Saturday, July 18, 2026

 ਮੌਤ ਦੇ ਵਾਰੰਟ 
 ਚੱਕੀ ਦੇ ਪੁੜਾਂ ’ਚ ਆਈ ਜ਼ਿੰਦਗੀ..! 
ਚਰਨਜੀਤ ਭੁੱਲਰ 

ਚੰਡੀਗੜ੍ਹ : ਰਾਜਪੁਰਾ ਦੇ ਸਰਕਾਰੀ ਸਕੂਲ ’ਚ ਰੋਜ਼ ਦੀ ਤਰ੍ਹਾਂ ਸਵੇਰ ਦੀ ਸਭਾ ਸ਼ੁਰੂ ਹੋਈ। ਬੱਚਿਆਂ ਨੇ ਪ੍ਰਾਰਥਨਾ ਆਰੰਭ ਕੀਤੀ ਸੀ। ਅਚਾਨਕ ਕਾਲੇ ਦੌਰ ਦੇ ਪਰਛਾਵੇਂ ਦੀ ਝਪਟ ਪਈ, ਸਕੂਲ ਪ੍ਰਿੰਸੀਪਲ ਨਿਰਮਲ ਕਾਂਤਾ ਥਾਏਂ ਢੇਰ ਹੋ ਗਈ। ਚਿੱਤ ਚੇਤੇ ਨਹੀਂ ਸੀ ਕਿ ਉਸ ਦੀ ਜ਼ਿੰਦਗੀ ਦੀ ਆਖ਼ਰੀ ਸ਼ਾਮ ਇੰਜ ਸਕੂਲ ਦੀ ਦਹਿਲੀਜ਼ ਅੰਦਰ ਹੋ ਜਾਏਗੀ। 17 ਦਸੰਬਰ 1990 ਦੀ ਉਹ ਮਨਹੂਸ ਸਵੇਰ ਸੀ ਜਦੋਂ ਸਕੂਲ ਪ੍ਰਿੰਸੀਪਲ ਨਿਰਮਲ ਕਾਂਤਾ ਨੂੰ ਜ਼ਿੰਦਗੀ ਤੋਂ ਵਿਦਾ ਹੋਣਾ ਪਿਆ। ਗੋਲੀਆਂ ਦੀ ਆਵਾਜ਼ ਨੇ ਸਕੂਲੀ ਬੱਚਿਆਂ ਨੂੰ ਸੁੰਨ ਕਰ ਦਿੱਤਾ ਸੀ। ਰਾਜਪੁਰਾ ਦੀ ਇਹ ਸਕੂਲ ਪ੍ਰਿੰਸੀਪਲ ਚੱਕੀ ਦੇ ਦੋ ਪੁੜਾਂ ਵਿਚਾਲੇ ਪਿਸ ਰਹੀ ਸੀ। ਸਰਕਾਰੀ ਕਾਨੂੰਨ ਅਨੁਸਾਰ ਬੱਚੇ ਸਕੂਲੀ ਵਰਦੀ ਪਹਿਨਦੇ ਸਨ। ਦੂਸਰੀ ਤਰਫ਼ ਕਾਲੇ ਦੌਰ ਦਾ ਆਪਣਾ ‘ਡਰੈੱਸ ਕੋਡ’ ਸੀ। ਡਰੈੱਸ ਕੋਡ ਲਈ ਜ਼ੁਬਾਨੀ ਹੁਕਮ ਸਨ ਕਿ ਕਾਲੀ ਸਲਵਾਰ ਤੇ ਕੇਸਰੀ ਦੁਪੱਟਾ ਸਕੂਲੀ ਬੱਚੀਆਂ ਦਾ ਪਹਿਰਾਵਾ ਹੋਵੇਗਾ, ਚੁੰਨੀ ਨਾਲ ਸਿਰ ਢਕਣਾ ਲਾਜ਼ਮੀ ਕਰਾਰ ਸੀ। ਸਕੂਲੀ ਬੱਚੇ ਕੇਸਰੀ ਜਾਂ ਕਾਲੀ ਪੱਗ ਬੰਨ੍ਹਣਗੇ। ਮੇਕਅਪ ਦੀ ਮਨਾਹੀ ਸੀ। 

        ਸਕੂਲ ਪ੍ਰਿੰਸੀਪਲ ਨਿਰਮਲ ਕਾਂਤਾ ਸਰਕਾਰੀ ਕਾਨੂੰਨ ਦੀ ਪਾਲਣਾ ਕਰਦੀ ਜਾਂ ਦਹਿਸ਼ਤੀ ਵਕਤ ਦੇ ਨਿਯਮਾਂ ਨੂੰ ਮੰਨਦੀ।ਬੇਵੱਸੀ ’ਚ ਹੀ ਇਹ ਪ੍ਰਿੰਸੀਪਲ ਚੱਕੀ ਦੇ ਪੁੜਾਂ ’ਚ ਪਿਸ ਗਈ। ਉਨ੍ਹਾਂ ਦਿਨਾਂ ’ਚ ਇਹੋ ਮਨੋਦਸ਼ਾ ਹਰ ਸਕੂਲ ਪ੍ਰਿੰਸੀਪਲ/ਮੁਖੀ ਦੀ ਹੁੰਦੀ ਸੀ। ਉਸ ਦੌਰ ’ਚ ਇੱਕ ਸਮਾਜਿਕ ਤੇ ਭਾਸ਼ਾਈ ਜ਼ਾਬਤੇ ਨੂੰ ਅਮਲ ’ਚ ਲਿਆਉਣ ਦਾ ਫ਼ਰਮਾਨ ਸੀ। ਅੱਸੀ ਤੇ ਨੱਬੇ ਦੇ ਦਹਾਕੇ ’ਚ ਸਮਾਜ ਸੁਧਾਰ ਦੀ ਲੀਹ ਜ਼ੋਰ ਜਬਰ ਨਾਲ ਖਿੱਚੀ ਜਾਣ ਲੱਗੀ ਸੀ। ਕਲਮਾਂ ਵਾਲੇ ਵੀ ਸਹਿਮੇ ਹੋਏ ਸਨ। ਗੁਰਮੁਖੀ ਲਿਪੀ ਲਾਗੂ ਕਰਨ ਲਈ ‘ਭਾਸ਼ਾ ਕੋਡ’ ਘੜਿਆ ਗਿਆ। ਕਾਲੇ ਦੌਰ ਦਾ ਫ਼ਰਮਾਨ ਸੀ ਕਿ ਦਫ਼ਤਰੀ ਤੇ ਪ੍ਰਸ਼ਾਸਨੀ ਕੰਮਾਂ ’ਚ ਪੰਜਾਬੀ ਲਾਗੂ ਕੀਤੀ ਜਾਵੇ। ਫਿਰ ਅਵੱਗਿਆ ਕਰਨ ਦੀ ਭੁੱਲ ਕੌਣ ਕਰਦਾ ? ਇੱਕ ਵੀ ਗ਼ਲਤ ਸ਼ਬਦ ਮੌਤ ਦੇ ਵਾਰੰਟ ਵਾਂਗ ਸੀ। ਉਨ੍ਹਾਂ ਦਿਨਾਂ ’ਚ ਬਾਬੇ ਫ਼ਰੀਦ, ਨਾਨਕ ਤੇ ਵਾਰਿਸ ਸ਼ਾਹ ਦੀ ਮੁਹੱਬਤ ਦੀ ਭਾਸ਼ਾ ਨੂੰ ਲੈ ਕੇ ਜਾਰੀ ਫ਼ਰਮਾਨ ਦਮ ਘੋਟੂ ਮਾਹੌਲ ਸਿਰਜ ਰਹੇ ਸਨ। ਆਲ ਇੰਡੀਆ ਰੇਡੀਓ ਪਟਿਆਲਾ ਦਾ ਸਹਾਇਕ ਡਾਇਰੈਕਟਰ ਐੱਮ ਐੱਲ ਮਨਚੰਦਾ ਇਨ੍ਹਾਂ ਫ਼ਰਮਾਨਾਂ ’ਤੇ ਖਰਾ ਨਾ ਉੱਤਰ ਸਕਿਆ। 

