Tuesday, November 20, 2012

                                ਕਾਹਦੀ ਨੌਕਰੀ
                 ਰੱਬਾ ਰੱਬਾ ਵਿਆਹ ਕਰਵਾ !
                                ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਦੀ ਨੌਕਰੀ ਰੰਗਰੂਟਾਂ ਦੇ ਵਿਆਹ ਦੇ ਰਾਹ ਵਿੱਚ ਰੋੜਾ ਬਣ ਗਈ ਹੈ। ਇਨ੍ਹਾਂ ਦੀ ਰੁਜ਼ਗਾਰ ਦੀ ਸਮੱਸਿਆ ਹੱਲ ਹੋਈ ਤਾਂ ਹੁਣ ਵਿਆਹ ਦਾ ਸੰਕਟ ਬਣ ਗਿਆ ਹੈ। ਹਾਲਾਂ ਕਿ ਸਰਕਾਰੀ ਨੌਕਰੀ ਵਾਲੇ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਲਈ ਕਤਾਰਾਂ ਲੱਗ ਜਾਂਦੀਆਂ ਹਨ ਪਰ ਪੰਜਾਬ ਪੁਲੀਸ ਵਿੱਚ ਨਵੇਂ ਭਰਤੀ ਹੋਏ ਮੁੰਡੇ ਕੁੜੀਆਂ ਲਈ ਇਹ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ ਕਿ ਲੋਕ ਉਨ੍ਹਾਂ ਨਾਲ ਰਿਸ਼ਤਾ ਜੋੜਨ ਲਈ ਤਿਆਰ ਨਹੀਂ। ਨਵੇਂ ਭਰਤੀ ਹੋਏ ਰੰਗਰੂਟ ਖੁਦ ਵੀ ਪੁਲੀਸ ਵਿੱਚ ਭਰਤੀ ਹੋਈ ਲੜਕੀ ਨਾਲ ਰਿਸ਼ਤਾ ਕਰਾਉਣ ਨੂੰ ਤਿਆਰ ਨਹੀਂ ਹਨ। ਪੁਲੀਸ ਦੀ ਡਿਊਟੀ ਦਾ ਕੋਈ ਸਮਾਂ ਨਾ ਹੋਣ ਕਰਕੇ ਇਨ੍ਹਾਂ ਦੇ ਰਿਸ਼ਤੇ ਹੋਣ 'ਚ ਵੱਡਾ ਅੜਿੱਕਾ ਬਣ ਰਿਹਾ ਹੈ।
            ਪੰਜਾਬ ਪੁਲੀਸ ਵਿੱਚ ਮਹਿਲਾ ਪੁਲੀਸ ਦੀ ਭਰਤੀ 2009 ਤੋਂ ਹੁਣ ਤੱਕ ਹੋ ਰਹੀ ਹੈ। ਚਾਰ ਵਰ੍ਹਿਆਂ ਦੌਰਾਨ ਬਠਿੰਡਾ ਪੁਲੀਸ ਵਿੱਚ ਕਰੀਬ 300 ਲੜਕੀਆਂ ਭਰਤੀ ਹੋਈਆਂ ਹਨ। ਵਿਮੈਨ ਥਾਣਾ ਬਠਿੰਡਾ ਵਿੱਚ ਤਾਇਨਾਤ ਸਬ ਇੰਸਪੈਕਟਰ ਬੇਅੰਤ ਕੌਰ ਨੇ ਦੱਸਿਆ ਕਿ ਇਨ੍ਹਾਂ 'ਚੋਂ ਸਿਰਫ਼ ਦੋ ਚਾਰ ਲੜਕੀਆਂ ਦੇ ਹੀ ਰਿਸ਼ਤੇ ਹੋਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਅਸਲ ਵਿਚ ਸਮਾਜ ਪੁਰਾਣੀ ਸੋਚ ਨਾਲ ਹੀ ਬੱਝਾ ਹੋਇਆ ਹੈ ਜਦੋਂਕਿ ਜ਼ਮਾਨਾ ਬਦਲ ਚੁੱਕਾ ਹੈ ਜਿਸ ਦੇ ਹਾਣ ਦਾ ਸਮਾਜ ਨੂੰ ਬਣਨਾ ਹੀ ਪੈਣਾ ਹੈ। ਉਨ੍ਹਾਂ ਦੱਸਿਆ ਕਿ ਅਸਲ ਵਿੱਚ ਪੁਲੀਸ ਵਿਚ ਭਰਤੀ ਲੜਕੀਆਂ ਦਾ ਰਿਸ਼ਤਾ ਲੈਣ ਤੋਂ ਇਸ ਕਰਕੇ ਲੋਕ ਝਿਜਕਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਪੁਲੀਸ ਦੀ ਡਿਊਟੀ ਗ੍ਰਹਿਸਤੀ ਜੀਵਨ ਵਿੱਚ ਵਿਘਨ ਪਾਉਂਦੀ ਹੈ। ਉਨ੍ਹਾਂ ਆਖਿਆ ਕਿ ਜੇ ਪੁਲੀਸ ਵਾਲਾ ਲੜਕਾ ਲੜਕੀ ਆਪਸ ਵਿੱਚ ਜੀਵਨ ਸਾਥੀ ਬਣਦੇ ਹਨ ਤਾਂ ਗ੍ਰਹਿਸਤੀ ਜੀਵਨ ਹੋਰ ਵੀ ਵਧੀਆ ਹੋ ਸਕਦਾ ਹੈ ਕਿਉਂਕਿ ਦੋਵੇਂ ਧਿਰਾਂ ਡਿਊਟੀ ਦੇ ਸੁਭਾਅ ਤੇ ਕੰਮ ਤੋਂ ਜਾਣੂ ਹੁੰਦੀਆਂ ਹਨ।
             ਪਤਾ ਲੱਗਾ ਹੈ ਕਿ ਬਠਿੰਡਾ ਪੁਲੀਸ ਵਿੱਚ ਭਰਤੀ ਇੱਕ ਲੜਕੀ ਨੇ ਪ੍ਰੇਮ ਵਿਆਹ ਜ਼ਰੂਰ ਕਰਾਇਆ ਹੈ। ਜ਼ਿਲ੍ਹਾ ਪੁਲੀਸ ਦੀ ਇੱਕ ਹੋਰ ਮਹਿਲਾ ਲੜਕੀ ਨੇ ਆਪਣੇ ਪਿੰਡ ਦੀ ਹੀ ਇੱਕ ਲੜਕੀ ਨਾਲ ਵਿਆਹ ਕੀਤਾ ਹੈ ਜੋ ਕਾਫ਼ੀ ਚਰਚਾ ਵਿੱਚ ਰਿਹਾ ਹੈ। ਇਹ ਦੋਵੇਂ ਲੜਕੀਆਂ ਦੀ ਜੋੜੀ ਹੁਣ ਪੁਲੀਸ ਲਾਈਨ ਵਿੱਚ ਰਹਿ ਰਹੀ ਹੈ। ਇਨ੍ਹਾਂ ਲੜਕੀਆਂ ਨੇ ਆਪਸ ਵਿੱਚ ਵਿਆਹ ਕਰਾਉਣ ਦੇ ਮਾਮਲੇ 'ਤੇ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜੋ ਪੁਲੀਸ ਵਿੱਚ ਲੜਕੇ ਭਰਤੀ ਹੋਏ ਹਨ,ਉਨ੍ਹਾਂ ਨੂੰ ਨੌਕਰੀ ਵਾਲੀਆਂ ਲੜਕੀਆਂ ਦੇ ਰਿਸ਼ਤੇ ਨਹੀਂ ਆ ਰਹੇ ਤੇ ਪੁਲੀਸ ਵਾਲੀਆਂ ਲੜਕੀਆਂ ਦੇ ਹੀ ਰਿਸ਼ਤੇ ਆ ਰਹੇ ਹਨ। ਨਵੇਂ ਰੰਗਰੂਟ ਲੜਕਿਆਂ ਨੇ ਦੱਸਿਆ ਕਿ ਉਹ ਪੁਲੀਸ ਵਾਲੀ ਲੜਕੀ ਨਾਲ ਵਿਆਹ ਨਹੀਂ ਕਰਾਉਣਗੇ। ਰੰਗਰੂਟਾਂ ਨੇ ਆਪਣੀ ਪਹਿਲੀ ਪਸੰਦ ਅਧਿਆਪਕਾ ਦੱਸੀ।
           ਮੈਰਿਜ ਬਿਊਰੋ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤਇੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਕੋਲ ਪੁਲੀਸ ਵਾਲੇ ਤਿੰਨ ਲੜਕਿਆਂ ਤੇ ਚਾਰ ਲੜਕੀਆਂ ਦੇ ਰਿਸ਼ਤੇ ਨੋਟ ਹਨ ਪਰ ਸਮੱਸਿਆ ਇਹ ਹੈ ਕਿ ਜਦੋਂ ਰਿਸ਼ਤੇ ਦੇ ਚਾਹਵਾਨਾਂ ਨੂੰ ਪੁਲੀਸ ਵਿੱਚ ਲੜਕਾ ਜਾਂ ਲੜਕੀ ਹੋਣ ਦੀ ਦੱਸ ਪਾਈ ਜਾਂਦੀ ਹਾਂ ਤਾਂ ਉਹ ਤ੍ਰਿਭਕ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜੋ ਪੁਲੀਸ ਵਾਲੇ ਰੰਗਰੂਟ ਲੜਕੇ ਹਨ,ਉਹ ਵੀ ਪੁਲੀਸ ਵਾਲੀ ਲੜਕੀ ਦੀ ਥਾਂ ਅਧਿਆਪਕ ਲੜਕੀ ਦੀ ਭਾਲ ਵਿੱਚ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਵਾਲੀਆਂ ਲੜਕੀਆਂ ਦੇ ਮਾਮਲੇ ਵਿੱਚ ਨੌਜਵਾਨਾਂ ਦੇ ਮਾਪੇ ਇਹ ਆਖਦੇ ਹਨ ਕਿ ਪੁਲੀਸ ਦੀ ਡਿਊਟੀ ਦਾ ਕੋਈ ਸਮਾਂ ਨਹੀਂ ਹੁੰਦਾ। ਇਹ ਵੀ ਆਖਦੇ ਹਨ ਕਿ ਇਸ ਡਿਊਟੀ ਕਰਕੇ ਬੱਚਿਆਂ ਦੀ ਸੰਭਾਲ ਕੌਣ ਕਰੂ।
           ਬਠਿੰਡਾ ਦੇ ਅਰੋੜਾ ਮੈਰਿਜ ਬਿਊਰੋ ਦੇ ਪਰਮਜੀਤ ਸਿੰਘ ਅਰੋੜਾ ਦਾ ਕਹਿਣਾ ਸੀ ਕਿ ਉਸ ਕੋਲ ਕਰੀਬ 10 ਪੁਲੀਸ ਰੰਗਰੂਟਾਂ ਦੇ ਰਿਸ਼ਤੇ ਹਨ ਪਰ ਲੜਕੀ ਵਾਲੇ ਪੁਲੀਸ ਦੇ ਨਾਂ ਤੋਂ ਝਿਜਕ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਮਾਪੇ ਪੁਲੀਸ ਦੀ ਨੌਕਰੀ ਨੂੰ ਚੰਗਾ ਨਹੀਂ ਮੰਨਦੇ। ਉਨ੍ਹਾਂ ਦੱਸਿਆ ਕਿ ਹਾਲਾਂ ਕਿ ਇਹ ਲੜਕੇ ਚੰਗੇ ਪੜ੍ਹੇ ਲਿਖੇ ਹਨ ਅਤੇ ਚੰਗੇ ਘਰਾਂ ਦੇ ਹਨ ਪਰ ਪੁਲੀਸ ਦੀ ਨੌਕਰੀ ਉਨ੍ਹਾਂ ਦੇ ਰਾਹ ਵਿਚ ਅੜਿੱਕਾ ਬਣੀ ਹੋਈ ਹੈ।
              ਦੱਸਣਯੋਗ ਹੈ ਕਿ ਪੁਲੀਸ ਵਿੱਚ ਨਵੇਂ ਰੰਗਰੂਟਾਂ ਨੂੰ ਹੁਣ ਨਵੇਂ ਸਕੇਲਾਂ ਮੁਤਾਬਿਕ ਕਰੀਬ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦਾ ਹੈ। ਇਹ ਸਾਰੇ ਮੁੰਡੇ ਕੁੜੀਆਂ ਪਿਛਲੇ ਚਾਰ ਕੁ ਸਾਲਾਂ ਵਿੱਚ ਸਿਪਾਹੀ ਵਜੋਂ ਭਰਤੀ ਹੋਏ ਹਨ। ਇਨ੍ਹਾਂ ਦੀ ਨਵੀਂ ਸੋਚ ਹੈ ਤੇ ਡਿਊਟੀ ਪ੍ਰਤੀ ਤਨਦੇਹੀ ਤੇ ਇਮਾਨਦਾਰੀ ਵੀ ਕਾਫ਼ੀ ਹੈ। ਫਿਰ ਵੀ ਇਨ੍ਹਾਂ ਲਈ ਵਿਆਹ ਦਾ ਸੰਕਟ ਬਣ ਗਿਆ ਹੈ। ਪੰਜਾਬ ਪੁਲੀਸ ਵਿੱਚ ਇਸ ਤੋਂ ਪਹਿਲਾਂ ਖਾਸ ਕਰਕੇ ਮਹਿਲਾ ਪੁਲੀਸ ਦੇ ਮਾਮਲੇ ਵਿੱਚ ਭਰਤੀ ਬੰਦ ਰਹੀ ਹੈ। ਪਹਿਲਾਂ ਪੁਲੀਸ ਵਿੱਚ ਸਿਰਫ਼ ਮਹਿਲਾਵਾਂ ਸਪੋਰਟਸ ਕੋਟੇ ਵਿੱਚੋਂ ਹੀ ਭਰਤੀ ਹੋਈਆਂ ਹਨ ਜਾਂ ਫਿਰ ਵਿਧਵਾ ਮਹਿਲਾਵਾਂ ਤਰਸ ਦੇ ਆਧਾਰ 'ਤੇ ਭਰਤੀ ਹੋਈਆਂ ਹਨ।

No comments:

Post a Comment