Tuesday, October 30, 2012

                               ਕਾਣੀ ਵੰਡ
          ਕਿਸੇ ਨੂੰ ਗੱਫੇ ਤੇ ਕਿਸੇ ਨੂੰ ਧੱਫੇ
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਗੰਨਮੈਨ ਦੇਣ ਵਿੱਚ ਕਾਣੀ ਵੰਡ ਕੀਤੀ ਗਈ ਹੈ। ਪੰਜਾਬ ਪੁਲੀਸ ਨੇ ਸਾਬਕਾ ਵਿਧਾਇਕਾਂ ਦੀ ਸੁਰੱਖਿਆ ਛਤਰੀ ਛਾਂਗ ਦਿੱਤੀ ਹੈ ਜਦੋਂਕਿ ਹਾਕਮ ਧਿਰ ਦੇ ਬਿਨਾਂ ਸਰਕਾਰੀ ਅਹੁਦੇ ਵਾਲੇ ਲੀਡਰਾਂ ਕੋਲ ਵੀ ਗੰਨਮੈਨ ਹਨ। ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਅੱਜ ਹੋਏ ਕਤਲ ਮਗਰੋਂ ਸਾਬਕਾ ਵਿਧਾਇਕ ਸਹਿਮੇ ਹੋਏ ਹਨ। ਗ੍ਰਹਿ ਵਿਭਾਗ ਪੰਜਾਬ ਵੱਲੋਂ ਪਿਛਲੇ ਸਮੇਂ ਵਿੱਚ ਵਾਧੂ ਸੁਰੱਖਿਆ ਗਾਰਦ ਹਟਾਏ ਗਏ ਸਨ ਪਰ ਥੋੜ੍ਹੇ ਸਮੇਂ ਮਗਰੋਂ ਫਿਰ ਇੰਨੇ ਹੀ ਗੰਨਮੈਨ ਵੀ ਆਈ ਪੀਜ਼ ਦੀ ਸੁਰੱਖਿਆ 'ਤੇ ਤਾਇਨਾਤ ਕਰ ਦਿੱਤੇ ਗਏ। ਜ਼ਿਆਦਾ ਗੰਨਮੈਨ ਕਾਂਗਰਸ ਲੀਡਰਾਂ ਨਾਲੋਂ ਹਟਾਏ ਗਏ ਸਨ। ਹਾਕਮ ਧਿਰ ਦੇ ਹਾਰੇ ਹੋਏ ਉਮੀਦਵਾਰਾਂ ਦੀ ਸੁਰੱਖਿਆ ਛਤਰੀ ਕਾਫ਼ੀ ਮਜ਼ਬੂਤ ਹੈ। ਪੰਜਾਬ ਪੁਲੀਸ ਨੇ ਹਰਿਆਣਾ ਦੇ ਇਨੈਲੋ ਦੇ ਪ੍ਰਧਾਨ ਚੌਧਰੀ ਆਦਿ ਲਾਲ ਜਾਖੜ ਨੂੰ ਦੋ ਗੰਨਮੈਨ ਦਿੱਤੇ ਹੋਏ ਹਨ ਤੇ ਅਭੈ ਚੌਟਾਲਾ ਨਾਲ ਵੀ ਪੰਜਾਬ ਪੁਲੀਸ ਦੇ ਦੋ ਗੰਨਮੈਨ ਹਨ। ਸੂਚਨਾ ਦੇ ਅਧਿਕਾਰ ਤਹਿਤ ਜੋ ਪੰਜਾਬ ਪੁਲੀਸ ਵੱਲੋਂ ਤਾਜ਼ਾ ਵੇਰਵੇ ਦਿੱਤੇ ਗਏ ਹਨ,ਉਨ੍ਹਾਂ ਵਿੱਚ ਇਹ ਖੁਲਾਸਾ ਹੋਇਆ ਹੈ। ਕਾਂਗਰਸ ਦੇ ਸਾਬਕਾ ਵਿਧਾਇਕ ਮੱਖਣ ਸਿੰਘ ਨਾਲ ਪਹਿਲਾਂ ਚਾਰ ਗੰਨਮੈਨ ਸਨ ਜਿਨ੍ਹਾਂ 'ਚੋਂ ਤਿੰਨ ਵਾਪਸ ਲੈ ਲਏ ਗਏ। ਸ੍ਰੀ ਮੱਖਣ ਸਿੰਘ ਦਾ ਕਹਿਣਾ ਸੀ ਕਿ ਜਦੋਂ ਇਕਲੌਤਾ ਗੰਨਮੈਨ ਛੁੱਟੀ ਚਲਾ ਜਾਂਦਾ ਹੈ ਤਾਂ ਉਨ੍ਹਾਂ ਦੀ ਸੁਰੱਖਿਆ ਲਈ ਕੋਈ ਨਹੀਂ ਬਚਦਾ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਕਾਫ਼ੀ ਖਰਾਬ ਹੈ ਤੇ ਉਸ ਨੇ ਅਤਿਵਾਦ ਖ਼ਿਲਾਫ਼ ਲੜਾਈ ਲੜੀ ਹੈ। ਉਨ੍ਹਾਂ ਆਖਿਆ ਕਿ ਮਲਕੀਤ ਸਿੰਘ ਕੀਤੂ ਦੀ ਘਟਨਾ ਵੀ ਇਸ ਦੀ ਗਵਾਹੀ ਭਰਦੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਏ ਡੀ ਜੀ ਪੀ ਸੁਰੱਖਿਆ ਨੂੰ ਗਾਰਦ ਲੈਣ ਲਈ ਫੈਕਸ ਭੇਜੀ ਹੈ।
            ਸਾਬਕਾ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਕੋਲ ਚਾਰ ਸੁਰੱਖਿਆ ਗਾਰਦਾਂ 'ਚੋਂ ਤਿੰਨ ਵਾਪਸ ਲੈ ਲਏ ਹਨ। ਸ੍ਰੀ ਕਾਂਗੜ ਨੇ ਸੁਰੱਖਿਆ ਗਾਰਦ ਲੈਣ ਖਾਤਰ ਹਾਈ ਕੋਰਟ ਪਟੀਸ਼ਨ ਵੀ ਦਾਇਰ ਕੀਤੀ ਸੀ ਜਿਸ 'ਤੇ ਹਾਈ ਕੋਰਟ ਨੇ ਪੰਜਾਬ ਪੁਲੀਸ ਨੂੰ ਕਾਂਗੜ ਦੀ ਸਕਿਊਰਿਟੀ ਰੀਵਿਊ ਕਰਨ ਲਈ ਆਖਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਸ ਦੇ ਸਾਥੀ ਦਾ ਕਤਲ ਕਰਾਇਆ ਜਾ ਚੁੱਕਾ ਹੈ ਤੇ ਉਸ ਕੋਲ ਜੋ ਇਕੱਲਾ ਗੰਨਮੈਨ ਹੈ, ਉਸ ਲਈ ਸੰਭਵ ਨਹੀਂ ਕਿ ਉਹ ਬਿਨਾਂ ਛੁੱਟੀ ਤੋ ਲਗਾਤਾਰ 30 ਦਿਨ ਡਿਊਟੀ ਕਰ ਸਕੇ। ਸੂਤਰ ਅਨੁਸਾਰ ਪੰਜਾਬ ਪੁਲੀਸ ਵੱਲੋਂ ਹਲਕਾ ਭਦੌੜ ਤੋਂ ਹਾਰੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਅਸਕੌਰਟ ਦਿੱਤੀ ਹੋਈ ਹੈ। ਕਰੀਬ ਅੱਧੀ ਦਰਜਨ ਗੰਨਮੈਨ ਉਨ੍ਹਾਂ ਨਾਲ ਤੈਨਾਤ ਹਨ। ਸਰਕਾਰੀ ਸੂਚਨਾ ਅਨੁਸਾਰ ਪੰਜਾਬ ਪੁਲੀਸ ਨੇ ਸ਼੍ਰੋਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਮਾਨ ਨੂੰ 6 ਗੰਨਮੈਨ ਦਿੱਤੇ ਹੋਏ ਹਨ ਜਦੋਂਕਿ ਸ਼੍ਰੋਮਣੀ ਕਮੇਟੀ ਮੈਂਬਰ ਮੱਖਣ ਸਿੰਘ ਨੰਗਲ ਨਾਲ ਇੱਕ ਗੰਨਮੈਨ  ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਇੱਕ ਅਕਾਲੀ ਨੇਤਾ ਰਾਂਝਾ ਸਿੰਘ ਨੂੰ ਇੱਕ ਗੰਨਮੈਨ ਤੇ ਭਾਜਪਾ ਦੇ ਯੂਥ ਪ੍ਰਧਾਨ ਸੰਦੀਪ ਰਿਣਵਾ ਨੂੰ ਦੋ ਗੰਨਮੈਨ ਦਿੱਤੇ ਹੋਏ ਹਨ। ਦੂਸਰੀ ਤਰਫ਼ ਕਾਂਗਰਸ ਦੇ ਸਾਬਕਾ ਵਿਧਾਇਕ ਮਹਿੰਦਰ ਕੁਮਾਰ ਰਿਣਵਾ ਕੋਲ ਇੱਕ ਗੰਨਮੈਨ ਹੈ। ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਕੋਲ ਇੱਕ ਦਰਜਨ ਗੰਨਮੈਨ ਹਨ। ਵਿਧਾਇਕ ਸੁਨੀਲ ਕੁਮਾਰ ਜਾਖੜ ਕੋਲ ਪਹਿਲਾਂ ਤਿੰਨ ਗੰਨਮੈਨ ਸਨ ਜਦੋਂ ਉਹ ਵਿਰੋਧੀ ਧਿਰ ਦੇ ਨੇਤਾ ਬਣ ਗਏ ਤਾਂ ਉਨ੍ਹਾਂ ਨੂੰ 6 ਗੰਨਮੈਨ ਹੋਰ ਦੇ ਦਿੱਤੇ ਗਏ ਹਨ। ਤਲਵੰਡੀ ਸਾਬੋ ਅਸੈਂਬਲੀ ਹਲਕੇ ਤੋਂ ਅਕਾਲੀ ਦਲ ਦੇ ਹਾਰੇ ਉਮੀਦਵਾਰ ਕੋਲ ਵੀ ਕਾਂਗਰਸ ਦੇ ਸਾਬਕਾ ਵਿਧਾਇਕਾਂ ਨਾਲੋਂ ਜ਼ਿਆਦਾ ਗੰਨਮੈਨ ਹਨ।
          ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਤੋਂ 8 ਗੰਨਮੈਨ ਵਾਪਸ ਲਏ ਗਏ ਹਨ ਜਦੋਂਕਿ ਅਕਾਲੀ ਨੇਤਾ ਕੰਵਲਜੀਤ ਸਿੰਘ ਉਰਫ ਰੋਜ਼ੀ ਬਰਕੰਦੀ ਤੋਂ 4 ਗੰਨਮੈਨ ਵਾਪਸ ਲਏ ਗਏ ਹਨ। ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ੍ਹ ਤੋਂ ਤਿੰਨ ਗੰਨਮੈਨ ਵਾਪਸ ਲਏ ਗਏ ਹਨ। ਪਿਛਲੇ ਸਮੇਂ ਵਿੱਚ ਜਦੋਂ ਸੁਰੱਖਿਆ ਰੀਵਿਊ ਹੋਈ ਤਾਂ ਜ਼ਿਲ੍ਹਾ ਮੋਗਾ 'ਚ ਵੀ ਆਈ ਪੀਜ਼ ਤੋਂ 8 ਗੰਨਮੈਨ ਵਾਪਸ ਲੈ ਗਏ। ਦਿਲਚਸਪ ਗੱਲ ਇਹ ਹੈ ਕਿ ਇਸੇ ਸਮੇਂ ਦੌਰਾਨ ਵੀ ਆਈ ਪੀਜ਼ ਨਾਲ ਇੱਕ ਦਰਜਨ ਗੰਨਮੈਨ ਹੋਰ ਤਾਇਨਾਤ ਕਰ ਦਿੱਤੇ ਗਏ ਹਨ। ਜ਼ਿਲ੍ਹਾ ਫਿਰੋਜ਼ਪੁਰ ਵਿੱਚ 14 ਗੰਨਮੈਨ ਵਾਪਸ ਲਏ ਗਏ ਸਨ।  ਜ਼ਿਲ੍ਹਾ ਮਾਨਸਾ ਵਿੱਚ ਸੁਰੱਖਿਆ ਰੀਵਿਊ ਕਰਨ ਮਗਰੋਂ ਵੀ ਆਈ ਪੀਜ਼ ਤੋਂ 9 ਗੰਨਮੈਨ ਵਾਪਸ ਲਏ ਸਨ ਜਦੋਂਕਿ ਨਵੇਂ ਵੀ ਆਈ ਪੀਜ਼ ਨੂੰ ਇਸੇ ਦੌਰਾਨ 8 ਗੰਨਮੈਨ ਦੇ ਦਿੱਤੇ ਗਏ ਹਨ। ਜ਼ਿਲ੍ਹਾ ਫਰੀਦਕੋਟ ਵਿੱਚ ਤਾਂ ਪੁਲੀਸ ਵੱਲੋਂ ਆਰਜ਼ੀ ਤੌਰ 'ਤੇ ਵੀ ਗੰਨਮੈਨ ਤਾਇਨਾਤ ਕੀਤੇ ਹੋਏ ਹਨ। ਇਸ ਜ਼ਿਲ੍ਹੇ ਵਿੱਚ ਰੋਜ਼ਨਾਮਚੇ ਵਿੱਚ ਰਪਟ ਪਾ ਕੇ ਵੀ ਆਈ ਪੀਜ਼ ਨਾਲ ਗੰਨਮੈਨ ਤਾਇਨਾਤ ਕਰ ਦਿੱਤੇ ਜਾਂਦੇ ਹਨ। ਇਸ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਬਲਵੀਰ ਸਿੰਘ ਨੰਗਲ ਨੂੰ 11 ਫਰਵਰੀ 2010 ਤੋਂ ਇੱਕ ਗੰਨਮੈਨ ਦਿੱਤਾ ਹੋਇਆ ਹੈ। ਜ਼ਿਲ੍ਹਾ ਫਾਜ਼ਿਲਕਾ ਵਿੱਚ ਸੁਰੱਖਿਆ ਰੀਵਿਊ ਕਰਨ ਮਗਰੋਂ ਪਿਛਲੇ ਸਮੇਂ ਵਿੱਚ 26 ਗੰਨਮੈਨ ਵਾਪਸ ਲਏ ਗਏ ਸਨ ਤੇ ਕੁਝ ਸਮੇਂ ਮਗਰੋਂ ਇੱਕ ਦਰਜਨ ਸੁਰੱਖਿਆ ਗਾਰਦ ਮੁੜ ਵੀ ਆਈ ਪੀਜ਼ ਨਾਲ ਤਾਇਨਾਤ ਕਰ ਦਿੱਤੇ ਗਏ ਹਨ।
            ਜ਼ਿਲ੍ਹਾ ਬਠਿੰਡਾ ਵਿੱਚ ਇੱਕ ਦੋ ਸਧਾਰਨ ਕਾਂਗਰਸੀ ਲੀਡਰਾਂ ਕੋਲ ਦੋ ਦੋ ਗੰਨਮੈਨ ਹਨ ਜਦੋਂਕਿ ਸਾਬਕਾ ਵਿਧਾਇਕਾਂ ਕੋਲ ਇੱਕ ਇੱਕ ਗੰਨਮੈਨ ਹੈ। ਇਸ ਜ਼ਿਲ੍ਹੇ ਵਿੱਚ ਇੱਕ ਦੋ ਨੇਤਾਵਾਂ ਨੂੰ ਪੁਲੀਸ ਲਾਈਨ ਦੇ ਰੋਜ਼ਨਾਮਚੇ ਵਿੱਚ ਵੀ ਰਪਟ ਪਾ ਕੇ ਵੀ ਸੁਰੱਖਿਆ ਗਾਰਦ ਦਿੱਤੇ ਹੋਏ ਹਨ। ਇਸ ਤੋਂ ਇਲਾਵਾ ਜੋ ਮੌਜੂਦਾ ਵਿਧਾਇਕ ਹਨ,ਉਨ੍ਹਾਂ ਨੂੰ ਗੰਨਮੈਨ ਵੀ ਸਿਆਸੀ ਆਧਾਰ 'ਤੇ ਹੀ ਦਿੱਤੇ ਹੋਏ ਹਨ। ਨਾਰਮਜ਼ ਅਨੁਸਾਰ ਇੱਕ ਵਿਧਾਇਕ ਨੂੰ ਚਾਰ ਗੰਨਮੈਨ ਦਿੱਤੇ ਜਾਂਦੇ ਹਨ। ਮਿਸਾਲ ਦੇ ਤੌਰ 'ਤੇ ਕਾਂਗਰਸੀ ਵਿਧਾਇਕ ਅਜਾਇਬ ਸਿੰਘ ਭੱਟੀ ਨੂੰ ਚਾਰ ਗੰਨਮੈਨ ਦਿੱਤੇ ਹੋਏ ਹਨ ਜਦੋਂਕਿ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਵਿਧਾਇਕ ਗੁਰਤੇਜ ਸਿੰਘ ਘੜਿਆਣਾ ਨੂੰ 6 ਗੰਨਮੈਨ ਦਿੱਤੇ ਹੋਏ ਹਨ। ਮਾਨਸਾ ਜਿਲ੍ਹੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਦੋ ਗੰਨਮੈਨ ਦਿੱਤੇ ਹੋਏ ਹਨ ਜੋ ਕਿ ਹੁਣ ਅਕਾਲੀ ਦਲ ਵਿੱਚ ਸਾਮਲ ਹੋ ਗਏ ਹਨ। ਹਲਕਾ ਨਥਾਣਾ ਤੋਂ ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਕੋਲ ਪਹਿਲਾਂ ਦੋ ਗੰਨਮੈਨ ਸਨ ਜਦੋਂ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਤਾਂ ਉਨ੍ਹਾਂ ਤੋਂ ਦੋਵੇਂ ਗੰਨਮੈਨ ਵਾਪਸ ਲੈ ਲਏ।

No comments:

Post a Comment