Thursday, November 8, 2012

                                      ਝਟਕਾ
         ਅਮੀਰਾਂ ਦੇ ਕਲੱਬ ਵੱਲੋਂ ਬਿਜਲੀ ਚੋਰੀ
                                ਚਰਨਜੀਤ ਭੁੱਲਰ
ਬਠਿੰਡਾ :  ਪਾਵਰਕੌਮ ਦੀ ਐਨਫੋਰਸਮੈਂਟ ਟੀਮ ਨੇ ਰਾਮਪੁਰਾ ਦੇ ਅਮੀਰਾਂ ਦੇ ਕੈਨਾਲ ਕਲੱਬ ਨੂੰ ਸਿੱਧੀ ਕੁੰਡੀ ਲਗਾ ਕੇ ਬਿਜਲੀ ਚੋਰੀ ਕਰਦੇ ਫੜਿਆ ਹੈ। ਦੱਸਣਯੋਗ ਹੈ ਕਿ ਹਾਈ ਕੋਰਟ ਨੇ ਇਸ ਕਲੱਬ ਨੂੰ ਢਾਹੁਣ ਦੇ ਆਦੇਸ਼ ਦਿੱਤੇ ਹਨ ਕਿਉਂਕਿ ਇਹ ਕਲੱਬ ਆਮ ਲੋਕਾਂ ਦੇ ਬਹਾਨੇ ਸ਼ਹਿਰ ਦੇ ਅਮੀਰ ਲੋਕਾਂ ਦੀ ਐਸ਼ੋ ਇਸ਼ਰਤ ਵਾਸਤੇ ਉਸਾਰਿਆ ਜਾ ਰਿਹਾ ਸੀ। ਪੰਜਾਬ ਸਰਕਾਰ ਦੇ ਹੁਕਮਾਂ 'ਤੇ ਕਥਿਤ ਤੌਰ 'ਤੇ ਨਹਿਰ ਮਹਿਕਮੇ ਦੀ ਕਰੋੜਾਂ ਰੁਪਏ ਦੀ ਸੰਪਤੀ ਟੇਢੇ ਢੰਗ ਨਾਲ ਇਸ ਕਲੱਬ ਨੂੰ ਦਿੱਤੀ ਗਈ ਸੀ। 'ਪੰਜਾਬੀ ਟ੍ਰਿਬਿਊਨ' ਵੱਲੋਂ ਇਸ ਮਾਮਲੇ ਨੂੰ ਬੇਪਰਦ ਕੀਤਾ ਗਿਆ ਸੀ ਜਿਸ ਮਗਰੋਂ ਗੁਰਮੀਤ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਪਾਈ ਸੀ। ਪਾਵਰਕੌਮ ਦੇ ਐਨਫੋਰਸਮੈਂਟ ਵਿੰਗ ਦੀ ਟੀਮ ਵੱਲੋਂ ਜਦੋਂ ਇਸ ਕਲੱਬ ਵਿੱਚ ਛਾਪਾ ਮਾਰਿਆ ਗਿਆ ਤਾਂ ਕਲੱਬ ਨੂੰ ਬਿਜਲੀ ਸਪਲਾਈ ਲਈ ਕੁੰਡੀ ਲਗਾਈ ਹੋਈ ਸੀ। ਕਲੱਬ ਪ੍ਰਬੰਧਕਾਂ ਵੱਲੋਂ ਮਈ ਮਹੀਨੇ ਤੋਂ ਬਿਜਲੀ ਚੋਰੀ ਕੀਤੀ ਜਾ ਰਹੀ ਹੈ। ਇਸ ਟੀਮ ਦੀ ਅਗਵਾਈ ਐਕਸੀਅਨ ਵਿਜੇ ਕੁਮਾਰ ਕਰ ਰਹੇ ਸਨ। ਉਨ੍ਹਾਂ ਨੇ ਮੌਕੇ 'ਤੇ ਬਿਜਲੀ ਤਾਰਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਸਪਲਾਈ ਕੱਟ ਦਿੱਤੀ। ਮਗਰੋਂ ਐਨਫੋਰਸਮੈਂਟ ਵਿੰਗ ਨੇ ਇਹ ਮਾਮਲਾ ਵੰਡ ਵਿੰਗ ਨੂੰ ਸੌਂਪ ਦਿੱਤਾ। ਪਾਵਰਕੌਮ ਦੇ ਰਾਮਪੁਰਾ ਦਫ਼ਤਰ ਨੇ ਇਸ ਕਲੱਬ ਨੂੰ 1,10,000 ਰੁਪਏ ਜੁਰਮਾਨਾ ਪਾ ਦਿੱਤਾ ਹੈ। ਪਾਵਰਕੌਮ ਦੇ ਅਫ਼ਸਰਾਂ ਨੇ ਅੱਜ ਕੈਨਾਲ ਕਲੱਬ ਦੇ ਜਨਰਲ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਹੈ।
           ਜਾਣਕਾਰੀ ਅਨੁਸਾਰ ਇਸ ਕੈਨਾਲ ਕਲੱਬ ਵੱਲੋਂ ਤਕਰੀਬਨ ਡੇਢ ਸਾਲ ਪਹਿਲਾਂ ਇੱਕ ਕਿਲੋਵਾਟ ਦਾ ਬਿਜਲੀ ਦਾ ਆਰਜ਼ੀ ਕੁਨੈਕਸ਼ਨ ਲਿਆ ਗਿਆ ਸੀ। ਕੈਨਾਲ ਕਲੱਬ ਦੇ ਪ੍ਰਬੰਧਕਾਂ ਨੇ ਕੁਨੈਕਸ਼ਨ ਤਾਂ ਲੈ ਲਿਆ ਪਰ ਬਿੱਲ ਸਮੇਂ ਸਿਰ ਨਾ ਭਰਿਆ। ਜਦੋਂ ਪਾਵਰਕੌਮ ਕੋਲ ਕੋਈ ਚਾਰਾ ਨਾ ਬਚਿਆ ਤਾਂ ਇਸ ਕਲੱਬ ਦਾ ਮਈ 2012 ਵਿੱਚ ਕੁਨੈਕਸ਼ਨ ਕੱਟ ਦਿੱਤਾ ਗਿਆ। ਉਸ ਮਗਰੋਂ ਪ੍ਰਬੰਧਕਾਂ ਨੇ ਕਲੱਬ ਦੀ ਬਿਜਲੀ ਸਪਲਾਈ ਵਾਸਤੇ ਸਿੱਧੀ ਕੁੰਡੀ ਲਗਾ ਲਈ। ਪ੍ਰਬੰਧਕਾਂ ਵੱਲੋਂ ਕਲੱਬ ਵਿੱਚ ਇੱਕ ਮੋਟਰ ਵੀ ਚਲਾਈ ਜਾ ਰਹੀ ਸੀ। ਪਾਵਰਕੌਮ ਅਧਿਕਾਰੀਆਂ ਨੇ ਹੁਣ ਪੁਰਾਣੇ ਬਕਾਏ ਭਰਨ ਲਈ ਵੀ ਨੋਟਿਸ ਕੱਢਿਆ ਹੈ ਜੋ ਇੱਕ ਲੱਖ ਦੇ ਕਰੀਬ ਬਣਦੇ ਹਨ।  ਇਸ ਬਾਰੇ ਐਕਸੀਅਨ ਵਿਜੇ ਕੁਮਾਰ ਨੇ ਦੱਸਿਆ ਕਿ ਕੈਨਾਲ ਕਲੱਬ ਦੀ ਇਮਾਰਤ ਦੇ ਪਿਛਲੇ ਪਾਸਿਓਂ ਸਿੱਧੀ ਕੁੰਡੀ ਲਗਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਤਾਰਾਂ ਉਤਾਰ ਦਿੱਤੀਆਂ ਹਨ ਅਤੇ ਵੰਡ ਵਿੰਗ ਨੂੰ ਅਗਲੀ ਕਾਰਵਾਈ ਲਈ ਲਿਖ ਦਿੱਤਾ ਗਿਆ ਹੈ। ਸਰਕਾਰੀ ਸੂਤਰਾਂ ਮੁਤਾਬਕ ਕੈਨਾਲ ਕਲੱਬ ਨੂੰ 1,10,000 ਰੁਪਏ  ਜੁਰਮਾਨਾ ਪਾਇਆ ਗਿਆ ਹੈ। ਦੱਸਣਯੋਗ ਹੈ ਕਿ ਸਿੱਖਿਆ ਮੰਤਰੀ  ਸਿਕੰਦਰ ਸਿੰਘ ਮਲੂਕਾ ਨੇ ਵਜ਼ੀਰ ਬਣਨ ਤੋਂ ਪਹਿਲਾਂ ਹੀ ਕੈਨਾਲ ਕਲੱਬ ਦੀ ਅਹੁਦੇਦਾਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕੈਨਾਲ ਕਲੱਬ ਬਣਾਏ ਜਾਣ ਸਬੰਧੀ ਲੋਕਾਂ ਦੇ ਮਤੇ ਮਿਲਣ ਮਗਰੋਂ ਤਤਕਾਲੀ ਐਸ.