Friday, November 30, 2012

                             ਬਠਿੰਡਾ ਪੁਲੀਸ
     ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ
                            ਚਰਨਜੀਤ ਭੁੱਲਰ
ਬਠਿੰਡਾ : ਵਿਸ਼ਵ ਕਬੱਡੀ ਕੱਪ ਕਾਰਨ ਬਠਿੰਡਾ ਸ਼ਹਿਰ ਪੁਲੀਸ ਛਾਉਣੀ ਬਣ ਗਿਆ ਹੈ। ਚਾਰ ਚੁਫੇਰੇ ਪੁਲੀਸ ਹੀ ਪੁਲੀਸ ਨਜ਼ਰ ਆਉਂਦੀ ਹੈ। ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਤੋਂ ਦੋ ਦਿਨ ਪਹਿਲਾਂ ਹੀ ਪੰਜਾਬ ਭਰ ਤੋਂ ਪੁਲੀਸ ਬੁਲਾ ਲਈ ਹੈ। ਤਕਰੀਬਨ ਤਿੰਨ ਹਜ਼ਾਰ ਪੁਲੀਸ ਮੁਲਾਜ਼ਮ ਬਠਿੰਡਾ ਪੁੱਜ ਗਏ ਹਨ ਜਦੋਂ ਕਿ ਕਾਫ਼ੀ ਪੁਲੀਸ ਪਹਿਲੀ ਦਸੰਬਰ ਨੂੰ ਪੁੱਜੇਗੀ। ਜ਼ਿਲ੍ਹਾ ਪੁਲੀਸ ਦਾ ਖ਼ਜ਼ਾਨਾ ਖਾਲੀ ਹੈ ਜਿਸ ਕਾਰਨ ਉਧਾਰ ਚੁੱਕ ਕੇ ਕਬੱਡੀ ਕੱਪ ਦੀ ਸੁਰੱਖਿਆ ਕੀਤੀ ਜਾ ਰਹੀ ਹੈ। ਹਫ਼ਤੇ ਭਰ ਤੋਂ ਸਿਰਸਾ ਕਾਂਡ ਕਰਕੇ ਪੁਲੀਸ ਪੱਬਾਂ ਭਾਰ ਹੈ। ਇਥੇ ਪੁਲੀਸ ਲਾਈਨ ਵਿਚਲਾ ਤੇਲ ਪੰਪ ਡਰਾਈ ਹੋ ਗਿਆ ਹੈ ਜਿਸ ਕਾਰਨ ਸਾਢੇ ਚਾਰ ਲੱਖ ਰੁਪਏ ਦਾ ਤੇਲ ਉਧਾਰ ਪਵਾਇਆ ਗਿਆ ਹੈ। ਤੇਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਕੁਮਾਰ ਦਾ ਕਹਿਣਾ ਹੈ ਕਿ ਪੁਲੀਸ ਵੱਲ ਪਹਿਲਾਂ ਹੀ ਤਕਰੀਬਨ ਇੱਕ ਕਰੋੜ ਰੁਪਏ ਬਕਾਇਆ ਹਨ। ਉਨ੍ਹਾਂ ਦੱਸਿਆ ਕਿ ਹੁਣ ਕਬੱਡੀ ਕੱਪ ਕਰਕੇ ਪੁਲੀਸ ਨੇ ਚਾਰ ਲੱਖ ਰੁਪਏ ਦਾ ਹੋਰ ਤੇਲ ਉਧਾਰ ਮੰਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਬਾਹਰੋਂ ਆਈਆਂ ਗੱਡੀਆਂ ਲਈ ਵੀ ਉਧਾਰ ਵਿੱਚ ਤੇਲ ਲਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬਾਹਰੋਂ ਆਈ ਪੁਲੀਸ ਲਈ ਰੋਟੀ ਪਾਣੀ ਵਾਸਤੇ ਵੀ ਜ਼ਿਲ੍ਹਾ ਪੁਲੀਸ ਕੋਲ ਫੰਡ ਨਹੀਂ ਹੈ। ਪੁਲੀਸ ਲਾਈਨ ਵਿੱਚ ਇੱਕ ਮੈਸ ਚਲਾਈ ਗਈ ਹੈ। ਕੁਝ ਦਿਨਾਂ ਤੋਂ ਡੇਰਾ ਵਿਵਾਦ ਕਰਕੇ ਤਾਇਨਾਤ ਪੁਲੀਸ ਵੀ ਗੁਰੂ ਘਰਾਂ 'ਚੋਂ ਪ੍ਰਸ਼ਾਦੇ ਛੱਕ ਰਹੀ ਹੈ। ਬਾਕੀ ਪੁਲੀਸ ਨੂੰ ਵਗਾਰ ਵਿੱਚ ਹੀ ਰੋਟੀ ਪਾਣੀ ਛਕਾਇਆ ਜਾ ਰਿਹਾ ਹੈ। ਬਾਹਰੋਂ ਆਏ ਪੁਲੀਸ ਅਫ਼ਸਰਾਂ ਲਈ ਤਾਂ ਹੋਟਲਾਂ ਵਿੱਚ ਕਮਰੇ ਬੁੱਕ ਕਰਾਏ ਗਏ ਹਨ। ਮੁਲਾਜ਼ਮਾਂ ਲਈ ਸਰਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ।
            ਇਥੇ ਪੁਲੀਸ ਲਾਈਨ ਵਿੱਚ ਅੱਜ ਸਵੇਰੇ ਹੀ ਬਾਹਰੋਂ ਪੁਲੀਸ ਪੁੱਜਣੀ ਸ਼ੁਰੂ ਹੋ ਗਈ ਸੀ। ਮਹਿਲਾ ਪੁਲੀਸ ਤੋਂ ਇਲਾਵਾ ਸਾਦੇ ਕੱਪੜਿਆਂ ਵਿੱਚ ਵੀ ਪੁਲੀਸ ਤਾਇਨਾਤ ਕੀਤੀ ਜਾ ਰਹੀ ਹੈ। ਸੀ.ਆਰ.ਪੀ.ਐਫ. ਅਤੇ ਬੀ.ਐਸ.ਐਫ. ਦੀ ਇੱਕ ਇੱਕ ਕੰਪਨੀ ਵੀ ਬਠਿੰਡਾ ਤਾਇਨਾਤ ਕੀਤੀ ਗਈ ਹੈ। ਵਿਸ਼ਵ ਕਬੱਡੀ ਕੱਪ ਅਤੇ ਡੇਰਾ ਵਿਵਾਦ ਕਾਰਨ ਪੁਲੀਸ ਨੂੰ ਇੱਕੋਂ ਸਮੇਂ ਦੋਵੇਂ ਪਾਸੇ ਧਿਆਨ ਦੇਣਾ ਪੈ ਰਿਹਾ ਹੈ। ਦੂਜੇ ਵਿਸ਼ਵ ਕੱਪ ਸਮੇਂ ਸਿਰਫ਼ ਸਟੇਡੀਅਮ ਦੇ ਆਸ ਪਾਸ ਹੀ ਪੁਲੀਸ ਦਾ ਪਹਿਰਾ ਸੀ। ਜ਼ਿਲ੍ਹਾ ਪੁਲੀਸ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਕਿਉਂਕਿ ਬੇਰੁਜ਼ਗਾਰ ਅਤੇ ਮੁਲਾਜ਼ਮ ਧਿਰਾਂ ਵੀ ਅੰਦਰੋਂ ਅੰਦਰੀਂ ਕਾਫ਼ੀ ਸਰਗਰਮ ਹਨ। ਉਪਰੋਂ ਸਿਰਸਾ ਕਾਂਡ ਵੀ ਹਾਲੇ ਠੰਢਾ ਨਹੀਂ ਹੋਇਆ ਹੈ। ਆਮ ਲੋਕ ਹੈਰਾਨ ਹਨ ਕਿ ਐਨੀ ਪੁਲੀਸ ਕਿਉਂ ਤਾਇਨਾਤ ਕੀਤੀ ਜਾ ਰਹੀ ਹੈ। ਬਠਿੰਡਾ ਪੁਲੀਸ ਦੇ ਐਸ.