Saturday, November 24, 2012

                             ਮੇਅਰ ਕਾਨਫਰੰਸ
             ਪ੍ਰਾਹੁਣੇ ਪੌਣੇ ਨੌ ਲੱਖ ਵਿੱਚ ਪਏ
                             ਚਰਨਜੀਤ ਭੁੱਲਰ
ਬਠਿੰਡਾ : ਨਗਰ ਨਿਗਮ ਬਠਿੰਡਾ ਨੂੰ ਦੇਸ਼ ਦੇ ਵੱਡੇ ਸ਼ਹਿਰਾਂ ਦੇ ਮੇਅਰਾਂ ਦੀ ਪ੍ਰਾਹੁਣਚਾਰੀ ਕਰੀਬ ਪੌਣੇ ਨੌਂ ਲੱਖ ਵਿੱਚ ਪਈ। ਆਲ ਇੰਡੀਆ ਕੌਂਸਲ ਆਫ਼ ਮੇਅਰਜ਼ ਦੀ ਕਾਰਜਕਾਰਨੀ ਕਮੇਟੀ ਦੀ ਬਠਿੰਡਾ ਵਿੱਚ ਹੋਈ ਦੋ ਦਿਨਾਂ ਕਾਨਫਰੰਸ ਸਿਰਫ਼ ਇਕ ਦਿਨ ਵਿੱਚ ਖ਼ਤਮ ਹੋ ਗਈ ਸੀ। ਦੂਜਾ ਦਿਨ ਮੇਅਰਾਂ ਦੇ ਸੈਰ ਸਪਾਟੇ ਵਾਲਾ ਰਿਹਾ ਸੀ। ਨਗਰ ਨਿਗਮ ਦੇ ਖਰਚੇ 'ਤੇ ਦੇਸ਼ ਦੇ 17 ਸ਼ਹਿਰਾਂ ਦੇ ਮੇਅਰ ਵਾਹਗਾ ਬਾਰਡਰ ਵੀ ਘੁੰਮੇ। ਨਗਰ ਨਿਗਮ ਕੋਲ ਇਸ ਮੀਟਿੰਗ ਦਾ ਕੋਈ ਏਜੰਡਾ ਅਤੇ ਕਾਰਵਾਈ ਦਾ ਵੇਰਵਾ ਵੀ ਨਹੀਂ ਹੈ। ਨਗਰ ਨਿਗਮ ਬਠਿੰਡਾ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜੋ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਮੁਤਾਬਕ ਨਿਗਮ ਨੂੰ ਮੇਅਰਾਂ ਕਾਨਫਰੰਸ ਕਰਾਉਣ ਦਾ ਖਰਚ 8,66,746 ਰੁਪਏ ਪਿਆ ਹੈ। ਕਰੀਬ ਪੌਣੇ ਚਾਰ ਲੱਖ ਦੇ ਬਿੱਲ ਹਾਲੇ ਵੱਖ ਵੱਖ ਹੋਟਲਾਂ ਅਤੇ ਕਾਰੋਬਾਰੀਆਂ ਦੇ ਬਕਾਇਆ ਹਨ। ਨਿਗਮ ਨੇ ਹੁਣ ਤੱਕ 4,92,492 ਰੁਪਏ ਇਸ ਮੀਟਿੰਗ 'ਤੇ ਖਰਚੇ ਹਨ, ਜਦੋਂ ਕਿ 3,74,254 ਰੁਪਏ ਦੇ ਬਕਾਏ ਖੜ੍ਹੇ ਹਨ। ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਵੱਲੋਂ ਮੇਅਰਾਂ ਦੀ ਮੀਟਿੰਗ ਲਈ ਪੰਜ ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਮਗਰੋਂ ਸਰਕਾਰ ਨੇ ਮਿਊਂਸਿਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 82 ਦੀ ਉਪ ਧਾਰਾ 3 ਤਹਿਤ ਮਨਜ਼ੂਰੀ ਦੇ ਦਿੱਤੀ ਸੀ। ਹੁਣ ਕਾਰਪੋਰੇਸ਼ਨ ਵੱਲੋਂ ਪੰਜ ਲੱਖ ਰੁਪਏ ਦੀ ਹੋਰ ਪ੍ਰਵਾਨਗੀ ਲਈ ਗਈ ਹੈ ਤਾਂ ਜੋ ਬਕਾਏ ਤਾਰੇ ਜਾ ਸਕਣ।
             ਰਾਇਲ ਕੇਟਰਜ਼ ਬਠਿੰਡਾ ਵੱਲੋਂ ਪੇਸ਼ ਕੀਤੇ ਬਿੱਲਾਂ ਅਨੁਸਾਰ ਮੇਅਰਾਂ ਦੀ ਕਾਨਫਰੰਸ ਵਿੱਚ ਸ਼ਹਿਰ ਦੇ ਐਨਟੀਕ ਪੈਲੇਸ ਵਿੱਚ 400 ਵਿਅਕਤੀਆਂ ਨੂੰ ਜੋ ਦੁਪਹਿਰ ਦਾ ਖਾਣਾ ਦਿੱਤਾ ਗਿਆ, ਉਸ 'ਤੇ ਦੋ ਲੱਖ ਰੁਪਏ ਖਰਚ ਆਏ। 15 ਸਤੰਬਰ ਨੂੰ ਜੋ ਰਾਤ ਦਾ ਖਾਣਾ ਦਿੱਤਾ ਗਿਆ, ਉਹ ਡੇਢ ਲੱਖ ਰੁਪਏ ਵਿੱਚ ਪਿਆ। ਇਹ ਖਾਣਾ 150 ਲੋਕਾਂ ਨੂੰ ਦਿੱਤਾ ਗਿਆ। ਵੈਟ ਅਤੇ ਸਰਵਿਸ ਟੈਕਸ ਸਮੇਤ ਇਹ ਖਾਣੇ 4,26,006 ਰੁਪਏ ਵਿੱਚ ਪਏ ਹਨ।ਇਸ ਤੋਂ ਇਲਾਵਾ ਰਾਮ ਦਾਸ ਮਿੱਠੂ ਰਾਮ ਹਲਵਾਈ ਐਂਡ ਟੈਂਟ ਹਾਊਸ ਵੱਲੋਂ ਵੀ 87,150 ਰੁਪਏ ਦਾ ਬਿੱਲ ਖਾਣਿਆਂ ਦਾ ਬਣਾਇਆ ਗਿਆ ਸੀ। ਐਨਟੀਕ ਪੈਲੇਸ ਵਿੱਚ ਇਸ ਫਰਮ ਵੱਲੋਂ 150 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 301 ਲੋਕਾਂ ਦੇ ਖਾਣੇ ਦਾ ਬਿੱਲ 45,150 ਰੁਪਏ ਬਣਾਇਆ ਗਿਆ ਹੈ।ਇਸ ਫਰਮ ਵੱਲੋਂ 280 ਲੋਕਾਂ ਨੂੰ ਰਾਤ ਦਾ ਖਾਣਾ ਦਿੱਤਾ ਗਿਆ, ਜਿਸ ਦੀ ਕੀਮਤ 150 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 42 ਹਜ਼ਾਰ ਰੁਪਏ ਵਸੂਲੀ ਗਈ। ਆਜ਼ਾਦ ਲਾਈਟ ਐਂਡ ਸਾਊਂਡ ਨੂੰ 25 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਨਿਗਮ ਇਸ ਕਾਨਫਰੰਸ ਦਾ ਉਹ ਰਿਕਾਰਡ ਨਹੀਂ ਦੇ ਸਕੀ, ਜਿਸ ਤਹਿਤ ਮੇਅਰਾਂ ਦੀ ਬਠਿੰਡਾ ਆਮਦ ਨਾਲ ਨਿਗਮ ਜਾਂ ਬਠਿੰਡਾ ਸ਼ਹਿਰ ਨੂੰ ਕੋਈ ਫਾਇਦਾ ਪੁੱਜਿਆ ਹੋਵੇ। ਇੱਥੋਂ ਤੱਕ ਕਿ ਮੇਅਰਾਂ ਦੀ ਕਾਨਫਰੰਸ ਵਿੱਚ ਵਿਚਾਰੇ ਗਏ ਮਸਲਿਆਂ ਦੀ ਕੋਈ ਕਾਪੀ ਵੀ ਨਗਰ ਨਿਗਮ ਕੋਲ ਨਹੀਂ ਹੈ।
            ਮੇਅਰਾਂ ਦੀ ਕਾਨਫਰੰਸ ਵਿੱਚ ਨਿਗਮ ਨੇ 52 ਹਜ਼ਾਰ ਦਾ ਖਰਚਾ ਇਕੱਲਾ ਸਵਾਗਤੀ ਬੋਰਡਾਂ 'ਤੇ ਕੀਤਾ ਹੈ, ਜਦੋਂ ਕਿ 11,540 ਰੁਪਏ ਗੁਲਦਸਤਿਆਂ 'ਤੇ ਖਰਚੇ ਹਨ। ਕਾਨਫਰੰਸ ਦੌਰਾਨ ਕੰਫਟ ਇਨ ਹੋਟਲ ਵਿੱਚ ਮਹਿਮਾਨਾਂ ਨੂੰ ਠਹਿਰਾਇਆ ਗਿਆ ਸੀ, ਜਿਸ ਦਾ ਬਿੱਲ 2,44,748 ਰੁਪਏ ਦਾ ਬਣਿਆ ਹੈ। ਕੰਫਟ ਇੰਨ ਹੋਟਲ ਵੱਲੋਂ ਹਰ ਮੇਅਰ ਦੇ ਨਾਮ 'ਤੇ ਵੱਖਰਾ ਬਿੱਲ ਬਣਾਇਆ ਗਿਆ ਹੈ। ਸਭ ਤੋਂ ਜ਼ਿਆਦਾ ਬਿੱਲ 17,384 ਰੁਪਏ ਦਾ ਸ੍ਰੀ ਕ੍ਰਿਸ਼ਨਾ ਮੋਰਾਰੀ ਦਾ ਬਣਿਆ ਹੈ, ਜਦੋਂ ਕਿ ਸ੍ਰੀ ਆਸ਼ੂਤੋਸ ਦਾ ਬਿੱਲ 12,627 ਰੁਪਏ ਦਾ ਬਣਿਆ ਹੈ। ਬਠਿੰਡਾ ਟੀਮ ਦੇ ਨਾਮ 'ਤੇ ਬਣੇ ਬਿੱਲ ਦੀ ਰਾਸ਼ੀ 10,495 ਰੁਪਏ ਹੈ। ਨਿਗਮ ਦੇ ਕਮਿਸ਼ਨਰ ਉਮਾ ਸ਼ੰਕਰ ਦੇ ਨਾਮ 'ਤੇ ਜੋ 3199 ਅਤੇ 3200 ਨੰਬਰ ਬਿੱਲ ਬਣਿਆ ਹੈ, ਉਹ 17,719 ਰੁਪਏ ਦਾ ਹੈ। ਇਕ ਸੂਬੇ ਵਿੱਚੋਂ ਆਏ ਗ੍ਰਹਿ ਮੰਤਰੀ ਦੇ ਸਟਾਫ ਦਾ ਬਿੱਲ ਵੀ 8235 ਰੁਪਏ ਬਣਿਆ ਹੈ। ਕੰਫਟ ਇੰਨ ਹੋਟਲ ਵੱਲੋਂ ਇਨ੍ਹਾਂ ਸਾਰੇ ਬਿੱਲਾਂ ਦਾ ਇਕ ਬਿੱਲ ਮੇਅਰ ਨਗਰ ਨਿਗਮ ਬਠਿੰਡਾ ਦੇ ਨਾਮ 'ਤੇ ਬਣਾਇਆ ਗਿਆ ਹੈ। ਨਿਗਮ ਵੱਲੋਂ ਮੇਅਰਾਂ ਦੇ ਸੈਰ ਸਪਾਟੇ ਲਈ 13 ਟੈਕਸੀਆਂ ਵੀ ਕਿਰਾਏ 'ਤੇ ਲਈਆਂ ਗਈਆਂ, ਜਿਨ੍ਹਾਂ ਦਾ ਬਿੱਲ 50,044 ਰੁਪਏ ਬਣਿਆ।
                                                                 ਏਜੰਡਾ ਹੋਇਆ ਗੁੰਮ
ਮੇਅਰ ਬਲਜੀਤ ਸਿੰਘ ਬੀੜ ਬਹਿਮਣ ਦਾ ਕਹਿਣਾ ਸੀ ਕਿ ਕਾਨਫਰੰਸ ਦਾ ਏਜੰਡਾ ਤੇ ਕਾਰਵਾਈ ਦੇ ਵੇਰਵੇ ਤਾਂ ਸਨ ਪਰ ਇਹ ਹੁਣ ਗੁੰਮ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਬਾਕੀ ਸਾਰਾ ਰਿਕਾਰਡ ਦਿੱਲੀ ਦਫ਼ਤਰ ਵਿੱਚ ਮੌਜੂਦ ਹੈ। ਕਾਨਫਰੰਸ 'ਤੇ ਖਰਚਾ ਪਹਿਲਾਂ ਪੰਜ ਲੱਖ ਹੋਣ ਦੀ ਸੰਭਾਵਨਾ ਸੀ ਪਰ ਮਗਰੋਂ ਖਰਚਾ ਵੱਧ ਗਿਆ ਸੀ। ਉਨ੍ਹਾਂ ਆਖਿਆ ਕਿ ਬਕਾਏ ਕਲੀਅਰ ਕਰਨ ਵਾਸਤੇ ਪੰਜ ਲੱਖ ਰੁਪਏ ਦੀ ਹਾਊਸ ਤੋਂ ਮਨਜ਼ੂਰੀ ਲਈ ਗਈ ਹੈ।

1 comment: