂਬਰ ਨੂੰ ਸੀ ਬੀ ਆਈ ਨੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਮਹੀਨੇ ਦਾ ਹੋਰ ਸਮਾਂ ਲਿਆ ਸੀ। ਸੀ ਬੀ ਆਈ ਨੇ 12 ਜਨਵਰੀ 2013 ਤੱਕ ਇਸ ਮਾਮਲੇ ਦੀ ਜਾਂਚ ਮੁਕੰਮਲ ਕਰਨੀ ਹੈ।
            ਸੀ ਬੀ ਆਈ ਅਧਿਕਾਰੀ ਅਰਵਿੰਦ ਦੀ ਅਗਵਾਈ ਵਿੱਚ ਟੀਮ ਨੇ ਪਿੰਡ ਮੰਡੀ ਖੁਰਦ ਦੀ ਪੰਚਾਇਤ ਤੇ ਐਕਸ਼ਨ ਕਮੇਟੀ ਨੂੰ ਪੈਮਾਇਸ਼ ਕਰਨ ਸਮੇਂ ਹਾਜ਼ਰ ਰੱਖਿਆ। ਪਿੰਡ ਦੇ ਪਟਵਾਰੀ ਪਰਗਟ ਸਿੰਘ ਤੇ ਕਾਨੂੰਗੋਜ਼ ਸੁਖਦੇਵ ਸਿੰਘ ਨੇ ਸੀ ਬੀ ਆਈ ਟੀਮ ਦਾ ਸਹਿਯੋਗ ਕੀਤਾ। ਮਾਲ ਵਿਭਾਗ ਵੱਲੋਂ ਅੱਜ ਇਸ ਜ਼ਮੀਨ ਦਾ ਨਕਸ਼ਾ ਵੀ ਸੀ ਬੀ ਆਈ ਟੀਮ ਨੂੰ ਸੌਂਪ ਦਿੱਤਾ ਹੈ। ਟੀਮ ਨੇ ਐਕੁਆਇਰ ਜ਼ਮੀਨ ਦੀ ਫੋਟੋਗਰਾਫੀ ਤੇ ਵੀਡੀਓਗਰਾਫੀ ਵੀ ਕੀਤੀ। ਸੀ ਬੀ ਆਈ ਟੀਮ ਨੇ ਇਕੱਲੀ ਐਕੁਆਇਰ ਜ਼ਮੀਨ ਦੀ ਪੈਮਾਇਸ਼ ਹੀ ਨਹੀਂ ਕੀਤੀ ਬਲਕਿ ਕੂੜਾ ਡੰਪ ਵਾਲੀ ਜਗ੍ਹਾ ਦੀ ਪਿੰਡ ਦੀ ਆਬਾਦੀ ਤੇ ਲਾਲ ਲਕੀਰ ਤੋਂ ਦੂਰੀ ਵੀ ਦੇਖੀ। ਦੱਸਣਯੋਗ ਹੈ ਕਿ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਕੋਈ ਵੀ ਸਨਅਤ ਪਿੰਡ ਦੀ ਆਬਾਦੀ ਤੋਂ 500 ਮੀਟਰ ਦੀ ਦੂਰੀ ਦੇ ਅੰਦਰ ਨਹੀਂ ਲੱਗ ਸਕਦੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਭੂਮਿਕਾ ਵੀ ਹੁਣ ਸ਼ੱਕ ਦੇ ਦਾਇਰੇ ਵਿੱਚ ਆ ਗਈ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੂੜਾ ਡੰਪ ਵਾਲੀ ਜਗ੍ਹਾ ਨੂੰ ਹਰੀ ਝੰਡੀ ਦਿੱਤੀ ਗਈ ਸੀ। ਅੱਜ ਸੀ ਬੀ ਆਈ ਦੀ ਟੀਮ ਨੇ ਜਦੋਂ ਕੂੜਾ ਡੰਪ ਵਾਲੀ ਜ਼ਮੀਨ ਤੋਂ ਪਿੰਡ ਦੀ ਲਾਲ ਲਕੀਰ ਦੀ ਦੂਰੀ ਦੀ ਮਿਣਤੀ ਕੀਤੀ ਤਾਂ ਉਹ ਸਿਰਫ਼ 400 ਮੀਟਰ ਹੀ ਨਿਕਲੀ। ਇਸੇ ਤਰ੍ਹਾਂ ਮਿਣਤੀ ਦੌਰਾਨ ਇਹ ਗੱਲ ਵੀ ਜ਼ਾਹਰ ਹੋਈ ਕਿ ਕੂੜਾ ਡੰਪ ਵਾਲੀ ਜਗ੍ਹਾ ਤੋਂ 90 ਮੀਟਰ ਦੂਰੀ 'ਤੇ ਹੀ ਛੇ ਘਰ ਵਸਦੇ ਹਨ। ਇਹ ਘਰ ਮੱਘਰ ਸਿੰਘ ਸਾਬਕਾ ਪੰਚ, ਬੀਰ ਸਿੰਘ, ਮੱਖਣ ਸਿੰਘ,ਮੇਵਾ ਸਿੰਘ ਤੇ ਗੁਰਦਿਆਲ ਸਿੰਘ ਆਦਿ ਦੇ ਹਨ ਜੋ1999 ਤੋਂ ਇਥੇ ਵਸ ਰਹੇ ਹਨ।
            ਪੈਮਾਇਸ਼ ਵਿੱਚ ਇਹ ਗੱਲ ਵੀ ਬੇਪਰਦ ਹੋਈ ਕਿ ਤਿੰਨ ਮਕਾਨ ਕੂੜਾ ਡੰਪ ਵਾਲੀ ਜਗ੍ਹਾ ਤੋਂ 240 ਮੀਟਰ ਦੀ ਦੂਰੀ 'ਤੇ ਸਨ। ਇਹ ਘਰ ਨਿਰਮਲ ਸਿੰਘ ਨੰਬਰਦਾਰ,ਸੈਬਰ ਸਿੰਘ ਸਾਬਕਾ ਪੰਚ ਤੇ ਗੁਰਚਰਨ ਸਿੰਘ ਦੇ ਹਨ। ਇਹ ਗੱਲ ਸਾਬਤ ਹੋਈ ਕਿ ਮਕਾਨਾਂ ਦੇ ਨੇੜੇ ਤੇ ਪਿੰਡ ਦੀ ਲਾਲ ਲਕੀਰ ਦੇ ਨੇੜੇ ਹੀ ਕੂੜਾ ਡੰਪ ਵਾਲੀ ਜਗ੍ਹਾ ਦੀ ਚੋਣ ਕੀਤੀ ਗਈ। ਅੱਜ ਪਿੰਡ ਦਾ ਸਰਪੰਚ ਬਲਵੰਤ ਸਿੰਘ ਤੇ ਐਕਸ਼ਨ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਜਰਨੈਲ ਸਿੰਘ ਤੋਂ ਇਲਾਵਾ ਮੇਵਾ ਸਿੰਘ,ਸੁਖਦੇਵ ਸਿੰਘ,ਬਲਕਰਨ ਸਿੰਘ,ਬੱਗਾ ਸਿੰਘ,ਗੁਰਚਰਨ ਸਿੰਘ,ਦਰਸ਼ਨ ਸਿੰਘ ਤੇ ਪੂਡਾ ਅਧਿਕਾਰੀ ਵੀ ਹਾਜ਼ਰ ਸਨ। ਸੀ ਬੀ ਆਈ ਅਧਿਕਾਰੀਆਂ ਨੇ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਜਦੋਂਕਿ ਸੂਤਰਾਂ ਨੇ ਦੱਸਿਆ ਕਿ ਟੀਮ ਵੱਲੋਂ ਇਸ ਮਾਮਲੇ ਵਿੱਚ ਪਿੰਡ ਦੇ ਲੋਕਾਂ ਦੇ ਬਿਆਨ ਵੀ ਲਏ ਜਾਣੇ ਹਨ। ਸੀ ਬੀ ਆਈ ਟੀਮ ਕਰੀਬ ਚਾਰ ਘੰਟੇ ਜ਼ਮੀਨ ਵਾਲੀ ਜਗ੍ਹਾ 'ਤੇ ਰਹੀ ਤੇ ਕਰੀਬ ਸਵਾ ਛੇ ਵਜੇ ਵਾਪਸ ਰਵਾਨਾ ਹੋਈ। ਟੀਮ ਨੇ ਹਰ ਲਿਖਤੀ ਕਾਰਵਾਈ 'ਤੇ ਪਿੰਡ ਦੇ ਹਾਜ਼ਰ ਲੋਕਾਂ ਤੇ ਮਾਲ ਵਿਭਾਗ ਦੇ ਮੁਲਾਜ਼ਮਾਂ ਦੇ ਦਸਤਖਤ ਵੀ ਕਰਵਾਏ।
          ਦੱਸਣਯੋਗ ਹੈ ਕਿ 'ਪੰਜਾਬੀ ਟ੍ਰਿਬਿਊਨ' ਵੱਲੋਂ ਇਸ ਮਾਮਲੇ ਨੂੰ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਵੇਰਵੇ ਲੈ ਕੇ ਪ੍ਰਮੁੱਖਤਾ ਨਾਲ ਬੇਪਰਦ ਕੀਤਾ ਸੀ ਜਿਸ ਵਿੱਚ ਪੰਜਾਬ ਸਰਕਾਰ ਨੇ ਸਿਆਸੀ ਆਗੂਆਂ ਨੂੰ ਕਰੋੜਾਂ ਰੁਪਏ ਦਾ ਫਾਇਦਾ ਦਿੱਤਾ ਸੀ। ਉਸ ਮਗਰੋਂ ਹੀ ਪਿੰਡ ਮੰਡੀ ਖੁਰਦ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਵਗੈਰਾ ਨੇ ਹਾਈ ਕੋਰਟ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਨੇ 8 ਅਗਸਤ 2012  ਨੂੰ ਇਹ ਮਾਮਲਾ ਸੀ ਬੀ ਆਈ ਨੂੰ ਸੌਂਪ ਦਿੱਤਾ ਸੀ। ਪੰਜਾਬ ਸਰਕਾਰ ਨੇ ਕੂੜਾ ਡੰਪ (ਸੈਨੀਟਰੀ ਲੈਂਡ ਫਿਲ) ਲਈ ਪਿੰਡ ਮੰਡੀ ਖੁਰਦ 'ਚ 36.81 ਏਕੜ ਜ਼ਮੀਨ ਐਕਵਾਇਰ ਕੀਤੀ ਸੀ। ਚਾਰ ਸਿਆਸੀ ਪਰਿਵਾਰਾਂ ਵੱਲੋਂ 1,59,41,000 ਰੁਪਏ 'ਚ ਇਹ ਜ਼ਮੀਨ ਖਰੀਦੀ ਗਈ ਸੀ। ਉਸ ਮਗਰੋਂ ਹੀ ਸਰਕਾਰ ਨੇ ਇਹ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਸਰਕਾਰ ਨੇ ਇਹ ਜ਼ਮੀਨ  ਸਭ ਖ਼ਰਚਿਆਂ ਸਮੇਤ ਕਰੀਬ 7,22,25,490 ਰੁਪਏ 'ਚ ਐਕਵਾਇਰ ਕਰ ਲਈ।ਸੀ। ਕੂੜਾ ਡੰਪ ਲਈ ਕੁੱਲ ਐਕਵਾਇਰ ਕੀਤੀ 36.81 ਏਕੜ ਜ਼ਮੀਨ ਦਾ ਮੁਆਵਜ਼ਾ 8,66,65,800 ਰੁਪਏ ਦਿੱਤਾ ਗਿਆ ਜਿਸ 'ਚ 1,76,67,000 ਰੁਪਏ ਉਜਾੜਾ ਭੱਤਾ ਵੀ ਸ਼ਾਮਲ ਹੈ। ਸਿਆਸੀ ਪਹੁੰਚ ਰੱਖਣ ਵਾਲੇ ਚਾਰ ਪਰਿਵਾਰਾਂ ਨੂੰ ਜ਼ਮੀਨ ਐਕਵਾਇਰ ਹੋਣ 'ਤੇ 5,62,80,490 ਰੁਪਏ ਦਾ ਮੁਨਾਫ਼ਾ ਹੋਇਆ ਸੀ।
                                      ਮੰਡੀ ਖੁਰਦ ਦੇ ਲੋਕਾਂ ਨੇ ਕੂੜਾ ਡੰਪ ਖ਼ਿਲਾਫ਼ ਭੜਾਸ ਕੱਢੀ
ਸੀ.ਬੀ.ਆਈ. ਦੀ ਵਿਸ਼ੇਸ਼ ਟੀਮ ਕੋਲ ਪਿੰਡ ਮੰਡੀ ਖੁਰਦ ਦੇ ਪ੍ਰਭਾਵਿਤ ਲੋਕਾਂ ਨੇ ਅੱਜ ਕੂੜਾ ਡੰਪ ਖ਼ਿਲਾਫ਼ ਭੜਾਸ ਕੱਢੀ। ਟੀਮ ਨੇ ਅੱਜ ਬਠਿੰਡਾ ਦੇ ਗਿਆਨੀ ਜ਼ੈਲ ਸਿੰਘ ਕਾਲਜ ਆਫ ਇੰਜਨੀਅਰਿੰਗ ਦੇ ਗੈਸਟ ਹਾਊਸ ਵਿੱਚ ਪਿੰਡ ਮੰਡੀ ਖੁਰਦ ਦੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ। ਸੀ.ਬੀ.ਆਈ.  ਟੀਮ ਦੀ ਅਗਵਾਈ ਕਰ ਰਹੇ ਅਧਿਕਾਰੀ ਅਰਵਿੰਦ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਿੰਡ ਮੰਡੀ ਖੁਰਦ ਵਿੱਚ ਕੂੜਾ ਡੰਪ ਨੂੰ ਪ੍ਰਵਾਨਗੀ ਦੇਣ ਤੋਂ ਪਹਿਲਾਂ ਰੱਖੀ ਜਨਤਕ ਸੁਣਵਾਈ ਬਾਰੇ ਗੱਲਬਾਤ ਕੀਤੀ। ਇਸ ਟੀਮ ਨੇ ਖਾਸ ਤੌਰ 'ਤੇ ਉਨ੍ਹਾਂ ਅਧਿਕਾਰੀਆਂ ਬਾਰੇ ਪੁੱਛਿਆ ਜੋ ਨਗਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਨਤਕ ਸੁਣਵਾਈ ਮੌਕੇ ਹਾਜ਼ਰ ਸਨ। ਜਾਣਕਾਰੀ ਅਨੁਸਾਰ ਪਿੰਡ ਮੰਡੀ ਖੁਰਦ ਦੇ ਪ੍ਰਭਾਵਿਤ ਲੋਕਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਫਸਰਾਂ ਦੀ ਜਨਤਕ ਸੁਣਵਾਈ ਮੌਕੇ ਹਾਜ਼ਰੀ ਬਾਰੇ ਲਿਖਤੀ ਬਿਆਨ ਦਰਜ ਕਰਾਏ ਹਨ। ਇਸ ਟੀਮ ਨੇ ਅੱਧੀ ਦਰਜਨ ਪ੍ਰਭਾਵਿਤ ਲੋਕਾਂ ਦੇ ਬਿਆਨ ਕਲਮਬੰਦ ਕੀਤੇ। ਇਹ ਉਹ ਲੋਕ ਹਨ ਜਿਨ੍ਹਾਂ ਦੀ ਰਿਹਾਇਸ਼ ਕੂੜਾ ਡੰਪ ਦੇ ਨੇੜੇ ਹੈ ਅਤੇ ਜਿਨ੍ਹਾਂ ਨੇ ਜਨਤਕ ਸੁਣਵਾਈ ਮੌਕੇ ਕੂੜਾ ਡੰਪ ਦਾ  ਵਿਰੋਧ ਕੀਤਾ ਸੀ। ਪੰਜਾਬ ਸਰਕਾਰ ਦੇ ਅਫਸਰਾਂ ਨੇ ਰਸੂਖ ਵਾਲਿਆਂ ਨੂੰ ਫਾਇਦਾ ਦੇਣ ਖਾਤਰ ਇਨ੍ਹਾਂ ਲੋਕਾਂ ਦੀ ਇੱਕ ਨਾ ਸੁਣੀ। ਨਿਯਮਾਂ ਅਨੁਸਾਰ ਕੂੜਾ ਡੰਪ ਦੀ ਆਬਾਦੀ ਤੋਂ 500 ਮੀਟਰ ਦੀ ਦੂਰੀ ਹੋਣੀ ਲਾਜ਼ਮੀ ਹੈ। ਸੀ.ਬੀ.ਆਈ. ਟੀਮ ਕੋਲ ਪ੍ਰਭਾਵਿਤ ਵਿਅਕਤੀ ਮੇਵਾ ਸਿੰਘ, ਛਹਿੰਬਰ ਸਿੰਘ, ਗੁਰਪ੍ਰੀਤ ਸਿੰਘ, ਸੁੱਖਾ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ਼ ਗੁਰਾ ਨੇ ਬਿਆਨ ਕਲਮਬੰਦ ਕਰਾਏ ਹਨ ਕਿ ਉਨ੍ਹਾਂ ਦੀ ਰਿਹਾਇਸ਼ ਕੂੜਾ ਡੰਪ ਤੋਂ 150 ਮੀਟਰ ਦੂਰ ਹੈ। ਉਨ੍ਹਾਂ ਦੱਸਿਆ ਕਿ ਜਨਤਕ ਸੁਣਵਾਈ ਮੌਕੇ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ ਸੀ। ਕੁਝ ਪ੍ਰਭਾਵਿਤ ਲੋਕਾਂ ਨੇ ਬਿਆਨ ਦਰਜ ਕਰਾਏ ਹਨ ਕਿ ਉਨ੍ਹਾਂ ਦੀ ਰਿਹਾਇਸ਼ ਸਾਲ 1999 ਤੋਂ ਹੈ ਜਦੋਂ ਕਿ ਕੁਝ ਲੋਕਾਂ ਨੇ ਆਪਣੀ ਰਿਹਾਇਸ਼ ਸਾਲ 2004 ਤੋਂ ਹੋਣ ਦੀ ਗੱਲ ਕਹੀ ਹੈ।
           ਦੱਸਣਯੋਗ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੂੜਾ ਡੰਪ ਲਈ ਜਨਤਕ ਸੁਣਵਾਈ 1 ਜੁਲਾਈ, 2011 ਨੂੰ ਰੱਖੀ ਸੀ। ਜਦੋਂ ਲੋਕਾਂ ਦੀ ਕਿਧਰੇ  ਸੁਣਵਾਈ ਨਾ ਹੋਈ ਤਾਂ ਪਿੰਡ ਦੇ ਲੋਕਾਂ ਨੇ ਐਕਸ਼ਨ ਕਮੇਟੀ ਬਣਾ ਕੇ ਕੂੜਾ ਡੰਪ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾ ਦਿੱਤਾ ਸੀ । ਅੱਜ ਦੂਜੇ ਦਿਨ ਪਿੰਡ ਦੇ ਪ੍ਰਭਾਵਿਤ ਲੋਕਾਂ ਦੇ ਬਿਆਨ ਕਲਮਬੰਦ ਕੀਤੇ ਹਨ। ਸੂਤਰਾਂ ਮੁਤਾਬਕ ਇਸ ਮਾਮਲੇ ਵਿੱਚ ਇੱਕ ਦੋ ਅਫ਼ਸਰ ਵੀ ਫਸ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਖਾਸ ਲੋਕਾਂ ਨੂੰ ਫਾਇਦਾ ਦੇਣ ਖਾਤਰ ਕੂੜਾ ਡੰਪ ਲਈ ਪਿੰਡ ਮੰਡੀ ਖੁਰਦ ਦੀ ਜ਼ਮੀਨ ਦੀ ਚੋਣ ਕੀਤੀ ਸੀ। ਸੀ.ਬੀ.ਆਈ. ਟੀਮ ਵੱਲੋਂ ਪਿੰਡ ਮੰਡੀ ਖੁਰਦ ਦੀ ਪੰਚਾਇਤ ਦੇ ਬਿਆਨ ਵੀ ਕਲਮਬੰਦ ਕੀਤੇ ਜਾਣੇ ਹਨ। ਟੀਮ ਨੇ ਮੰਡੀ ਖੁਰਦ ਦੇ ਸਰਪੰਚ ਬਲਵੰਤ ਸਿੰਘ ਨੂੰ ਇਸੇ ਹਫ਼ਤੇ ਚੰਡੀਗੜ੍ਹ ਸੱਦ ਲਿਆ ਹੈ। ਸਰਪੰਚ ਬਲਵੰਤ ਸਿੰਘ ਨੇ ਦੱਸਿਆ ਕਿ ਸੀ.ਬੀ.ਆਈ. ਟੀਮ ਨੇ ਉਸ ਨੂੰ ਚੰਡੀਗੜ੍ਹ ਬੁਲਾਇਆ ਹੈ ਪਰ ਅੱਜ ਉਸ ਦਾ ਬਿਆਨ ਦਰਜ ਨਹੀਂ ਕੀਤਾ। ਇਸ ਬਾਰੇ ਟੀਮ ਦੇ ਅਫ਼ਸਰਾਂ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਅਨੁਸਾਰ ਇਸ ਕੂੜਾ ਡੰਪ ਨੂੰ ਪ੍ਰਦੂਸ਼ਣ ਕੰਟਰੋਲ ਸਬੰਧੀ ਬਣੀ ਉੱਚ ਕਮੇਟੀ ਨੇ ਹਰੀ ਝੰਡੀ ਦੇ ਦਿੱਤੀ ਹੈ।
                                                           ਇੱਕ ਹੋਰ ਘਪਲਾ ਬੇਪਰਦ
ਸੀ ਬੀ ਆਈ ਟੀਮ ਦੇ ਦੌਰੇ ਸਮੇਂ ਇੱਕ ਹੋਰ ਘਪਲਾ ਬੇਪਰਦ ਹੋਇਆ ਹੈ। ਜੋ ਜਗ੍ਹਾ ਨਗਰ ਨਿਗਮ ਬਠਿੰਡਾ ਨੇ ਕੂੜਾ ਡੰਪ ਲਈ ਐਕੁਆਇਰ ਕੀਤੀ ਹੈ, ਉਸ ਵਿੱਚ ਅਣਅਧਿਕਾਰਤ ਤੌਰ 'ਤੇ ਪਿੰਡ ਦੇ ਕੁਝ ਲੋਕ ਨਰਮੇ ਦੀ ਬਿਜਾਈ ਕਰੀ ਬੈਠੇ ਹਨ। ਪਿੰਡ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਅਣਅਧਿਕਾਰਤ ਬਿਜਾਈ ਖ਼ਿਲਾਫ਼ ਨਗਰ ਨਿਗਮ ਬਠਿੰਡਾ ਵਿੱਚ ਦਰਖਾਸਤ ਵੀ ਦਿੱਤੀ ਸੀ ਪ੍ਰੰਤੂ ਨਗਰ ਨਿਗਮ ਦੇ ਅਧਿਕਾਰੀਆਂ ਨੇ ਦਰਖਾਸਤ ਅਣਗੌਲੀ ਕਰ ਦਿੱਤੀ ਸੀ। ਸਾਬਕਾ ਸਰਪੰਚ ਦਾ ਕਹਿਣਾ ਹੈ ਕਿ ਐਕਆਇਰ ਜਗ੍ਹਾ ਵਿੱਚ ਪ੍ਰਾਈਵੇਟ ਆਦਮੀ ਬਿਜਾਈ ਨਹੀਂ ਕਰ ਸਕਦੇ ਪਰ ਨਿਗਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅਜਿਹਾ  ਹੋਇਆ ਹੈ। ਡਿਪਟੀ ਕਮਿਸ਼ਨਰ ਕੇ.ਕੇ. ਯਾਦਵ ਨੇ ਇਸ ਮਾਮਲੇ ਤੋਂ ਪੱਲਾ ਝਾੜਦਿਆਂ ਕਿਹਾ ਕਿ ਨਗਰ ਨਿਗਮ ਦਾ ਜ਼ਮੀਨ 'ਤੇ ਕਬਜ਼ਾ ਹੈ ਇਸ ਲਈ ਨਗਰ ਨਿਗਮ ਤੋਂ ਇਸ ਬਾਰੇ ਪੁੱਛੋ। ਜਦੋਂ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਬਾਰੇ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਕੋਈ ਪ੍ਰਾਈਵੇਟ ਵਿਅਕਤੀ ਅਜਿਹਾ ਨਹੀਂ ਕਰ ਸਕਦਾ। ਉਨ੍ਹਾਂ ਆਖਿਆ ਕਿ ਉਹ ਮਾਮਲੇ ਦੀ ਪੜਤਾਲ ਕਰਾਉਣਗੇ।

No comments:

Post a Comment