Tuesday, December 4, 2012

                                ਉਧਾਰੇ ਰਾਸ਼ਨ 'ਤੇ
           ਕਦੋਂ ਤੱਕ ਚੁੰਗੀਆਂ ਭਰਨਗੇ ਹਿਰਨ !
                                  ਚਰਨਜੀਤ ਭੁੱਲਰ
ਬਠਿੰਡਾ : ਸਰਕਾਰੀ ਖਜ਼ਾਨੇ 'ਚੋਂ ਫੰਡ ਨਾ ਆਉਣ ਕਾਰਨ ਬਠਿੰਡਾ ਦੇ ਹਿਰਨ ਪਾਰਕ ਦੇ ਜਾਨਵਰ ਉਧਾਰ ਦਾ ਰਾਸ਼ਨ ਛਕ ਰਹੇ ਹਨ। ਜੰਗਲਾਤ ਅਧਿਕਾਰੀ ਮਿੰਨਤ ਤਰਲੇ ਨਾਲ ਉਧਾਰਾ ਰਾਸ਼ਨ ਚੁੱਕ ਰਹੇ ਹਨ। ਜੀਵ ਰੱਖਿਆ ਮਹਿਕਮੇ ਨੂੰ ਠੇਕੇਦਾਰਾਂ ਤੋਂ ਮਿਹਣੇ ਵੀ ਸੁਣਨੇ ਪੈ ਰਹੇ ਹਨ। ਰਾਸ਼ਨ ਸਪਲਾਈ ਕਰਨ ਵਾਲੇ ਆਖਣ ਲੱਗੇ ਹਨ ਕਿ ਖਜ਼ਾਨੇ ਵਿੱਚ ਅਕਸ਼ੈ ਕੁਮਾਰ ਨੂੰ ਦੇਣ ਲਈ ਪੈਸਾ ਹੈ ਪਰ ਉਨ੍ਹਾਂ ਲਈ ਨਹੀਂ ਹੈ। ਪਹਿਲੀ ਵਾਰ ਹੋਇਆ ਹੈ ਕਿ ਤਿੰਨ ਮਹੀਨੇ ਤੋਂ ਹਿਰਨ ਪਾਰਕ ਦੇ ਜਾਨਵਰਾਂ ਅਤੇ ਪੰਛੀਆਂ ਦੇ ਰਾਸ਼ਨ ਲਈ ਫੰਡ ਮੁੱਕੇ ਹੋਏ ਹਨ। ਪੰਜਾਬ ਸਰਕਾਰ ਨੇ ਫੰਡ ਨਾ ਭੇਜੇ ਤਾਂ ਜਾਨਵਰਾਂ ਦਾ ਰਾਸ਼ਨ ਵੀ ਬੰਦ ਹੋ ਸਕਦਾ ਹੈ। ਹਿਰਨ ਪਾਰਕ ਦੇ ਪ੍ਰਬੰਧਕ ਹੁਣ ਤੱਕ ਤਕਰੀਬਨ ਪੰਜ ਲੱਖ ਰੁਪਏ ਦਾ ਰਾਸ਼ਨ ਉਧਾਰ ਲੈ ਚੁੱਕੇ ਹਨ।
            ਪ੍ਰਾਪਤ ਜਾਣਕਾਰੀ ਅਨੁਸਾਰ ਬੀੜ ਤਲਾਬ ਦੇ ਹਿਰਨ ਪਾਰਕ ਨੂੰ ਸਤੰਬਰ 2012 ਤੋਂ ਬਾਅਦ ਫੰਡ ਨਹੀਂ ਮਿਲੇ ਹਨ। ਸਭ ਤੋਂ ਜ਼ਿਆਦਾ ਉਧਾਰ ਹਰਾ ਚਾਰਾ ਸਪਲਾਈ ਕਰਨ ਵਾਲੇ ਠੇਕੇਦਾਰ ਦਾ ਹੈ। ਹਿਰਨ ਪਾਰਕ ਵਿੱਚ ਰੋਜ਼ਾਨਾ ਸਾਢੇ 12 ਕੁਇੰਟਲ ਹਰਾ ਚਾਰਾ ਸਪਲਾਈ ਹੁੰਦਾ ਹੈ ਜੋ ਕਿ ਸਾਂਭਰ,ਹਿਰਨ ਅਤੇ ਚੀਤਲ ਦੀ ਖੁਰਾਕ ਹੈ। ਹਿਰਨ ਪਾਰਕ ਵਿੱਚ ਇਸ ਵੇਲੇ 45 ਕਾਲੇ ਹਿਰਨ,16 ਚੀਤਲ ਅਤੇ 10 ਸਾਂਬਰ ਹਨ। ਸੂਤਰਾਂ ਅਨੁਸਾਰ ਇੱਕ ਮਹੀਨੇ 'ਚ ਹਰੇ ਚਾਰੇ ਦਾ ਬਿੱਲ ਇੱਕ ਲੱਖ ਰੁਪਏ ਬਣ ਜਾਂਦਾ ਹੈ। ਹਰਾ ਚਾਰਾ ਸਪਲਾਈ ਕਰਨ ਵਾਲੇ ਠੇਕੇਦਾਰ ਦਾ ਤਕਰੀਬਨ 3 ਲੱਖ ਰੁਪਏ ਬਕਾਇਆ ਹੈ। ਇਸੇ ਤਰ੍ਹਾਂ ਫਲ ਅਤੇ ਸਬਜ਼ੀਆਂ ਤੋਂ ਇਲਾਵਾ ਡਰਾਈ ਰਾਸ਼ਨ ਸਪਲਾਈ ਕਰਨ ਵਾਲੇ ਦੁਕਾਨਦਾਰਾਂ ਦੇ ਤਕਰੀਬਨ ਡੇਢ ਤੋਂ ਦੋ ਲੱਖ ਰੁਪਏ ਦੇ ਬਕਾਏ ਖੜ੍ਹੇ ਹਨ। ਪੰਛੀਆਂ ਲਈ ਰੋਜ਼ਾਨਾ ਤਕਰੀਬਨ 750 ਰੁਪਏ ਦੇ ਫਲ ਅਤੇ ਸਬਜ਼ੀਆਂ ਵਗੈਰਾ ਆਉਂਦੀਆਂ ਹਨ। ਹਿਰਨ ਪਾਰਕ ਵਿੱਚ 9 ਬਾਂਦਰ ਹਨ ਜਿਨ੍ਹਾਂ ਨੂੰ ਸੇਬ,ਕੇਲੇ ਅਤੇ ਬਰੈਡ ਵਗੈਰਾ ਦਿੱਤੇ ਜਾਂਦੇ ਹਨ। ਤੋਤੇ ਲਈ ਮਿਰਚਾਂ, ਮੂੰਗਫਲੀ ਅਤੇ ਖੀਰਾ ਸਪਲਾਈ ਹੁੰਦਾ ਹੈ। ਇਸੇ ਤਰ੍ਹਾਂ ਪੰਛੀਆਂ ਵਾਸਤੇ ਡਰਾਈ ਰਾਸ਼ਨ ਆਉਂਦਾ ਹੈ ਜਿਸ ਵਿੱਚ ਬਾਜਰਾ,ਚੌਲਾਂ ਦੀ ਕਿਣਕੀ ਅਤੇ ਸਤਨਾਜਾ ਵਗੈਰਾ ਸ਼ਾਮਲ ਹੈ। ਹਿਰਨਾਂ ਨੂੰ ਤਾਂ ਖਲ ਵਗੈਰਾ ਵੀ ਪਾਈ ਜਾਂਦੀ ਹੈ।
            ਹਿਰਨ ਪਾਰਕ 'ਚ ਪ੍ਰ੍ਰਤੀ ਸਾਂਬਰ 25 ਕਿਲੋ ਅਤੇ ਪ੍ਰਤੀ ਹਿਰਨ 15 ਕਿਲੋ ਹਰਾ ਚਾਰਾ ਰੋਜ਼ਾਨਾ ਪਾਇਆ ਜਾਂਦਾ ਹੈ।  ਇੱਕ ਚੀਤਲ ਨੂੰ 250 ਗਰਾਮ ਫੀਡ ਅਤੇ ਸਾਂਬਰ ਨੂੰ 500 ਗਰਾਮ ਫੀਡ ਦਿੱਤੀ ਜਾਂਦੀ ਹੈ। ਹਿਰਨ ਪਾਰਕ ਦੇ ਇੰਚਾਰਜ ਅਤੇ ਰੇਂਜ ਅਫ਼ਸਰ ਪਵਨ ਸ੍ਰੀਧਰ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮਾਰਚ 2013 ਤੱਕ ਦੇ ਬਜਟ ਦੀ ਮੰਗ ਕੀਤੀ ਹੈ ਜਿਸ ਦੇ ਜਲਦੀ ਆਉਣ ਦੀ ਉਮੀਦ ਹੈ। ਉਨ੍ਹਾਂ ਆਖਿਆ ਕਿ ਸਤੰਬਰ ਮਹੀਨੇ ਤੋਂ ਹਾਲੇ ਬਕਾਏ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਹਿਰਨ ਪਾਰਕ 'ਚ ਕਾਫੀ ਸੈਲਾਨੀ ਆਉਂਦੇ ਹਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੇ ਹਿਰਨ ਸਫਾਰੀ ਤਿਆਰ ਕੀਤੀ ਹੈ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਡਰੀਮ ਪ੍ਰਾਜੈਕਟ ਹੈ। ਇਸ ਹਿਰਨ ਸਫਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਸਿਰਫ ਉਦਘਾਟਨ ਬਾਕੀ ਹੈ। ਕੁਝ ਸਮਾਂ ਪਹਿਲਾਂ ਬਠਿੰਡਾ ਨਹਿਰ ਵਿੱਚ ਪਾੜ ਪੈਣ ਕਰਕੇ ਹਿਰਨ ਸਫਾਰੀ ਦੀ ਚਾਰਦੀਵਾਰੀ ਡਿੱਗ ਪਈ ਸੀ ਜਿਸ ਕਰਕੇ ਕੰਮ ਪਛੜ ਗਿਆ ਸੀ। ਪੰਜਾਬ ਸਰਕਾਰ ਇਸ ਹਿਰਨ ਪਾਰਕ ਨੂੰ ਉਭਾਰਨਾ ਚਾਹੁੰਦੀ ਹੈ ਪਰ ਇਸ ਹਿਰਨ ਪਾਰਕ ਨੂੰ ਸਮੇਂ ਸਿਰ ਬਜਟ ਨਹੀਂ ਦੇ ਰਹੀ ਹੈ। ਸੂਤਰਾਂ ਮੁਤਾਬਕ ਕੁਝ ਸਾਲ ਪਹਿਲਾਂ ਵੀ ਸੇਇ ਤਰ੍ਹਾਂ ਰਾਸ਼ਨ ਮਨੀ ਦੀ ਮੁਸ਼ਕਲ ਬਣ ਗਈ ਸੀ ਪਰ ਉਸ ਮਗਰੋਂ ਅਜਿਹੀ ਦਿੱਕਤ ਨਹੀਂ ਆਈ ਸੀ।
                                                ਚੈੱਕ ਕਲੀਅਰ ਨਾ ਹੋਣ ਕਰਕੇ ਸਮੱਸਿਆ ਬਣੀ
ਜ਼ਿਲ੍ਹਾ ਜੰਗਲਾਤ ਅਫ਼ਸਰ,ਬਠਿੰਡਾ  ਕੇ.ਕੰਨਨ ਦਾ ਕਹਿਣਾ ਹੈ ਕਿ ਚੈੱਕ ਕਲੀਅਰ ਨਾ ਹੋਣ ਕਾਰਨ ਇਹ ਸਮੱਸਿਆ ਆਈ ਹੈ। ਉਨ੍ਹਾਂ ਦੱਸਿਆ ਕਿ ਹੁਣ ਚੈੱਕ ਕਲੀਅਰ ਹੋ ਗਿਆ ਹੈ ਅਤੇ ਅਗਲੇ ਹਫਤੇ ਅਦਾਇਗੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਸ਼ਨ ਤਾਂ ਮਿਲ ਰਿਹਾ ਹੈ ਪਰ ਫੰਡਾਂ ਦੀ ਦਿੱਕਤ ਸੀ। ਉਨ੍ਹਾਂ ਦੱਸਿਆ ਕਿ ਜੋ ਰਾਸ਼ਨ ਟੈਂਡਰ ਨਾਲ ਸਪਲਾਈ ਹੁੰਦਾ ਹੈ, ਉਸ ਦੀ ਅਦਾਇਗੀ ਤਾਂ ਕਿਸ਼ਤਾਂ ਵਿੱਚ ਹੀ ਕੀਤੀ ਜਾਂਦੀ ਹੈ।

No comments:

Post a Comment