Saturday, December 15, 2012

                                    ਸੰਘਰਸ਼ੀ ਮੈਦਾਨ
              ...ਧੀਆਂ ਕਿਉਂ ਜੰਮੀਆਂ ਨੀਂ ਮਾਏ !
                                    ਚਰਨਜੀਤ ਭੁੱਲਰ
ਬਠਿੰਡਾ :  ਮਾਂ ਨਰਿੰਦਰ ਕੌਰ ਨੇ ਇਹ ਨਹੀਂ ਸੋਚਿਆ ਸੀ ਕਿ ਉਸ ਦੀ ਧੀ ਨੂੰ ਰੁਜ਼ਗਾਰ ਖਾਤਰ ਮਰਨ ਵਰਤ ਰੱਖਣੇ ਪੈਣਗੇ। ਇਸ ਮਾਂ ਨੂੰ ਤਾਂ ਇਹ ਵੀ ਚਿੱਤ ਚੇਤਾ ਨਹੀਂ ਸੀ ਕਿ ਉਸ ਦੀ ਧੀ ਨੂੰ ਜੇਲ੍ਹਾਂ ਤੇ ਥਾਣੇ ਵੀ ਵੇਖਣੇ ਪੈਣਗੇ। ਇਸ ਮਾਂ ਕੋਲ ਹੁਣ ਆਪਣੀ ਧੀ ਨੂੰ ਹੱਲਾਸ਼ੇਰੀ ਦੇਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ।  ਤਾਹੀਓਂ ਜਸਬੀਰ ਕੌਰ ਬਠਿੰਡਾ ਵਿੱਚ ਪੂਰੇ 17 ਦਿਨਾਂ ਤੋਂ ਮਰਨ ਵਰਤ 'ਤੇ ਬੈਠੀ ਹੈ ਤੇ ਸ਼ਾਮੀਂ ਅੱਜ ਉਸ ਦੀ ਹਾਲਤ ਖਰਾਬ ਹੋਣ 'ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਜੂਨ 2012 ਵਿੱਚ ਸਰਕਾਰ ਨੇ ਉਸ ਨੂੰ ਸਪੈਸ਼ਲ ਟਰੇਨਰ ਅਧਿਆਪਕ ਵਜੋਂ ਰੱਖ ਲਿਆ ਸੀ। ਬਿਨਾਂ ਤਨਖਾਹ ਦਿੱਤੇ ਉਸ ਨੂੰ ਅਕਤੂਬਰ 2012 ਵਿੱਚ ਫਿਰ ਨੌਕਰੀ ਤੋਂ ਫ਼ਾਰਗ ਕਰ ਦਿੱਤਾ।
             ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੰਨਵਾਂ ਦੀ ਜਸਬੀਰ ਕੌਰ ਨੂੰ ਤਾਂ ਰੁਜ਼ਗਾਰ ਲਈ ਸ਼ੁਰੂ ਕੀਤੀ ਸੰਘਰਸ਼ੀ ਲੜਾਈ ਵਿੱਚ ਆਪਣੀ ਅਗਲੀ ਪੜ੍ਹਾਈ ਵੀ ਅੱਧ ਵਿਚਾਲੇ ਛੱਡਣੀ ਪਈ ਹੈ। ਰਾਏਕੋਟ ਦੀ ਹਰਪਿੰਦਰ ਕੌਰ ਯੋਗਤਾ ਪੱਖੋਂ ਐਮ.ਏ, ਬੀ.ਐਡ ਹੈ। ਜਦੋਂ ਐਤਕੀਂ ਪੂਰਾ ਦੇਸ਼ ਦੀਵਾਲ਼ੀ ਦੇ ਜਸ਼ਨ ਮਨਾ ਰਿਹਾ ਸੀ ਤਾਂ ਉਹ ਮਰਨ ਵਰਤ 'ਤੇ ਬੈਠੀ ਹੋਈ ਸੀ। ਹੁਣ ਫਿਰ ਉਹ ਮਰਨ ਵਰਤ 'ਤੇ ਬੈਠਣ ਲਈ ਤਿਆਰ ਹੈ। ਉਸ ਦੀ ਬਜ਼ੁਰਗ ਮਾਂ ਪਰਮਜੀਤ ਕੌਰ ਨੂੰ ਇਹੋ ਝੋਰਾ ਹੈ ਕਿ ਉਸ ਨੇ ਧੀ ਮਰਨ ਵਰਤ 'ਤੇ ਬੈਠਣ ਲਈ ਨਹੀਂ ਪੜ੍ਹਾਈ ਸੀ। ਤਿੰਨ ਭਰਾਵਾਂ ਦੀ ਇਕਲੌਤੀ ਭੈਣ ਹਰਪਿੰਦਰ ਕੌਰ ਵਰ੍ਹਿਆਂ ਤੋਂ ਰੁਜ਼ਗਾਰ ਲਈ ਲੜ ਰਹੀ ਹੈ। ਇਨ੍ਹਾਂ ਲੜਕੀਆਂ ਦੇ ਨਾਲ ਉਨ੍ਹਾਂ ਦੀਆਂ ਮਾਵਾਂ ਵੀ ਸੰਘਰਸ਼ ਕਰ ਰਹੀਆਂ ਹਨ। ਗੁਰਦਾਸਪੁਰ ਦੇ ਪਿੰਡ ਹੰਝੂਪੁਰਾ ਤੋਂ ਬਿਰਧ ਮਾਂ ਸਕੁੰਤਲਾ ਦੇਵੀ ਤਾਂ ਆਪਣੀ ਧੀ ਮੋਨਿਕਾ ਕੁਮਾਰੀ ਨਾਲ ਬਠਿੰਡਾ ਵਿੱਚ ਖੁਦ ਸੜਕ 'ਤੇ ਬੈਠੀ ਹੈ।
            ਮਾਂ ਸਕੁੰਤਲਾ ਦੇਵੀ ਦਾ ਕਹਿਣਾ ਸੀ ਕਿ ਸਰਕਾਰ ਨੂੰ ਸਾਡੇ ਬੁਢਾਪੇ ਵੱਲ ਵੇਖਣਾ ਚਾਹੀਦਾ ਹੈ। ਉਹ ਆਖਦੀ ਹੈ ਕਿ ਜਦੋਂ ਧੀ ਸੜਕਾਂ 'ਤੇ ਹੈ,ਅਸੀਂ ਘਰ ਕਿਵੇਂ ਬੈਠ ਸਕਦੇ ਹਾਂ। ਦੋ ਹੋਰ ਮਾਵਾਂ ਵੀ ਏਦਾਂ ਹੀ ਸੰਘਰਸ਼ ਦੇ ਮੈਦਾਨ ਵਿੱਚ ਧੀਆਂ ਨਾਲ ਕੁੱਦੀਆਂ ਹੋਈਆਂ ਹਨ। ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮਾਨ ਮਰਾੜ ਦੀ ਰਮਨਦੀਪ ਕੌਰ ਨੇ ਤਾਂ ਪੜ੍ਹਨ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਹੈ। ਇਸ ਲੜਕੀ ਨੇ ਐਮ.ਫਿਲ ਕੀਤੀ ਹੈ ਤੇ ਹੁਣ ਪੀਐਚ.ਡੀ ਕਰ ਰਹੀ ਹੈ। ਇਸ ਲੜਕੀ ਦੀ ਮਾਂ ਕਰਮਜੀਤ ਕੌਰ ਆਖਦੀ ਹੈ ਕਿ ਉਹ ਤਾਂ ਆਪਣੀ ਧੀ ਨੂੰ ਪੜ੍ਹਾ ਹੀ ਸਕਦੇ ਸਨ। ਰੁਜ਼ਗਾਰ ਤਾਂ ਸਰਕਾਰਾਂ ਨੇ ਹੀ ਦੇਣਾ ਹੈ। ਮਾਂ ਆਖਦੀ ਹੈ ਕਿ ਉਸ ਦੇ ਪੰਜ ਧੀਆਂ ਹਨ ਤੇ ਉਸ ਧੀ ਰਮਨਦੀਪ ਕੌਰ ਦੋ ਵਰ੍ਹਿਆਂ ਤੋਂ ਰੁਜ਼ਗਾਰ ਖਾਤਰ ਧਰਨੇ ਮੁਜ਼ਾਹਰਿਆਂ ਵਿੱਚ ਜਾ ਰਹੀ ਹੈ। ਜੈਤੋ ਮੰਡੀ ਦੀ ਅਨੀਤਾ ਤਾਂ 9 ਵਰ੍ਹਿਆਂ ਤੋਂ ਸਰਕਾਰ ਖ਼ਿਲਾਫ਼ ਨਾਅਰੇ ਮਾਰ ਰਹੀ ਹੈ। ਅਨੀਤਾ ਨੇ ਤਿੰਨ ਵਿਸ਼ਿਆਂ ਵਿੱਚ ਐਮ.ਏ ਕੀਤੀ ਹੋਈ ਹੈ ਤੇ ਐਮ.ਐਡ ਵੀ ਕੀਤੀ ਹੋਈ ਹੈ। ਉਹ ਪਹਿਲਾਂ 1000 ਰੁਪਏ ਦੀ ਸਰਕਾਰੀ ਤਨਖਾਹ 'ਤੇ ਕੰਮ ਕਰਦੀ ਸੀ ਤੇ ਹੁਣ ਉਸ ਨੂੰ 3500 ਰੁਪਏ ਮਿਲਦੇ ਸਨ। ਸਰਕਾਰ ਹੁਣ ਉੱਚ ਯੋਗਤਾ ਵਾਲੀ ਲੜਕੀ ਨੂੰ 3500 ਰੁਪਏ ਤਨਖਾਹ ਦੇਣ ਤੋਂ ਵੀ ਭੱਜ ਗਈ ਹੈ। ਉਸ ਦੀ ਮਾਂ ਭੰਵਰੀ ਦੇਵੀ ਦਾ ਕਹਿਣਾ ਸੀ ਕਿ ਇਸ ਰੁਜ਼ਗਾਰ ਨੇ ਤਾਂ ਉਸ ਦੀ ਧੀ ਨੂੰ ਥਾਣਾ ਤੇ ਜੇਲ੍ਹ ਵਿਖਾ ਦਿੱਤੀ ਹੈ।
