Thursday, November 15, 2012


                              ਇੱਕ ਸ਼ਿਵ ਇਹ ਵੀ
         ਕੋਈ ਝੋਰਾ ਨਹੀਂ ਪੀੜਾਂ ਦੀ ਪੰਡ ਦਾ
                               ਚਰਨਜੀਤ ਭੁੱਲਰ
ਬਠਿੰਡਾ :  ਪੰਦਰਾਂ ਵਰ੍ਹਿਆਂ ਦਾ ਬੱਚਾ ਸ਼ਿਵ ਹੱਥਾਂ ਸਹਾਰੇ ਚੱਲਦਾ ਹੈ ਪਰ ਉਹ ਪਾਇਲਟ ਬਣਨਾ ਚਾਹੁੰਦਾ ਹੈ। ਉਹ ਚਾਰੇ ਪਾਸਿਓਂ ਮਾਰਾਂ ਹੀ ਮਾਰਾਂ ਝੱਲ ਰਿਹਾ ਹੈ ਪਰ ਜਜ਼ਬੇ ਵਿੱਚ ਕੋਈ ਕਮੀ ਨਹੀਂ। ਉਸ 'ਚ ਆਤਮ-ਵਿਸ਼ਵਾਸ ਏਨਾ ਪੱਕਾ ਕਿ ਉਹ ਤੀਰ ਨਿਸ਼ਾਨੇ 'ਤੇ ਲਾਉਣਾ ਚਾਹੁੰਦਾ ਹੈ। ਉਹ ਤਿੰਨ ਮਹੀਨੇ ਦਾ ਸੀ ਜਦੋਂ ਡਾਕਟਰੀ ਗਲਤੀ ਨਾਲ ਦੋਹਾਂ ਲੱਤਾਂ ਦੀ ਸ਼ਕਤੀ ਗੁਆ ਬੈਠਾ। ਉਹ ਜਦੋਂ ਪਾਇਲਟ ਬਣਨ ਦਾ ਸੁਪਨਾ ਦੱਸਦਾ ਹੈ ਤਾਂ ਲੋਕ ਹੱਸਦੇ ਹਨ। ਕਈਆਂ ਨੇ ਤਾਂ ਇਹ ਕਹਿ ਕੇ ਦਿਲ ਹੀ ਤੋੜ ਦਿੱਤਾ ਕਿ ਅੰਗਹੀਣ ਕਦੇ ਪਾਇਲਟ ਨਹੀਂ ਬਣ ਸਕਦੇ। ਉਹ ਹੁਣ ਹੱਸਣ ਵਾਲਿਆਂ ਦੇ ਹੌਸਲੇ ਤੋੜਨਾ ਚਾਹੁੰਦਾ ਹੈ। ਉਹ ਟੀ ਵੀ ਵੇਖਦਾ ਹੈ ਤੇ ਡਿਸਕਵਰੀ ਚੈਨਲ ਉਸ ਨੂੰੰ ਹਿੰਮਤ ਦਿੰਦਾ ਹੈ।
           ਬਠਿੰਡਾ ਸ਼ਹਿਰ ਦੇ ਮਧੋਕਪੁਰਾ ਇਲਾਕੇ ਵਿੱਚ ਬੱਚਾ ਸ਼ਿਵ ਸ਼ੰਕਰ ਆਪਣੀ ਮਾਂ ਨਾਲ ਰਹਿ ਰਿਹਾ ਹੈ। ਉਸ ਦਾ ਬਾਪ ਹਰੀਕ੍ਰਿਸ਼ਨ ਇਸ ਦੁਨੀਆਂ ਵਿੱਚ ਨਹੀਂ ਰਿਹਾ। ਉਸ ਦੇ ਦਿਲ ਵਿੱਚ ਛੇਕ ਸੀ ਅਤੇ ਉਹ ਰੇਹੜੀ ਲਾਉਂਦਾ ਸੀ। ਉਸ ਦਾ ਵੱਡਾ ਭਰਾ ਜਦੋਂ 22 ਵਰ੍ਹਿਆਂ ਦਾ ਸੀ,ਉਹ ਦਿਲ ਦਾ ਦੌਰਾ ਪੈਣ ਕਰਕੇ ਰੱਬ ਨੂੰ ਪਿਆਰਾ ਹੋ ਗਿਆ। ਹੁਣ ਗੁਜ਼ਾਰੇ ਦਾ ਕੋਈ ਸਾਧਨ ਨਹੀਂ। ਫਿਰ ਵੀ ਇਸ ਬੱਚੇ ਦੇ ਚਿਹਰੇ 'ਤੇ ਭਰੋਸਾ ਦਿੱਖ ਰਿਹਾ ਹੈ। ਇਹ ਬੱਚਾ ਸਥਾਨਕ ਐਸ ਐਸ ਡੀ ਸਕੂਲ ਵਿੱਚ ਪੜ੍ਹ ਰਿਹਾ ਹੈ। ਉਹ ਦੱਸਦਾ ਹੈ ਕਿ ਸਥਾਨਕ ਕਿਲਾ ਮੁਬਾਰਕ ਗੁਰੂ ਘਰ ਦੇ ਸੇਵਾਦਾਰ ਉਸ ਦੀ ਮਾਲੀ ਮਦਦ ਕਰ ਦਿੰਦੇ ਹਨ। ਉਨ੍ਹਾਂ ਦਾ ਮਦਦਗਾਰ ਇੱਕ ਵਕੀਲ ਵੀ ਹੈ। ਦੀਵਾਲ਼ੀ ਦੇ ਤਿਉਹਾਰ ਮੌਕੇ ਉਸ ਨੇ ਖੁਦ ਮੋਮਬੱਤੀਆਂ ਵੇਚੀਆਂ ਅਤੇ ਬੱਚਤ ਆਪਣੀ ਮਾਂ ਦੇ ਹਵਾਲੇ ਕਰ ਦਿੱਤੀ। ਹਸਮੁਖ ਚਿਹਰੇ ਵਾਲਾ ਸ਼ਿਵ ਦੱਸਦਾ ਹੈ ਕਿ ਡਿਸਕਵਰੀ ਚੈਨਲ 'ਤੇ ਉਸ ਨੇ ਨਵੀਂ ਤਕਨੀਕ ਵੇਖ ਲਈ ਹੈ ਕਿ ਅੰਗਹੀਣਤਾ ਪਾਇਲਟ ਬਣਨ ਦੇ ਰਾਹ ਵਿੱਚ ਅੜਿੱਕਾ ਨਹੀਂ ਬਣਦੀ। ਉਹ ਹੌਸਲੇ ਨਾਲ ਆਖਦਾ ਹੈ ਕਿ ਜਦੋਂ ਤੱਕ ਉਹ ਪੜ੍ਹ-ਲਿਖ ਕੇ ਵੱਡਾ ਹੋ ਜਾਵੇਗਾ, ਉਦੋਂ ਤੱਕ ਤਾਂ ਇਹ ਤਕਨੀਕ ਸਾਡੇ ਮੁਲਕ ਵਿੱਚ ਵੀ ਆ ਜਾਵੇਗੀ। ਘਰ ਦੀ ਤੰਗੀ ਤੁਰਸ਼ੀ ਕਿਤੇ ਅੰਬਰੀ ਉਡਾਰੀ ਲਾਉਣ ਦੇ ਸੁਪਨੇ ਨੂੰ ਮਧੋਲ ਹੀ ਨਾ ਦੇਵੇ ਤਾਂ ਉਹ ਆਖਦਾ ਹੈ, 'ਦੇਖਦੇ ਹਾਂ ਕੌਣ ਰੋਕਦਾ ਮੈਨੂੰ। ਕੀ ਹੋਇਆ ਲੱਤਾਂ ਤੋਂ ਮੁਥਾਜ ਹਾਂ,ਦੋ ਹੱਥ ਤੇ ਹੌਸਲਾ ਤਾਂ ਹੈ ਮੇਰੇ ਕੋਲ।' ਇਹ ਬੱਚਾ ਬੈਠ ਕੇ ਗਤਕਾ ਵੀ ਖੇਡਦਾ ਹੈ।
          ਅੱਠਵੀਂ ਕਲਾਸ ਵਿੱਚ ਪੜ੍ਹਦਾ ਸ਼ਿਵ ਦੱਸਦਾ ਹੈ ਕਿ ਉਸ ਨੂੰ ਜ਼ਿੰਦਗੀ 'ਤੇ ਕੋਈ ਸ਼ਿਕਵਾ ਨਹੀਂ। ਕਦੇ ਮਨ ਵਿੱਚ ਉਦਾਸੀ ਆ ਵੀ ਜਾਵੇ,ਕਿਸੇ ਨਾ ਕਿਸੇ ਦੋਸਤ ਕੋਲ ਚਲਾ ਜਾਂਦਾ ਹਾਂ। ਇਸੇ ਤਰ੍ਹਾਂ ਰੈੱਡ ਕਰਾਸ ਬਠਿੰਡਾ ਵੱਲੋਂ ਚਲਾਏ ਜਾ ਰਹੇ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਵਿੱਚ ਪੜ੍ਹਦੇ ਦੋ ਭੈਣ-ਭਰਾ ਭਾਵੇਂ ਖੁਦ ਬੋਲ ਸੁਣ ਨਹੀਂ ਸਕਦੇ ਪਰ ਉਨ੍ਹਾਂ ਦੇ ਸੁਪਨੇ ਬੋਲਦੇ ਹਨ। ਛੇਵੀਂ ਕਲਾਸ ਵਿੱਚ ਪੜ੍ਹਦੀ ਮਹਿਕ ਅਤੇ ਉਸ ਦਾ ਚੌਥੀ ਕਲਾਸ ਵਿੱਚ ਪੜ੍ਹਦਾ ਭਰਾ ਸ਼ੁਭਮ ਨਾ ਬੋਲ ਸਕਦਾ ਹੈ ਅਤੇ ਨਾ ਸੁਣ ਸਕਦਾ ਹੈ। ਇਨ੍ਹਾਂ ਦੀ ਮਾਂ ਅਤੇ ਬਾਪ ਵੀ ਬੋਲਣ ਅਤੇ ਸੁਣਨ ਤੋਂ ਅਸਮਰੱਥ ਹਨ। ਇੱਥੋਂ ਤੱਕ ਕਿ ਉਨ੍ਹਾਂ ਦੇ ਮਾਮਾ-ਮਾਮੀ ਵੀ ਨਾ ਬੋਲ ਸਕਦੇ ਹਨ ਅਤੇ ਨਾ ਸੁਣ ਸਕਦੇ ਹਨ।
          ਸਕੂਲ ਦੀ ਪ੍ਰਿੰਸੀਪਲ ਮਨਿੰਦਰ ਕੌਰ ਭੱਲਾ ਦੱਸਦੀ ਹੈ ਕਿ ਇਨ੍ਹਾਂ ਬੱਚਿਆਂ ਦੇ ਇਰਾਦੇ ਬੋਲਦੇ ਹਨ। ਪ੍ਰਿੰਸੀਪਲ ਦੱਸਦੀ ਹੈ ਕਿ ਦੋਵੇਂ ਭੈਣ-ਭਰਾ ਇਕੱਲੀ ਪੜ੍ਹਾਈ ਵਿੱਚ ਨਹੀਂ ਬਲਕਿ ਬਾਕੀ ਸਰਗਰਮੀਆਂ ਵਿੱਚ ਕਿਸੇ ਨਾਲੋਂ ਘੱਟ ਨਹੀਂ ਹਨ। ਇਨ੍ਹਾਂ ਬੱਚਿਆਂ ਦਾ ਬਾਪ ਸਿਲਾਈ-ਕਢਾਈ ਦਾ ਕੰਮ ਕੋਟਕਪੂਰਾ ਕਰਦਾ ਹੈ। ਇਵੇਂ ਹੀ ਪਿੰਡ ਰੱਲਾ ਦੀਆਂ ਦੋ ਭੈਣਾਂ ਵੀ ਬੋਲਣ ਸੁਣਨ ਦੀ ਸਮਰੱਥਾ ਨਾ ਹੋਣ ਕਰਕੇ ਕਦੇ ਆਪਣੇ ਜਜ਼ਬਾਤ ਵੀ ਸਾਂਝੇ ਨਹੀਂ ਕਰ ਸਕੀਆਂ। ਬਲਜੀਤ ਕੌਰ ਨੌਵੀਂ ਕਲਾਸ ਵਿੱਚ ਪੜ੍ਹਦੀ ਹੈ ਜਦੋਂ ਕਿ ਉਸ ਦੀ ਵੱਡੀ ਭੈਣ ਹੁਣ ਵਿਆਹੀ ਜਾ ਚੁੱਕੀ ਹੈ। ਬਾਪ ਦਾ ਸਿਰ 'ਤੇ ਸਾਇਆ ਨਹੀਂ ਰਿਹਾ। ਬਲਜੀਤ ਕੌਰ ਡਿਜ਼ਾਈਨਰ ਬਣਨਾ ਚਾਹੁੰਦੀ ਹੈ। ਉਹ ਸਕੂਲ ਦੀ ਹੁਸ਼ਿਆਰ ਬੱਚੀ ਹੈ। ਸਟਾਫ ਦੱਸਦਾ ਹੈ ਕਿ ਉਸ ਦਾ ਜਜ਼ਬਾ ਕਦੇ ਡੋਲਿਆ ਨਹੀਂ ਹੈ।
          ਪਿੰਡ ਘੰਡਾਬੰਨਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਤੀਸਰੀ ਕਲਾਸ ਵਿੱਚ ਪੜ੍ਹਦੇ ਬੱਚੇ ਸਨਮੀਤ ਦੇ ਹੌਸਲੇ ਨੂੰ ਵੀਲ੍ਹ ਚੇਅਰ ਨਹੀਂ ਤੋੜ ਸਕੀ। ਮਾਪੇ ਦੱਸਦੇ ਹਨ ਕਿ ਡਾਕਟਰੀ ਗਲਤੀ ਨੇ ਉਸ ਨੂੰ ਤੁਰਨ-ਫਿਰਨ ਤੋਂ ਮੁਥਾਜ ਕਰ ਦਿੱਤਾ ਹੈ। ਸਨਮੀਤ ਨੇ ਇੰਜਨੀਅਰ ਬਣਨ ਦਾ ਸੁਪਨਾ ਦੇਖਿਆ ਹੈ। ਮੱਧ ਵਰਗੀ ਪਰਿਵਾਰ ਦੇ ਸਨਮੀਤ ਨੂੰ ਹੁਣ ਮਾਪੇ ਵੀਲ੍ਹ ਚੇਅਰ 'ਤੇ ਸਕੂਲ ਛੱਡ ਕੇ ਜਾਂਦੇ ਹਨ। ਉਹ ਮਾਪਿਆਂ ਦਾ ਇਕਲੌਤਾ ਬੱਚਾ ਹੈ। ਸਕੂਲ ਅਧਿਆਪਕ ਜਗਸੀਰ ਸਹੋਤਾ ਨੇ ਦੱਸਿਆ ਕਿ ਸਨਮੀਤ ਦਾ ਹਿਸਾਬ ਵਿੱਚ ਕੋਈ ਸਾਨੀ ਨਹੀਂ। ਉਸ ਦੇ ਇਰਾਦੇ ਵੀ ਬੁਲੰਦ ਹੀ ਹਨ। ਮਾਪਿਆਂ ਦਾ ਕੰਮ ਵਿੱਚ ਹੱਥ ਹੀ ਨਹੀਂ ਵਡਾਉਂਦਾ ਬਲਕਿ ਉਹ ਪਹਾੜ ਨਾਲ ਮੱਥਾ ਲਾਉਣ ਦਾ ਵੀ ਸਿਰੜ ਰੱਖਦਾ ਹੈ। ਸੱਚਮੁੱਚ ਕੁਦਰਤੀ ਤੇ ਸਮਾਜੀ ਤਕਲੀਫ਼ਾਂ ਇਨ੍ਹਾਂ ਬੱਚਿਆਂ ਦੇ ਹੌਸਲਿਆਂ ਦਾ ਵਾਲ ਵਿੰਗਾ ਨਹੀਂ ਕਰ ਸਕੀਆਂ ਹਨ। ਹਾਲਾਂਕਿ ਇਨ੍ਹਾਂ ਬੱਚਿਆਂ ਦੀ ਉਮਰ ਛੋਟੀ ਹੈ ਅਤੇ ਅਲਾਮਤਾਂ ਵੱਡੀਆਂ ਹਨ ਪਰ ਫਿਰ ਵੀ ਉਨ੍ਹਾਂ ਕੋਲ ਜ਼ਿੰਦਾ ਦਿਲੀ ਹੈ ਜਿਸ ਦੇ ਸਹਾਰੇ ਉਹ ਆਕਾਸ਼ ਵਿੱਚ ਉੱਡਣ ਦੇ ਸੁਪਨੇ ਵੇਖ ਰਹੇ ਹਨ। ਅੱਜ ਬਾਲ ਦਿਵਸ ਮੌਕੇ ਏਦਾਂ ਦਾ ਜਜ਼ਬਾ ਰੱਖਣ ਵਾਲੇ ਬੱਚਿਆਂ ਨੂੰ ਕੌਣ ਨਹੀਂ ਸਲਾਮ ਕਰਨਾ ਚਾਹੇਗਾ।

No comments:

Post a Comment