Saturday, December 1, 2012

                                   ਅਫ਼ਸਰੀ ਨੂੰ ਸਲਾਮ
        ਅਕਸ਼ੈ  ਦੇ 12 ਮਿੰਟਾਂ ਦਾ ਮੁੱਲ ਸਵਾ ਕਰੋੜ
                                     ਚਰਨਜੀਤ ਭੁੱਲਰ
ਬਠਿੰਡਾ  : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦਾ ਉਦਘਾਟਨੀ ਸਮਾਰੋਹਾਂ ਵਿੱਚ ਪ੍ਰੋਗਰਾਮ 12 ਮਿੰਟ ਦਾ ਹੋਵੇਗਾ ਜਿਸ ਦਾ ਸਵਾ ਕਰੋੜ ਰੁਪਏ ਦਿੱਤਾ ਜਾਵੇਗਾ। ਅਕਸ਼ੈ ਕੁਮਾਰ ਨੂੰ ਭਿਸੀਆਣਾ ਹਵਾਈ ਅੱਡੇ ਤੋਂ ਲਿਆਉਣ ਲਈ ਨੋਡਲ ਅਧਿਕਾਰੀ ਲਾਇਆ ਗਿਆ ਹੈ। 5 ਵਜੇ ਤੱਕ ਅਕਸ਼ੈ ਕੁਮਾਰ ਭਿਸੀਆਣਾ ਪੁੱਜੇਗਾ ਅਤੇ 9 ਵਜੇ ਮਗਰੋਂ ਉਹ ਵਾਪਸ ਰਵਾਨਾ ਹੋਵੇਗਾ। ਅਕਸ਼ੈ ਕੁਮਾਰ ਕਰੀਬ ਸਵਾ ਕੁ ਸੱਤ ਵਜੇ ਸਟੇਡੀਅਮ ਪੁੱਜੇਗਾ। ਤੀਸਰੇ ਵਿਸ਼ਵ ਕਬੱਡੀ ਕੱਪ ਦੇ ਅਗਾਜ਼ ਲਈ ਬਠਿੰਡਾ ਦਾ ਬਹੁਮੰਤਵੀ ਖੇਡ ਸਟੇਡੀਅਮ ਸਜ ਕੇ ਤਿਆਰ-ਬਰ- ਤਿਆਰ ਹੋ ਗਿਆ ਹੈ ਪਰ ਸਾਬਕਾ ਪ੍ਰਧਾਨ ਮੰਤਰੀ ਆਈ ਕੇ ਗੁਜਰਾਲ ਦੀ ਮੌਤ ਕਾਰਨ ਆਤਿਸ਼ਬਾਜ਼ੀ ਕਰਨ ਦਾ ਫੈਸਲਾ ਬਦਲ ਦਿੱਤਾ ਗਿਆ ਹੈ। ਸ੍ਰੀ ਗੁਜਰਾਲ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਵੀ ਭੇਟ ਕੀਤੀ ਜਾਵੇਗੀ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੇ ਤੀਜੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਦੀ ਚਮਕ ਦਮਕ ਲਈ ਅਫ਼ਸਰਾਂ ਨੂੰ ਪੱਬਾਂ ਭਾਰ ਕਰ ਦਿੱਤਾ ਹੈ। ਬਠਿੰਡਾ ਦੇ ਅਫ਼ਸਰ ਬਿਨਾਂ ਪੈਸੇ ਤੋਂ ਹੀ ਸਮਾਰੋਹਾਂ ਨੂੰ ਅੰਤਿਮ ਛੋਹਾਂ ਦੇ ਰਹੇ ਹਨ। ਜ਼ਿਲ੍ਹਾ ਟਰਾਂਸਪੋਰਟਰ ਅਫ਼ਸਰ ਬਠਿੰਡਾ ਨੇ ਅੱਜ ਬਿਨਾਂ ਕੁਝ ਦਿੱਤੇ ਲਏ 75 ਮਿੰਨੀ ਬੱਸਾਂ ਅਤੇ 50 ਵੱਡੀਆਂ ਬੱਸਾਂ ਲੈ ਲਈਆਂ ਹਨ। ਇਨ੍ਹਾਂ ਬੱਸਾਂ ਵਿੱਚ ਆਮ ਲੋਕਾਂ ਨੂੰ ਸਮਾਰੋਹਾਂ 'ਤੇ ਲਿਆਂਦਾ ਜਾਏਗਾ। ਡੀ.ਟੀ.ਓ. ਨੇ ਇਨ੍ਹਾਂ ਬੱਸ ਮਾਲਕਾਂ ਨਾਲ ਪੌਣੇ ਚਾਰ ਲੱਖ ਦਾ ਉਧਾਰ ਕੀਤਾ ਹੈ। ਬਠਿੰਡਾ ਅਤੇ ਮਾਨਸਾ ਦੇ ਅਸੈਂਬਲੀ ਹਲਕਿਆਂ ਵਿੱਚ 25 ਬੱਸਾਂ ਭੇਜੀਆਂ ਗਈਆਂ ਹਨ। ਇਨ੍ਹਾਂ ਬੱਸਾਂ ਵਿੱਚ ਡੀਜ਼ਲ ਹਲਕਾ ਇੰਚਾਰਜਾਂ ਵੱਲੋਂ ਪਵਾਇਆ ਜਾਵੇਗਾ ਜਦੋਂ ਕਿ ਦਿਹਾੜੀ ਦੇ 2500 ਰੁਪਏ ਮਿੰਨੀ ਬੱਸ ਅਤੇ 3750 ਰੁਪਏ ਪ੍ਰਤੀ ਵੱਡੀ ਬੱਸ ਦੇ ਕਬੱਡੀ ਕੱਪ ਦੇ ਖਰਚੇ 'ਚੋਂ ਦਿੱਤੇ ਜਾਣਗੇ।
             ਮਿੰਨੀ ਬੱਸ ਅਪਰੇਟਰ ਯੂਨੀਅਨ ਦੇ ਪ੍ਰਧਾਨ ਬਲਤੇਜ ਸਿੰਘ ਦਾ ਕਹਿਣਾ ਹੈ ਕਿ ਟਰਾਂਸਪੋਰਟ ਦਫ਼ਤਰ ਵੱਲੋਂ ਕਿਸੇ ਵੀ ਬੱਸ ਮਾਲਕ ਨੂੰ ਕੋਈ ਰਾਸ਼ੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਨੇ ਬੱਸ ਮਾਲਕਾਂ ਨੂੰ ਪੰਜ ਸਾਲ ਪਹਿਲਾਂ ਦੇ ਪੈਸੇ ਹਾਲੇ ਤੱਕ ਨਹੀਂ ਦਿੱਤੇ ਹਨ। ਜਾਣਕਾਰੀ ਅਨੁਸਾਰ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਵੱਲੋਂ ਬੱਸਾਂ ਨਹੀਂ ਲਈਆਂ ਜਾ ਰਹੀਆਂ। ਮੰਡੀ ਬੋਰਡ ਪੰਜਾਬ ਦੀ ਡਿਊਟੀ ਵੱਡਾ ਜੈਨਰੇਟਰ ਲਿਆਉਣ ਦੀ ਲਾਈ ਹੈ ਅਤੇ ਇਸ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ ਹੈ। ਮੰਡੀ ਬੋਰਡ ਵੱਲੋਂ ਤਕਰੀਬਨ ਸੱਤ ਲੱਖ ਦੇ ਕਿਰਾਏ 'ਤੇ ਦਿੱਲੀ ਤੋਂ ਅੱਜ ਵੱਡਾ ਜੈਨਰੇਟਰ ਲਿਆਂਦਾ ਗਿਆ ਹੈ ਜਿਸ ਨਾਲ ਫਲੱਡ ਲਾਈਟਾਂ ਚੱਲਣਗੀਆਂ। ਇਹ ਜੈਨਰੇਟਰ ਚਾਰ ਸ਼ਹਿਰਾਂ ਵਿੱਚ ਲਿਜਾਇਆ ਜਾਵੇਗਾ। ਮੰਡੀ ਬੋਰਡ ਨੇ ਆਪਣੇ ਫੰਡਾਂ 'ਚੋਂ ਹੀ ਜੈਨਰੇਟਰ ਦਾ ਕਿਰਾਇਆ ਤਾਰਿਆ ਹੈ। ਲੋਕ ਨਿਰਮਾਣ ਵਿਭਾਗ ਵੱਲੋਂ ਮੁੱਖ ਸਟੇਡੀਅਮ ਵਿੱਚ ਬੈਰੀਕੇਡਿੰਗ ਕੀਤੀ ਗਈ ਹੈ ਜਿਸ ਨੂੰ ਕੋਈ ਰਾਸ਼ੀ ਨਹੀਂ ਦਿੱਤੀ ਗਈ ਹੈ। ਸਾਰਾ ਕੰਮ ਉਧਾਰ ਵਿੱਚ ਹੀ ਕਰਾਇਆ ਜਾ ਰਿਹਾ ਹੈ। ਸਟੇਡੀਅਮ ਨੂੰ ਚਿੱਟਾ ਰੰਗ ਵੀ ਉਧਾਰ ਵਿੱਚ ਕਰਾਇਆ ਗਿਆ ਹੈ ਜਿਸ ਦੀ ਰਾਸ਼ੀ ਤਕਰੀਬਨ ਇੱਕ ਲੱਖ ਰੁਪਏ ਬਣਦੀ ਹੈ। ਇਸੇ ਤਰ੍ਹਾਂ ਬੈਰੀਕੇਡਿੰਗ ਵਿੱਚ ਜੋ ਡੱਬੀ ਵਾਲੀ ਜਾਲੀ ਅਤੇ ਮੁਰਗਾ ਜਾਲੀ ਲਵਾਈ ਗਈ ਹੈ, ਉਸ ਦਾ ਖਰਚਾ ਵੀ 2 ਲੱਖ ਦੇ ਕਰੀਬ ਬਣ ਗਿਆ ਹੈ। ਬਿਨਾਂ ਫੰਡਾਂ ਤੋਂ ਇਹ ਕੰਮ ਕਰਾਉਣੇ ਵਿਭਾਗੀ ਅਫਸਰਾਂ ਲਈ ਕਾਫ਼ੀ ਔਖੇ ਸਨ। ਜਨ ਸਿਹਤ ਵਿਭਾਗ ਦੀ ਵੀ ਡਿਊਟੀ ਲਾਈ ਗਈ ਹੈ ਪਰ ਕੋਈ ਪੈਸਾ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਖੁਰਾਕ ਤੇ ਸਪਲਾਈਜ਼ ਵਿਭਾਗ, ਕਰ ਅਤੇ ਆਬਕਾਰੀ ਵਿਭਾਗ ਤੋਂ ਇਲਾਵਾ ਮਾਲ ਮਹਿਕਮੇ ਦੇ ਅਫ਼ਸਰਾਂ ਦੀ ਡਿਊਟੀ ਪ੍ਰਾਹੁਣਚਾਰੀ 'ਤੇ ਲਾਈ ਗਈ ਹੈ। ਪ੍ਰਾਹੁਣਚਾਰੀ ਲਈ ਕੇਟਰਿੰਗ ਦਾ ਪ੍ਰਬੰਧ ਚੰਡੀਗੜ੍ਹ ਤੋਂ ਕੀਤਾ ਗਿਆ ਹੈ।
           ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਕਮ ਧਿਰ ਦੇ ਮਹਿਮਾਨਾਂ ਨੂੰ ਵੀ.ਆਈ.ਪੀ. ਗੈਲਰੀ ਵਿੱਚ ਬਿਠਾਇਆ ਜਾ ਰਿਹਾ ਹੈ। ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦੇ ਤਕਰੀਬਨ 100 ਆਦਮੀ ਦੋ ਬੱਸਾਂ ਰਾਹੀਂ ਸਟੇਡੀਅਮ ਪੁੱਜਣਗੇ ਜਿਨ੍ਹਾਂ ਨੂੰ ਵੀ.ਆਈ.ਪੀ. ਗੈਲਰੀ ਵਿੱਚ ਵੱਖਰੇ ਹੀ ਬਿਠਾਇਆ ਜਾਵੇਗਾ।ਜਲਾਲਾਬਾਦ, ਕਾਲਝਰਾਨੀ ਅਤੇ ਪਿੰਡ ਬਾਦਲ ਤੋਂ ਆਉਣ ਵਾਲੇ ਲੋਕ ਵੀ ਇਸੇ ਗੈਲਰੀ ਵਿੱਚ ਬੈਠਣਗੇ। ਵੀ.ਆਈ.ਪੀਜ਼. ਨਾਲ ਆਉਣ ਵਾਲੇ ਡਰਾਈਵਰਾਂ ਅਤੇ ਗੰਨਮੈਨਾਂ ਦੀ ਐਂਟਰੀ ਮੁੱਖ ਸਟੇਡੀਅਮ ਵਿੱਚ ਬੈਨ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਨੇੜਲੇ ਛਾਬੜਾ ਪੈਲੇਸ ਵਿੱਚ ਦਾਲ ਰੋਟੀ ਦਿੱਤੀ ਜਾਵੇਗੀ। ਵੀ.