Friday, December 14, 2012

                               ਬੇਕਾਰੀ ਦੀ ਪੀੜ
           ਪਾਪਾ, ਤੁਸੀਂ ਜੇਲ ਕਿਉਂ ਜਾਂਦੇ ਹੋ !
                                ਚਰਨਜੀਤ ਭੁੱਲਰ
ਬਠਿੰਡਾ : ਨੌਂ ਵਰ੍ਹਿਆਂ ਦੀ ਬੱਚੀ ਕਿਰਨਪ੍ਰੀਤ ਦੀ ਸਮਝੋ ਬਾਹਰ ਹੈ ਕਿ ਉਸ ਦੇ ਬਾਪ ਨੂੰ ਜੇਲ੍ਹ ਕਿਉਂ ਜਾਣਾ ਪੈਂਦਾ ਹੈ। ਉਮਰ ਵਿੱਚ ਇਹ ਬੱਚੀ ਛੋਟੀ ਹੈ, ਜਦੋਂ ਕਿ ਰੁਜ਼ਗਾਰ ਦਾ ਮਸਲਾ ਵੱਡਾ ਹੈ। ਇਸ ਬੱਚੀ ਦਾ ਪਿਤਾ ਗੁਰਚਰਨ ਸਿੰਘ ਪੰਜਾਹ ਦਿਨਾਂ ਤੋਂ ਬਠਿੰਡਾ ਵਿੱਚ ਆਪਣੇ ਸਾਥੀਆਂ ਨਾਲ ਸੰਘਰਸ਼ 'ਤੇ ਬੈਠਾ ਹੈ। ਬੇਰੁਜ਼ਗਾਰ ਗੁਰਚਰਨ ਸਿੰਘ ਨੂੰ ਆਪਣੀ ਬੱਚੀ ਦੇ ਸੁਆਲ ਪ੍ਰੇਸ਼ਾਨ ਕਰਦੇ ਹਨ। ਏਦਾਂ ਦੇ ਸੁਆਲ ਹਰ ਉਸ ਬੱਚੇ ਦੇ ਹਨ, ਜਿਨ੍ਹਾਂ ਦੇ ਮਾਪੇ ਰੁਜ਼ਗਾਰ ਖਾਤਰ ਸੰਘਰਸ਼ ਕਰ ਰਹੇ ਹਨ।
            ਪਾਪਾ, ਤੁਸੀਂ ਜੇਲ੍ਹ ਕਿਉਂ ਜਾਂਦੇ ਹੋ? ਕਿਰਨਪ੍ਰੀਤ ਦੇ ਇਸ ਸੁਆਲ ਨੂੰ ਹਰ ਦਫ਼ਾ ਗੁਰਚਰਨ ਹੱਸ ਕੇ ਟਾਲ ਦਿੰਦਾ ਹੈ। ਤਰਨ ਤਾਰਨ ਦਾ ਗੁਰਚਰਨ ਸਿੰਘ ਰੁਜ਼ਗਾਰ ਲਈ ਲੜਦਾ ਹੋਇਆ ਪੰਜ ਦਫ਼ਾ ਜੇਲ੍ਹ ਜਾ ਚੁੱਕਾ ਹੈ। ਉਹ ਮਾਝੇ ਅਤੇ ਮਾਲਵੇ ਵਿੱਚ ਪੁਲੀਸ ਦੇ ਲਾਠੀਚਾਰਜ ਦਾ ਸ਼ਿਕਾਰ ਵੀ ਹੋ ਚੁੱਕਾ ਹੈ। ਉਹ ਆਖਦਾ ਹੈ ਕਿ ਜਦੋਂ ਬੇਕਾਰੀ ਦੀ ਚੀਸ ਤਿੱਖੀ ਹੋਵੇ ਤਾਂ ਫਿਰ ਜੇਲ੍ਹਾਂ ਤੇ ਲਾਠੀਆਂ ਤੋਂ ਡਰ ਨਹੀਂ ਲੱਗਦਾ। ਪੰਜਾਬ ਸਰਕਾਰ ਨੇ ਰਾਜ ਭਰ ਵਿੱਚ 1800 ਦੇ ਕਰੀਬ ਸਪੈਸ਼ਲ ਟਰੇਨਰ ਅਧਿਆਪਕ ਰੱਖੇ ਸਨ, ਜਿਨ੍ਹਾਂ ਨੂੰ ਪ੍ਰਤੀ ਮਹੀਨਾ 3500 ਰੁਪਏ ਤਨਖਾਹ ਦਿੱਤੀ ਜਾਂਦੀ ਸੀ। ਹੁਣ ਗੁਰਚਰਨ ਸਮੇਤ ਬਾਕੀ ਅਧਿਆਪਕਾਂ ਨੂੰ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ। ਹੁਣ ਉਹ ਸਾਥੀਆਂ ਨਾਲ ਬਠਿੰਡਾ ਦੇ ਮਿੰਨੀ ਸਕੱਤਰੇਤ ਦੇ ਬਾਹਰ ਸੜਕ ਕਿਨਾਰੇ ਟੈਂਟ ਲਾ ਕੇ ਸੰਘਰਸ਼ 'ਤੇ ਬੈਠਾ ਹੈ। ਪੰਜ ਭੈਣਾਂ ਦੇ ਇਕਲੌਤੇ ਭਰਾ ਗੁਰਚਰਨ ਸਿੰਘ ਦੇ 75 ਵਰ੍ਹਿਆਂ ਦੇ ਪਿਤਾ ਦਰਸ਼ਨ ਸਿੰਘ ਦੀ ਇੱਕੋ ਅੰਤਿਮ ਇੱਛਾ ਹੈ ਕਿ ਮਰਨ ਤੋਂ ਪਹਿਲਾਂ ਪੁੱਤ ਨੂੰ ਰੁਜ਼ਗਾਰ ਮਿਲ ਜਾਵੇ।
             ਬਟਾਲਾ ਦੀ ਸੰਘਰਸ਼ ਵਿੱਚ ਕੁੱਦੀ ਜਸਵੀਰ ਕੌਰ ਦਾ ਬੱਚਾ ਅੰਮ੍ਰਿਤਪਾਲ ਜਦੋਂ ਆਪਣੀ ਮਾਂ ਨਾਲ ਸੜਕਾਂ 'ਤੇ ਧਰਨੇ ਮੁਜ਼ਾਹਰੇ 'ਤੇ ਬੈਠਦਾ ਹੈ ਤਾਂ ਉਹ ਏਨੀ ਕੁ ਰਮਜ਼ ਤਾਂ ਸਮਝਦਾ ਹੈ ਕਿ ਪਾਣੀ ਸਿਰੋਂ ਲੰਘਿਆ ਹੋਇਆ ਹੈ। ਜਸਵੀਰ ਕੌਰ ਬਠਿੰਡਾ ਜੇਲ੍ਹ ਵੀ ਜਾ ਚੁੱਕੀ ਹੈ ਅਤੇ ਜੇਲ੍ਹ ਵਿੱਚ ਮਰਨ ਵਰਤ 'ਤੇ ਵੀ ਬੈਠ ਚੁੱਕੀ ਹੈ। ਉਹ ਦੱਸਦੀ ਹੈ ਕਿ ਜਦੋਂ ਉਹ ਬੱਚੇ ਨੂੰ ਘਰੇ ਛੱਡ ਕੇ ਧਰਨਿਆਂ ਵਿੱਚ ਆਉਂਦੀ ਹੈ ਤਾਂ ਵਾਪਸੀ 'ਤੇ ਬੱਚਾ ਅਣਜਾਣੇ ਵਿੱਚ ਬਹੁਤ ਸੁਆਲ ਕਰਦਾ ਹੈ। ਫਾਜ਼ਿਲਕਾ ਦੀ ਰੇਸ਼ਮਾ ਰਾਣੀ ਪੰਜ ਵਰ੍ਹਿਆਂ ਤੋਂ ਸੰਘਰਸ਼ੀ ਰਾਹ 'ਤੇ ਹੈ। ਉਹ ਬਠਿੰਡਾ ਜੇਲ੍ਹ ਵਿੱਚ ਵੀ ਜਾ ਚੁੱਕੀ ਹੈ। ਉਹ ਦੱਸਦੀ ਹੈ ਕਿ ਜਦੋਂ ਉਹ ਵਾਪਸ ਘਰ ਜਾਂਦੀ ਹੈ ਤਾਂ ਬੱਚੀ ਸੋਨਮ ਇਹੋ ਸੁਆਲ ਕਰਦੀ ਹੈ ਕਿ ਮੰਮਾ ਥੋਨੂੰ ਪੁਲੀਸ ਕਿਉਂ ਫੜਦੀ ਹੈ? ਉਹ ਸਮਝਾਉਂਦੀ ਹੈ ਕਿ ਜਦੋਂ ਹੱਕ ਮੰਗਣਾ ਗੁਨਾਹ ਬਣ ਜਾਏ ਤਾਂ ਏਦਾਂ ਹੀ ਹੁੰਦਾ ਹੈ। ਉਹ ਬੇਕਾਰੀ ਵਿੱਚ ਉਲਝੀ ਹੋਈ ਬੱਚਿਆਂ ਦੀ ਪਰਵਰਿਸ਼ ਵੀ ਚੰਗੀ ਤਰ੍ਹਾਂ ਨਹੀਂ ਕਰ ਸਕੀ ਹੈ। ਐਮ.ਏ, ਬੀ.ਐੱਡ ਹੋਣ ਦੇ ਬਾਵਜੂਦ ਉਸ ਨੂੰ 3500 ਰੁਪਏ ਦੀ ਸਪੈਸ਼ਲ ਟਰੇਨਰ ਦੀ ਨੌਕਰੀ ਖਾਤਰ ਗਰਮੀ ਸਰਦੀ ਸੜਕਾਂ 'ਤੇ ਰੁਲਣਾ ਪੈਂਦਾ ਹੈ। ਜ਼ਿਲ੍ਹਾ ਮੋਗਾ ਦੇ ਪਿੰਡ ਸਿੰਘਾ ਵਾਲਾ ਦੇ ਨਾਮਦੇਵ ਸਿੰਘ ਦੇ ਘਰ ਜਦੋਂ ਪੁੱਤ ਨੇ ਜਨਮ ਲਿਆ ਤਾਂ ਉਹ ਉਸ ਵਕਤ ਬਠਿੰਡਾ ਦੇ ਸਕੱਤਰੇਤ ਅੱਗੇ ਸੰਘਰਸ਼ ਵਿੱਚ ਬੈਠਾ ਸੀ। ਉਹ ਦੱਸਦਾ ਹੈ ਕਿ ਉਸ ਨੇ ਡੇਢ ਮਹੀਨੇ ਮਗਰੋਂ ਆਪਣੇ ਬੱਚੇ ਦਾ ਮੂੰਹ ਦੇਖਿਆ। ਉਹ ਤਿੰਨ ਦਫ਼ਾ ਜੇਲ੍ਹ ਜਾ ਚੁੱਕਾ ਹੈ ਅਤੇ ਪੰਜਾਬ ਵਿੱਚ ਪੰਜ ਥਾਈਂ ਪੁਲੀਸ ਦਾ ਲਾਠੀਚਾਰਜ ਵੀ ਝੱਲ ਚੁੱਕਾ ਹੈ।
             ਡਰੋਲੀ ਭਾਈ ਦਾ ਸਤਨਾਮ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਹੈ। ਮਾਂ ਪਰਮਜੀਤ ਕੌਰ ਹੱਲਾਸ਼ੇਰੀ ਦੇ ਕੇ ਪੁੱਤ ਨੂੰ ਸੰਘਰਸ਼ੀ ਕਾਫਲੇ ਵਿੱਚ ਤੋਰਦੀ ਹੈ। ਉਹ ਦੱਸਦਾ ਹੈ ਕਿ ਉਸ ਦੀ ਮਾਂ ਹੁਣ ਜਦੋਂ ਵੀ ਫੋਨ ਕਰਦੀ ਹੈ ਤਾਂ ਇਹੋ ਪੁੱਛਦੀ ਹੈ, ਪੁੱਤ, ਪਈ ਸਰਕਾਰ ਦੇ ਮਨ ਵਿੱਚ ਮਿਹਰ। ਉਹ ਨਿਰਉੱਤਰ ਹੋ ਜਾਂਦਾ ਹੈ। ਏਦਾਂ ਦੇ ਸੈਂਕੜੇ ਨੌਜਵਾਨ ਹਨ, ਜੋ ਵਰ੍ਹਿਆਂ ਤੋਂ ਨੌਕਰੀ ਖਾਤਰ ਲੜ ਰਹੇ ਹਨ। ਬਠਿੰਡਾ ਵਿੱਚ ਬੈਠੇ ਇਨ੍ਹਾਂ ਸਪੈਸ਼ਲ ਟਰੇਨਰ ਅਧਿਆਪਕਾਂ ਦੀ ਇਹੋ ਮੰਗ ਹੈ ਕਿ ਉਨ੍ਹਾਂ ਨੂੰ ਸਰਕਾਰ ਮੁੜ ਜੁਆਇਨ ਕਰਾਏ। ਪੰਜਾਬ ਸਰਕਾਰ ਨੇ ਥੋੜਾ ਸਮਾਂ ਪਹਿਲਾਂ 400 ਅਧਿਆਪਕਾਂ ਨੂੰ ਮੁੜ ਜੁਆਇਨ ਕਰਨ ਦੇ ਪੱਤਰ ਜਾਰੀ ਕਰ ਦਿੱਤੇ ਸਨ ਪਰ ਇਹੋ ਹੱਕ ਸਭ ਮੰਗਦੇ ਹਨ। ਜਦੋਂ ਪਹਿਲੇ ਪੜਾਅ ਦਾ ਸੰਘਰਸ਼ ਲੜਿਆ ਤਾਂ ਸਰਕਾਰ ਨੇ ਇਨ੍ਹਾਂ ਨੂੰ ਮਈ ਜੂਨ ਵਿੱਚ ਜੁਆਇਨ ਕਰਾ ਲਿਆ ਸੀ। ਉਸ ਮਗਰੋਂ ਅਕਤੂਬਰ ਵਿੱਚ ਫਿਰ ਫ਼ਾਰਗ ਕਰ ਦਿੱਤਾ। ਹੁਣ ਇਹ ਅਧਿਆਪਕ ਮੁੜ ਸੰਘਰਸ਼ ਦੇ ਰਾਹ 'ਤੇ ਹਨ। ਬਠਿੰਡਾ ਵਿੱਚ ਇਨ੍ਹਾਂ ਬੇਰੁਜ਼ਗਾਰਾਂ ਦੇ ਟੈਂਟ ਵਿੱਚ ਕਈ ਅਧਿਆਪਕ ਮਰਨ ਵਰਤ 'ਤੇ ਵੀ ਬੈਠੇ ਹਨ। ਥੋੜੇ ਦਿਨ ਪਹਿਲਾਂ ਮੁੱਖ ਮੰਤਰੀ ਨਾਲ ਇਨ੍ਹਾਂ ਅਧਿਆਪਕਾਂ ਦੇ ਵਫ਼ਦ ਦੀ ਮੀਟਿੰਗ ਹੋਈ ਹੈ, ਜਿਸ ਵਿੱਚ ਮੁੱਖ ਮੰਤਰੀ ਨੇ ਚਾਰ ਦਿਨਾਂ ਵਿੱਚ ਮਾਮਲਾ ਹੱਲ ਕਰਨ ਦੀ ਗੱਲ ਆਖੀ ਹੈ। ਇਨ੍ਹਾਂ ਬੇਰੁਜ਼ਗਾਰਾਂ ਦਾ ਕਹਿਣਾ ਹੈ ਕਿ ਉਹ ਹੁਣ ਖ਼ਾਲੀ ਹੱਥ ਬਠਿੰਡਾ ਤੋਂ ਨਹੀਂ ਜਾਣਗੇ।
                                                        ਸੰਘਰਸ਼ ਨੂੰ ਭਰਾਤਰੀ ਮੋਢਾ
ਬਠਿੰਡਾ ਇਲਾਕੇ ਦੇ ਦਾਨੀ ਸੱਜਣਾਂ ਦੀ ਇਨ੍ਹਾਂ ਅਧਿਆਪਕਾਂ ਦੇ ਸੰਘਰਸ਼ 'ਤੇ ਮਿਹਰ ਹੈ। ਪੀ.ਆਰ.ਟੀ.ਸੀ. ਦੀ ਇਕ ਬੱਸ ਦਾ ਕੰਡਕਟਰ ਦੋ ਦਫ਼ਾ ਇਨ੍ਹਾਂ ਦੇ ਟੈਂਟ ਵਿੱਚ ਆ ਕੇ ਪੰਜ-ਪੰਜ ਸੌ ਰੁਪਏ ਦੇ ਗਿਆ ਹੈ। ਉਸ ਨੇ ਇਹ ਗੁਪਤ ਦਾਨ ਦਿੱਤਾ। ਇਕ ਹੋਰ ਪ੍ਰਿੰਸੀਪਲ ਗੁਪਤ ਦਾਨ ਵਜੋਂ ਇਕ ਹਜ਼ਾਰ ਰੁਪਏ ਦੇ ਗਿਆ। ਏਦਾਂ ਦੇ ਗੁਪਤ ਦਾਨੀ ਬਹੁਤ ਹਨ। ਬਠਿੰਡਾ ਦੇ ਇਕ ਗੁਰਦੁਆਰੇ ਦੇ ਪ੍ਰਬੰਧਕ ਇਨ੍ਹਾਂ ਨੂੰ ਸ਼ਾਮ ਵਕਤ ਲੰਗਰ ਦੇ ਜਾਂਦੇ ਹਨ। ਸਰਕਾਰੀ ਅਧਿਆਪਕ ਬਲਜਿੰਦਰ ਸਿੰਘ ਲੰਗਰ ਦਾ ਰਾਸ਼ਨ ਦੇ ਰਿਹਾ ਹੈ, ਜਦੋਂ ਕਿ ਇਕ ਹੋਰ ਅਧਿਆਪਕ ਸੁਖਚਰਨ ਸਿੰਘ ਲੱਕੜਾਂ ਦੇ ਕੇ ਜਾਂਦਾ ਹੈ। ਭਰਾਤਰੀ ਧਿਰਾਂ ਵੱਲੋਂ ਦੁੱਧ ਭੇਜ ਦਿੱਤਾ ਜਾਂਦਾ ਹੈ। ਇਨ੍ਹਾਂ ਦਾਨੀ ਸੱਜਣਾਂ ਦੀ ਮਦਦ ਨਾਲ ਇਨ੍ਹਾਂ ਬੇਰੁਜ਼ਗਾਰਾਂ ਦਾ ਲੰਗਰ ਵੀ ਚੱਲ ਰਿਹਾ ਹੈ।

1 comment: