Sunday, November 4, 2012

                                               ਅਮਨ ਸ਼ਾਂਤੀ
                   'ਗੰਨ ਨਾ ਮੈਨ', ਫਿਰ ਵੀ ਮਨ ਨੂੰ ਚੈਨ
                                            ਚਰਨਜੀਤ ਭੁੱਲਰ
ਬਠਿੰਡਾ :  ਜਦੋਂ ਅੱਜ ਸਿਆਸੀ ਨੇਤਾ ਗੰਨਮੈਨਾਂ ਤੋਂ ਬਿਨਾਂ ਪੈਰ ਨਹੀਂ ਪੁੱਟਦੇ ਤਾਂ ਏਦਾਂ ਦੇ ਵੀ ਸਾਬਕਾ ਵਿਧਾਇਕ ਹਨ, ਜੋ ਗੰਨਮੈਨਾਂ ਨਾਲ ਤੁਰਦੇ ਹੀ ਨਹੀਂ ਹਨ। ਜਿਨ੍ਹਾਂ ਕਮਿਊਨਿਸਟ ਨੇਤਾਵਾਂ ਨੇ ਅਤਿਵਾਦ ਖ਼ਿਲਾਫ਼ ਨੰਗੇ ਧੜ ਜੰਗ ਲੜੀ ਹੈ, ਉਨ੍ਹਾਂ ਨੂੰ ਅੱਜ ਵੀ ਗੰਨਮੈਨਾਂ ਤੋਂ ਨਫ਼ਰਤ ਹੈ। ਪੰਜਾਬ ਸਰਕਾਰ ਨੇ ਹਰ ਸਾਬਕਾ ਵਿਧਾਇਕ ਨੂੰ ਇਕ ਜਾਂ ਫਿਰ ਦੋ ਗੰਨਮੈਨ ਦਿੱਤੇ ਹਨ ਪਰ ਭਾਰਤੀ ਕਮਿਊਨਿਸਟ ਪਾਰਟੀ ਨਾਲ ਸਬੰਧਤ ਜੋ ਸਾਬਕਾ ਵਿਧਾਇਕ ਹਨ, ਉਨ੍ਹਾਂ ਵਿੱਚੋਂ ਕਿਸੇ ਵੀ ਕੋਲ ਅੱਜ ਗੰਨਮੈਨ ਨਹੀਂ ਹਨ। ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ 1992 ਤੋਂ 2002 ਤੱਕ ਵਿਧਾਇਕ ਰਹੇ। ਉਹ ਬਿਹਤਰੀਨ ਵਿਧਾਨਕਾਰ ਵੀ ਰਹਿ ਚੁੱਕੇ ਹਨ। ਉਨ੍ਹਾਂ ਅਤਿਵਾਦ ਖ਼ਿਲਾਫ਼ ਲੜਾਈ ਵੀ ਲੜੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਗੰਨਮੈਨ ਕਿਉਂ ਨਹੀਂ ਲਏ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਸੁਰੱਖਿਆ ਤਾਂ ਲੋਕ ਹੀ ਹਨ। ਗੰਨਮੈਨ ਕਾਹਦੇ ਲਈ। ਉਨ੍ਹਾਂ ਆਖਿਆ ਕਿ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਪੁਲੀਸ ਲੀਡਰਾਂ ਦੀ ਥਾਂ ਆਮ ਲੋਕਾਂ ਦੀ ਸੁਰੱਖਿਆ ਕਰੇ। ਉਨ੍ਹਾਂ ਆਖਿਆ ਕਿ ਜਿਨ੍ਹਾਂ ਲੋਕਾਂ ਕੋਲ ਅੱਜ ਦੇ ਨੇਤਾ ਜਾਂਦੇ ਹਨ, ਉਨ੍ਹਾਂ ਦੀ ਕੀ ਸੁਰੱਖਿਆ ਹੈ, ਉਨ੍ਹਾਂ ਕਦੇ ਸੋਚਿਆ ਹੈ। ਉਨ੍ਹਾਂ ਦੱਸਿਆ ਕਿ ਅਤਿਵਾਦ ਦੇ ਸਮੇਂ ਮਜਬੂਰੀ ਸੀ ਅਤੇ ਹਾਲਾਤ ਦੀ ਲੋੜ ਸੀ ਪਰ ਹੁਣ ਗੰਨਮੈਨ ਕਿਉਂ ਲਈਏ।
           ਦੱਸਣਯੋਗ ਹੈ ਕਿ ਅਸੈਂਬਲੀ ਚੋਣਾਂ ਸਮੇਂ ਵੀ ਹਰਦੇਵ ਅਰਸ਼ੀ ਨੇ ਬਤੌਰ ਉਮੀਦਵਾਰ ਗੰਨਮੈਨ ਲੈਣ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਇਹ ਲਿਖ ਕੇ ਦਿੱਤਾ ਕਿ ਜੇ ਲੋਕਾਂ ਵਿੱਚ ਵਿਚਰਦੇ ਹੋਏ, ਉਨ੍ਹਾਂ ਦੀ ਜਾਨ ਨੂੰ ਕੋਈ ਖਤਰਾ ਹੁੰਦਾ ਹੈ ਤਾਂ ਉਸ ਨੂੰ ਤਸੱਲੀ ਹੋਏਗੀ ਕਿ ਉਨ੍ਹਾਂ ਦੀ ਜ਼ਿੰਦਗੀ ਚੰਗੇ ਕੰਮ ਦੇ ਲੇਖੇ ਲੱਗ ਗਈ ਹੈ। ਸਾਬਕਾ ਵਿਧਾਇਕ ਬੂਟਾ ਸਿੰਘ ਨੇ ਵੀ ਕੋਈ ਗੰਨਮੈਨ ਨਹੀਂ ਲਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਸ ਨੂੰ ਕੋਈ ਖਤਰਾ ਨਹੀਂ ਹੈ। ਜੋ ਲੋਕ ਨੇਤਾ ਹੁੰਦਾ ਹੈ, ਉਸ ਨੂੰ ਅਸਲ ਵਿੱਚ ਕੋਈ ਖਤਰਾ ਹੁੰਦਾ ਹੀ ਨਹੀਂ। ਉਨ੍ਹਾਂ ਆਖਿਆ ਕਿ ਅੱਜ ਦੇ ਨੇਤਾ ਜੋ ਗੰਨਮੈਨ ਲੈ ਕੇ ਘੁੰਮ ਰਹੇ ਹਨ, ਉਹ ਸੁਰੱਖਿਆ ਕਰਕੇ ਨਹੀਂ, ਸਗੋਂ ਸਟੇਟਸ ਸਿੰਬਲ ਕਰਕੇ ਹੈ। ਧੂਰੀ ਤੋਂ ਵਿਧਾਇਕ ਰਹਿ ਚੁੱਕੇ ਕਮਿਊਨਿਸਟ ਆਗੂ ਅੱਛਰਾ ਸਿੰਘ ਨੇ ਵੀ ਕੋਈ ਗੰਨਮੈਨ ਨਹੀਂ ਲਿਆ। ਕਾਮਰੇਡ ਕੁਲਵੰਤ ਸਿੰਘ ਤਾਂ ਆਦਮਪੁਰ ਤੋਂ ਦੋ ਦਫ਼ਾ ਵਿਧਾਇਕ ਚੁਣੇ ਗਏ ਸਨ ਅਤੇ ਹੁਣ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਵੀ ਹਨ ਪਰ ਉਨ੍ਹਾਂ ਵੀ ਕੋਈ ਗੰਨਮੈਨ ਨਹੀਂ ਲਿਆ। ਕਾਮਰੇਡ ਗੁਰਨਾਮ ਸਿੰਘ ਧੀਰੋਵਾਲ ਵੀ ਵਿਧਾਇਕ ਰਹਿ ਚੁੱਕੇ ਹਨ। ਕਾਮਰੇਡ ਰਾਜ ਕੁਮਾਰ ਤਾਂ ਤਿੰਨ ਦਫ਼ਾ ਵਿਧਾਇਕ ਰਹੇ ਹਨ ਅਤੇ ਉਨ੍ਹਾਂ ਹੁਣ ਵੀ ਕੋਈ ਗੰਨਮੈਨ ਨਹੀਂ ਲਿਆ। ਇਹ ਤਾਂ ਕੁਝ ਮਿਸਾਲਾਂ ਹਨ, ਕਈ ਹੋਰ ਸਾਬਕਾ ਵਿਧਾਇਕ ਵੀ ਬਿਨਾਂ ਗੰਨਮੈਨਾਂ ਤੋਂ ਹੀ ਹਨ।
           ਅਕਾਲੀ ਦਲ ਅਤੇ ਕਾਂਗਰਸ ਦੇ ਵੀ ਕੁਝ ਏਦਾਂ ਦੇ ਵਿਧਾਇਕ ਹਨ। ਹਲਕਾ ਨਥਾਣਾ ਤੋਂ ਵਿਧਾਇਕ ਰਹਿ ਚੁੱਕੇ ਗੁਰਾ ਸਿੰਘ ਤੁੰਗਵਾਲੀ ਤੋਂ ਤਾਂ ਸਰਕਾਰ ਨੇ ਹੀ ਗੰਨਮੈਨ ਵਾਪਸ ਲਏ ਹਨ ਕਿਉਂਕਿ ਉਨ੍ਹਾਂ ਕਾਂਗਰਸ ਜੁਆਇਨ ਕਰ ਲਈ ਸੀ। ਹਲਕਾ ਸੰਗਰੂਰ ਤੋਂ ਵਿਧਾਇਕ ਅਤੇ ਮੰਤਰੀ ਰਹਿ ਚੁੱਕੇ ਕਾਂਗਰਸੀ ਨੇਤਾ ਜਸਵੀਰ ਸਿੰਘ ਸੰਗਰੂਰ ਨੇ ਵੀ ਕੋਈ ਗੰਨਮੈਨ ਨਹੀਂ ਲਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਗੰਨਮੈਨ ਕਾਹਦੇ ਲਈ ਲਈਏ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਤਾਂ ਮਰਹੂਮ ਬੇਅੰਤ ਸਿੰਘ ਨਾਲ ਅਤਿਵਾਦ ਖ਼ਿਲਾਫ਼ ਲੜਾਈ ਲੜੀ ਹੈ ਪਰ ਫਿਰ ਵੀ ਕਦੇ ਡਰ ਨਹੀਂ ਲੱਗਿਆ। ਉਨ੍ਹਾਂ ਆਖਿਆ ਕਿ ਅਸਲ ਵਿੱਚ ਨੇਤਾ ਲੋਕ ਸਿਰਫ਼ ਟੌਹਰ ਖਾਤਰ ਗੰਨਮੈਨ ਲੈਂਦੇ ਹਨ।
           ਇਨ੍ਹਾਂ ਸਾਬਕਾ ਵਿਧਾਇਕਾਂ ਦਾ ਕਹਿਣਾ ਸੀ ਕਿ ਅਕਾਲੀ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਹੈ ਅਤੇ ਕਿਧਰੋਂ ਵੀ ਕੋਈ ਖਤਰਾ ਨਹੀਂ ਹੈ। ਆਗੂ ਆਖਦੇ ਹਨ ਕਿ ਜੇ ਕੋਈ ਖਤਰਾ ਨਹੀਂ ਹੈ ਅਤੇ ਮਾਹੌਲ ਸ਼ਾਂਤ ਹੈ ਤਾਂ ਫਿਰ ਨੇਤਾ ਗੰਨਮੈਨ ਲੈ ਕੇ ਕਿਉਂ ਘੁੰਮ ਰਹੇ ਹਨ। ਇਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਆਪਾ ਵਿਰੋਧੀ ਗੱਲਾਂ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਅੱਜ ਆਮ ਲੋਕਾਂ ਦੀ ਰਾਖੀ ਕਰਨ ਦੀ ਲੋੜ ਹੈ ਕਿਉਂਕਿ ਜਦੋਂ ਆਮ ਲੋਕਾਂ ਦੀ ਜਾਨ ਮਾਲ ਦੀ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਪੁਲੀਸ ਮੌਕੇ 'ਤੇ ਵੀ ਨਹੀਂ ਪੁੱਜਦੀ। ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਵੱਡੀ ਰਾਸ਼ੀ ਅੱਜ ਛੋਟੇ ਵੱਡੇ ਨੇਤਾਵਾਂ ਦੀ ਰਾਖੀ ਕਰਨ 'ਤੇ ਲੱਗ ਰਹੀ ਹੈ, ਜਦੋਂ ਕਿ ਕੋਈ ਨੇਤਾ ਆਮ ਲੋਕਾਂ ਦੀ ਜਾਨ ਬਾਰੇ ਕਦੇ ਨਹੀਂ ਸੋਚਦਾ।

No comments:

Post a Comment