ਆਈ.ਪੀ. ਗੈਲਰੀ ਵਿੱਚ ਕੌਫੀ ਅਤੇ ਜੂਸ ਤੋਂ ਇਲਾਵਾ ਸਨੈਕਸ ਵਰਤਾਏ ਜਾਣੇ ਹਨ। ਐਸ.ਐਸ.ਪੀ. ਰਵਚਰਨ ਸਿੰਘ ਬਰਾੜ ਵੱਲੋਂ ਜਾਰੀ ਰੂਟ ਪਲਾਨ ਅਨੁਸਾਰ ਗਿੱਦੜਬਾਹਾ,ਗੋਨਿਆਣਾ ਸਾਈਡ ਤੋਂ ਆਉਣ ਵਾਲੇ ਆਮ ਲੋਕਾਂ ਨੂੰ ਰੋਜ਼ ਗਾਰਡਨ ਚੌਕ, ਗੋਨਿਆਣਾ ਰੋਡ ਤੋਂ ਦਫ਼ਤਰ ਨਗਰ ਸੁਧਾਰ ਟਰੱਸਟ ਤੱਕ ਉਤਾਰਿਆ ਜਾਵੇਗਾ ਜਿਥੋਂ ਸਟੇਡੀਅਮ ਤੱਕ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਲਾਈਆਂ ਬੱਸਾਂ 'ਚ ਲਿਆਂਦਾ ਜਾਵੇਗਾ। ਉਨ੍ਹਾਂ ਲਈ ਪਾਰਕਿੰਗ ਰੋਜ਼ ਗਾਰਡਨ ਅਤੇ ਐਸ.ਸੀ.ਐਫ. ਮਾਰਕੀਟ ਗੋਨਿਆਣਾ ਰੋਡ 'ਤੇ ਬਣਾਈ ਗਈ ਹੈ। ਬਰਨਾਲਾ ਸਾਈਡ ਤੋਂ ਆਉਣ ਵਾਲੇ ਆਮ ਲੋਕ ਬੀਬੀ ਵਾਲਾ ਚੌਕ ਅਤੇ ਨਾਰਥ ਅਸਟੇਟ ਉਤਰਨਗੇ ਅਤੇ ਇਥੇ ਹੀ ਕਾਰਾਂ ਜੀਪਾਂ ਦੀ ਪਾਰਕਿੰਗ ਡੀ.ਏ.ਵੀ. ਕਾਲਜ ਦੇ ਗਰਾਊਂਡ ਵਿੱਚ ਬਣਾਈ ਗਈ ਹੈ। ਮਾਨਸਾ-ਡੱਬਵਾਲੀ ਸਾਈਡ ਤੋਂ ਆਉਣ ਵਾਲੇ ਆਮ ਲੋਕਾਂ ਨੂੰ ਪੁਲੀਸ ਲਾਈਨ, ਬਾਲਮੀਕ ਚੌਕ, ਸੇਂਟ ਜੋਜ਼ਫ ਸਕੂਲ,ਭਾਗੂ ਰੋਡ,ਘੋੜੇ ਵਾਲਾ ਚੌਕ, ਜੁਝਾਰ ਸਿੰਘ ਨਗਰ ਵਾਲੀ ਸੜਕ 'ਤੇ ਉਤਾਰਿਆ ਜਾਵੇਗਾ। ਇਨ੍ਹਾਂ ਲਈ ਪਾਰਕਿੰਗ ਜੁਝਾਰ ਸਿੰਘ ਨਗਰ ਵਾਲੀ ਸੜਕ ਅਤੇ ਮਾਡਲ ਟਾਊਨ ਫੇਜ਼ ਤਿੰਨ ਵਿੱਚ ਬਣਾਈ ਗਈ    ਹੈ। ਵੀ.ਵੀ.ਆਈ.ਪੀ. ਲਈ ਪਾਰਕਿੰਗ  ਸਟੇਡੀਅਮ ਦੇ ਗੇਟ ਨੰਬਰ ਇੱਕ ਦੇ ਨੇੜੇ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਤੇ ਟਰੱਕ ਯੂਨੀਅਨ ਵਿੱਚ ਬਣਾਈ ਗਈ ਹੈ। ਵੀ.ਆਈ. ਪੀਜ਼. ਲਈ ਪਾਰਕਿੰਗ ਮਹਾਂਵੀਰ ਹਸਪਤਾਲ ਵਿੱਚ ਬਣਾਈ ਗਈ ਹੈ।                    

No comments:

Post a Comment