Monday, November 19, 2012

                                          ਨੰਨ੍ਹੀ ਛਾਂ
              ਸੰਗਤ ਪੌਦਿਆਂ ਦੇ ਪ੍ਰਸ਼ਾਦ ਨੂੰ ਤਰਸੀ
                                     ਚਰਨਜੀਤ ਭੁੱਲਰ
ਬਠਿੰਡਾ : ਵਣ ਵਿਭਾਗ ਵੱਲੋਂ ਮੁਫ਼ਤ ਵਿੱਚ ਪੌਦਿਆਂ ਦਾ 'ਪ੍ਰਸ਼ਾਦ' ਦੇਣਾ ਬੰਦ ਕਰ ਦਿੱਤਾ ਗਿਆ ਹੈ ਜਿਸ ਦੇ ਸਿੱਟੇ ਵਜੋਂ ਨੰਨ੍ਹੀ ਛਾਂ ਮੁਹਿੰਮ ਠੰਢੇ ਬਸਤੇ ਵਿੱਚ ਪੈ ਗਈ ਹੈ। ਵਣ ਵਿਭਾਗ ਨੇ ਇਸ ਮੁਹਿੰਮ ਵਿੱਚੋਂ ਪੈਰ ਪਿਛਾਂਹ ਖਿੱਚ ਲਏ ਹਨ। ਤਕਰੀਬਨ ਇੱਕ ਸਾਲ ਤੋਂ ਨੰਨ੍ਹੀ ਛਾਂ ਪ੍ਰੋਗਰਾਮ ਦੀ ਕੋਈ ਮੀਟਿੰਗ ਨਹੀਂ ਹੋਈ ਜਦੋਂਕਿ ਪਹਿਲਾਂ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਥੋੜੇ ਸਮੇਂ ਮਗਰੋਂ ਹੀ ਮੀਟਿੰਗ ਹੁੰਦੀ ਰਹੀ ਹੈ। ਵਣ ਵਿਭਾਗ ਵੱਲੋਂ ਪੌਦਿਆਂ ਦਾ 'ਪ੍ਰਸ਼ਾਦ' ਤਿਆਰ ਕਰਨ ਵਾਸਤੇ ਨਰਸਰੀਆਂ ਦੀ ਸਥਾਪਨਾ ਕੀਤੀ ਗਈ ਸੀ ਜਦੋਂਕਿ ਖਰਚਾ ਸ਼੍ਰੋਮਣੀ ਕਮੇਟੀ ਵੱਲੋਂ ਦਿੱਤਾ ਜਾਂਦਾ ਸੀ। ਜਦੋਂ ਸ਼੍ਰੋਮਣੀ ਕਮੇਟੀ ਨੇ ਵਣ ਵਿਭਾਗ ਨੂੰ ਵੇਲੇ ਸਿਰ ਫੰਡ ਦੇਣ ਤੋਂ ਆਨਾਕਾਨੀ ਕੀਤੀ ਤਾਂ ਵਣ ਵਿਭਾਗ ਨੇ ਮੁਫ਼ਤ ਵਿੱਚ ਪੌਦਿਆਂ ਦਾ ਪ੍ਰਸ਼ਾਦ ਦੇਣ ਤੋਂ ਪਾਸਾ ਵੱਟ ਲਿਆ ਹੈ।
          ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਨੰਨ੍ਹੀ ਛਾਂ ਮੁਹਿੰਮ ਦੀ ਸ਼ੁਰੂਆਤ ਬੜੇ ਜ਼ੋਰਸ਼ੋਰ ਨਾਲ ਕੀਤੀ ਗਈ ਸੀ। ਸਾਲ 2009 ਵਿੱਚ ਗੁਰੂ ਘਰਾਂ ਵਿੱਚੋਂ ਪੌਦਿਆਂ ਦਾ ਪ੍ਰਸ਼ਾਦ ਦੇਣਾ ਸ਼ੁਰੂ ਕੀਤਾ ਗਿਆ ਸੀ। ਤਖ਼ਤ ਸਹਿਬਾਨ ਤੋਂ ਸੰਗਤਾਂ ਨੂੰ ਲਗਾਤਾਰ ਪੌਦਿਆਂ ਦਾ ਪ੍ਰਸ਼ਾਦ ਮਿਲਦਾ ਰਿਹਾ ਹੈ। ਵਣ ਵਿਭਾਗ ਨੇ ਹੁਣ ਨੰਨ੍ਹੀ ਛਾਂ ਦੀਆਂ ਨਰਸਰੀਆਂ ਵਿੱਚ ਪੌਦੇ ਤਿਆਰ ਕਰਨੇ ਬੰਦ ਕਰ ਦਿੱਤੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਹੁਣ ਜੰਗਲਾਤ ਵਿਭਾਗ ਤੋਂ ਚੈੱਕ ਦੇ ਕੇ ਪੌਦੇ ਖਰੀਦੇ ਜਾਂਦੇ ਹਨ। ਸੂਚਨਾ ਅਧਿਕਾਰ ਤਹਿਤ ਵਣ ਵਿਭਾਗ ਪੰਜਾਬ ਵੱਲੋਂ ਪੱਤਰ ਨੰਬਰ 10428 ਤਹਿਤ 30 ਅਕਤੂਬਰ, 2012 ਨੂੰ ਦਿੱਤੀ ਸੂਚਨਾ ਅਨੁਸਾਰ ਨੰਨ੍ਹੀ ਛਾਂ ਪ੍ਰਾਜੈਕਟ ਦੀ ਪ੍ਰਗਤੀ ਜਾਇਜ਼ ਲੈਣ ਮੀਟਿੰਗਾਂ ਦਾ ਸਿਲਸਿਲਾ ਬੰਦ ਹੋ ਗਿਆ ਹੈ। ਵਣ ਵਿਭਾਗ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਆਖਰੀ ਮੀਟਿੰਗ 14 ਅਕਤੂਬਰ, 2011 ਨੂੰ ਹੋਈ ਸੀ। ਉਸ ਤੋਂ ਪਹਿਲਾਂ 18 ਮਈ, 2011 ਨੂੰ ਨੰਨ੍ਹੀ ਛਾਂ ਪ੍ਰੋਗਰਾਮ ਬਾਰੇ ਮੀਟਿੰਗ ਹੋਈ ਸੀ। ਇਸੇ ਤਰ੍ਹਾਂ ਸਭ ਤੋਂ ਪਹਿਲਾਂ 23 ਸਤੰਬਰ, 2009 ਨੂੰ ਮੀਟਿੰਗ ਹੋਈ ਸੀ। ਉਸ ਮਗਰੋਂ 9 ਅਪਰੈਲ, 2010 ਨੂੰ ਤੇ ਫਿਰ 20 ਜੁਲਾਈ, 2010 ਨੂੰ ਮੀਟਿੰਗਾਂ ਹੋਈਆਂ ਸਨ।
           ਇਨ੍ਹਾਂ ਮੀਟਿੰਗਾਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਫੰਡ ਜਾਰੀ ਨਾ ਕਰਨ ਦਾ ਮੁੱਦਾ ਹੀ ਛਾਇਆ ਰਿਹਾ। ਨੰਨ੍ਹੀ ਛਾਂ ਪ੍ਰਾਜੈਕਟ ਤਹਿਤ ਬੂਟੇ ਤਿਆਰ ਕਰਨ ਤੇ ਸਪਲਾਈ ਕਰਨ ਬਾਰੇ 14 ਸਤੰਬਰ, 2009 ਨੂੰ ਇਕਰਾਰਨਾਮਾ ਹੋਇਆ ਸੀ ਜਿਸ ਤਹਿਤ ਆਨੰਦਪੁਰ ਸਾਹਿਬ, ਦਮਦਮਾ ਸਾਹਿਬ, ਫਤਹਿਗੜ੍ਹ ਸਾਹਿਬ ਤੇ ਅੰਮ੍ਰਿਤਸਰ ਵਿਖੇ ਨਰਸਰੀਆਂ ਸਥਾਪਤ ਕੀਤੀਆਂ ਗਈਆਂ ਸਨ ਜਿਨ੍ਹਾਂ ਦੀ ਸਮਰੱਥਾ ਪ੍ਰਤੀ ਸਾਲ ਪੰਜ ਲੱਖ ਬੂਟੇ ਤਿਆਰ ਕਰਨ ਸੀ। ਪੌਦੇ ਦੀ ਕੀਮਤ ਪੰਜ ਰੁਪਏ ਤੈਅ ਕੀਤੀ ਗਈ ਸੀ। ਹੁਣ ਇਨ੍ਹਾਂ ਨਰਸਰੀਆਂ ਦਾ ਕੰਮ ਠੰਢੇ ਬਸਤੇ ਵਿੱਚ ਪੈ ਗਿਆ ਹੈ। ਵਣ ਵਿਭਾਗ ਵੱਲੋਂ ਇਸ ਕੰਮ ਲਈ ਮੁਢਲੇ ਪੜਾਅ 'ਤੇ ਹੀ 20 ਲੱਖ ਰੁਪਏ ਸ਼੍ਰੋਮਣੀ ਕਮੇਟੀ ਤੋਂ ਅਡਵਾਂਸ ਮੰਗੇ ਸਨ ਪਰ ਸ਼੍ਰੋਮਣੀ ਕਮੇਟੀ ਨੇ ਸਿਰਫ਼ ਚਾਰ ਲੱਖ ਰੁਪਏ ਦੇਣ ਦਾ ਫੈਸਲਾ ਕੀਤਾ।
           ਫਤਹਿਗੜ੍ਹ ਸਾਹਿਬ ਵਿਖੇ ਸਾਲ 2009-10 ਦੌਰਾਨ ਵਣ ਵਿਭਾਗ ਵੱਲੋਂ 70 ਹਜ਼ਾਰ ਬੂਟੇ ਸਪਲਾਈ ਕੀਤੇ ਗਏ ਜਿਸ ਦੀ ਕੀਮਤ ਸਾਢੇ ਤਿੰਨ ਲੱਖ ਰੁਪਏ ਸ਼੍ਰੋਮਣੀ ਕਮੇਟੀ ਨੇ ਦੇ ਦਿੱਤੀ ਸੀ। ਜਦੋਂ ਫਤਹਿਗੜ੍ਹ ਸਾਹਿਬ ਨਰਸਰੀ ਲਈ ਇੱਕ ਲੱਖ ਪੌਦਾ ਤਿਆਰ ਕਰਨ ਵਾਸਤੇ ਪੰਜ ਲੱਖ ਦੇ ਫੰਡ ਮੰਗੇ ਗਏ ਤਾਂ ਸ਼੍ਰੋਮਣੀ ਕਮੇਟੀ ਨੇ ਸਮੇਂ ਸਿਰ ਫੰਡ ਨਹੀਂ ਦਿੱਤੇ। ਇਸੇ ਚਾਲੂ ਸਾਲ ਦੌਰਾਨ ਆਨੰਦਪੁਰ ਸਾਹਿਬ ਨਰਸਰੀ ਲਈ 10 ਲੱਖ ਰੁਪਏ ਦੀ ਮੰਗ ਰੱਖੀ ਗਈ ਪਰ ਸ਼੍ਰੋਮਣੀ ਕਮੇਟੀ ਨੇ ਸਿਰਫ਼ ਇੱਕ ਲੱਖ ਰੁਪਏ ਜਾਰੀ ਕੀਤੇ ਸਨ। ਅੰਮ੍ਰਿ੍ਰਤਸਰ ਵੱਲੋਂ ਤਿੰਨ ਲੱਖ ਦੀ ਮੰਗ ਕੀਤੀ ਗਈ ਸੀ। ਜ਼ਿਲ੍ਹਾ ਜੰਗਲਾਤ ਅਫਸਰ ਲੁਧਿਆਣਾ ਨੇ ਗੁਰਦੁਆਰਾ ਆਲਮਗੀਰ ਸਾਹਿਬ ਦੇ ਮੈਨੇਜਰ ਤੋਂ ਪੰਜ ਲੱਖ ਬੂਟੇ ਤਿਆਰ ਕਰਨ ਵਾਸਤੇ 25 ਲੱਖ ਦੇ ਫੰਡ ਮੰਗੇ ਸਨ। ਬਠਿੰਡਾ ਦੇ ਜ਼ਿਲ੍ਹਾ ਜੰਗਲਾਤ ਅਫਸਰ ਨੇ ਨੌਂ ਲੱਖ ਰੁਪਏ ਮੰਗੇ ਸਨ। ਮਗਰੋਂ ਸ਼੍ਰੋਮਣੀ ਕਮੇਟੀ ਨੇ ਅੱਧ ਪਚੱਧੇ ਫੰਡ ਜਾਰੀ ਕਰ ਦਿੱਤੇ।
