Saturday, December 1, 2012

                             ਸਰਕਾਰੀ ਬੱਲੇ-ਬੱਲੇ
                   ਠੇਕੇਦਾਰਾਂ ਦੇ ਖੜਕੇ ਗੱਲੇ
                                ਚਰਨਜੀਤ ਭੁੱਲਰ
ਬਠਿੰਡਾ :  ਨਵੇਂ ਬਣਾਏ ਸਟੇਡੀਅਮਾਂ ਲਈ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿੱਚ ਪੈਸਾ ਨਹੀਂ ਹੈ ਜਿਸ ਕਾਰਨ ਸਟੇਡੀਅਮ ਉਸਾਰਨ ਵਾਲੇ ਠੇਕੇਦਾਰਾਂ ਦੇ ਕਰੋੜਾਂ ਰੁਪਏ ਸਰਕਾਰ ਵੱਲ ਫਸੇ ਪਏ ਹਨ। ਪੰਜਾਬ ਸਰਕਾਰ ਵੱਲੋਂ ਭਲਕੇ ਤੋਂ ਇਨ੍ਹਾਂ ਸਟੇਡੀਅਮਾਂ ਵਿੱਚ ਤੀਜਾ ਵਿਸ਼ਵ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ। ਇਨ੍ਹਾਂ ਸਟੇਡੀਅਮਾਂ ਨੇ ਪੰਜਾਬ ਮੰਡੀ ਬੋਰਡ ਦਾ ਖ਼ਜ਼ਾਨਾ ਵੀ ਖਾਲ੍ਹੀ ਕਰ ਦਿੱਤਾ ਹੈ। ਸਰਕਾਰੀ ਖ਼ਜ਼ਾਨੇ 'ਚੋਂ ਜੋ ਸਟੇਡੀਅਮ ਉਸਾਰੇ ਗਏ ਸਨ, ਉਨ੍ਹਾਂ ਦੀ ਹੀ ਸਮੱਸਿਆ ਹੈ। ਬਾਕੀ ਸਟੇਡੀਅਮ ਹੋਰ ਏਜੰਸੀਆਂ ਦੇ ਫੰਡਾਂ ਨਾਲ ਉਸਾਰੇ ਗਏ ਹਨ। ਪੰਜਾਬ ਸਰਕਾਰ ਨੇ ਅੱਧੀ ਦਰਜਨ ਸਟੇਡੀਅਮਾਂ ਲਈ 20 ਕਰੋੜ ਰੁਪਏ ਦੇਣੇ ਸਨ ਪਰ ਮੁਢਲੇ ਪੜਾਅ 'ਤੇ ਪੰਜ ਕਰੋੜ ਰੁਪਏ ਹੀ ਜਾਰੀ ਕੀਤੇ ਸਨ। ਜਾਣਕਾਰੀ ਮੁਤਾਬਕ ਮਗਰੋਂ ਪੰਜ ਕਰੋੜ ਰੁਪਏ ਹੋਰ ਜਾਰੀ ਹੋ ਗਏ ਸਨ।
           ਇਥੇ ਬਹੁਮੰਤਵੀ ਸਟੇਡੀਅਮ ਬਠਿੰਡਾ ਵਿਕਾਸ ਅਥਾਰਟੀ ਦੇ ਫੰਡਾਂ ਨਾਲ ਉਸਾਰਿਆ ਗਿਆ ਹੈ ਜਿਸ ਕਾਰਨ ਫੰਡਾਂ ਦੀ ਘਾਟ ਤੋਂ ਬਚ ਗਿਆ। ਬਠਿੰਡਾ ਦੇ ਹਾਕੀ ਸਟੇਡੀਅਮ ਦੇ ਇੱਕ ਕਰੋੜ ਦੇ ਬਕਾਏ ਹਾਲੇ ਤੱਕ ਨਹੀਂ ਦਿੱਤੇ ਜਾ ਸਕੇ। ਨਗਰ ਸੁਧਾਰ ਟਰੱਸਟ,ਬਠਿੰਡਾ ਨੇ ਹਾਕੀ ਸਟੇਡੀਅਮ ਲਈ ਸਾਢੇ ਪੰਜ ਕਰੋੜ ਰੁਪਏ ਦੇਣੇ ਸਨ ਪਰ ਟਰੱਸਟ ਸਿਰਫ਼ ਇੱਕ ਕਰੋੜ ਰੁਪਏ ਹੀ ਦੇ ਸਕਿਆ ਹੈ। ਇਸ ਸਟੇਡੀਅਮ 'ਤੇ ਚਾਰ ਕਰੋੜ ਰੁਪਏ ਖਰਚ ਹੋਏ ਹਨ। ਮੰਡੀ ਬੋਰਡ ਦੋ ਕਰੋੜ ਰੁਪਏ ਆਪਣੇ ਖ਼ਜ਼ਾਨੇ 'ਚੋਂ ਖਰਚ ਕਰ ਚੁੱਕਾ ਹੈ। ਸਬੰਧਿਤ ਐਸ.