Thursday, October 4, 2012

                                                                           ਸਰਕਾਰੀ ਸਾਈਕਲ
                                          ਟੁੱਟ ਗਈਆਂ ਟੱਲੀਆਂ ਤੇ ਖਿੱਲਰ ਗਏ ਪੈਡਲ
                                                                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਮਾਈ ਭਾਗੋ ਸਕੀਮ ਤਹਿਤ ਚੋਣਾਂ ਤੋਂ ਪਹਿਲਾਂ ਵੰਡੇ ਸਾਈਕਲ ਹੁਣ ਖਰਚੇ ਦਾ ਘਰ ਬਣ ਗਏ ਹਨ। ਲੜਕੀਆਂ ਅਨੁਸਾਰ ਇਨ੍ਹਾਂ ਸਾਈਕਲਾਂ ਦਾ ਸਪੇਅਰ ਪਾਰਟ ਕਮਜ਼ੋਰ ਹੈ। ਕਿਸੇ ਸਾਈਕਲ ਦੀ ਟੱਲੀ ਟੁੱਟ ਗਈ ਤੇ ਕਿਸੇ ਦੇ ਪੈਡਲ। ਟਿਊਬ ਅਤੇ ਚੇਨ ਦੀ ਸਮੱਸਿਆ ਵੀ ਕਾਫ਼ੀ ਆਈ। ਸਾਈਕਲ ਦੀ ਟੋਕਰੀ ਵੀ ਕਾਫ਼ੀ ਹਲਕੀ ਲਾਈ ਹੋਈ ਸੀ, ਜਿਸ ਕਰਕੇ ਕਾਫ਼ੀ ਲੜਕੀਆਂ ਨੇ ਇਹ ਟੋਕਰੀਆਂ ਵੀ ਉਤਾਰ ਦਿੱਤੀਆਂ ਹਨ। ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਗਿਆਰਵੀਂ ਤੇ ਬਾਰ੍ਹਵੀਂ ਦੀਆਂ ਲੜਕੀਆਂ ਨੂੰ ਮਾਈ ਭਾਗੋ ਸਕੀਮ ਤਹਿਤ ਕਰੀਬ ਡੇਢ ਲੱਖ ਸਾਈਕਲ ਵੰਡੇ ਸਨ, ਜਿਨ੍ਹਾਂ 'ਤੇ ਕਰੀਬ 41 ਕਰੋੜ 35 ਲੱਖ ਰੁਪਏ ਖਰਚੇ ਗਏ। ਲੁਧਿਆਣਾ ਦੀਆਂ ਦੋ ਸਾਈਕਲ ਕੰਪਨੀਆਂ ਨੇ ਕਰੀਬ ਇਕ ਲੱਖ ਸਾਈਕਲ ਸਪਲਾਈ ਕੀਤੇ ਸਨ। ਪਿੰਡ ਚਾਉਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਬਾਰ੍ਹਵੀਂ ਦੀਆਂ 20 ਲੜਕੀਆਂ ਕੋਲ ਇਸ ਵੇਲੇ ਮਾਈ ਭਾਗੋ ਸਕੀਮ ਦੇ ਸਾਈਕਲ ਹਨ। ਪੰਜ ਲੜਕੀਆਂ ਨੇ ਦੱਸਿਆ ਕਿ ਸਾਈਕਲ ਮਿਲਣ ਮਗਰੋਂ ਹੀ ਉਨ੍ਹਾਂ ਦੀ ਟੱਲੀ ਜਾਮ ਹੋ ਗਈ ਅਤੇ ਨਵੀਂ ਟੱਲੀ ਲਵਾਉਣੀ ਪਈ। ਅੱਠ ਲੜਕੀਆਂ ਦਾ ਕਹਿਣਾ ਸੀ ਕਿ ਸਾਈਕਲਾਂ ਦੇ ਪੈਡਲ ਕੁਝ ਦਿਨਾਂ ਮਗਰੋਂ ਹੀ ਖਿੱਲਰ ਗਏ, ਜੋ ਬਦਲਣੇ ਪਏ। ਰਮਨਦੀਪ ਕੌਰ ਨੇ ਦੱਸਿਆ ਕਿ ਉਸ ਨੂੰ ਨਵੀਂ ਚੇਨ ਅਤੇ ਪੈਡਲ ਪਵਾਉਣੇ ਪਏ ਹਨ। ਜਗਪ੍ਰੀਤ ਕੌਰ ਨੇ ਦੱਸਿਆ ਕਿ ਕੁਝ ਦਿਨਾਂ ਮਗਰੋਂ ਹੀ ਪੈਡਲ ਖਰਾਬ ਹੋ ਗਏ, ਜੋ ਬਦਲਾਉਣੇ ਪਏ। ਚਾਰ ਲੜਕੀਆਂ ਨੂੰ ਸਾਈਕਲਾਂ ਦੀ ਚੇਨ ਨਵੀਂ ਪਵਾਉਣੀ ਪਈ ਹੈ।
