Thursday, December 13, 2012

                                    ਸਰਕਾਰੀ ਦਰਬਾਰ
                ਬਾਪੂ ਚੇਅਰਮੈਨ ,ਪੁੱਤ ਸੇਵਾਦਾਰ
                                      ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿੱਚ ਕਈ ਅਜਿਹੀਆਂ ਮਾਰਕੀਟ ਕਮੇਟੀਆਂ ਹਨ ਜਿਨ੍ਹਾਂ ਵਿੱਚ ਪਿਤਾ ਚੇਅਰਮੈਨ ਹਨ ਜਦੋਂ ਕਿ ਉਨ੍ਹਾਂ ਦੇ ਪੁੱਤ ਸੇਵਾਦਾਰ ਹਨ। ਮਾਰਕੀਟ ਕਮੇਟੀਆਂ ਵਿੱਚ ਜੋ ਸੇਵਾਦਾਰਾਂ ਅਤੇ ਚੌਕੀਦਾਰਾਂ ਦੀ ਨਵੀਂ ਭਰਤੀ ਹੋਈ ਹੈ, ਉਸ ਵਿੱਚ ਚੇਅਰਮੈਨਾਂ ਦੇ ਪੁੱਤਾਂ ਤੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਜ਼ਰੂਰ ਮਿਲ ਗਈਆਂ ਹਨ। ਇੰਜ ਲੱਗਦਾ ਹੈ ਕਿ ਜਿਵੇਂ ਪੰਜਾਬ ਵਿੱਚ ਹੁਣ ਸੇਵਾਦਾਰ ਦੀ ਨੌਕਰੀ ਵੀ ਆਮ ਲੋਕਾਂ ਲਈ ਨਹੀਂ ਬਚੀ ਹੈ।  ਮਾਰਕੀਟ ਕਮੇਟੀਆਂ ਤੋਂ ਸੂਚਨਾ  ਅਧਿਕਾਰ ਕਾਨੂੰਨ ਤਹਿਤ ਜੋ ਸੂਚਨਾਵਾਂ ਮਿਲੀਆਂ ਹਨ, ਉਨ੍ਹਾਂ ਰਾਹੀਂ ਇਹ ਖੁਲਾਸਾ ਹੋਇਆ ਹੈ।ਰਾਮਾਂ ਵਿੱਚ ਨਵੇਂ ਤਿੰਨ ਸੇਵਾਦਾਰ ਭਰਤੀ ਕੀਤੇ ਗਏ ਹਨ। ਇਸ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਪਿੰਡ ਕੋਟਬਖਤੂ ਹਨ। ਉਨ੍ਹਾਂ ਦੇ ਲੜਕੇ ਭੁਪਿੰਦਰ ਸਿੰਘ ਨੂੰ ਸੇਵਾਦਾਰ ਦੀ ਨੌਕਰੀ ਦਿੱਤੀ ਗਈ ਹੈ। ਇਸ ਅਸਾਮੀ ਲਈ 416 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਇਨ੍ਹਾਂ ਵਿੱਚੋਂ ਸੇਵਾਦਾਰ ਦੀ ਨੌਕਰੀ ਲਈ ਭੁਪਿੰਦਰ ਸਿੰਘ 'ਯੋਗ' ਨਿਕਲਿਆ। ਇੰਜ ਹੀ ਇੱਕ ਹੋਰ ਸੇਵਾਦਾਰ ਮਨਪ੍ਰੀਤ ਸਿੰਘ ਵੀ ਚੇਅਰਮੈਨ ਦੇ ਪਿੰਡ ਕੋਟਬਖਤੂ ਦਾ ਹੀ ਹੈ। ਤਤਕਾਲੀ ਚੇਅਰਮੈਨ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਤਾਂ ਭਰਤੀ ਵੇਲੇ ਬਿਮਾਰ ਸਨ ਅਤੇ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਵਾਈਸ ਚੇਅਰਮੈਨ ਨੇ ਕਮੇਟੀ ਬਣਾ ਕੇ ਭਰਤੀ ਕੀਤੀ ਸੀ। ਉਸ ਦੇ ਲੜਕੇ ਦੀ ਸਭ ਤੋਂ ਜਿਆਦਾ ਯੋਗਤਾ ਬੀ.ਏ,ਐਲ.ਐਲ.ਬੀ.ਸੀ.  ਜਿਸ ਕਰਕੇ ਉਸ ਦੀ ਨਿਯੁਕਤੀ ਹੋਈ ਹੈ।
              ਮਾਰਕੀਟ ਕਮੇਟੀ, ਭੁੱਚੋ ਮੰਡੀ ਵਿੱਚ ਦੋ ਸੇਵਾਦਾਰ ਰੱਖੇ ਗਏ ਜਿਨ੍ਹਾਂ  ਲਈ 281 ਉਮੀਦਵਾਰਾਂ ਨੇ ਅਪਲਾਈ ਕੀਤਾ। ਨਿਯੁਕਤੀ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਗੋਬਿੰਦ ਸਿੰਘ ਦੇ ਲੜਕੇ ਕੁਲਵਿੰਦਰ ਸਿੰਘ ਦੀ ਹੋਈ ਹੈ। ਹਰਗੋਬਿੰਦ ਸਿੰਘ ਦਾ ਕਹਿਣਾ ਸੀ ਕਿ ਵਾਈਸ ਚੇਅਰਮੈਨ ਵਲੋਂ ਇਹ ਭਰਤੀ ਕੀਤੀ ਗਈ  ਅਤੇ ਉਸ ਦੀ ਕੋਈ ਦਾਖਲਅੰਦਾਜੀ ਨਹੀਂ। ਮਾਰਕੀਟ ਕਮੇਟੀ, ਸਰਦੂਲਗੜ੍ਹ ਦੀ  ਨਵੀਂ ਭਰਤੀ ਵਿੱਚ ਗੁਰਪ੍ਰੀਤ ਸਿੰਘ (ਪਿੰਡ ਚੈਨੇਵਾਲਾ) ਨੂੰ ਸੇਵਾਦਾਰ ਨਿਯੁਕਤ ਕੀਤਾ ਗਿਆ ਹੈ। ਇਸ ਸੇਵਾਦਾਰ ਦਾ ਪਿਤਾ ਸੁਖਦੇਵ ਸਿੰਘ ਵਾਸੀ ਚੈਨੇਵਾਲਾ ਮਾਰਕੀਟ ਕਮੇਟੀ ਦਾ ਚੇਅਰਮੈਨ ਹੈ। ਇਸ ਕਮੇਟੀ ਵਿੱਚ ਸੇਵਾਦਾਰ ਲੱਗਣ ਲਈ 583 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਚੇਅਰਮੈਨ ਸੁਖਦੇਵ ਸਿੰਘ ਦਾ ਕਹਿਣਾ ਸੀ ਕਿ  16 ਮਹੀਨੇ ਤੋ ਕਮੇਟੀ ਵਿੱਚ ਠੇਕੇ 'ਤੇ ਸੇਵਾਦਾਰ ਲੱਗਿਆ ਹੋਇਆ ਸੀ। ਹੁਣ ਚੋਣ ਕਮੇਟੀ ਨੇ ਉਸ ਦੀ ਚੋਣ ਕੀਤੀ ਹੈ ਅਤੇ ਉਹ ਚੋਣ ਕਮੇਟੀ ਵਿੱਚ ਸ਼ਾਮਲ ਨਹੀਂ ਸੀ।   ਸੇਵਾਦਾਰ ਦੀ ਅਸਾਮੀ ਲਈ ਯੋਗਤਾ ਅੱਠਵੀਂ ਪਾਸ ਹੁੰਦੀ ਹੈ। ਸੇਵਾਦਾਰ ਨੂੰ  ਨਿਯੁਕਤੀ ਹੋਣ ਮਗਰੋਂ ਔਸਤਨ 12,500 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਣੀ ਸ਼ੁਰੂ ਹੋ ਜਾਂਦੀ ਹੈ।  ਕਲਰਕ ਵਜੋਂ ਤਰੱਕੀ ਲਈ ਸੇਵਾਦਾਰ ਵਾਸਤੇ15 ਫੀਸਦੀ ਕੋਟਾ ਵੀ ਹੁੰਦਾ ਹੈ ਜਿਸ ਕਰਕੇ ਚੇਅਰਮੈਨਾਂ ਲਈ ਆਪਣੇ ਪੁੱਤਾਂ ਨੂੰ ਸੇਵਾਦਾਰ ਬਣਾਉਣਾ  ਘਾਟੇ ਦਾ ਸੌਦਾ ਨਹੀਂ ਹੈ। ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਸੁਰਜੀਤ ਸਿੰਘ ਪਿੰਡ ਬਾਜੇਵਾਲਾ ਦੇ ਭਰਾ ਤੋਗਾ ਸਿੰਘ ਦੇ ਪੋਤੇ ਯਾਦਵਿੰਦਰ ਸਿੰਘ ਦੀ ਸੇਵਾਦਾਰ ਵਜੋਂ ਨਵੀਂ ਨਿਯੁਕਤੀ ਹੋਈ ਹੈ। ਚੇਅਰਮੈਨ ਸੁਰਜੀਤ ਸਿੰਘ ਦਾ ਕਹਿਣਾ ਸੀ ਕਿ ਸੇਵਾਦਾਰ ਚੁਣਿਆ ਲੜਕਾ  ਉਨ੍ਹਾਂ ਦੇ ਪਿੰਡ 'ਚੋਂ ਹੈ ਹੋਰ ਕੋਈ ਗੱਲ ਨਹੀਂ। ਇਸ ਅਸਾਮੀ ਲਈ 236 ਉਮੀਦਵਾਰ ਮੈਦਾਨ ਵਿੱਚ ਸਨ। ਇਸ ਨਿਯੁਕਤੀ ਦੀ ਤਾਂ ਮੁੱਖ ਮੰਤਰੀ  ਦੇ ਦਰਬਾਰ ਵਿੱਚ ਵੀ ਚਰਚਾ ਹੋ ਚੁੱਕੀ ਹੈ।  
           ਦੱਸਣਯੋਗ ਹੈ ਕਿ ਮਾਰਕੀਟ ਕਮੇਟੀਆਂ ਨੇ  ਖਾਲੀ ਪਈਆਂ ਅਸਾਮੀਆਂ ਭਰਨ ਲਈ ਚੋਣ ਭਰਤੀ ਬੋਰਡ ਬਣਾ ਕੇ ਆਪਣੇ ਪੱਧਰ 'ਤੇ ਹੀ ਸੇਵਾਦਾਰਾਂ ਅਤੇ ਚੌਕੀਦਾਰਾਂ ਦੀ ਭਰਤੀ ਕੀਤੀ ਹੈ। ਮਾਰਕੀਟ ਕਮੇਟੀ, ਬਰੇਟਾ ਵਿੱਚ ਪੰਜਾਬ ਸਰਕਾਰ ਵਲੋਂ ਪੰਜਾਬ ਮੰਡੀ ਬੋਰਡ ਦੇ ਨਾਮਜ਼ਦ ਕੀਤੇ ਮੈਂਬਰ ਦਰਸ਼ਨ ਸਿੰਘ ਦੇ ਲੜਕੇ ਸੁਖਜਿੰਦਰ ਸਿੰਘ (ਪਿੰਡ ਗੋਰਖਨਾਥ) ਨੂੰ ਸੇਵਾਦਾਰ  ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੀ ਮਾਰਕੀਟ ਕਮੇਟੀ ਧਾਰੀਵਾਲ  ਵਿੱਚ ਅਮਰਜੀਤ ਸਿੰਘ ਨੂੰ ਸੇਵਾਦਾਰ ਰੱਖਿਆ ਗਿਆ ਹੈ ਜੋ ਕਿ ਕਮੇਟੀ ਦੇ ਚੇਅਰਮੈਨ ਦਾ ਲੜਕਾ ਹੈ।  ਪਠਾਨਕੋਟ ਜ਼ਿਲ੍ਹੇ ਦੀ ਮਾਰਕੀਟ ਕਮੇਟੀ ਨਰੋਟ ਜੈਮਲ ਸਿੰਘ ਦੇ ਚੇਅਰਮੈਨ ਬਹਾਦਰ ਸਿੰਘ ਦੇ ਭਤੀਜੇ ਭਾਨੂੰ ਰਾਣਾ ਨੂੰ ਸੇਵਾਦਾਰ ਦੀ ਨੌਕਰੀ ਮਿਲੀ ਹੈ ਜੋ ਕਿ ਪਿੰਡ ਮੁੱਠੀ ਦਾ ਰਹਿਣ ਵਾਲਾ ਹੈ। ਮਾਰਕੀਟ ਕਮੇਟੀ ਸਰਹਿੰਦ (ਜ਼ਿਲ੍ਹਾ ਫਤਹਿਗੜ੍ਹ ਸਾਹਿਬ)ਵਿੱਚ ਤਾਂ ਤਿੰਨ ਰਿਸ਼ਤੇਦਾਰਾਂ ਨੂੰ ਨੌਕਰੀਆਂ ਮਿਲੀਆਂ ਹਨ। ਇਸ ਕਮੇਟੀ ਦਾ ਚੇਅਰਮੈਨ ਜਤਿੰਦਰ ਸਿੰਘ ਹੈ ਜਿਸ ਦੇ ਰਿਸ਼ਤੇਦਾਰ ਕੁਲਦੀਪ ਸਿੰਘ ਵਾਸੀ ਰਜਿੰਦਰਗੜ੍ਹ ਨੂੰ ਸੇਵਾਦਾਰ ਰੱਖਿਆ ਗਿਆ ਹੈ। ਕਮੇਟੀ ਦੇ ਨਾਮਜ਼ਦ ਇੱਕ ਮੈਂਬਰ ਦਾ ਰਿਸ਼ਤੇਦਾਰ ਮਨਦੀਪ ਸਿੰਘ ਵੀ ਸੇਵਾਦਾਰ ਰੱਖਿਆ ਗਿਆ ਹੈ। ਇਸੇ ਤਰ੍ਹਾਂ ਮਾਰਕੀਟ ਕਮੇਟੀ ਦੇ ਸਕੱਤਰ ਦੇ ਰਿਸ਼ਤੇਦਾਰ ਗੁਰਬਿੰਦਰ ਸਿੰਘ ਨੂੰ ਵੀ ਨੌਕਰੀ ਦਿੱਤੀ ਗਈ ਹੈ।
           ਮਾਰਕੀਟ ਕਮੇਟੀ ਰਾਮਪੁਰਾ ਫੂਲ ਵਿੱਚ ਤਿੰਨ ਸੇਵਾਦਾਰ ਅਤੇ ਤਿੰਨ ਚੌਕੀਦਾਰ ਭਰਤੀ ਕੀਤੇ ਗਏ ਹਨ। ਇਸ ਕਮੇਟੀ ਵਿੱਚ ਚੌਕੀਦਾਰ ਦੀ ਅਸਾਮੀ 'ਤੇ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਦੇ ਪੀ ਏ ਰਹੇ ਜਗਦੀਪ ਸਿੰਘ  ਵਾਸੀ ਰਾਮਪੁਰਾ ਨੂੰ ਭਰਤੀ ਕੀਤਾ ਗਿਆ ਹੈ। ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦਾ ਤਰਕ ਹੈ ਕਿ  ਮੈਰਿਟ ਦੇ ਅਧਾਰ 'ਤੇ ਭਰਤੀ ਹੋਈ ਹੈ। ਜਦੋਂ ਕਿ ਸੂਤਰ ਆਖਦੇ ਹਨ ਕਿ ਜੇ ਮੈਰਿਟ ਹੀ ਆਧਾਰ ਹੁੰਦੀ ਤਾਂ ਮਾਰਕੀਟ ਕਮੇਟੀਆਂ ਵਿੱਚ ਦਸ ਦਸ ਸਾਲ ਤੋਂ ਕੰਮ ਕਰ ਰਹੇ ਕੱਚੇ ਅਤੇ ਠੇਕੇ 'ਤੇ ਕੰਮ ਕਰ ਰਹੇ ਸੇਵਾਦਾਰਾਂ ਨੇ ਪੱਕੇ ਹੋ ਜਾਣਾ ਸੀ। ਹੁਣ ਜੋ ਸੇਵਾਦਾਰ ਭਰਤੀ ਕੀਤੇ ਗਏ ਹਨ,ਉਨ੍ਹਾਂ ਦੀ ਪੱਕੀ ਨਿਯੁਕਤੀ ਕੀਤੀ ਗਈ ਹੈ।
                                                     ਚੇਅਰਮੈਨਾਂ ਦੇ ਗਰਾਈਂ ਸੇਵਾਦਾਰ ਬਣੇ 
 ਸੇਵਾਦਾਰ ਤੇ ਚੌਕੀਦਾਰ ਬਣਨ ਦਾ ਮਾਣ ਚੇਅਰਮੈਨਾਂ ਦੇ ਗਰਾਈਂ ਉਮੀਦਵਾਰਾਂ ਨੂੰ ਵੀ ਮਿਲਿਆ। ਮਾਰਕੀਟ ਕਮੇਟੀ, ਮੁੱਦਕੀ ਦੇ ਚੇਅਰਮੈਨ ਮੁਖਤਿਆਰ ਸਿੰਘ ਦੇ ਪਿੰਡ ਮੁੱਦਕੀ ਦਾ ਗੁਰਮੁੱਖ ਸਿੰਘ,ਮਾਰਕੀਟ ਕਮੇਟੀ, ਜ਼ੀਰਾ ਦੇ ਚੇਅਰਮੈਨ ਬਹਾਦਰ ਸਿੰਘ ਦੇ ਪਿੰਡ ਹਰਦਾਸਾ ਸਿੰਘ ਦਾ ਬਲਦੇਵ ਸਿੰਘ ਅਤੇ ਜਲਾਲਾਬਾਦ ਕਮੇਟੀ ਦੇ ਚੇਅਰਮੈਨ ਦਵਿੰਦਰ ਸਿੰਘ ਦੇ ਪਿੰਡ ਚੱਕ ਜਾਨੀਸਰ ਦੇ ਜੀਵਨਦੀਪ ਸਿੰਘ ਤੇ ਅਮਰਦੀਪ ਸਿੰਘ ਇਨ੍ਹਾਂ ਅਸਾਮੀਆਂ ਲਈ ਨਿਯੁਕਤ ਕੀਤੇ ਗਏ ਹਨ। ਬੱਸੀ ਪਠਾਣਾਂ ਕਮੇਟੀ ਦੇ ਚੇਅਰਮੈਨ ਲਖਵੀਰ ਸਿੰਘ ਦੇ ਪਿੰਡ ਬਾਬਲਾ ਦਾ ਗੁਰਿੰਦਰ ਸਿੰਘ,ਭੁਲੱਥ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਜੋਸ਼ ਦੇ ਪਿੰਡ ਨੌਰੰਗਪੁਰ ਦਾ ਸਤਪਾਲ ਰਾਮ,ਹਰੀਕੇ ਕਮੇਟੀ ਦੇ ਚੇਅਰਮੈਨ ਮੇਲਾ ਸਿੰਘ ਦੇ ਪਿੰਡ ਹਰੀਕੇ ਦਾ ਜਸਬੀਰ ਸਿੰਘ,ਮਲੌਦ ਕਮੇਟੀ ਦੇ ਚੇਅਰਮੈਨ ਅਮਰੀਕ ਸਿੰਘ ਦੇ ਪਿੰਡ ਰੋੜੀਆਂ ਦਾ ਪਰਵਿੰਦਰ ਸਿੰਘ,ਮੋਰਿੰਡਾ ਕਮੇਟੀ ਦੇ ਚੇਅਰਮੈਨ ਰਜਿੰਦਰ ਸਿੰਘ ਦੇ ਪਿੰਡ ਮੁੰਡੀਆਂ ਦਾ ਕਰਮਜੀਤ ਸਿੰਘ, ਸ੍ਰੀਹਰਗੋਬਿੰਦ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਿੰਦਰ ਸਿੰਘ ਦੇ ਪਿੰਡ ਬਾਘੇ ਦਾ ਗੁਰਪ੍ਰੀਤ ਸਿੰਘ ਅਤੇ ਪਠਾਨਕੋਟ ਕਮੇਟੀ ਦੇ ਚੇਅਰਮੈਨ ਗਵਨ ਘਈ ਦੇ ਸ਼ਾਹਪੁਰ ਕੰਡੀ ਦਾ ਨਿਕਸਨ ਤੇ ਗਗਨਦੀਪ ਵੀ ਇਨ੍ਹਾਂ ਅਸਾਮੀਆਂ 'ਤੇ ਨਿਯੁਕਤ ਹੋਣ ਵਿੱਚ ਬਾਜ਼ੀ ਮਾਰ ਗਏ ਹਨ।
                                                       ਭਰਤੀ ਪ੍ਰਕਿਰਿਆ ਵਿੱਚ ਮਨਮਰਜ਼ੀ 
 ਮਾਰਕੀਟ ਕਮੇਟੀਆਂ ਦੀ ਭਰਤੀ ਪ੍ਰਕਿਰਿਆ ਵਿੱਚ ਇਕਸਾਰਤਾ ਨਹੀਂ ਹੈ। ਹਰ ਕਮੇਟੀ ਨੇ ਆਪਣੀ ਮਰਜ਼ੀ ਅਨੁਸਾਰ ਨਿਯਮ ਘੜ ਲਏ । ਮਿਸਾਲ ਦੇ ਤੌਰ 'ਤੇ ਰਾਮਪੁਰਾ ਫੂਲ,ਭੁੱਚੋ ਅਤੇ ਬਠਿੰਡਾ ਦੀ ਕਮੇਟੀ ਨੇ 10 ਨੰਬਰ ਦੀ ਸਿਰਫ਼ ਇੰਟਰਵਿਊ ਦੇ ਆਧਾਰ 'ਤੇ ਚੋਣ ਕੀਤੀ ਜਦੋਂ ਕਿ ਰਾਮਾਂ ਕਮੇਟੀ ਨੇ 20 ਨੰਬਰ ਦੀ ਇੰਟਰਵਿਊ ਰੱਖੀ। ਜਲਾਲਾਬਾਦ ਤੇ ਫਾਜ਼ਿਲਕਾ ਕਮੇਟੀ ਨੇ ਇੰਟਰਵਿਊ ਦਾ ਕੋਈ ਨੰਬਰ ਨਹੀਂ ਰੱਖਿਆ। ਸਰਹਿੰਦ ਕਮੇਟੀ ਨੇ ਇੰਟਰਵਿਊ ਦੇ 25 ਨੰਬਰ ਰੱਖੇ ਸਨ। ਫਗਵਾੜਾ ਕਮੇਟੀ ਨੇ ਇੰਟਰਵਿਊ ਦੇ 50 ਨੰਬਰ ਰੱਖੇ ਸਨ ਜਦੋਂ ਕਿ ਸਾਹਨੇਵਾਲ ਕਮੇਟੀ ਨੇ 90 ਨੰਬਰ ਵਿਦਿਅਕ ਯੋਗਤਾ ਦੇ ਰੱਖੇ ਸਨ। ਮਲੌਦ ਕਮੇਟੀ ਨੇ ਤਜਰਬੇ ਦੇ ਵੀ 10 ਨੰਬਰ ਰੱਖੇ ਸਨ।
                                                    ਮੈਨੂੰ ਕੋਈ ਜਾਣਕਾਰੀ ਨਹੀਂ: ਲੱਖੋਵਾਲ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਕਮੇਟੀਆਂ ਦੇ ਚੇਅਰਮੈਨਾਂ ਨੇ ਆਪਣੇ ਲੜਕੇ ਸੇਵਾਦਾਰ ਜਾਂ ਚੌਕੀਦਾਰ ਰੱਖੇ ਹਨ। ਉਨ੍ਹਾਂ ਆਖਿਆ ਕਿ ਕਮੇਟੀਆਂ ਕੋਲ ਆਪਣੇ ਤੌਰ 'ਤੇ ਇਹ ਅਸਾਮੀਆਂ ਭਰਨ ਦੀ ਤਾਕਤ ਹੁੰਦੀ ਹੈ ਅਤੇ ਖ਼ਾਲੀ ਥਾਂਵਾਂ 'ਤੇ ਹੀ ਇਹ ਅਸਾਮੀਆਂ ਭਰੀਆਂ ਗਈਆਂ ਹਨ। ਉਨ੍ਹਾਂ ਆਖਿਆ ਕਿ ਭਰਤੀ ਦਾ ਮਾਮਲਾ ਕਮੇਟੀਆਂ ਦੀ ਹਦੂਦ ਵਿੱਚ ਆਉਂਦਾ ਹੈ ਜਿਸ ਕਰਕੇ ਕੋਈ ਪ੍ਰਵਾਨਗੀ ਦੀ ਲੋੜ ਨਹੀਂ ਹੁੰਦੀ । ਪੰਜਾਬ ਮੰਡੀ ਬੋਰਡ ਦੇ ਸਕੱਤਰ ਮਹਿੰਦਰ ਸਿੰਘ ਕੈਂਥ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਇਹ ਭਰਤੀ ਹੁੰਦੀ ਹੈ ਅਤੇ ਕਮੇਟੀਆਂ ਆਜ਼ਾਦਾਨਾ ਤੌਰ 'ਤੇ ਭਰਤੀ ਦੀ ਪ੍ਰਕਿਰਿਆ ਅਤੇ ਅਧਾਰ ਦਾ ਫੈਸਲਾ ਕਰਦੀਆਂ ਹਨ। ਕਮੇਟੀ ਮਤਾ ਪਾਸ ਕਰਕੇ ਬੋਰਡ ਨੂੰ ਭੇਜਦੀ ਹੈ ਅਤੇ ਜੋ ਨਿਯੁਕਤੀ ਨਿਯਮਾਂ ਅਨੁਸਾਰ ਨਹੀਂ ਹੁੰਦੀ,ਉਸ ਨੂੰ ਰੱਦ ਕਰ ਦਿੱਤਾ ਜਾਂਦਾ ਹੈ।

No comments:

Post a Comment