ਡੀ.ਓ. ਪਵਨ ਕੁਮਾਰ ਛਾਬੜਾ ਨੇ ਦੱਸਿਆ ਕਿ ਠੇਕੇਦਾਰਾਂ ਦੇ ਤਕਰੀਬਨ ਇੱਕ ਕਰੋੜ ਰੁਪਏ ਦੇ ਬਕਾਏ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ ਦੋ ਕਰੋੜ ਰੁਪਏ ਮੰਡੀ ਬੋਰਡ ਨੇ ਆਪਣੇ ਖ਼ਜ਼ਾਨੇ 'ਚੋਂ ਵਰਤੇ ਹਨ ਜੋ ਸਰਕਾਰ ਨੇ ਹਾਲੇ ਤੱਕ ਨਹੀਂ ਦਿੱਤੇ ਹਨ।
           ਮਾਨਸਾ ਵਿੱਚ ਬਣਾਏ ਗਏ ਬਹੁਮੰਤਵੀ ਸਟੇਡੀਅਮ 'ਤੇ ਚਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋਇਆ ਹੈ ਜਿਸ 'ਚੋਂ ਸਰਕਾਰ ਨੇ 3 ਕਰੋੜ,10 ਲੱਖ ਰੁਪਏ ਦਿੱਤੇ ਹਨ। ਮੰਡੀ ਬੋਰਡ ਨੇ ਅਦਾਇਗੀਆਂ ਕਰਨ ਵਾਸਤੇ 70 ਲੱਖ ਰੁਪਏ ਆਪਣੇ ਖਜ਼ਾਨੇ 'ਚੋਂ ਦਿੱਤੇ ਹਨ ਪਰ 20 ਲੱਖ ਦੇ ਬਕਾਏ ਠੇਕੇਦਾਰਾਂ ਦੇ ਸਰਕਾਰ ਵੱਲ ਹਾਲੇ ਵੀ ਖੜ੍ਹੇ ਹਨ। ਫਰੀਦਕੋਟ ਵਿੱਚ ਜੋ ਬਹੁਮੰਤਵੀ ਸਟੇਡੀਅਮ ਬਣਾਇਆ ਗਿਆ ਹੈ, ਉਸ ਦੀ ਲਾਗਤ 6 ਕਰੋੜ ਰੁਪਏ ਸੀ। ਮੰਡੀ ਬੋਰਡ ਵੱਲੋਂ ਇਸ ਸਟੇਡੀਅਮ ਵਿੱਚ ਢਾਈ ਕਰੋੜ ਰੁਪਏ ਦੇ ਕੰਮ ਕਰਾਏ ਗਏ ਹਨ ਜਿਸ 'ਚੋਂ ਸਰਕਾਰ ਨੇ ਸਿਰਫ਼ ਡੇਢ ਕਰੋੜ ਰੁਪਏ ਦਿੱਤੇ ਹਨ। ਸਬੰਧਿਤ ਐਸ.ਡੀ.ਓ. ਸ੍ਰੀ ਚੱਢਾ ਨੇ ਦੱਸਿਆ ਕਿ ਸਟੇਡੀਅਮ ਦੀ ਉਸਾਰੀ ਕਰਨ ਵਾਲੀਆਂ ਫਰਮਾਂ ਦੇ 50 ਲੱਖ ਦੇ ਬਕਾਏ ਹਾਲੇ ਖੜ੍ਹੇ ਹਨ ਜਿਸ ਬਾਰੇ ਸਰਕਾਰ ਨੂੰ ਲਿਖਿਆ ਗਿਆ ਹੈ।
           ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ 16 ਨਵੇਂ ਸਟੇਡੀਅਮ ਬਣਾਏ ਗਏ ਹਨ ਜਿਨ੍ਹਾਂ 'ਚੋਂ 6 ਸਟੇਡੀਅਮਾਂ ਲਈ ਰਾਸ਼ੀ ਸਰਕਾਰੀ ਖਜ਼ਾਨੇ 'ਚੋਂ ਜਾਰੀ ਹੋਣੀ ਸੀ। ਵਿੱਤ ਵਿਭਾਗ ਨੇ ਇਹ ਫੰਡ ਹਾਲੇ ਤੱਕ ਜਾਰੀ ਨਹੀਂ ਕੀਤੇ ਹਨ ਜਦੋਂ ਕਿ ਇਨ੍ਹਾਂ ਸਟੇਡੀਅਮਾਂ 'ਚ ਦੂਜਾ ਵਿਸ਼ਵ ਕਬੱਡੀ ਕੱਪ ਵੀ ਹੋ ਚੁੱਕਾ ਹੈ। ਹੁਸ਼ਿਆਰਪੁਰ ਦੇ ਬਹੁਮੰਤਵੀ ਆਊਟਡੋਰ ਸਟੇਡੀਅਮ 'ਤੇ 3 ਕਰੋੜ, 26 ਲੱਖ ਰੁਪਏ ਖਰਚੇ ਗਏ ਹਨ। ਪੈਸੇ ਮੁੱਕਣ ਕਰਕੇ ਹੁਣ ਇਸ ਸਟੇਡੀਅਮ ਦਾ ਕੰਮ ਵਿਚਕਾਰ ਰੋਕ ਦਿੱਤਾ ਗਿਆ ਹੈ। ਇਸ ਸਟੇਡੀਅਮ ਲਈ ਸਰਕਾਰ ਨੇ ਸਿਰਫ਼ 2 ਕਰੋੜ,61 ਲੱਖ ਰੁਪਏ ਜਾਰੀ ਕੀਤੇ ਹਨ। ਮੰਡੀ ਬੋਰਡ ਦੇ ਐਕਸੀਅਨ ਸ੍ਰੀ ਅਗਨੀਹੋਤਰੀ ਨੇ ਦੱਸਿਆ ਕਿ 65 ਲੱਖ ਰੁਪਏ ਦੇ ਫੰਡ ਮੰਡੀ ਬੋਰਡ ਨੇ ਆਪਣੇ ਵਰਤੇ ਹਨ ਜਦੋਂ ਕਿ ਹੋਰ ਫੰਡ ਸਰਕਾਰ ਨੇ ਜਾਰੀ ਨਹੀਂ ਕੀਤੇ ਹਨ ਜਿਸ ਕਾਰਨ ਸਟੇਡੀਅਮ ਦੀਆਂ ਪੌੜੀਆਂ ਦਾ ਇੱਕ ਤਿਹਾਈ ਹਿੱਸਾ ਸਿਰੇ ਨਹੀਂ ਲੱਗ ਸਕਿਆ ਹੈ।
            ਜਾਣਕਾਰੀ ਅਨੁਸਾਰ ਇਸ ਸਟੇਡੀਅਮ ਦੀ ਉਸਾਰੀ ਲਈ ਮਗਰੋਂ 4 ਕਰੋੜ,30 ਲੱਖ ਦੀ ਯੋਜਨਾ ਤਿਆਰ ਕੀਤੀ ਸੀ ਜਿਸ ਨੂੰ ਸਰਕਾਰ ਨੇ ਪ੍ਰਵਾਨ ਹੀ ਨਹੀਂ ਕੀਤਾ। ਸੰਗਰੂਰ 'ਚ ਵਾਰ ਹੀਰੋਜ਼ ਸਟੇਡੀਅਮ ਬਣਾਇਆ ਗਿਆ ਹੈ। ਇਸ ਦੀ ਉਸਾਰੀ 'ਤੇ 2 ਕਰੋੜ,30 ਲੱਖ ਰੁਪਏ ਖਰਚੇ ਗਏ ਹਨ। ਸਰਕਾਰ ਨੇ ਇਸ ਸਟੇਡੀਅਮ ਲਈ 1 ਕਰੋੜ,69 ਲੱਖ ਰੁਪਏ ਦਿੱਤੇ ਹਨ। ਸੂਤਰਾਂ ਮੁਤਾਬਕ ਉਸਾਰੀ ਕਰਨ ਵਾਲੀਆਂ ਫਰਮਾਂ ਦੇ ਤਕਰੀਬਨ 50 ਲੱਖ ਰੁਪਏ ਹਾਲੇ ਵੀ ਸਰਕਾਰ ਵੱਲ ਖੜ੍ਹੇ ਹਨ। ਲੁਧਿਆਣਾ ਦੇ ਦੋ ਸਟੇਡੀਅਮਾਂ ਲਈ ਗਲਾਡਾ ਨੇ ਪੈਸਾ ਦਿੱਤਾ ਹੈ। ਜਲੰਧਰ ਦੇ ਸਟੇਡੀਅਮ ਲਈ ਜੇ.ਆਈ.ਟੀ. ਨੇ ਪੈਸਾ ਦਿੱਤਾ ਹੈ। ਮੁਹਾਲੀ ਸਟੇਡੀਅਮ ਦੀ ਉਸਾਰੀ ਲਈ ਗਮਾਡਾ ਨੇ ਪੈਸਾ ਦਿੱਤਾ ਹੈ। ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਸਟੇਡੀਅਮਾਂ 'ਤੇ ਪੀ.ਆਈ.ਡੀ. ਬੀ. ਨੇ ਖਰਚ ਕੀਤਾ ਹੈ। ਇਸ ਬਾਰੇ ਸੰਪਰਕ ਕਰਨ 'ਤੇ ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੇ ਵਿੱਤ ਵਿਭਾਗ ਤੋਂ ਬਕਾਇਆ ਰਾਸ਼ੀ ਮੰਗੀ ਹੈ ਜੋ ਜਲਦੀ ਮਿਲ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਸਟੇਡੀਅਮ ਮੁਕੰਮਲ ਹੋ ਚੁੱਕੇ ਹਨ।

No comments:

Post a Comment