Friday, October 12, 2012

                             ਨਗਰ ਨਿਗਮ
   ਬਠਿੰਡੇ ਦੀ ਟਸ਼ਨ ਨੇ ਕੀਤਾ ਕਰਜ਼ਾਈ
                           ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਸ਼ਹਿਰ ਦੀ ਲਿਸ਼ਕ ਪੁਸ਼ਕ ਨੇ ਨਗਰ ਨਿਗਮ ਨੂੰ ਕਰਜ਼ੇ ਹੇਠ ਦੱਬ ਦਿੱਤਾ ਹੈ। ਹੁਣ ਨਗਰ ਨਿਗਮ ਵੱਲੋਂ ਕਰਜ਼ਾ ਮੋੜਿਆ ਨਹੀਂ ਜਾ ਰਿਹਾ ਹੈ। ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੀ ਕਰੀਬ 62 ਕਰੋੜ ਰੁਪਏ ਦੀ ਰਾਸ਼ੀ ਨਗਰ ਨਿਗਮ ਵਿੱਚ ਫਸ ਗਈ ਹੈ। ਨਗਰ ਨਿਗਮ ਵੱਲੋਂ ਬਠਿੰਡਾ ਸ਼ਹਿਰ ਦੀ ਸੁੰਦਰਤਾ ਖਾਤਰ ਕਰੀਬ 40 ਕਰੋੜ ਰੁਪਏ ਦਾ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਤੋਂ ਕਰਜ਼ਾ ਚੁੱਕਿਆ ਸੀ ਜਿਸ ਨਾਲ ਸ਼ਹਿਰ ਦੀਆਂ ਸੜਕਾਂ, ਡਿਵਾਈਡਰਾਂ, ਲਾਈਟਾਂ ਅਤੇ ਫੁੱਟ ਪਾਥਾਂ ਦਾ ਮੂੰਹ ਮੱਥਾ ਸੰਵਾਰਿਆ ਗਿਆ ਸੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇੱਕੋ ਦਿਨ ਵਿੱਚ ਡੇਢ ਦਰਜਨ ਨੀਂਹ ਪੱਥਰ ਰੱਖੇ ਸਨ।
           ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਦੱਸਿਆ ਹੈ ਕਿ ਵਿਕਾਸ ਬੋਰਡ ਨੇ ਨਗਰ ਨਿਗਮ ਨੂੰ 52 ਕਰੋੜ 45 ਕਰੋੜ ਰੁਪਏ ਦੀ ਰਾਸ਼ੀ ਬਤੌਰ ਕਰਜ਼ਾ ਦਿੱਤੀ ਸੀ ਜਿਸ ਵਿੱਚ 40 ਕਰੋੜ ਰੁਪਏ ਬਠਿੰਡਾ ਸ਼ਹਿਰ ਦੀ ਸੁੰਦਰੀਕਰਨ ਦੇ ਪ੍ਰਾਜੈਕਟ ਸ਼ਾਮਲ ਹਨ। ਵਿਕਾਸ ਬੋਰਡ ਵੱਲੋਂ ਇਸ ਕਰਜ਼ੇ ਦਾ ਵਿਆਜ ਸਾਢੇ ਪੰਜ ਫੀਸਦ ਲਿਆ ਜਾ ਰਿਹਾ ਹੈ। ਹੁਣ ਤੱਕ ਇਸ ਕੁੱਲ ਕਰਜ਼ੇ ਦੇ ਵਿਆਜ ਦੀ ਰਾਸ਼ੀ 9 ਕਰੋੜ 79 ਲੱਖ ਰੁਪਏ ਬਣ ਚੁੱਕੀ ਹੈ। ਇਸ ਵਿਆਜ ਸਮੇਤ ਨਗਰ ਨਿਗਮ ਸਿਰ ਪੰਜਾਬ ਬੁਨਿਆਦੀ ਵਿਕਾਸ ਬੋਰਡ ਦਾ ਕੁੱਲ 62 ਕਰੋੜ 24 ਲੱਖ ਦਾ ਕਰਜ਼ਾ ਬਣ ਗਿਆ ਹੈ। ਨਗਰ ਨਿਗਮ ਨੇ ਸੁੰਦਰੀਕਰਨ ਦੇ ਪ੍ਰਾਜੈਕਟ ਮਗਰੋਂ ਸੀਵਰੇਜ ਕੰਮਾਂ ਲਈ ਵੱਖਰਾ ਕਰਜ਼ਾ ਚੁੱਕਿਆ ਸੀ। ਅਸਲ ਵਿੱਚ ਨਗਰ ਨਿਗਮ ਨੇ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਤੋਂ 40 ਕਰੋੜ ਰੁਪਏ ਲੈ ਕੇ ਆਪਣੀ ਬਲੂ ਫੋਕਸ ਵਾਲੀ ਜਾਇਦਾਦ ਬੋਰਡ ਨੂੰ ਸੌਂਪ ਦਿੱਤੀ ਸੀ। ਬੁਨਿਆਦੀ ਢਾਂਚਾ ਵਿਕਾਸ ਬੋਰਡ ਨੇ ਜਦੋਂ ਇਸ ਜਾਇਦਾਦ ਨੂੰ ਨਿਲਾਮ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਸ਼ਹਿਰ ਦੇ ਐਡਵੋਕੇਟ ਮਨੋਹਰ ਬਾਂਸਲ ਨੇ ਇਸ ਨੂੰ ਹਾਈਕੋਰਟ 'ਚ ਚੁਣੌਤੀ ਦੇ ਦਿੱਤੀ। ਵਿਕਾਸ ਬੋਰਡ ਨੇ ਮਾਮਲਾ ਹਾਈਕੋਰਟ ਵਿੱਚ ਜਾਣ ਮਗਰੋਂ ਇਹ ਜਾਇਦਾਦ ਨਗਰ ਨਿਗਮ ਨੂੰ ਵਾਪਸ ਕਰ ਦਿੱਤੀ ਤੇ 40 ਕਰੋੜ ਰੁਪਏ ਦੀ ਰਾਸ਼ੀ ਵਾਪਸ ਮੰਗਣੀ ਸ਼ੁਰੂ ਕਰ ਦਿੱਤੀ। ਵਿਕਾਸ ਬੋਰਡ ਨੇ ਦੱਸਿਆ ਕਿ 31 ਅਗਸਤ 2012 ਤੱਕ ਨਗਰ ਨਿਗਮ ਨੇ 62 ਕਰੋੜ 24 ਕਰੋੜ ਦੇ ਕਰਜ਼ੇ ਅਤੇ ਵਿਆਜ ਦੀ ਰਾਸ਼ੀ 'ਚੋਂ ਕੋਈ ਪੈਸਾ ਵਾਪਸ ਨਹੀਂ ਕੀਤਾ ਹੈ।
           ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਨੇ ਲਿਖਤੀ ਰੂਪ ਵਿੱਚ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਨਗਰ ਨਿਗਮ ਨੂੰ 8 ਪੱਤਰ ਵੀ ਸਮੇਂ ਸਮੇਂ 'ਤੇ ਲਿਖੇ ਹਨ ਜਿਨ੍ਹਾਂ ਦਾ ਬਹੁਤੀ ਦਫ਼ਾ ਨਗਰ ਨਿਗਮ ਨੇ ਕੋਈ ਜੁਆਬ ਵੀ ਨਹੀਂ ਦਿੱਤਾ ਹੈ। ਵਿਕਾਸ ਬੋਰਡ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਕਰਜ਼ੇ ਸਬੰਧੀ ਕਾਰਜਕਾਰੀ ਕਮੇਟੀ ਕੋਲ ਵੀ ਮਾਮਲਾ ਰੱਖਿਆ ਹੈ ਪ੍ਰੰਤੂ ਮਾਮਲਾ ਸਿਰੇ ਨਹੀਂ ਲੱਗਿਆ ਹੈ। ਨਗਰ ਨਿਗਮ ਨੇ ਤਾਜ਼ਾ ਆਪਣੀ ਜਨਰਲ ਹਾਊਸ ਦੀ ਮੀਟਿੰਗ ਵਿੱਚ 28 ਕਰੋੜ ਦੇ ਵਿਕਾਸ ਕੰਮਾਂ ਦੇ ਐਸਟੀਮੇਟ ਪਾਸ ਕਰ ਦਿੱਤੇ ਹਨ ਜਦੋਂ ਕਿ ਨਿਗਮ ਦਾ ਖਜ਼ਾਨਾ ਖ਼ਾਲੀ ਹੈ। ਹੁਣ ਨਗਰ ਨਿਗਮ ਨੇ ਖਾਲੀ ਖਜ਼ਾਨਾ ਭਰਨ ਵਾਸਤੇ ਮੌਜੂਦਾ ਦਫ਼ਤਰ ਨੂੰ ਦੂਸਰੀ ਜਗ੍ਹਾ ਸ਼ਿਫਟ ਕਰਕੇ ਆਪਣਾ ਮੁੱਖ ਦਫ਼ਤਰ ਨੂੰ ਵੀ ਨਿਲਾਮ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।ਦੂਜੇ ਪਾਸੇ ਨਗਰ ਨਿਗਮ ਵੱਲੋਂ ਸ਼ਹਿਰ ਦੇ ਸੁੰਦਰੀਕਰਨ ਤਹਿਤ ਜੋ ਡਿਵਾਈਡਰ ਲਗਾਏ ਗਏ ਸਨ, ਉਨ੍ਹਾਂ 'ਚੋ ਬੀਬੀ ਵਾਲੀ ਰੋਡ ਅਤੇ ਗੋਨਿਆਣਾ ਰੋਡ ਦੇ ਕਾਫ਼ੀ ਡਿਵਾਈਡਰਾਂ ਨੂੰ ਚੋਰਾਂ ਨੇ ਪੁੱਟ ਕੇ ਵੇਚ ਦਿੱਤਾ ਹੈ। ਸ਼ਹਿਰ ਦੀਆਂ ਸੜਕਾਂ ਤੇ ਰੰਗਦਾਰ ਰਿਫਲੈਕਟਰ ਵੀ ਲਗਾਏ ਗਏ ਸਨ ਜੋ ਹੁਣ ਚਮਕਾਂ ਮਾਰਨੋਂ ਬੰਦ ਹੋ ਗਏ ਹਨ। ਕਾਫ਼ੀ ਥਾਵਾਂ ਤੋਂ ਨਵੇਂ ਬਣਾਏ ਫੁੱਟਪਾਥ ਵੀ ਉੱਖੜ ਚੁੱਕੇ ਹਨ।
         ਨਗਰ ਨਿਗਮ ਦੇ ਕਾਂਗਰਸੀ ਕੌਂਸਲਰ ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ ਦਾ ਕਹਿਣਾ ਹੈ ਕਿ ਕਰਜ਼ੇ ਚੁੱਕ ਕੇ ਸ਼ਹਿਰ ਦੇ ਵਿਕਾਸ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਹੁਣ ਨਿਗਮ ਲਏ ਕਰਜ਼ੇ ਵਾਪਸ ਕਰੇ ਤਾਂ ਜੋ ਭਵਿੱਖ ਵਿੱਚ ਵਿਆਜ ਦੇ ਬੋਝ ਤੋਂ ਬਚਿਆ ਜਾ ਸਕੇ।ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਦਾ ਕਹਿਣਾ ਸੀ ਕਿ ਨਿਗਮ ਕੋਲ ਕਰਜ਼ਾ ਮੋੜਨ ਦੀ ਪਹੁੰਚ ਨਹੀਂ ਹੈ ਅਤੇ ਨਿਗਮ ਵੱਲੋਂ ਸਰਕਾਰ ਨੂੰ ਪੱਤਰ ਲਿਖੇ ਗਏ ਹਨ ਕਿ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੇ ਕਰਜ਼ੇ ਨੂੰ ਗਰਾਂਟ ਵਿੱਚ ਤਬਦੀਲ ਕੀਤਾ ਜਾਵੇ।

No comments:

Post a Comment