ਪੀ. (ਐਚ) ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਭਰ ਤੋਂ ਤਕਰੀਬਨ ਤਿੰਨ ਹਜ਼ਾਰ ਪੁਲੀਸ ਮੁਲਾਜ਼ਮ ਪੁੱਜ ਗਏ ਹਨ ਅਤੇ ਕੁਝ ਪੁਲੀਸ ਪਹਿਲੀ ਦਸੰਬਰ ਨੂੰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਉਦਘਾਟਨੀ ਸਮਾਰੋਹਾਂ ਕਰਕੇ ਲੋੜ ਅਨੁਸਾਰ ਪੁਲੀਸ ਬੁਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਤੇਲ ਪੰਪਾਂ ਤੋਂ ਉਧਾਰਾਂ ਤੇਲ ਪਵਾਇਆ ਜਾ ਰਿਹਾ ਹੈ ਕਿਉਂਕਿ ਬਜਟ ਨਹੀਂ ਆਇਆ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੇ ਰੋਟੀ ਪਾਣੀ ਲਈ ਥਾਣਿਆਂ ਦੀ ਡਿਊਟੀ ਲਾਈ ਗਈ ਹੈ। ਦੱਸਣਯੋਗ ਹੈ ਕਿ ਬਠਿੰਡਾ ਜ਼ੋਨ ਦੇ ਆਈ.ਜੀ. ਨਿਰਮਲ ਸਿੰਘ ਢਿੱਲੋਂ, ਡੀ.ਆਈ.ਜੀ. ਪ੍ਰਮੋਦ ਬਾਨ ਅਤੇ ਐਸ.ਐਸ.ਪੀ. ਰਵਚਰਨ ਸਿੰਘ ਬਰਾੜ ਸੁਰੱਖਿਆ ਪ੍ਰਬੰਧਾਂ ਵਿੱਚ ਜੁਟੇ ਹੋਏ ਹਨ।
                                                 ਹਾਕਮ ਧਿਰ ਦੇ ਪ੍ਰਾਹੁਣਿਆਂ ਲਈ ਵਿਸ਼ੇਸ਼ ਪ੍ਰਬੰਧ
ਜ਼ਿਲ੍ਹਾ ਪ੍ਰਸ਼ਾਸਨ ਨੇ ਸਮੁੱਚੀ ਸਰਕਾਰੀ ਮਸ਼ੀਨਰੀ ਤੀਜੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਦੀ ਤਿਆਰੀ 'ਤੇ ਲਗਾ ਦਿੱਤੀ ਹੈ ਜਿਸ ਕਾਰਨ ਬਾਕੀ ਸਰਕਾਰੀ ਕਾਰਜਾਂ ਨੂੰ ਬਰੇਕ ਲੱਗ ਗਈ ਹੈ। ਉਦਘਾਟਨੀ ਸਮਾਰੋਹਾਂ ਦੀ ਤਿਆਰੀ ਲਈ ਇੱਕ ਦਰਜਨ ਕਮੇਟੀਆਂ ਬਣਾਈਆਂ ਹਨ ਜਿਨ੍ਹਾਂ ਵਿੱਚ 60 ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਦੀ ਮਦਦ ਲਈ ਤਕਰੀਬਨ 100 ਮੁਲਾਜ਼ਮ ਹੋਰ ਕੰਮ ਕਰ ਰਹੇ ਹਨ। ਅੱਜ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਕੋਈ ਕੰਮ ਨਹੀਂ ਹੋਇਆ। ਆਮ ਲੋਕਾਂ ਨੂੰ ਦਫ਼ਤਰਾਂ ਵਿੱਚ ਖਾਲੀ ਕੁਰਸੀਆਂ ਹੀ ਮਿਲੀਆਂ। ਵਧੀਕ ਡਿਪਟੀ ਕਮਿਸ਼ਨਰ (ਜ) ਨੇ ਤਾਂ ਆਪਣੇ ਦਫ਼ਤਰ ਦੇ ਬਾਹਰ ਨੋਟਿਸ ਹੀ ਲਗਾ ਦਿੱਤਾ ਹੈ ਕਿ ਅਸਲੇ ਸਬੰਧੀ ਕੰਮਕਾਰ ਵਾਲੇ 4 ਦਸੰਬਰ ਤੋਂ ਬਾਅਦ ਹੀ ਮਿਲਣ।
            ਉਦਘਾਟਨੀ ਸਮਾਰੋਹ ਵਿੱਚ ਹਾਕਮ ਧਿਰ ਦੇ ਪ੍ਰਾਹੁਣਿਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਵੀ.ਵੀ.ਆਈ.ਪੀ. ਗੈਲਰੀ ਵਿੱਚ ਇੱਕ ਹਜ਼ਾਰ ਕੁਰਸੀ ਦਾ ਪ੍ਰਬੰਧ ਹੈ ਅਤੇ ਵੀ.ਆਈ.ਪੀ. ਗੈਲਰੀ ਵਿੱਚ ਚਾਰ ਹਜ਼ਾਰ ਕੁਰਸੀਆਂ ਹਨ। ਤਕਰੀਬਨ ਪੰਜ ਹਜ਼ਾਰ ਤਾਂ ਵੀ.ਆਈ.ਪੀ. ਹੀ ਹੋਣਗੇ ਜਦੋਂ ਕਿ ਹਜ਼ਾਰ ਤੋਂ ਜ਼ਿਆਦਾ ਪੁਲੀਸ ਮੁਲਾਜ਼ਮ ਹੋਣਗੇ। ਵੀ.ਵੀ.ਆਈ.ਪੀ. ਅਤੇ ਵੀ.ਆਈ.ਪੀ. ਪਾਸ ਐਤਕੀਂ ਸਿਰਫ਼ ਦੋ ਤਿੰਨ ਸਿਆਸੀ ਆਗੂਆਂ ਵੱਲੋਂ ਹੀ ਵੰਡੇ ਜਾ ਰਹੇ ਹਨ। ਇਸ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ ਖਾਲੀ ਹਨ। ਸੂਤਰਾਂ ਅਨੁਸਾਰ ਸਿਰਫ਼ ਹਾਕਮ ਧਿਰ ਨਾਲ ਸਬੰਧਿਤ ਨੇੜਲੇ ਲੋਕਾਂ ਨੂੰ ਹੀ ਪਾਸ ਵੰਡੇ ਜਾ ਰਹੇ ਹਨ। ਸੂਚਨਾ ਅਨੁਸਾਰ ਹਲਕਾ ਜਲਾਲਾਬਾਦ 'ਚੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਤਿੰਨ ਸੌ ਮਹਿਮਾਨ ਉਦਘਾਟਨੀ ਸਮਾਰੋਹ ਵਿੱਚ ਪੁੱਜ ਰਹੇ ਹਨ ਜਿਨ੍ਹਾਂ ਨੂੰ ਲਿਆਉਣ ਲਈ ਪ੍ਰਸ਼ਾਸਨ ਨੇ ਬੱਸਾਂ ਦਾ ਪ੍ਰਬੰਧ ਕੀਤਾ ਹੈ। ਵੀ.ਆਈ.ਪੀ. ਗੈਲਰੀ ਵਿੱਚ ਇਨ੍ਹਾਂ ਮਹਿਮਾਨਾਂ ਦੀ ਖ਼ਾਤਰਦਾਰੀ ਲਈ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਲੱਗੇਗੀ। ਇਸੇ ਤਰ੍ਹਾਂ ਪਿੰਡ ਬਾਦਲ ਅਤੇ ਕਾਲਝਰਾਨੀ ਤੋਂ ਪੰਜ ਸੌ ਮਹਿਮਾਨ ਪੁੱਜ ਰਹੇ ਹਨ ਜਿਨ੍ਹਾਂ ਲਈ ਬਕਾਇਦਾ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਵਾਈ 'ਚ ਬਕਾਇਦਾ ਇਹ ਹਦਾਇਤਾਂ ਦਰਜ ਹਨ।
           ਉਦਘਾਟਨੀ ਸਮਾਰੋਹਾਂ ਵਿੱਚ ਪੁੱਜਣ ਵਾਲੇ ਆਮ ਲੋਕਾਂ ਨੂੰ ਤਾਂ ਪਹਿਲਾਂ ਦੀ ਤਰ੍ਹਾਂ ਧਰਤੀ 'ਤੇ ਬੈਠ ਕੇ ਹੀ ਸਬਰ ਕਰਨਾ ਪਵੇਗਾ। ਵੀ.ਆਈ.ਪੀ. ਲੋਕਾਂ ਲਈ ਚਾਹ ਪਾਣੀ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਸਟੇਡੀਅਮ ਵਿੱਚ ਪੰਜ ਹਜ਼ਾਰ ਕੁਰਸੀ ਲਗਾਈ ਜਾ ਰਹੀ ਹੈ ਅਤੇ ਮੁੱਖ ਸਟੇਜ 'ਤੇ ਦੋ ਦਰਜਨ ਸੋਫੇ ਲਾਏ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਫਰੀਦਕੋਟ, ਮਾਨਸਾ, ਸੰਗਰੂਰ ਅਤੇ ਬਰਨਾਲਾ ਤੋਂ 20 ਅੰਬੈਸਡਰ ਗੱਡੀਆਂ ਵੀ ਉਧਾਰੀਆਂ ਲੈ ਲਈਆਂ ਹਨ। ਫ਼ੌਜ ਤੋਂ ਆਰਮੀ ਬੈਂਡ ਲਿਆ ਜਾ ਰਿਹਾ ਹੈ। ਸ਼ਹਿਰ ਦੇ ਸੈਪਲ ਹੋਟਲ ਵਿੱਚ 32 ਕਮਰੇ, ਹੋਟਲ ਕੰਫਟ ਇੰਨ ਵਿੱਚ 16 ਅਤੇ ਕ੍ਰਿਸ਼ਨਾ ਕੰਟੀਨੈਂਟਲ ਵਿੱਚ 16 ਕਮਰੇ ਬੁੱਕ ਕਰਾਏ ਗਏ ਹਨ। ਸਰਕਾਰੀ ਗੈਸਟ ਹਾਊਸ ਤਾਂ ਸਾਰੇ ਹੀ ਬੁੱਕ ਕੀਤੇ ਹੋਏ ਹਨ। ਸਿੱਖਿਆ ਮੰਤਰੀ ਅਤੇ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਅੱਜ ਇਥੇ ਸਟੇਡੀਅਮ ਵਿੱਚ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਅਤੇ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਹਾਜ਼ਰ ਸਨ। ਜਾਣਕਾਰੀ ਅਨੁਸਾਰ ਉਦਘਾਟਨੀ ਸਮਾਰੋਹਾਂ ਵਿੱਚ ਅਕਸ਼ੈ ਕੁਮਾਰ ਕਰੀਬ 7 ਵਜੇ ਪ੍ਰੋਗਰਾਮ ਪੇਸ਼ ਕਰਨਗੇ। ਉਸ ਤੋਂ ਪਹਿਲਾਂ ਲੇਜ਼ਰ ਸ਼ੋਅ ਹੋਵੇਗਾ। ਇਨ੍ਹਾਂ ਸਮਾਰੋਹਾਂ ਵਿੱਚ 1200 ਦੇ ਕਰੀਬ ਸਕੂਲੀ ਬੱਚੇ ਅਤੇ ਐਨ.ਸੀ.ਸੀ. ਕੈਡਿਟ ਸ਼ਾਮਲ ਹੋਣਗੇ। ਅੱਜ ਦੇਰ ਸ਼ਾਮ ਤੱਕ ਸਟੇਡੀਅਮ ਵਿੱਚ ਉਦਘਾਟਨੀ ਸਮਾਰੋਹਾਂ ਲਈ ਸਟੇਜ ਸਜ ਗਈ ਸੀ ਅਤੇ ਭਲਕੇ ਰਿਹਰਸਲ ਹੋਵੇਗੀ।

No comments:

Post a Comment