Thursday, October 25, 2012

                                ਵਿਚਾਰੇ ਸਾਹਬ 
       ਪੰਜਾਬ ਦੇ ਡਿਪਟੀ ਕਮਿਸ਼ਨਰ ਗਰੀਬ   
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਇੱਕ ਦਰਜਨ ਡਿਪਟੀ ਕਮਿਸ਼ਨਰ ਗਰੀਬ ਹਨ ਜਿਨ੍ਹਾਂ ਕੋਲ ਕੋਈ ਅਚੱਲ ਸੰਪਤੀ ਨਹੀਂ ਹੈ। ਇਨ੍ਹਾਂ ਵਿਚੋਂ ਪੰਜ ਡਿਪਟੀ ਕਮਿਸ਼ਨਰਾਂ ਨੇ ਮੁਹਾਲੀ ਵਿਚ ਪਲਾਟ ਦੀ ਅਲਾਟਮੈਂਟ ਲਈ ਰਕਮ ਭਰੀ ਹੋਈ ਹੈ, ਪ੍ਰੰਤੂ ਉਨ੍ਹਾਂ ਨੂੰ ਪਲਾਟ ਅਜੇ ਨਹੀਂ ਮਿਲੇ। ਇਨ੍ਹਾਂ ਡਿਪਟੀ ਕਮਿਸ਼ਨਰਾਂ ਦਾ ਸਿਰਫ਼ ਤਨਖਾਹ ਨਾਲ ਗੁਜ਼ਾਰਾ ਚੱਲਦਾ ਹੈ। ਡਿਪਟੀ ਕਮਿਸ਼ਨਰ ਦਾ ਅਹੁਦਾ ਛੋਟਾ ਨਹੀਂ ਹੈ। ਉਨ੍ਹਾਂ ਦੀ ਤਨਖਾਹ ਵੀ ਛੋਟੀ ਨਹੀਂ। ਫਿਰ ਵੀ ਸਿਰਫ਼ ਤਿੰਨ ਡਿਪਟੀ ਕਮਿਸ਼ਨਰ ਕਰੋੜਪਤੀ ਹਨ। ਅੱਧੀ ਦਰਜਨ ਲੱਖਪਤੀ ਹਨ। ਡਿਪਟੀ ਕਮਿਸ਼ਨਰਾਂ ਕੋਲ ਵੱਡੇ ਵੱਡੇ ਸਰਕਾਰੀ ਘਰ ਹਨ, ਅਮਲਾ ਫੈਲਾ ਵੀ ਬਹੁਤ ਹੈ। ਇਸ ਸਭ ਦੇ ਬਾਵਜੂਦ ਉਨ੍ਹਾਂ ਕੋਲ ਅਚੱਲ ਸੰਪਤੀ ਦੀ ਕਮੀ ਹੈ।
            ਕੇਂਦਰੀ ਪਰਸੋਨਲ ਮੰਤਰਾਲੇ ਵਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਜੋ ਵੇਰਵੇ ਦਿੱਤੇ ਗਏ ਹਨ,ਉਨ੍ਹਾਂ ਅਨੁਸਾਰ ਹੁਸ਼ਿਆਰਪੁਰ ਦੇ ਡੀ.ਸੀ. ਦੀ ਸੰਪਤੀ ਸਭ ਤੋਂ ਜ਼ਿਆਦਾ ਹੈ। ਜ਼ਿਲ੍ਹਾ ਮੁਕਤਸਰ ਦੇ ਡਿਪਟੀ ਕਮਿਸ਼ਨਰ ਵਲੋਂ ਹਾਲੇ ਤੱਕ ਪ੍ਰਾਪਰਟੀ ਦੀ ਰਿਟਰਨ ਫਾਈਲ ਨਹੀਂ ਕੀਤੀ ਗਈ ਹੈ।  ਪੰਜਾਬ ਦੇ ਬਾਕੀ 21 ਡਿਪਟੀ ਕਮਿਸ਼ਨਰਾਂ ਨੇ ਸਾਲ ਦਸੰਬਰ 2011 ਤੱਕ ਦੀ ਅਚੱਲ ਸੰਪਤੀ ਦੀ ਆਖਰੀ ਰਿਟਰਨ ਜੋ ਮੰਤਰਾਲੇ ਨੂੰ ਸੌਂਪੀ ਹੈ, ਉਸ ਅਨੁਸਾਰ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਡਾ. ਰਵੀ ਭਗਤ, ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਅਭਿਨਵ ਤ੍ਰਿਖਾ, ਪਠਾਨਕੋਟ ਦੇ ਡਿਪਟੀ ਕਮਿਸ਼ਨਰ ਸੀ ਸਿਬਨ,ਨਵਾਂ ਸ਼ਹਿਰ ਦੀ ਡਿਪਟੀ ਕਮਿਸ਼ਨਰ ਤਨੂ ਕਸ਼ਯਪ,ਸੰਗਰੂਰ ਦੇ ਡਿਪਟੀ ਕਮਿਸ਼ਨਰ ਕੁਮਾਰ ਰਾਹੁਲ,ਬਰਨਾਲਾ ਦੀ ਡਿਪਟੀ ਕਮਿਸ਼ਨਰ ਕਵਿਤਾ ਮੋਹਨ ਸਿੰਘ ਚੌਹਾਨ ਅਤੇ ਰੋਪੜ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਕੋਲ ਕੋਈ ਅਚੱਲ ਸੰਪਤੀ ਨਹੀਂ। ਇਨ੍ਹਾਂ ਨੇ ਆਪਣੀ ਰਿਟਰਨ ਵਿੱਚ ਪ੍ਰਾਪਰਟੀ ਦਾ ਵੇਰਵਾ 'ਨਿਲ' ਲਿਖ ਕੇ ਭੇਜਿਆ ਹੈ।
             ਜਿਨ੍ਹਾਂ ਡਿਪਟੀ ਕਮਿਸ਼ਨਰਾਂ ਵੱਲੋਂ ਆਈ ਏ ਐਸ ਪੀ ਸੀ ਐਸ ਕੋਆਪਰੇਟਿਵ ਹਾਊਸਿੰਗ ਕਲੋਨੀ, ਮੁਹਾਲੀ ਵਿੱਚ ਪਲਾਟ ਦੀ ਅਲਾਟਮੈਂਟ ਲਈ ਰਕਮ ਭਰੀ ਗਈ ਹੈ,ਉਨ੍ਹਾਂ ਵਿੱਚ ਮਾਨਸਾ ਦੇ ਡਿਪਟੀ ਕਮਿਸ਼ਨਰ ਅਮਿਤ ਢਾਕਾ,ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਬਸੰਤ ਗਰਗ,ਲੁਧਿਆਣਾ ਦੇ ਡਿਪਟੀ ਕਮਿਸ਼ਨਰ ਰਾਹੁਲ ਤਿਵਾੜੀ,ਮੁਹਾਲੀ ਦੇ ਵਰਣ ਰੂਜ਼ਮ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਸ਼ਾਮਲ ਹਨ।  ਇਨ੍ਹਾਂ ਡਿਪਟੀ ਕਮਿਸ਼ਨਰਾਂ ਨੇ ਰਕਮ ਤਾਂ ਭਰ ਦਿੱਤੀ ਹੈ ਪ੍ਰੰਤੂ ਹਾਲੇ ਪਲਾਟ ਦਾ ਕਬਜ਼ਾ ਨਹੀਂ ਮਿਲਿਆ ਹੈ। ਇਨ੍ਹਾਂ ਡਿਪਟੀ ਕਮਿਸ਼ਨਰਾਂ ਕੋਲ ਹੋਰ ਕੋਈ ਅਚੱਲ ਸੰਪਤੀ ਨਹੀਂ ਹੈ। ਇਨ੍ਹਾਂ ਵਿਚੋਂ ਕਈ ਡਿਪਟੀ ਕਮਿਸ਼ਨਰਾਂ ਨੇ ਬੈਂਕਾਂ ਤੋਂ ਕਰਜ਼ਾ ਚੁੱਕ ਕੇ ਪੈਸਾ ਭਰਿਆ ਹੈ। ਲੱਖਪਤੀ ਡਿਪਟੀ ਕਮਿਸ਼ਨਰਾਂ ਦੀ ਗੱਲ ਕਰੀਏ ਤਾਂ ਜਲੰਧਰ ਦੀ ਡਿਪਟੀ ਕਮਿਸ਼ਨਰ ਪ੍ਰਿਅੰਕਾ ਭਾਰਤੀ ਕੋਲ ਫ਼ਰੀਦਾਬਾਦ ਦੇ ਸੈਕਟਰ 59 ਵਿੱਚ 220 ਵਰਗ ਗਜ਼ ਦਾ ਪਲਾਟ ਹੈ ਜਿਸ ਦੀ ਮਾਰਕੀਟ ਕੀਮਤ 25 ਲੱਖ ਰੁਪਏ ਦੱਸੀ ਗਈ ਹੈ। ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਐਸ ਕੇ ਰਾਜੂ ਕੋਲ ਛਤੀਸਗੜ੍ਹ ਦੇ ਰਾਜਪੁਰਾ ਪਿੰਡ ਵਿੱਚ 4024 ਵਰਗ ਗਜ਼ ਜਗ੍ਹਾ ਹੈ ਜਿਸ ਦੀ ਕੀਮਤ 50 ਲੱਖ ਰੁਪਏ ਦੱਸੀ ਗਈ ਹੈ। ਫਤਹਿਗੜ ਸਾਹਿਬ ਦੇ ਡਿਪਟੀ ਕਮਿਸ਼ਨਰ ਯਸ਼ਵੀਰ ਮਹਾਜਨ ਕੋਲ ਪੰਚਕੂਲਾ ਵਿੱਚ 14 ਮਰਲੇ ਜਗ੍ਹਾ ਹੈ।
             ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸਤਵੰਤ ਸਿੰਘ ਜੌਹਲ ਕੋਲ ਪਿੰਡ ਜੌਹਲ ਵਿੱਚ ਜੱਦੀ ਪੁਸ਼ਤੀ ਘਰ ਹੈ ਜਿਸ ਦੀ ਕੀਮਤ 15 ਤੋਂ 20 ਲੱਖ ਰੁਪਏ ਦੱਸੀ ਗਈ ਹੈ। ਇਸੇ ਤਰ੍ਹਾਂ ਉਨ੍ਹਾਂ ਕੋਲ ਸੁਲਤਾਨਵਿੰਡ ਵਿੱਚ 10 ਮਰਲੇ ਦਾ ਪਲਾਟ ਹੈ ਜਿਸ ਦੀ ਮਾਰਕੀਟ ਕੀਮਤ 20 ਤੋਂ 25 ਲੱਖ ਰੁਪਏ ਦੱਸੀ ਗਈ ਹੈ। ਉਨ੍ਹਾਂ ਲਿਖਿਆ ਹੈ ਕਿ ਸਾਲ 2008 ਵਿੱਚ ਇੱਕ ਪਲਾਟ ਵੇਚ ਕੇ ਇਹ ਜਗ੍ਹਾ ਲਈ ਗਈ ਸੀ। ਕਪੂਰਥਲਾ ਦੀ ਡਿਪਟੀ ਕਮਿਸ਼ਨਰ ਅਲਕਨੰਦਾ ਦਿਆਲ ਵੱਲੋਂ 15 ਮਾਰਚ 2012 ਨੂੰ ਭਰੀ ਰਿਟਰਨ ਅਨੁਸਾਰ ਉਨ੍ਹਾਂ ਕੋਲ ਨੋਇਡਾ ਦੇ (ਗੌਤਮ ਬੁੱਧ ਨਗਰ) ਵਿੱਚ 350 ਵਰਗ ਗਜ਼ ਦਾ ਰਿਹਾਇਸ਼ੀ ਮਕਾਨ ਹੈ ਜਿਸ ਦੀ ਮਾਰਕੀਟ ਕੀਮਤ 40 ਲੱਖ ਰੁਪਏ ਹੈ।  ਪਟਿਆਲਾ ਦੇ ਡਿਪਟੀ ਕਮਿਸ਼ਨਰ ਦੀ ਚੰਡੀਗੜ੍ਹ ਵਿੱਚ ਕੁਝ ਸੰਪਤੀ ਵਿੱਚ ਭਾਈਵਾਲੀ ਹੈ ਜਦੋਂ ਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਕੇ ਕੇ ਯਾਦਵ ਕੋਲ ਜੈਪੁਰ ਵਿੱਚ 252 ਵਰਗ ਗਜ਼ ਦਾ ਪਲਾਟ ਹੈ ਜਿਸ ਦੀ ਮਾਰਕੀਟ ਕੀਮਤ 7 ਲੱਖ 50 ਹਜ਼ਾਰ ਰੁਪਏ ਦੱਸੀ ਗਈ ਹੈ। ਇਹ ਪਲਾਟ ਉਨ੍ਹਾਂ ਦੀ ਪਤਨੀ ਦੇ ਨਾਮ 'ਤੇ ਹੈ।  ਇਸ ਡਿਪਟੀ ਕਮਿਸ਼ਨਰ ਨੇ ਮੁਹਾਲੀ ਵਿਚ ਸਹਿਕਾਰੀ ਹਾਊਸਿੰਗ ਸੁਸਾਇਟੀ ਕੋਲ ਵੀ 23 ਲੱਖ 90 ਹਜ਼ਾਰ ਰੁਪਏ ਦੀ ਰਕਮ 500 ਵਰਗ ਗਜ਼ ਦੇ ਪਲਾਟ ਲਈ ਭਰੀ ਹੋਈ ਹੈ। ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਅੱਧੀ ਦਰਜਨ ਪਿੰਡਾਂ ਵਿੱਚ ਕਰੀਬ 17 ਏਕੜ ਖੇਤੀਬਾੜੀ ਵਾਲੀ ਜ਼ਮੀਨ ਹੈ ਜਿਸ ਦਾ ਪ੍ਰਤੀ ਏਕੜ 27 ਹਜ਼ਾਰ ਰੁਪਏ ਠੇਕਾ ਮਿਲਦਾ ਹੈ। ਉਨ੍ਹਾਂ ਦਾ ਜਲੰਧਰ ਵਿੱਚ ਇੱਕ ਪਲਾਟ ਵੀ ਹੈ।
                                                  ਹੁਸ਼ਿਆਰਪੁਰ ਦਾ ਡੀ ਸੀ ਸਭ ਤੋਂ ਅਮੀਰ
ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਦੀਪਇੰਦਰ ਸਿੰਘ ਕੋਲ ਡਿਪਟੀ ਕਮਿਸ਼ਨਰਾਂ 'ਚੋਂ ਸਭ ਤੋਂ ਜ਼ਿਆਦਾ ਅਚੱਲ ਸੰਪਤੀ ਹੈ। ਇਹ ਅੱਠ ਕਰੋੜ ਰੁਪਏ ਦੀ ਹੈ। ਇਹ ਸਾਰੀ ਸੰਪਤੀ ਉਨ੍ਹਾਂ ਦੀ ਪਤਨੀ ਰੁਪਿੰਦਰਪਾਲ ਕੌਰ ਦੇ ਨਾਮ 'ਤੇ ਹੈ। ਚੰਡੀਗੜ੍ਹ ਦੇ ਸੈਕਟਰ 33 ਬੀ ਵਿੱਚ ਇਕ ਕਨਾਲ ਦੀ ਕੋਠੀ ਦੀ ਮਾਰਕੀਟ ਕੀਮਤ 2 ਕਰੋੜ,ਫਰੀਦਕੋਟ ਦੇ ਪਿੰਡ ਪੱਖੀ ਕਲਾਂ ਵਿਚਲੀ 56 ਕਨਾਲ 8 ਮਰਲੇ ਖੇਤੀ ਵਾਲੀ ਜ਼ਮੀਨ ਦੀ ਕੀਮਤ ਪੌਣੇ ਦੋ ਕਰੋੜ ਰੁਪਏ ਉਨ੍ਹਾਂ ਨੇ ਦੱਸੀ ਹੈ।

No comments:

Post a Comment