Sunday, October 14, 2012

                                 ਖੁੱਲ੍ਹੀ ਛੁੱਟੀ
        ਅਫ਼ਸਰਾਂ ਦੇ ਕਲੱਬ ਦੀ ਸਰਦਾਰੀ
                             ਚਰਨਜੀਤ ਭੁੱਲਰ
ਬਠਿੰਡਾ : ਨਗਰ ਨਿਗਮ, ਬਠਿੰਡਾ ਵੱਲੋਂ ਇਥੇ ਅਫ਼ਸਰਾਂ ਦੇ ਕਲੱਬ ਨੂੰ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ। ਡਿਊਨਜ਼ ਕਲੱਬ ਵਜੋਂ ਜਾਣੇ ਜਾਂਦੇ ਇਸ ਕਲੱਬ ਦੀ ਅਗਵਾਈ ਅਫ਼ਸਰ ਕਰ ਰਹੇ ਹਨ ਜਿਸ ਵਿੱਚ ਮੋਹਰੀ ਭੂਮਿਕਾ ਡਿਪਟੀ ਕਮਿਸ਼ਨਰ ਦੀ ਹੁੰਦੀ ਹੈ। ਇਸ ਕਲੱਬ ਵੱਲੋਂ ਹੁਣ ਤੱਕ ਜੋ ਉਸਾਰੀ ਕੀਤੀ ਗਈ ਹੈ ਉਸ ਦਾ ਨਗਰ ਨਿਗਮ ਤੋਂ ਨਕਸ਼ਾ ਪਾਸ ਨਹੀਂ ਕਰਾਇਆ ਗਿਆ ਹੈ। ਜੋ ਥੋੜ੍ਹਾ ਸਮਾਂ ਪਹਿਲਾਂ ਕਿੱਟੀ ਹਾਲ ਉਸਾਰਿਆ ਗਿਆ ਹੈ ਉਸ ਦਾ ਵੀ ਨਕਸ਼ਾ ਨਹੀਂ ਪਾਸ ਕਰਾਇਆ ਗਿਆ ਪਰ ਨਗਰ ਨਿਗਮ ਨੇ ਇਸ ਮਾਮਲੇ 'ਚ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਇਹ ਕਲੱਬ ਸਰਕਾਰੀ ਜਗ੍ਹਾ 'ਤੇ ਉਸਾਰਿਆ ਗਿਆ ਹੈ ਅਤੇ ਕਈ ਨੇਤਾ ਇਸ ਕਲੱਬ ਨੂੰ ਫੰਡਾਂ ਦੇ ਗੱਫੇ ਦੇ ਚੁੱਕੇ ਹਨ। ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਦਿੱਤੀ ਗਈ ਸੂਚਨਾ ਮੁਤਾਬਕ ਡਿਊਨਜ਼ ਕਲੱਬ ਨੇ ਕਿਸੇ ਉਸਾਰੀ ਦਾ ਨਗਰ ਨਿਗਮ ਤੋਂ ਨਕਸ਼ਾ ਪਾਸ ਨਹੀਂ ਕਰਾਇਆ ਹੈ। ਇਸ ਕਲੱਬ ਦੇ ਜਨਰਲ ਸਕੱਤਰ ਨੇ ਲਿਖਤੀ ਰੂਪ ਵਿੱਚ ਪ੍ਰਵਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ ਨਕਸ਼ਾ ਪਾਸ ਨਹੀਂ ਕਰਾਇਆ ਗਿਆ।
            ਸੂਚਨਾ ਅਨੁਸਾਰ 1 ਅਪਰੈਲ, 2007 ਤੋਂ 22 ਅਗਸਤ,2012 ਦੌਰਾਨ ਡਿਊਨਜ਼ ਕਲੱਬ ਦੀ ਹਦੂਦ ਅੰਦਰ ਕਾਫ਼ੀ ਉਸਾਰੀ ਅਤੇ ਰੈਨੋਵੇਸ਼ਨ ਹੋਈ ਹੈ ਜਿਸ ਲਈ ਕਿਸੇ ਵੀ ਨਿਯਮ ਦੀ ਪਾਲਣਾ ਨਹੀਂ ਕੀਤੀ ਗਈ। ਇਸ ਦੌਰਾਨ ਇੱਕ ਸ਼ਾਨਦਾਰ ਕਿੱਟੀ ਹਾਲ ਉਸਾਰਿਆ ਗਿਆ ਹੈ ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਨੇ ਕੀਤਾ ਸੀ। ਇਸੇ ਤਰ੍ਹਾਂ ਰਿਸੈਪਸ਼ਨ ਰੂਮ, ਜੈਨਰੇਟਰ ਰੂਮ ਅਤੇ ਮੁੱਖ ਸੜਕ ਵਾਲੇ ਪਾਸੇ ਇੱਕ ਕਮਰਾ ਉਸਾਰਿਆ ਗਿਆ ਹੈ ਜਿਸ ਦਾ ਨਕਸ਼ਾ ਨਹੀਂ ਪਾਸ ਕਰਾਇਆ ਗਿਆ। ਇਨ੍ਹਾਂ ਪੰਜ ਵਰ੍ਹਿਆਂ ਦੌਰਾਨ ਤਕਰੀਬਨ 35 ਲੱਖ ਰੁਪਏ ਨਵੀਂ ਉਸਾਰੀ ਅਤੇ ਰੈਨੋਵੇਸ਼ਨ 'ਤੇ ਖਰਚੇ ਗਏ ਹਨ। ਕਲੱਬ ਪ੍ਰਬੰਧਕਾਂ ਨੇ ਦੱਸਿਆ ਕਿ ਕਲੱਬ ਦੇ ਮੈਂਬਰਾਂ ਵੱਲੋਂ ਇਹ 35 ਲੱਖ ਰੁਪਏ ਦਾਨ ਕੀਤੇ ਗਏ ਹਨ ਅਤੇ ਕਲੱਬ ਦੀ ਕਾਰਜਕਾਰੀ ਕਮੇਟੀ ਵੱਲੋਂ ਇਹ ਖਰਚ ਕੀਤਾ ਗਿਆ ਹੈ। ਨਗਰ ਨਿਗਮ ਦੇ ਨਿਯਮਾਂ ਅਨੁਸਾਰ ਨਿਗਮ ਦੀ ਹਦੂਦ ਅੰਦਰ ਜੋ ਵੀ ਨਵੀਂ ਇਮਾਰਤ ਉਸਾਰੀ ਜਾਂਦੀ ਹੈ, ਉਸ ਦਾ ਨਕਸ਼ਾ ਪਾਸ ਹੋਣਾ ਜ਼ਰੂਰੀ ਹੈ। ਕਲੱਬ ਨੇ ਵਿਕਾਸ ਚਾਰਜਿਜ਼ ਵੀ ਨਗਰ ਨਿਗਮ ਨੂੰ ਅਦਾ ਨਹੀਂ ਕੀਤੇ ਹਨ। ਨਿਯਮਾਂ ਮੁਤਾਬਕ ਜੇਕਰ ਕੋਈ ਇਮਾਰਤ ਬਿਨਾਂ ਨਕਸ਼ਾ ਪਾਸ ਕਰਾਏ ਉਸਾਰੀ ਜਾਂਦੀ ਹੈ ਤਾਂ ਉਸ ਨੂੰ ਢਾਹਿਆ ਜਾਂਦਾ ਹੈ। ਜਦੋਂ ਆਮ ਲੋਕ ਇਹ ਉਲੰਘਣਾ ਕਰਦੇ ਹਨ ਤਾਂ ਨਿਗਮ ਦੇ ਬੁਲਡੋਜ਼ਰ ਇਮਾਰਤ ਢਾਹੁਣ ਪੁੱਜ ਜਾਂਦੇ ਹਨ ਪਰ ਡਿਊਨਜ਼ ਕਲੱਬ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੁੰਦਾ।
            ਦੱਸਣਯੋਗ ਹੈ ਕਿ ਜਿਸ ਜਗ੍ਹਾ 'ਤੇ ਇਹ ਕਲੱਬ ਉਸਾਰਿਆ ਗਿਆ ਹੈ, ਉਹ ਵੀ ਸਰਕਾਰ ਦੀ ਜਗ੍ਹਾ ਹੈ। ਵਕਫ਼ ਬੋਰਡ ਦਾ ਕਹਿਣਾ ਹੈ ਕਿ ਇਹ ਜਗ੍ਹਾ ਉਨ੍ਹਾਂ ਦੀ ਹੈ ਅਤੇ ਲੋਕ ਨਿਰਮਾਣ ਵਿਭਾਗ ਵੀ ਇਸ ਜਗ੍ਹਾ 'ਤੇ ਦਾਅਵਾ ਜਤਾਉਂਦਾ ਹੈ। ਇਸ ਕਲੱਬ ਦਾ ਮੈਂਬਰ ਆਮ ਸ਼ਹਿਰੀ ਨਹੀਂ ਬਣ ਸਕਦਾ ਹੈ। ਸੂਚਨਾ ਅਨੁਸਾਰ ਕਲੱਬ ਦਾ ਮੈਂਬਰ ਬਣਨ ਵਾਸਤੇ ਵਿਅਕਤੀ ਵਿਸ਼ੇਸ਼ ਰੂਪ ਵਿੱਚ ਪੰਜਾਬ ਜਾਂ ਕੇਂਦਰ ਸਰਕਾਰ ਦਾ ਮੌਜੂਦਾ ਕਲਾਸ ਵੰਨ ਅਧਿਕਾਰੀ ਜਾਂ ਸੇਵਾਮੁਕਤ ਅਧਿਕਾਰੀ ਹੋਣਾ ਜ਼ਰੂਰੀ ਹੈ। ਉਹ ਵਿਅਕਤੀ ਵੀ ਮੈਂਬਰ ਬਣ ਸਕਦਾ ਹੈ ਜਿਸ ਦੀ ਚੰਗੀ ਸ਼ਖ਼ਸੀਅਤ ਹੋਵੇ,ਵੱਧ ਪੜ੍ਹਿਆ ਲਿਖਿਆ ਹੋਵੇ ਅਤੇ ਜਿਸ ਦਾ ਰਿਕਾਰਡ ਖਰਾਬ ਨਾ ਹੋਵੇ। ਕਲੱਬ ਦੀ ਕਾਰਜਕਾਰੀ ਕਮੇਟੀ ਵੱਲੋਂ ਮੈਂਬਰ ਬਣਾਉਣ ਤੋਂ ਪਹਿਲਾਂ ਸਾਰੀ ਪੜਤਾਲ ਕੀਤੀ ਜਾਂਦੀ ਹੈ ਅਤੇ ਇੰਟਰਵਿਊ ਲਈ ਜਾਂਦੀ ਹੈ। ਇਸ ਬਾਰੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਕਿ ਡਿਊਨਜ਼ ਕਲੱਬ ਵੱਲੋਂ ਉਸਾਰੀ ਲਈ ਨਕਸ਼ਾ ਪਾਸ ਕਰਾਇਆ ਗਿਆ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਉਹ ਨਿਗਮ ਦੇ ਰਿਕਾਰਡ ਦੀ ਪੜਤਾਲ ਕਰਨਗੇ ਅਤੇ ਜੇਕਰ ਇਸ ਕਲੱਬ ਵੱਲੋਂ ਨਿਯਮਾਂ ਦੀ ਅਣਦੇਖੀ ਕੀਤੀ ਗਈ ਹੋਈ ਤਾਂ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ।
                                                   ਕਲੱਬ ਦੀ ਫੀਸ 51 ਹਜ਼ਾਰ ਰੁਪਏ
ਡੂਨਜ਼ ਕਲੱਬ ਅਫਸਰਾਂ ਦੇ ਕਲੱਬ ਵਜੋਂ ਮਸ਼ਹੂਰ ਹੈ ਅਤੇ ਇਸ ਕਲੱਬ ਦੇ 121 ਸਰਕਾਰੀ ਅਧਿਕਾਰੀ ਮੈਂਬਰ ਹਨ ਜਦੋਂ ਕਿ 372 ਗੈਰ ਸਰਕਾਰੀ ਮੈਂਬਰ ਵੀ ਹਨ। ਸਰਕਾਰੀ ਅਧਿਕਾਰੀਆਂ ਤੋ 4500 ਰੁਪਏ ਮੈਂਬਰਸ਼ਿਪ ਫੀਸ ਲਈ ਜਾਂਦੀ ਹੈ ਜਦੋਂ ਕਿ ਗ਼ੈਰਸਰਕਾਰੀ ਮੈਂਬਰਾਂ ਲਈ ਮੈਂਬਰਸ਼ਿਪ ਫੀਸ 51 ਹਜ਼ਾਰ ਰੁਪਏ ਰੱਖੀ ਹੋਈ ਹੈ। ਇਸ ਫੀਸ ਵਿੱਚ ਸਮੇਂ ਸਮੇਂ ਤੇ ਵਾਧਾ ਘਾਟਾ ਵੀ ਹੁੰਦਾ ਰਹਿੰਦਾ ਹੈ। ਪ੍ਰਬੰਧਕਾਂ ਨੇ ਦੱਸਿਆ ਹੈ ਕਿ ਕਲੱਬ ਦਾ ਕੋਈ ਵੀ ਮੈਂਬਰ ਡਿਫਾਲਟਰ ਨਹੀਂ ਹੈ ਅਤੇ ਚਾਲੂ ਮਹੀਨੇ ਦੇ ਬਿੱਲ ਹੀ ਬਕਾਇਆ ਖੜ•ੇ ਹਨ।

1 comment:

  1. Club Culture: Reminding Colonial Shame
    12-14 Oct i attended Khushwant Singh Literature Festival at Kausali Club Kausali. Poor Bhagwant Maan was not allowed to enter due to not following the dress code of club however Elite Manpreet Badal was allowed. Club authorities objected on my dress as my shirt was not in trouser but they allowed me when i argued that how can you force me because i am the proud nontmember and an expert was talking about the Kachha (underwear) of khushwant in letfest. i feel there is a class in india who proudly celebrate colonial stupidities in one way or other....

    ReplyDelete