ਡੀ.ਐਮ. ਉਮਾ ਸ਼ੰਕਰ ਨੇ ਡਿਪਟੀ ਕਮਿਸ਼ਨਰ ਨੂੰ ਸਿਫਾਰਸ਼ ਭੇਜੀ ਸੀ। ਪਹਿਲਾਂ ਨਹਿਰ ਮਹਿਕਮੇ ਨੇ ਆਪਣੀ 19 ਕਨਾਲ 1 ਮਰਲਾ ਜ਼ਮੀਨ ਨਗਰ ਕੌਂਸਲ ਰਾਮਪੁਰਾ ਨੂੰ ਦਿੱਤੀ ਅਤੇ ਬਾਅਦ 'ਚ ਨਗਰ ਕੌਂਸਲ ਨੇ ਇਹ ਜ਼ਮੀਨ ਕੈਨਾਲ ਕਲੱਬ ਨੂੰ 40 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 31 ਜਨਵਰੀ,2011 ਨੂੰ ਲੀਜ਼ 'ਤੇ ਦੇ ਦਿੱਤੀ।
            ਇਸ ਕੈਨਾਲ ਕਲੱਬ ਦਾ ਨੀਂਹ ਪੱਥਰ ਬਲਵਿੰਦਰ ਸਿੰਘ ਭੂੰਦੜ ਨੇ 19 ਦਸੰਬਰ,2010 ਨੂੰ ਰੱਖਿਆ ਸੀ ਅਤੇ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ ਸੀ। ਇੱਕ ਹੋਰ ਐਮ.ਪੀ. ਨੇ ਵੀ ਇਸ ਕਲੱਬ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦਿੱਤੀ ਹੈ।  ਕੈਨਾਲ ਕਲੱਬ ਦੇ ਤਕਰੀਬਨ 150 ਮੈਂਬਰ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਅਮੀਰ ਅਤੇ ਸਿਆਸੀ ਲੋਕ ਹਨ। ਸ਼ੁਰੂਆਤੀ ਪੜਾਅ 'ਤੇ ਕਲੱਬ ਦੀ ਮੈਂਬਰਸ਼ਿਪ ਫੀਸ ਇੱਕ ਲੱਖ ਰੁਪਏ ਸੀ ਅਤੇ ਹੁਣ 50 ਹਜ਼ਾਰ ਰੁਪਏ ਫੀਸ ਰੱਖੀ ਗਈ ਸੀ। ਸੂਤਰਾਂ ਮੁਤਾਬਕ ਜਦੋਂ ਤੋਂ ਹਾਈ ਕੋਰਟ ਨੇ ਇਸ ਕਲੱਬ ਨੂੰ ਢਾਹੁਣ ਦਾ ਫੈਸਲਾ ਸੁਣਾਇਆ ਹੈ ਉਦੋਂ ਤੋਂ ਸਿਆਸੀ ਹਲਕਿਆਂ ਵਿੱਚ ਹਲਚਲ ਮੱਚੀ ਹੋਈ ਹੈ। ਹੁਣ ਦੇਖਣਾ ਇਹ ਹੈ ਕਿ ਬਿਜਲੀ ਚੋਰੀ ਦਾ ਕੇਸ ਫੜਨ ਮਗਰੋਂ ਇਸ ਕਲੱਬ ਦੇ ਪ੍ਰਬੰਧਕ ਜੁਰਮਾਨਾ ਨੂੰ ਤਾਰਦੇ ਹਨ ਜਾਂ ਨਹੀਂ। ਪਾਵਰਕੌਮ ਅਧਿਕਾਰੀਆਂ ਨੇ ਬਿਜਲੀ ਚੋਰੀ ਫੜ ਤਾਂ ਲਈ ਹੈ ਪਰ ਹੁਣ ਡਰੇ ਹੋਏ ਹਨ ਕਿਉਂਕਿ ਇਸ ਕਲੱਬ ਦੇ ਤਾਰ ਸਿੱਧੇ ਸਿਆਸੀ ਲੋਕਾਂ ਨਾਲ ਜੁੜੇ ਹੋਏ ਹਨ।

No comments:

Post a Comment