          ਵਣ ਵਿਭਾਗ ਤੇ ਸ਼੍ਰੋਮਣੀ ਕਮੇਟੀ ਵੱਲੋਂ ਜੋ 20 ਜੁਲਾਈ, 2010 ਨੂੰ ਸਾਂਝੀ ਮੀਟਿੰਗ ਕੀਤੀ ਗਈ, ਉਸ ਵਿੱਚ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ 15 ਦਿਨ ਪਹਿਲਾਂ ਅਡਵਾਂਸ ਰਾਸ਼ੀ ਵਣ ਵਿਭਾਗ ਨੂੰ ਦੇਵੇਗੀ। ਜਦੋਂ 18 ਮਈ, 2011 ਨੂੰ ਮੁੜ ਮੀਟਿੰਗ ਹੋਈ ਤਾਂ ਜ਼ਿਲ੍ਹਾ ਜੰਗਲਾਤ ਅਫਸਰਾਂ ਨੇ ਜ਼ੋਰਦਾਰ ਤਰੀਕੇ ਨਾਲ ਮੁੱਦਾ ਉਠਾਇਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਫੰਡ ਨਹੀਂ ਦਿੱਤੇ ਜਾ ਰਹੇ ਹਨ। ਅੰਮ੍ਰਿਤਸਰ ਨਰਸਰੀ ਵਿੱਚੋਂ ਵਣ ਵਿਭਾਗ ਨੇ ਸਾਲ 2010-11 ਦੌਰਾਨ ਇੱਕ ਲੱਖ ਪੌਦੇ ਨੰਨ੍ਹੀ ਛਾਂ ਪ੍ਰਾਜੈਕਟ ਤਹਿਤ ਸਪਲਾਈ ਕੀਤੇ ਜਦੋਂਕਿ ਅਗਲੇ ਵਰ੍ਹੇ ਹੀ ਇਹ ਸਪਲਾਈ ਘਟ ਕੇ 74266 ਪੌਦਿਆਂ ਦੀ ਰਹਿ ਗਈ। ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ਦੇ ਮੈਨੇਜਰ ਵੱਲੋਂ ਰਾਸ਼ੀ ਜਾਰੀ ਹੀ ਨਹੀਂ ਕੀਤੀ ਗਈ।
            ਤਖ਼ਤ ਦਮਦਮਾ ਸਾਹਿਬ ਵਿਖੇ ਬਣਾਈ ਨਰਸਰੀ ਵਿੱਚ ਅਗਸਤ 2010 ਤੋਂ ਮਗਰੋਂ ਕੋਈ ਕੰਮ ਨਹੀਂ ਹੋਇਆ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਫੰਡ ਜਾਰੀ ਨਹੀਂ ਕੀਤੇ ਹਨ। ਨੰਨ੍ਹੀ ਛਾਂ ਪ੍ਰੋਗਰਾਮ ਦੀ ਆਖਰੀ ਮੀਟਿੰਗ ਵਿੱਚ ਵੀ ਫੰਡਾਂ ਦਾ ਰੌਲਾ ਹੀ ਪੈਂਦਾ ਰਿਹਾ। ਸ਼੍ਰੋਮਣੀ ਕਮੇਟੀ ਵੱਲੋਂ ਫੰਡ ਨਾ ਦਿੱਤੇ ਜਾਣ ਕਰਕੇ ਆਖਰ ਵਣ ਵਿਭਾਗ ਨੇ ਨਰਸਰੀਆਂ ਨੂੰ ਤਾਲੇ ਲਾਉਣੇ ਸ਼ੁਰੂ ਕਰ ਦਿੱਤੇ। ਤਖਤ ਦਮਦਮਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਹੁਣ ਜੰਗਲਾਤ ਵਿਭਾਗ ਤੋਂ ਖੁਦ ਪੌਦੇ ਖਰੀਦ ਕੀਤੇ ਜਾਂਦੇ ਹਨ। ਜੰਗਲਾਤ ਵਿਭਾਗ ਨੇ ਤਖਤ 'ਤੇ ਲਾਏ ਵਿਸ਼ੇਸ਼ ਕਾਊਂਟਰ ਤੋਂ ਮੁਲਾਜ਼ਮ ਹਟਾ ਲਏ ਹਨ। ਪਿਛਲੇ ਚਾਰ ਮਹੀਨੇ ਵਿੱਚ ਤਕਰੀਬਨ ਪੰਜ ਹਜ਼ਾਰ ਪੌਦਾ ਇਸ ਕਾਊਂਟਰ ਤੋਂ ਵੰਡਿਆ ਗਿਆ ਹੈ। ਵਣ ਵਿਭਾਗ ਨੇ ਸ਼੍ਰੋਮਣੀ ਕਮੇਟੀ ਨੂੰ ਹੁਣ ਬੂਟੇ ਵਿਸ਼ੇਸ਼ ਨਰਸਰੀਆਂ ਵਿੱਚ ਤਿਆਰ ਕਰਕੇ ਵੇਚਣੇ ਬੰਦ ਕਰ ਦਿੱਤੇ ਹਨ।
                                                        ਸਰਕਾਰੀ ਫੰਡ ਦੇਣ ਦੀ ਮਨਾਹੀ
ਜਦੋਂ ਸ਼੍ਰੋਮਣੀ ਕਮੇਟੀ ਨੇ ਪੌਦੇ ਤਿਆਰ ਕਰਨ ਵਾਸਤੇ ਵਣ ਵਿਭਾਗ ਨੂੰ ਸਰਕਾਰੀ ਫੰਡ ਵਰਤਣ ਲਈ ਆਖਿਆ ਤਾਂ ਪ੍ਰਧਾਨ ਮੁੱਖ ਵਣ ਪਾਲ ਪੰਜਾਬ ਨੇ ਸਪੱਸ਼ਟ ਕੀਤਾ ਕਿ ਨੰਨ੍ਹੀ ਛਾਂ ਪ੍ਰਾਜੈਕਟ ਲਈ ਸਰਕਾਰੀ ਬਜਟ ਵਿੱਚੋਂ ਕੋਈ ਰਾਸ਼ੀ ਖਰਚ ਨਹੀਂ ਕੀਤੀ ਜਾ ਸਕਦੀ। ਇਕਰਾਰਨਾਮੇ ਅਨੁਸਾਰ ਇਸ ਪ੍ਰੋਗਰਾਮ ਤਹਿਤ ਫੰਡ ਆਪਣੇ ਵਸੀਲਿਆਂ ਤੋਂ ਹੀ ਵਰਤੇ ਜਾਣੇ ਹਨ ਜਿਸ ਦਾ ਮਤਲਬ ਹੈ ਕਿ ਸ਼੍ਰੋਮਣੀ ਕਮੇਟੀ ਹੀ ਇਨ੍ਹਾਂ ਫੰਡਾਂ ਦਾ ਪ੍ਰਬੰਧ ਕਰੇਗੀ ਜਦੋਂਕਿ ਇਸ ਵਣ ਵਿਭਾਗ ਵੱਲੋਂ ਇਸ ਦਾ ਅਲੱਗ ਲੇਖਾ ਰੱਖਿਆ ਜਾਵੇਗਾ।

No comments:

Post a Comment