            ਇਨ੍ਹਾਂ ਮਾਵਾਂ ਨੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਆਖਿਆ ਹੈ ਕਿ ਉਹ ਵੀ ਕਿਸੇ ਦੀ ਧੀ ਹੈ। ਸਾਡੀਆਂ ਧੀਆਂ ਬਾਰੇ ਨਹੀਂ ਤਾਂ ਸਾਡੀ ਬਿਰਧ ਅਵਸਥਾ ਬਾਰੇ ਹੀ ਸੋਚ ਲਿਆ ਜਾਵੇ। ਮਾਨਸਾ ਜ਼ਿਲ੍ਹੇ ਦੀ ਅੰਗਹੀਣ  ਲੜਕੀ ਸਿਮਰਨਜੀਤ ਕੌਰ ਤਾਂ ਤਿੰਨ ਵਰ੍ਹਿਆਂ ਤੋਂ ਸੰਘਰਸ਼ ਵਿੱਚ ਕੁੱਦੀ ਹੋਈ ਹੈ। ਸਿਮਰਨਜੀਤ ਕੌਰ ਨੂੰ ਪਹਿਲਾਂ ਕੁਦਰਤ ਨੇ ਇਨਸਾਫ ਨਾ ਦਿੱਤਾ ਅੇ ਹੁਣ ਸਰਕਾਰਾਂ ਨੇ। ਉਸ ਦੀ ਮਾਂ ਜਰਨੈਲ ਕੌਰ ਨੇ ਧੀ ਨੂੰ ਇਸ ਕਰਕੇ ਪੜ੍ਹਾਇਆ ਸੀ ਕਿ ਵਿੱਦਿਆ ਹੀ ਉਸ ਦੀ ਧੀ ਨੂੰ ਤਕਦੀਰ ਬਦਲ ਦੇਵੇਗੀ ਪਰ ਸਰਕਾਰਾਂ ਨੇ ਜਰਨੈਲ ਕੌਰ ਦੇ ਸੁਪਨੇ ਤੋੜ ਦਿੱਤੇ ਹਨ। ਮੁਕਤਸਰ ਦੇ ਪਿੰਡ ਆਸਾ ਬੁੱਟਰ ਦੀ ਬੇਅੰਤ ਕੌਰ ਐਮ.ਏ,ਬੀ.ਐਡ ਹੈ ਜੋ 3500 ਰੁਪਏ ਦੀ ਨੌਕਰੀ ਲਈ ਸੜਕਾਂ 'ਤੇ ਬੈਠੀ ਹੈ। ਏਦਾਂ ਦਾ ਦੁੱਖ ਹਰ ਧੀ ਦਾ ਹੈ ਜੋ ਨੰਨ੍ਹੀ ਛਾਂ ਮਿਹੰਮ ਦੀ ਸੰਸਥਾਪਕ ਬੀਬੀ ਹਰਸਿਮਰਤ ਕੌਰ ਬਾਦਲ ਦੇ ਹਲਕੇ ਵਿੱਚ ਇਨਸਾਫ ਲੈਣ ਲਈ ਬੈਠੀਆਂ ਹਨ।
            ਪੰਜਾਬ ਸਰਕਾਰ ਨੇ ਇਨ੍ਹਾਂ ਲੜਕੀਆਂ ਸਮੇਤ 1800 ਦੇ ਕਰੀਬ ਲੜਕੇ ਲੜਕੀਆਂ ਨੂੰ ਸਪੈਸ਼ਲ ਟਰੇਨਰ ਅਧਿਆਪਕ ਵਜੋਂ ਨਿਯੁਕਤ ਕੀਤਾ ਸੀ। ਥੋੜ੍ਹਾ ਸਮਾਂ ਪਹਿਲਾਂ ਇਨ੍ਹਾਂ ਨੂੰ ਫ਼ਾਰਗ ਕਰ ਦਿੱਤਾ ਗਿਆ। ਮਗਰੋਂ ਸਰਕਾਰ ਨੇ 500 ਦੇ ਕਰੀਬ ਨੌਜਵਾਨਾਂ ਨੂੰ ਮੁੜ ਜੁਆਇਨ ਕਰ ਲਿਆ ਪਰ ਇਹ ਅਧਿਆਪਕ ਸਾਰਿਆਂ ਲਈ ਇਨਸਾਫ ਮੰਗ ਰਹੇ ਹਨ। ਹੁਣ ਠੰਢ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਫਿਰ ਵੀ ਇਹ ਅਧਿਆਪਕ ਸੜਕ ਕਿਨਾਰੇ ਬਠਿੰਡਾ ਵਿੱਚ 51 ਦਿਨਾਂ ਤੋਂ ਡਟੇ ਹੋਏ ਹਨ।

1 comment: