Wednesday, December 12, 2012

                                                                    ਵਿਸ਼ਵ ਕਬੱਡੀ ਕੱਪ
                                            ਕਬੱਡੀ ਕਰੋੜਾਂ ਦੀ, ਜਾਂਬਾਜ਼ ਕੌਡੀਆਂ ਦਾ
                                                                     ਚਰਨਜੀਤ ਭੁੱਲਰ
ਬਠਿੰਡਾ : ਕਰੋੜਾਂ ਦੇ ਵਿਸ਼ਵ ਕਬੱਡੀ ਕੱਪ ਦਾ ਮੈਸਕਟ ਮੈਨ ਗਰੀਬ ਹੈ। ਤੀਜੇ ਵਿਸ਼ਵ ਕਬੱਡੀ ਕੱਪ ਦੇ ਮਸਕਟ ਨੂੰ ਤਾਂ ਹਰ ਕੋਈ ਜਾਣਦਾ ਹੈ ਪਰ ਕੋਈ ਨਹੀਂ ਇਸ ਮਸਕਟ ਪਿਛੇ ਛੁਪੇ ਚਿਹਰੇ ਨੂੰ ਜਾਣਦਾ। ਅਸਲੀ ਜ਼ਿੰਦਗੀ ਵਿੱਚ ਤਾਂ ਇਹ ਚਿਹਰਾ ਗਰੀਬੀ ਰੇਖਾ ਦੇ ਭਾਰ ਹੇਠ ਦੱਬਿਆ ਹੋਇਆ ਹੈ। ਇਹ ਚਿਹਰਾ ਉੱਚਾ ਉਡਣਾ ਚਾਹੁੰਦਾ ਹੈ ਪਰ ਗੁਰਬਤ ਉਸ ਦੇ ਪੈਰਾਂ ਵਿੱਚ ਜ਼ੰਜੀਰ ਬਣੀ ਹੋਈ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਤੀਜੇ ਵਿਸ਼ਵ ਕਬੱਡੀ ਕੱਪ ਦਾ ਇਹ ਮਸਕਟ ਚੰਡੀਗੜ੍ਹ ਵਿੱਚ ਰਿਲੀਜ਼ ਕੀਤਾ ਗਿਆ ਸੀ।
             ਬਠਿੰਡਾ ਦੇ ਦੇਸ ਰਾਜ ਸੀਨੀਅਰ ਸੈਕੰਡਰੀ ਸਕੂਲ ਦਾ 17 ਵਰ੍ਹਿਆਂ ਦਾ ਹਰਬੰਸ ਸਿੰਘ ਇਸ ਵੇਲੇ ਗਿਆਰ੍ਹਵੀਂ ਕਲਾਸ ਦਾ ਵਿਦਿਆਰਥੀ ਹੈ। ਇਹ ਵਾਲੀਬਾਲ ਦਾ ਚੰਗਾ ਖਿਡਾਰੀ ਹੈ। ਪੰਜਾਬ ਸਰਕਾਰ ਵੱਲੋਂ ਉਸ ਨੂੰ ਮਸਕਟ ਮੈਨ ਬਣਨ ਦੇ ਬਦਲੇ ਪੰਜ ਸੌ ਰੁਪਏ ਦਿਹਾੜੀ ਦਿੱਤੀ ਜਾਣੀ ਹੈ। ਉਹ ਖੁਸ਼ ਹੈ ਕਿ ਉਸ ਨੂੰ ਪੂਰੀ ਦੁਨੀਆ ਦੇਖ ਰਹੀ ਹੈ ਤੇ ਮਸਕਟ ਮੈਨ ਦਾ ਮੌਕਾ ਮਿਲਣ 'ਤੇ ਹੌਸਲੇ ਵਿੱਚ ਵੀ ਹੈ। ਦੁਖੀ ਤਾਂ ਸਿਰਫ਼ ਇਸ ਗੱਲੋਂ ਹੀ ਹੈ ਕਿ ਉਸ ਦੀ ਪੀੜ ਨੂੰ ਕੋਈ ਨਹੀਂ ਜਾਣਦਾ। ਨਵੇਂ ਕੱਪੜੇ ਪਾਉਣ ਨੂੰ ਕਿਸ ਦਾ ਦਿਲ ਨਹੀਂ ਕਰਦਾ। ਇਹ ਸਕੂਲੀ ਬੱਚਾ ਕਬਾੜੀਆਂ ਕੋਲੋਂ ਪੁਰਾਣੇ ਕੱਪੜੇ ਖਰੀਦ ਕੇ ਆਪਣੀਆਂ ਰੀਝਾਂ ਨੂੰ ਧਰਵਾਸ ਦਿੰਦਾ ਹੈ। ਉਸ ਦਾ ਬਾਪ ਦਰਸ਼ਨ ਸਿੰਘ ਵੀ ਆਪਣੇ ਜੀਵਨ ਵਿੱਚ ਨਵੇਂ ਕੱਪੜੇ ਪਾਉਣ ਨੂੰ ਤਰਸ ਗਿਆ ਹੈ। ਪਿਉ ਪੁੱਤ ਆਖਦੇ ਹਨ ਕਿ ਜਦੋਂ ਮਸਲਾ ਰੋਟੀ ਦਾ ਹੋਵੇ ਤਾਂ ਤਨ ਨੂੰ ਨਵੇਂ ਪੁਰਾਣੇ ਕੱਪੜੇ ਹੋਣ ਦਾ ਕੋਈ ਫਰਕ ਨਹੀਂ ਪੈਂਦਾ। ਬਾਪ ਦਰਸ਼ਨ ਸਿੰਘ ਛੇ ਵਰ੍ਹਿਆਂ ਤੋਂ ਟੀਚਰਜ਼ ਹੋਮ ਵਿੱਚ ਕੰਟੀਨ ਚਲਾ ਰਿਹਾ ਹੈ। ਉਸ ਤੋਂ ਪਹਿਲਾਂ ਉਹ ਕਬਾੜੀਆ ਬਣਿਆ ਤੇ ਚਾਹ ਦੀ ਰੇਹੜੀ 'ਤੇ 150 ਰੁਪਏ 'ਚ ਕੰਮ ਵੀ ਕੀਤਾ।
            ਮਸਕਟ ਮੈਨ ਹਰਬੰਸ ਸਿੰਘ ਨੂੰ ਤਾਂ ਟਰੈਕ ਸੂਟ ਵੀ ਪੁਰਾਣਾ ਖਰੀਦ ਕੇ ਪਾਉਣਾ ਪੈਂਦਾ ਹੈ। ਜਦੋਂ ਛੁੱਟੀ ਹੁੰਦੀ ਹੈ ਤਾਂ ਉਹ ਆਪਣੇ ਬਾਪ ਨਾਲ ਕੰਟੀਨ 'ਤੇ ਕੰਮ ਕਰਦਾ ਹੈ। ਦਾਨੀ ਸੱਜਣ ਉਸ ਲਈ ਕਿਤਾਬਾਂ ਦਾ ਪ੍ਰਬੰਧ ਕਰਦੇ ਹਨ। ਉਸ ਦੀ ਮਾਂ ਪਰਮਜੀਤ ਕੌਰ ਖੇਤਾਂ ਵਿੱਚ ਦਿਹਾੜੀ ਕਰਦੀ ਹੈ। ਭਰਾ ਪੜ੍ਹ ਜਾਵੇ, ਇਸ ਲਈ ਉਸ ਦੀ ਇੱਕ ਭੈਣ ਮਾਂ ਨਾਲ ਖੇਤਾਂ ਵਿੱਚ ਕੰਮ ਕਰਦੀ ਹੈ ਜਦੋਂਕਿ ਉਸ ਦੀਆਂ ਦੋ ਭੈਣਾਂ ਸਕੂਲ ਵਿੱਚੋਂ ਛੁੱਟੀ ਲੈ ਕੇ ਖੇਤਾਂ ਵਿੱਚ ਦਿਹਾੜੀ ਕਰਦੀਆਂ ਹਨ। ਪੰਜਾਬ ਸਰਕਾਰ ਦੇ ਕਾਗ਼ਜ਼ਾਂ ਵਿੱਚ ਵੀ ਉਹ ਗਰੀਬੀ ਰੇਖਾ ਤੋਂ ਹੇਠਾਂ ਵੱਸਣ ਵਾਲੇ ਪਰਿਵਾਰ ਦਾ ਮੈਂਬਰ ਹੈ। ਪਿਤਾ ਦਰਸ਼ਨ ਸਿੰਘ ਦੱਸਦਾ ਹੈ ਕਿ ਉਸ ਦਾ ਚੂਲਾ ਖਰਾਬ ਹੈ ਜਿਸ ਦਾ ਅਪਰੇਸ਼ਨ ਕਾਫ਼ੀ ਮਹਿੰਗਾ ਸੌਦਾ ਹੈ। ਉਸ ਨੇ ਦੱਸਿਆ ਕਿ ਵੱਡੀ ਧੀ ਵਿਹਾਉਣ ਦਾ ਫਿਕਰ ਹੈ ਜਿਸ ਕਰਕੇ ਚੂਲਾ ਕਦੇ ਯਾਦ ਨਹੀਂ ਆਇਆ।
          ਬਾਪ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਕੋਈ ਵੀ ਤਿਉਹਾਰ ਅੱਜ ਤੱਕ ਉਨ੍ਹਾਂ ਦੇ ਘਰ ਖੁਸ਼ੀ ਨਹੀਂ ਲਿਆ ਸਕਿਆ। ਉਸ ਨੇ ਦੱਸਿਆ ਕਿ ਉਸ ਦਾ ਮਸਕਟ ਮੈਨ ਬਣਿਆ ਲੜਕਾ ਹਰਬੰਸ ਸਿੰਘ ਸਵੇਰ ਪੰਜ ਵਜੇ ਉੱਠ ਕੇ ਸਟੇਡੀਅਮ ਪ੍ਰੈਕਟਿਸ ਕਰਦਾ ਹੈ। ਉਸ ਨੇ ਸਟੇਡੀਅਮ ਵਿੱਚ ਏਨਾ ਕੰਮ ਇੱਕ ਵਰ੍ਹੇ ਵਿੱਚ ਕੀਤਾ ਕਿ ਵਾਲੀਬਾਲ ਕੋਚ ਕਮਲਪ੍ਰੀਤ ਕੌਰ ਧਾਲੀਵਾਲ ਦੀ ਨਜ਼ਰ ਵਿੱਚ ਆ ਗਿਆ। ਕੋਚ ਧਾਲੀਵਾਲ ਦਾ ਕਹਿਣਾ ਸੀ ਕਿ ਵਿਸ਼ਵ ਕਬੱਡੀ ਕੱਪ ਲਈ ਮਸਕਟ ਮੈਨ ਦੀ ਲੋੜ ਸੀ ਜਿਸ ਕਰਕੇ ਉਸ ਨੇ ਇਸ ਲੋੜਵੰਦ ਲੜਕੇ ਦੀ ਸਿਫਾਰਸ਼ ਕਰ ਦਿੱਤੀ। ਉਸ ਨੇ ਦੱਸਿਆ ਕਿ ਹਰਬੰਸ ਬਹੁਤ ਮਿਹਨਤੀ ਲੜਕਾ ਹੈ। ਹਰਬੰਸ ਵਾਲੀਬਾਲ ਖੇਡਦਾ ਹੈ ਤੇ ਉਹ ਪੁਲੀਸ ਜਾਂ ਫੌਜ ਵਿੱਚ ਭਰਤੀ ਹੋਣ ਦਾ ਇੱਛੁਕ ਹੈ। ਵਿਸ਼ਵ ਕਬੱਡੀ ਕੱਪ ਦੇ ਜਿਥੇ ਵੀ ਮੈਚ ਹੁੰਦੇ ਹਨ, ਉਥੇ ਹੀ ਇਹ ਮਸਕਟ ਮੈਨ ਜਾਂਦਾ ਹੈ। ਸਰਕਾਰ ਵੱਲੋਂ ਉਸ ਨੂੰ ਲਿਜਾਣ ਵਾਸਤੇ ਇੱਕ ਗੱਡੀ ਤੇ ਹੈਲਪਰ ਦਿੱਤੇ ਹੋਏ ਹਨ। ਨਾਗਰਿਕ ਚੇਤਨਾ ਮੰਚ ਦੇ ਜਗਮੋਹਨ ਕੌਸ਼ਲ ਤੇ ਬੱਗਾ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਮਸਕਟ ਮੈਨ ਬਣੇ ਬੱਚੇ ਦੀ ਬਾਂਹ ਫੜੇ। ਉਨ੍ਹਾਂ ਆਖਿਆ ਕਿ ਸਰਕਾਰ ਨੇ ਕਬੱਡੀ ਲਈ ਕਰੋੜਾਂ ਦਾ ਬਜਟ ਰੱਖਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਲੜਕੇ ਨੂੰ ਆਪਣੇ ਖਰਚੇ 'ਤੇ ਪੜ੍ਹਾ ਕੇ ਉਸ ਲਈ ਨੌਕਰੀ ਦਾ ਪ੍ਰਬੰਧ ਕਰੇ।

No comments:

Post a Comment