Wednesday, November 14, 2012

                               ਸਨਾਵਰ ਤੋ ਪਹਿਲਾਂ
            ਬਿਗਾਨੇ ਘਰਾਂ ਨੂੰ ਸਰਕਾਰੀ ਗੱਫੇ
                                ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਿਮਾਚਲ ਪ੍ਰਦੇਸ਼ ਦੇ ਇੱਕ ਲਾਅ ਕਾਲਜ ਨੂੰ ਸਰਕਾਰੀ ਖਜ਼ਾਨੇ 'ਚੋਂ ਫੰਡ ਦੇਣ ਦਾ ਮਾਮਲਾ ਬੇਪਰਦ ਹੋਇਆ ਹੈ। ਹਾਲਾਂਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਹਿਮਾਚਲ ਪ੍ਰਦੇਸ਼ ਦੇ ਸਨਾਵਰ ਸਕੂਲ ਨੂੰ ਦਿੱਤੀ ਇੱਕ ਕਰੋੜ ਦੀ ਗਰਾਂਟ ਵਿਵਾਦਾਂ ਵਿੱਚ ਘਿਰੀ ਹੋਈ ਹੈ ਲੇਕਿਨ ਇਹ ਆਪਣੀ ਕਿਸਮ ਦਾ ਪਹਿਲਾ ਕੇਸ ਨਹੀਂ ਹੈ। ਬਾਦਲ ਸਰਕਾਰ ਨੇ ਹੀ ਨਹੀਂ ਬਲਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਵੀ ਸਰਕਾਰੀ ਖਜ਼ਾਨੇ 'ਚੋਂ ਪੰਜਾਬ ਤੋਂ ਬਾਹਰ ਇਸੇ ਤਰ੍ਹਾਂ ਫੰਡ ਵੰਡੇ ਗਏ। ਉਹ ਰਕਮਾਂ ਮੁੱਖ ਮੰਤਰੀ ਰਾਹਤ ਫੰਡ 'ਚੋਂ ਦਿੱਤੀਆਂ ਗਈਆਂ।
           ਮੁੱਖ ਮੰਤਰੀ ਦਫ਼ਤਰ ਦੇ ਜਨਰਲ ਸੈਕਸ਼ਨ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੇ ਤਹਿਤ ਜੋ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 2007 ਵਿੱਚ ਆਪਣੀ ਸਰਕਾਰ ਬਣਨ ਮਗਰੋਂ ਸਵਾ ਦੋ ਵਰ੍ਹਿਆਂ ਦੇ ਅੰਦਰ ਪੰਜਾਬ ਤੋਂ ਬਾਹਰ ਦੀਆਂ ਸੰਸਥਾਵਾਂ ਅਤੇ ਅਦਾਰਿਆਂ ਨੂੰ 94,37,239 ਰੁਪਏ ਦੀ ਰਾਸ਼ੀ ਜਾਰੀ ਕੀਤੀ। ਇਸ ਲਿਖਤੀ ਸੂਚਨਾ ਮੁਤਾਬਕ ਮੁੱਖ ਮੰਤਰੀ ਰਾਹਤ ਫੰਡ 'ਚੋਂ ਇਹ ਸਬੰਧਤ ਰਾਸ਼ੀ ਲੋੜਵੰਦ ਵਿਅਕਤੀਆਂ ਨੂੰ ਭੇਜੀ ਗਈ ਹੈ ਪ੍ਰੰਤੂ ਹਿਮਾਚਲ ਪ੍ਰਦੇਸ਼ ਕਾਲਜ ਆਫ ਲਾਅ, ਕਾਲਾ ਅੰਬ (ਜ਼ਿਲ੍ਹਾ ਸਿਰਮੌਰ) ਦੇ ਪ੍ਰਿੰਸੀਪਲ ਨੂੰ ਮੁੱਖ ਮੰਤਰੀ ਰਾਹਤ ਕੋਸ਼ 'ਚੋਂ ਜਿਹੜਾ ਫੰਡ ਦਿੱਤਾ ਗਿਆ, ਉਸ ਦੇ ਵੇਰਵੇ ਪੰਜਾਬ ਨੇ ਜ਼ਾਹਰ ਨਹੀਂ ਕੀਤੇ। ਉਂਜ ਇਸ ਲਾਅ ਕਾਲਜ ਨੂੰ ਲੋੜਵੰਦ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਮੁੱਖ ਮੰਤਰੀ ਦਫਤਰ ਵੱਲੋਂ ਇਸ ਲਾਅ ਕਾਲਜ ਨੂੰ ਕਿੰਨੀ ਰਕਮ ਦਿੱਤੀ ਗਈ, ਇਸ ਦਾ ਵੀ ਖੁਲਾਸਾ ਨਹੀਂ ਕੀਤਾ ਗਿਆ।
           ਇਸੇ ਤਰ੍ਹਾਂ ਮੁੱਖ ਮੰਤਰੀ ਰਾਹਤ ਕੋਸ਼ 'ਚੋਂ ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਦਿੱਲੀ, ਪੀਜੀਆਈ ਚੰਡੀਗੜ੍ਹ, ਅਚਾਰੀਆ ਤੁਲਸੀ ਰਿਜਨਲ ਕੈਂਸਰ ਟਰੀਟਮੈਂਟ ਸੈਂਟਰ ਬੀਕਾਨੇਰ ਆਦਿ ਨੂੰ ਵੀ ਰਕਮਾਂ ਦਿੱਤੀਆਂ ਗਈਆਂ। ਇਨ੍ਹਾਂ ਸੰਸਥਾਵਾਂ ਦੇ ਨਾਅ ਤੋਂ ਸਪਸ਼ਟ ਹੈ ਕਿ ਰਕਮਾਂ ਲੋੜਵੰਦਾਂ ਨੂੰ ਦਿੱਤੀਆਂ ਗਈਆਂ ਅਤੇ ਮਰੀਜ਼ਾਂ ਦੇ ਇਲਾਜ ਲਈ ਵਰਤੀਆਂ ਗਈਆਂ। ਜੋ ਲਾਅ ਕਾਲਜ ਨੂੰ ਰਾਸ਼ੀ ਦਿੱਤੀ ਗਈ ਹੈ, ਉਸ ਬਾਰੇ ਜਾਣਕਾਰੀ ਵਿਸਥਾਰ ਵਿੱਚ ਨਹੀਂ ਦਿੱਤੀ ਗਈ। ਬਾਦਲ ਸਰਕਾਰ ਵੱਲੋਂ ਇਸੇ ਤਰ੍ਹਾਂ ਮੁੱਖ ਮੰਤਰੀ ਰਾਹਤ ਕੋਸ਼ 'ਚੋਂ 10 ਸਤੰਬਰ 2007 ਨੂੰ 50 ਲੱਖ ਰੁਪਏ ਨਵੀਂ ਦਿੱਲੀ ਦੀ ਸੰਸਥਾ ਰਾਸ਼ਟਰੀਆ ਸਵਾਭੀਮਾਨ, ਇੰਦਰਪ੍ਰਸਥ ਨੂੰ ਦਿੱਤੇ ਗਏ। ਇਹ ਰਕਮ ਦੇਣ ਦਾ ਮਕਸਦ ਲੋੜਵੰਦ ਵਿਅਕਤੀਆਂ ਨੂੰ ਟਰੇਨਿੰਗ ਦੇਣਾ ਦੱਸਿਆ ਗਿਆ ਸੀ। ਰਾਸ਼ਟਰੀਆ ਸਵਾਭੀਮਾਨ ਦੇ ਸੰਸਥਾਪਕ ਡਾਕਟਰ ਸਾਹਿਬ ਸਿੰਘ ਵਰਮਾ ਸਨ ਜੋ ਕਿ ਭਾਜਪਾ ਨੇਤਾ ਸਨ ਅਤੇ ਇਕ ਸਮੇਂ ਦਿੱਲੀ ਦੇ ਮੁੱਖ ਮੰਤਰੀ ਵੀ ਰਹੇ।
          ਅਕਾਲੀ ਸਰਕਾਰ ਤੋਂ ਪਹਿਲਾਂ ਕਾਂਗਰਸ ਹਕੂਮਤ ਨੇ ਵੀ ਨਵੀਂ ਦਿੱਲੀ ਅਤੇ ਚੰਡੀਗੜ੍ਹ ਦੀਆਂ ਸੰਸਥਾਵਾਂ ਨੂੰ ਮੁੱਖ ਮੰਤਰੀ ਰਾਹਤ ਕੋਸ਼ 'ਚੋਂ ਫੰਡ ਜਾਰੀ ਕੀਤੇ। ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਦਿੱਲੀ ਦੀ ਅਹਿਸਾਸ ਫਾਊਂਡੇਸ਼ਨ ਨੂੰ ਕੁੱਲ 20 ਲੱਖ ਰੁਪਏ ਦੀ ਰਾਸ਼ੀ ਮੁੱਖ ਮੰਤਰੀ ਰਾਹਤ ਕੋਸ਼ 'ਚੋਂ ਦਿੱਤੀ ਸੀ। ਕੈਪਟਨ ਨੇ ਮੁੱਖ ਮੰਤਰੀ ਰਾਹਤ ਕੋਸ਼ 'ਚੋਂ ਸਭ ਤੋਂ ਪਹਿਲਾਂ 24 ਮਾਰਚ 2004 ਨੂੰ ਅਹਿਸਾਸ ਫਾਊਂਡੇਸ਼ਨ ਨੂੰ 5 ਲੱਖ ਰੁਪਏ ਰਾਸ਼ੀ ਜਾਰੀ ਕੀਤੀ। ਉਸ ਮਗਰੋਂ 26 ਨਵੰਬਰ 2004 ਨੂੰ 5 ਲੱਖ ਦੀ ਰਾਸ਼ੀ ਜਾਰੀ ਕੀਤੀ। ਇਵੇਂ ਹੀ 19 ਮਈ 2005 ਨੂੰ ਕੈਪਟਨ ਹਕੂਮਤ ਨੇ 10 ਲੱਖ ਰੁਪਏ ਅਹਿਸਾਸ ਫਾਊਂਡੇਸ਼ਨ ਨੂੰ ਦਿੱਤੇ। ਇਹ ਰਕਮ ਦੇਣ ਦਾ ਮਕਸਦ ਅਪਾਹਜ ਵਿਅਕਤੀਆਂ ਨੂੰ ਮੋਬਾਈਲ ਪੀਸੀਓ ਖੋਲ੍ਹਣ ਵਾਸਤੇ ਮਦਦ ਦੇਣਾ ਸੀ।
           ਕੈਪਟਨ ਸਰਕਾਰ ਨੇ ਚੰਡੀਗੜ੍ਹ ਦੀ ਸੰਜੀਵਨੀ ਸੰਸਥਾ ਨੂੰ ਵੀ ਤਿੰਨ ਚੈੱਕਾਂ ਰਾਹੀਂ 81 ਹਜ਼ਾਰ ਰੁਪਏ ਦੀ ਰਕਮ ਮੁੱਖ ਮੰਤਰੀ ਰਾਹਤ ਕੋਸ਼ 'ਚੋਂ ਦਿੱਤੀ ਸੀ। ਇਸ ਦਾ ਮੰਤਵ ਟੀਬੀ ਦੇ ਮਰੀਜ਼ਾਂ ਦਾ ਇਲਾਜ ਕਰਵਾਉਣ ਵਿੱਚ ਮਦਦ ਕਰਨਾ ਸੀ। ਕੁਦਰਤੀ ਆਫਤਾਂ ਸਮੇਂ ਤਾਂ ਮੁੱਖ ਮੰਤਰੀ ਰਾਹਤ ਕੋਸ਼ 'ਚੋਂ ਰਾਸ਼ੀ ਦੂਸਰੇ ਰਾਜਾਂ ਨੂੰ ਭੇਜੀ ਜਾਂਦੀ ਰਹੀ ਹੈ, ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਪੰਜਾਬ ਤੋਂ ਬਾਹਰਲੀਆਂ ਸੰਸਥਾਵਾਂ ਨੂੰ ਵੀ ਸਰਕਾਰੀ ਖਜ਼ਾਨੇ 'ਚੋਂ ਰਕਮ ਭੇਜੀ ਜਾਣ ਲੱਗੀ ਹੈ। ਸਰਕਾਰੀ ਸੂਤਰ ਆਖਦੇ ਹਨ ਕਿ ਇਹ ਰਕਮ ਨਿਯਮਾਂ ਦੇ ਦਾਇਰੇ ਵਿੱਚ ਰਹਿ ਕੇ ਭੇਜੀ ਜਾਂਦੀ ਹੈ ਪ੍ਰੰਤੂ ਸਨਾਵਰ ਸਕੂਲ ਦੇ ਮਾਮਲੇ ਨੇ ਇੱਕ ਦਫਾ ਫਿਰ ਇਨ੍ਹਾਂ ਫੰਡਾਂ ਦੀ ਵਰਤੋਂ ਵੱਲ ਉਂਗਲ ਖੜ੍ਹੀ ਕਰ ਦਿੱਤੀ ਹੈ।

No comments:

Post a Comment