          ਪਿੰਡ ਘੁੰਮਣ ਕਲਾਂ ਦੇ ਸਕੂਲ ਦੀ ਰਾਜਵੀਰ ਕੌਰ ਨੇ ਇਨ੍ਹਾਂ ਸਾਈਕਲਾਂ ਦੀ ਟਿਊਬ ਘਟੀਆ ਹੋਣ ਦੀ ਗੱਲ ਕੀਤੀ। ਉਸ ਨੇ ਦੱਸਿਆ ਕਿ ਹਲਕੀ ਟਿਊਬ ਹੋਣ ਕਰਕੇ ਵਾਰ-ਵਾਰ ਪੈਂਚਰ ਹੋ ਜਾਂਦੇ ਹਨ। ਬਾਕੀ ਲੜਕੀਆਂ ਨੇ ਸਾਈਕਲਾਂ 'ਤੇ ਤਸੱਲੀ ਜ਼ਾਹਰ ਕੀਤੀ। ਪਿੰਡ ਮਹਿਮਾ ਸਰਜਾ ਦੇ ਸਕੂਲ ਵਿੱਚ 70 ਲੜਕੀਆਂ ਨੂੰ ਇਹ ਸਾਈਕਲ ਮਿਲੇ ਸਨ। ਲੜਕੀ ਵੀਰਪਾਲ ਕੌਰ ਅਤੇ ਰਮਨਦੀਪ ਕੌਰ ਨੇ ਇਹੋ ਸ਼ਿਕਾਇਤ ਰੱਖੀ ਕਿ ਟਿਊਬਾਂ ਬਹੁਤ ਹਲਕੀਆਂ ਹਨ, ਜੋ ਥੋੜ੍ਹੇ ਸਮੇਂ ਮਗਰੋਂ ਹੀ ਬਦਲਣੀਆਂ ਪਈਆਂ। ਸੰਗਤ ਮੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 54 ਲੜਕੀਆਂ ਨੂੰ ਸਾਈਕਲ ਦਿੱਤੇ ਗਏ ਸਨ। ਇਸ ਸਕੂਲ ਵਿੱਚ ਪੜ੍ਹਦੀ ਪਿੰਡ ਕੋਟ ਗੁਰੂ ਦੀ ਲੜਕੀ ਮਨਵੀਰ ਕੌਰ ਨੇ ਦੱਸਿਆ ਕਿ ਹਰ ਸਾਈਕਲ ਦੀ ਟੋਕਰੀ ਕਾਫੀ ਨਰਮ ਹੈ, ਜਿਸ ਕਰਕੇ ਉਨ੍ਹਾਂ ਟੋਕਰੀ ਉਤਾਰ ਦਿੱਤੀ ਹੈ। ਦੀਪਕਾ ਸ਼ਰਮਾ ਦਾ ਕਹਿਣਾ ਸੀ ਕਿ ਥੋੜੇ ਸਮੇਂ ਮਗਰੋਂ ਦੋਵੇਂ ਪੈਡਲ ਟੁੱਟ ਗਏ, ਜੋ ਬਦਲਣੇ ਪਏ ਹਨ। ਪੂਜਾ ਰਾਣੀ ਨੇ ਵੀ ਇਹੋ ਸ਼ਿਕਾਇਤ ਕੀਤੀ। ਪਰਵਿੰਦਰ ਕੌਰ ਨੇ ਦੱਸਿਆ ਕਿ ਸਾਈਕਲਾਂ ਦੇ ਚੱਕੇ ਹਲਕੇ ਹਨ, ਜੋ ਵਿੰਗੇ ਹੋ ਜਾਂਦੇ ਹਨ। ਉਸ ਨੇ ਦੱਸਿਆ ਕਿ ਸਾਈਕਲ 'ਤੇ ਦੋ ਜਣੇ ਨਹੀਂ ਬੈਠ ਸਕਦੇ। ਏਦਾਂ ਦਾ ਹਾਲ ਬਾਕੀ ਸਕੂਲਾਂ ਦਾ ਹੈ।
         ਪਿੰਡ ਜੰਗੀਰਾਣਾ ਦੇ ਸਰਕਾਰੀ ਸਕੂਲ ਦੀਆਂ 23 ਲੜਕੀਆਂ ਨੂੰ ਸਾਈਕਲ ਮਿਲੇ ਸਨ, ਜਿਨ੍ਹਾਂ ਵਿੱਚੋਂ ਦੋ ਚਾਰ ਲੜਕੀਆਂ ਹੀ ਸਾਈਕਲ ਲੈ ਕੇ ਆਉਂਦੀਆਂ ਹਨ। ਬਾਕੀ ਲੜਕੀਆਂ ਦੇ ਮਾਪੇ ਹੀ ਸਾਈਕਲ ਵਰਤਦੇ ਹਨ। ਗੋਨਿਆਣਾ ਮੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਦੀਆਂ 183 ਲੜਕੀਆਂ ਨੂੰ ਸਾਈਕਲ ਮਿਲੇ ਸਨ, ਜਦੋਂ ਕਿ 61 ਲੜਕੀਆਂ ਨੂੰ ਹਾਲੇ ਤੱਕ ਸਾਈਕਲ ਮਿਲੇ ਹੀ ਨਹੀਂ। ਮੰਡੀ ਫੂਲ ਦੇ ਸਰਕਾਰੀ ਸਕੂਲ ਵਿੱਚ 101 ਲੜਕੀਆਂ ਨੂੰ ਸਾਈਕਲ ਮਿਲੇ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾ ਲੜਕੀਆਂ ਸਾਈਕਲ ਸਕੂਲ ਲੈ ਕੇ ਆਉਂਦੀਆਂ ਹੀ ਨਹੀਂ। ਪਿੰਡ ਬਾਦਲ ਵਿੱਚ ਵੀ ਲੜਕੀਆਂ ਦੇ ਮਾਪੇ ਹੀ ਸਾਈਕਲ ਵਰਤਦੇ ਹਨ।
         ਜ਼ਿਲ੍ਹਾ ਸਿੱਖਿਆ ਅਫਸਰ (ਸ) ਬਠਿੰਡਾ ਹਰਦੀਪ ਸਿੰਘ ਦਾ ਕਹਿਣਾ ਸੀ ਕਿ ਮਾਈ ਭਾਗੋ ਸਕੀਮ ਤਹਿਤ ਵੰਡੇ ਸਾਈਕਲਾਂ ਦੇ ਸਪੇਅਰ ਪਾਰਟਸ ਦੀ ਕੋਈ ਸ਼ਿਕਾਇਤ ਉਨ੍ਹਾਂ ਦੇ ਧਿਆਨ ਵਿੱਚ ਨਹੀਂ। ਉਨ੍ਹਾਂ ਆਖਿਆ ਕਿ ਸਾਈਕਲਾਂ ਦੀ ਵਰਤੋਂ ਦੌਰਾਨ ਟੁੱਟ ਭੱਜ ਹੋਣੀ ਤਾਂ ਲਾਜ਼ਮੀ ਹੈ ਅਤੇ ਆਮ ਸਾਈਕਲਾਂ ਵਿੱਚ ਵੀ ਏਨੀ ਕੁ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਇਨ੍ਹਾਂ ਸਾਈਕਲਾਂ ਦੀ ਮੁਰੰਮਤ ਨੂੰ ਸਕੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਕਮੇਟੀ ਮੈਂਬਰ ਦਰਸ਼ਨ ਮੌੜ ਦਾ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਸਾਈਕਲਾਂ ਦੀ ਵਾਰੰਟੀ ਲੈਣੀ ਚਾਹੀਦੀ ਸੀ। ਉਨ੍ਹਾਂ ਆਖਿਆ ਕਿ ਇਨ੍ਹਾਂ ਸਾਈਕਲਾਂ ਦੀ ਖਰੀਦ ਵਿੱਚ ਗੜਬੜ ਹੋਈ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
                                                       ਬਾਦਲ ਦੀ ਫੋਟੋ ਉਤਾਰੀ
ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਾਈਕਲਾਂ ਦੀ ਟੋਕਰੀ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲਾਈ ਗਈ ਸੀ, ਜੋ ਹੁਣ ਲੜਕੀਆਂ ਨੇ ਉਤਾਰ ਦਿੱਤੀ ਹੈ। ਬਹੁਤੀਆਂ ਲੜਕੀਆਂ ਨੇ ਟੋਕਰੀ ਵੀ ਉਤਾਰ ਦਿੱਤੀ ਹੈ। ਕਈ ਲੜਕੀਆਂ ਦਾ ਕਹਿਣਾ ਸੀ ਕਿ ਫੋਟੋ ਆਪਣੇ ਆਪ ਡਿੱਗ ਪਈ ਅਤੇ ਕਈਆਂ ਦਾ ਕਹਿਣਾ ਸੀ ਕਿ ਉਨ੍ਹਾਂ ਖ਼ੁਦ ਹੀ ਉਤਾਰ ਦਿੱਤੀ ਹੈ। ਮਾਪਿਆਂ ਨੇ ਵੀ ਫੋਟੋ ਉਤਾਰਨ ਲਈ ਲੜਕੀਆਂ ਨੂੰ ਆਖਿਆ ਹੈ। ਪਿੰਡ ਬਾਦਲ ਦੇ ਸਾਰੇ ਸਾਈਕਲਾਂ 'ਤੇ ਹਾਲੇ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਮੌਜੂਦ ਹੈ।

No comments:

Post a Comment