Sunday, December 16, 2012

                              ਖ਼ਜ਼ਾਨੇ ਦਾ 'ਇਲਾਜ'
  ਪ੍ਰਾਈਵੇਟ ਹਸਪਤਾਲ ਨੂੰ 70 ਲੱਖ ਦਾ ਤੋਹਫ਼ਾ
                                 ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਬਠਿੰਡਾ ਦੇ ਪ੍ਰਾਈਵੇਟ ਮੈਕਸ ਹਸਪਤਾਲ ਨੂੰ 70 ਲੱਖ ਰੁਪਏ ਦਾ ਤੋਹਫ਼ਾ ਦੇ ਦਿੱਤਾ ਗਿਆ ਹੈ। ਨਗਰ ਨਿਗਮ ਬਠਿੰਡਾ ਨੇ ਪੰਜਾਬ ਸਰਕਾਰ ਦੀ ਹਦਾਇਤ 'ਤੇ ਮੈਕਸ ਹਸਪਤਾਲ ਨੂੰ 70.15 ਲੱਖ ਰੁਪਏ ਦੇ ਵਿਕਾਸ ਖਰਚੇ ਮੁਆਫ਼ ਕਰ ਦਿੱਤੇ ਹਨ। ਸਰਕਾਰ ਨੇ ਇਸ ਤੋਂ ਪਹਿਲਾਂ ਇਸ ਹਸਪਤਾਲ ਨੂੰ ਮਾਮੂਲੀ ਲੀਜ਼ ਰਾਸ਼ੀ 'ਤੇ 4.81 ਏਕੜ ਜਗ੍ਹਾ ਦਿੱਤੀ ਸੀ। ਨਿਗਮ ਇਸ ਹਸਪਤਾਲ ਨੂੰ 27 ਅਗਸਤ 2010 ਤੋਂ ਵਿਕਾਸ ਖਰਚੇ ਜਮ੍ਹਾਂ ਕਰਾਉਣ ਬਾਰੇ ਪੱਤਰ ਲਿਖ ਰਿਹਾ ਸੀ ਪਰ ਕਰੀਬ ਦੋ ਸਾਲ ਇਸ ਹਸਪਤਾਲ ਦੇ ਪ੍ਰਬੰਧਕਾਂ ਨੇ ਨਿਗਮ ਨੂੰ ਬਾਂਹ ਨਹੀਂ ਫੜਾਈ। ਫੰਡਾਂ ਦੀ ਕਮੀ ਝੱਲ ਰਹੇ ਨਗਰ ਨਿਗਮ ਨੂੰ ਆਖਰ ਸਰਕਾਰੀ ਹਦਾਇਤ 'ਤੇ ਵਿਕਾਸ ਖਰਚੇ ਤੋਂ ਛੋਟ ਦੇਣੀ ਪਈ ਹੈ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ 7 ਦਸੰਬਰ 2012 ਨੂੰ ਮਿਲੀ ਜਾਣਕਾਰੀ ਅਨੁਸਾਰ ਨਿਗਮ ਨੇ ਜਨਤਕ ਤੇ ਨਿੱਜੀ ਭਾਈਵਾਲੇ ਵਾਲੇ ਅਦਾਰੇ ਮੈਕਸ ਸੁਪਰਸਪੈਸ਼ਲਿਟੀ ਹਸਪਤਾਲ ਨੂੰ ਸਿਰਫ਼ ਵਿਕਾਸ ਖਰਚੇ 70,15,634 ਰੁਪਏ ਤੋਂ ਛੋਟ ਦਿੱਤੀ ਹੈ। ਨਗਰ ਨਿਗਮ ਨੇ ਸਥਾਨਕ ਸਵੈ ਸ਼ਾਸਨ ਵਿਭਾਗ ਦੇ ਪੱਤਰ ਮੀਮੋ ਨੰਬਰ 15/18/2012- 1 ਸਸ1/ 3314 ਦਾ ਹਵਾਲਾ ਦਿੱਤਾ ਹੈ, ਜਿਸ ਤਹਿਤ ਸਰਕਾਰ ਨੇ ਮੈਕਸ ਹਸਪਤਾਲ ਦੇ ਵਿਕਾਸ ਖਰਚੇ ਮੁਆਫ਼ ਕਰਨ ਦਾ ਫੈਸਲਾ ਕੀਤਾ ਹੈ।
              ਮੁੱਢਲੇ ਪੜਾਅ 'ਤੇ ਇਸ ਹਸਪਤਾਲ ਦੇ ਵਿਕਾਸ ਖਰਚੇ 65,47,425 ਰੁਪਏ ਬਣੇ ਸਨ ਅਤੇ ਉਸ ਮਗਰੋਂ ਰਿਵਾਈਜ਼ਡ ਸਾਈਟ ਪਲਾਨ ਦੇ ਆਧਾਰ 'ਤੇ ਵਿਕਾਸ ਖਰਚੇ 70,15,634 ਰੁਪਏ ਬਣਾਏ ਸਨ, ਜਿਨ੍ਹਾਂ ਨੂੰ ਭਰਨ ਵਾਸਤੇ ਨਿਗਮ ਨੇ 16 ਸਤੰਬਰ 2011 ਨੂੰ ਮੈਕਸ ਹਸਪਤਾਲ ਨੂੰ ਪੱਤਰ ਲਿਖਿਆ ਸੀ। ਨਿਗਮ ਨੇ 11 ਨਵੰਬਰ 2011 ਨੂੰ ਮੁੜ ਪੱਤਰ ਲਿਖ ਕੇ ਮੈਕਸ ਹਸਪਤਾਲ ਨੂੰ ਚੇਤਾਵਨੀ ਵੀ ਦਿੱਤੀ ਸੀ ਪਰ ਪ੍ਰਬੰਧਕਾਂ ਨੇ ਆਖ ਦਿੱਤਾ ਕਿ ਉਹ ਵਿਕਾਸ ਖਰਚੇ ਤੋਂ ਛੋਟ ਲੈ ਰਹੇ ਹਨ। ਪੰਜਾਬ ਸਰਕਾਰ ਨੇ ਫਤਹਿਗੜ੍ਹ ਸਾਹਿਬ ਅਤੇ ਨੰਗਲ ਦੇ ਏਦਾਂ ਦੇ ਹਸਪਤਾਲਾਂ ਨੂੰ ਵੀ ਲੱਖਾਂ ਰੁਪਏ ਦੇ ਵਿਕਾਸ ਖਰਚੇ ਤੋਂ ਛੋਟ ਦਿੱਤੀ ਹੈ। ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵੱਲੋਂ 29 ਫਰਵਰੀ 2011 ਨੂੰ ਸਥਾਨਕ ਸਵੈ ਸ਼ਾਸਨ ਵਿਭਾਗ ਨੂੰ ਪੱਤਰ ਲਿਖ ਕੇ ਛੋਟ ਦੇਣ ਲਈ ਆਖਿਆ ਸੀ। ਹੁਣ ਮੈਕਸ ਹਸਪਤਾਲ ਨੂੰ ਵੀ ਛੋਟ ਦੇ ਦਿੱਤੀ ਗਈ ਹੈ। ਹਸਪਤਾਲ ਦਾ ਉਦਘਾਟਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸੀ ਅਤੇ ਉਸ ਮਗਰੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵੀ ਇਸ ਹਸਪਤਾਲ ਦੇ ਸਮਾਗਮਾਂ ਵਿੱਚ ਆ ਚੁੱਕੇ ਹਨ।
             ਨਗਰ ਨਿਗਮ ਨੇ 14 ਜੂਨ 2012 ਨੂੰ ਦਿੱਤੀ ਸੂਚਨਾ ਵਿੱਚ ਦੱਸਿਆ ਸੀ ਕਿ ਮੈਕਸ ਹਸਪਤਾਲ ਨੇ ਹਾਲੇ ਤੱਕ ਨਕਸ਼ਾ ਵੀ ਪਾਸ ਨਹੀਂ ਕਰਾਇਆ। ਇਸ ਹਸਪਤਾਲ ਵੱਲੋਂ ਉਸ ਸਮੇਂ ਤੱਕ ਸਿਰਫ਼ 15,16,273 ਰੁਪਏ ਜਮ੍ਹਾਂ ਕਰਾਏ ਗਏ ਸਨ। ਨਗਰ ਨਿਗਮ ਵੱਲੋਂ ਇਸ ਹਸਪਤਾਲ ਨੂੰ ਸਾਲ 2012-13 ਤੋਂ ਹਾਊਸ ਟੈਕਸ ਲਾਇਆ ਗਿਆ ਹੈ। ਹਾਊਸ ਟੈਕਸ ਲਾਉਣ ਲਈ 1,16,36,035 ਰੁਪਏ ਨਿਰਧਾਰਨ ਤਜਵੀਜ਼ ਕੀਤੀ ਗਈ। ਇਸ ਨਿਰਧਾਰਨ ਅਨੁਸਾਰ ਪ੍ਰਤੀ ਸਾਲ 17,45,405 ਰੁਪਏ ਹਾਊਸ ਟੈਕਸ ਬਣਦਾ ਹੈ। ਮਗਰੋਂ ਨਗਰ ਨਿਗਮ ਨੇ 23 ਨਵੰਬਰ 2012 ਨੂੰ ਦਿੱਤੀ ਸੂਚਨਾ ਵਿੱਚ ਦੱਸਿਆ ਕਿ ਮੈਕਸ ਹਸਪਤਾਲ ਵੱਲੋਂ ਬਣਦਾ ਹਾਊਸ ਟੈਕਸ ਵੀ ਨਹੀਂ ਭਰਿਆ ਗਿਆ। ਨਿਗਮ ਨੇ ਦੱਸਿਆ ਕਿ ਸਲਾਨਾ ਹਾਊਸ ਟੈਕਸ 13,96,324 ਰੁਪਏ ਬਾਕੀ ਹੈ। ਨਗਰ ਨਿਗਮ ਨੇ ਮੈਕਸ ਹਸਪਤਾਲ ਤੋਂ ਹਾਊਸ ਟੈਕਸ ਲੈਣ ਲਈ ਨਿਗਮ ਐਕਟ ਦੀ ਧਾਰਾ 137 ਅਧੀਨ ਨੋਟਿਸ ਵੀ ਜਾਰੀ ਕੀਤਾ ਹੈ। ਮੁੱਢਲੇ ਪੜਾਅ 'ਤੇ ਨਿਗਮ ਨੇ ਇਸ ਹਸਪਤਾਲ ਦੇ 1,86,632 ਰੁਪਏ ਪਾਣੀ ਦੇ ਖਰਚੇ ਅਤੇ 3,11,053 ਰੁਪਏ ਸੈੱਸ ਚਾਰਜਜ ਬਣਾਏ ਸਨ। ਇਨ੍ਹਾਂ ਦਾ ਕੀ ਬਣਿਆ, ਇਸ ਬਾਰੇ ਕੋਈ ਸੂਚਨਾ ਨਹੀਂ ਮਿਲ ਸਕੀ।
           ਦੱਸਣਯੋਗ ਹੈ ਕਿ ਇਸ ਇਲਾਕੇ ਵਿੱਚ ਕੈਂਸਰ ਦੀ ਬਿਮਾਰੀ ਦੇ ਹੱਲੇ ਦੇ ਮੱਦੇਨਜ਼ਰ ਇਹ ਹਸਪਤਾਲ ਬਣਾਇਆ ਗਿਆ ਸੀ। ਮੈਕਸ ਕੰਪਨੀ ਵੱਲੋਂ ਸਾਲਾਨਾ ਕੁਝ ਰਾਸ਼ੀ ਸਰਕਾਰ ਕੋਲ ਜਮ੍ਹਾਂ ਕਰਾਈ ਜਾਣੀ ਸੀ, ਜਿਸ ਨਾਲ ਗਰੀਬ ਲੋਕਾਂ ਦਾ ਇਲਾਜ ਹੋਣਾ ਸੀ। ਇਸ ਰਾਸ਼ੀ ਦੀ ਵੀ ਕੋਈ ਸੂਚਨਾ ਨਹੀਂ ਮਿਲ ਸਕੀ ਹੈ। ਸੂਤਰ ਆਖਦੇ ਹਨ ਕਿ ਗਰੀਬ ਲੋਕ ਇਸ ਹਸਪਤਾਲ ਦੇ ਇਲਾਜ ਦੀ ਪਹੁੰਚ ਤੋਂ ਦੂਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਹਸਪਤਾਲ ਦੀ ਪਰਚੀ ਫੀਸ ਹੀ ਜ਼ਿਆਦਾ ਹੈ। ਪਿਛਲੇ ਸਮੇਂ ਤੋਂ ਦੇਖਿਆ ਗਿਆ ਹੈ ਕਿ ਇਸ ਹਸਪਤਾਲ ਵੱਲੋਂ ਆਪਣਾ ਪ੍ਰਚਾਰ ਵੀ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਮੈਕਸ ਕੰਪਨੀ ਦਾ ਪੱਖ ਜਾਣਨ ਵਾਸਤੇ ਉਨ੍ਹਾਂ ਦੇ ਮੀਡੀਆ ਵਿੰਗ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਤੀ ਅਨੁਸਾਰ ਹਸਪਤਾਲ ਨੂੰ ਵਿਕਾਸ ਖਰਚਿਆਂ ਤੋਂ ਛੋਟ ਮਿਲੀ ਹੈ। ਹਾਊਸ ਟੈਕਸ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਸਰਕਾਰ ਦੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ।

No comments:

Post a Comment