       ਮਨਚੰਦਾ ਨੂੰ 18 ਮਈ 1992 ਨੂੰ ਅਗਵਾ ਕੀਤਾ ਗਿਆ ਤੇ 27 ਮਈ ਨੂੰ ਉਸ ਦਾ ਸਿਰ ਸ਼ੰਭੂ ਤੋਂ ਅਤੇ ਧੜ ਅੰਬਾਲਾ ਤੋਂ ਮਿਲੀ। ਆਲ ਇੰਡੀਆ ਰੇਡੀਓ ਚੰਡੀਗੜ੍ਹ ਦਾ ਸਟੇਸ਼ਨ ਡਾਇਰੈਕਟਰ ਏ ਕੇ ਤਾਲਿਬ ਵੀ ਹਿੰਦੀ ਬੁਲਿਟਿਨ ਬੰਦ ਕਰਨ ਤੋਂ ਬੇਵੱਸ ਹੋ ਗਿਆ। ਤਾਲਿਬ ਵੀ ਇਸੇ ਭੁੱਲ ਵਜੋਂ 6 ਦਸੰਬਰ 1990 ਨੂੰ ਜ਼ਿੰਦਗੀ ਤੋਂ ਹੱਥ ਧੋ ਬੈਠਾ। ਉਸ ਦੌਰ ਦਾ ਪੱਖ ਇਹ ਸੀ ਕਿ ਸਮਾਜਿਕ ਤੇ ਭਾਸ਼ਾਈ ਕੋਡ ਨੂੰ ਡਰ ਦੇ ਜ਼ੋਰ ’ਤੇ ਲਾਗੂ ਕਰਕੇ ਭਾਸ਼ਾ ਲਈ ਰਾਹ ਮੋਕਲੇ ਕੀਤੇ ਜਾ ਸਕਦੇ ਹਨ। ਦੂਸਰੇ ਬੰਨੇ ਭਾਸ਼ਾ ਪ੍ਰੇਮੀ ਦਲੀਲ ਦਿੰਦੇ ਸਨ ਕਿ ਪਿਆਰ ਤੇ ਸੰਵਾਦ ਨਾਲ ਹੀ ਭਾਸ਼ਾ ਪ੍ਰਫੁੱਲਿਤ ਹੁੰਦੀ ਹੈ, ਡਰ ਦੀ ਨੋਕ ਨਾਲ ਭਾਸ਼ਾ ਦਾ ਭਲਾ ਨਹੀਂ ਹੋ ਸਕਦਾ। ਕੁੱਝ ਵੀ ਹੋਵੇ,  ਉਨ੍ਹਾਂ ਸਮਿਆਂ ’ਚ ਸਮਾਜਿਕ ਤੇ ਭਾਸ਼ਾਈ ਕੋਡ ਮੰਨਣ ਲਈ ਸਭ ਮਨਾਂ ’ਚ ਖ਼ੌਫ਼ ’ਚ ਸੀ। ਕਾਲੇ ਸਮੇਂ ਦਾ ਫ਼ਰਮਾਨ ਸੀ ਕਿ ਬਰਾਤ ’ਚ ਵੱਧ ਤੋਂ ਵੱਧ 11 ਬਰਾਤੀ ਹੋਣਗੇ, ਮਿਲਣੀ ਮੌਕੇ ਇੱਕ ਜਾਂ 11 ਰੁਪਏ ਤੋਂ ਵੱਧ ਨਹੀਂ ਦਿੱਤੇ ਜਾਣਗੇ, ਦਾਹ ਦਹੇਜ ’ਚ ਵਾਹਨ ਦੇਣ ਦੀ ਮਨਾਹੀ ਸੀ।ਵਿਆਹ ’ਚ ਜਾਗੋ/ਨਾਚ ਗਾਣੇ ’ਤੇ ਰੋਕ, ਵੀਡੀਓ ਗਰਾਫ਼ੀ ਨਹੀਂ ਹੋਵੇਗੀ। 

       ਉਸ ਵਕਤ ਕਈ ਪਿੰਡਾਂ ’ਚ ਬਰਾਤ ਨੂੰ ਛੱਪੜਾਂ ’ਚ ਉਤਾਰੇ ਜਾਣ ਦੀਆਂ ਖ਼ਬਰਾਂ ਵੀ ਆਈਆਂ ਸਨ। ਦੁਆਬੇ ’ਚ ਇੱਕ ਬੈਂਡ ਵਾਜੇ ਵਾਲਾ ਜ਼ਿੰਦਗੀ ਦੇ ਸੁਰ ਹੀ ਗੁਆ ਬੈਠਾ। ਸਕੂਲਾਂ ’ਚ ਰਾਸ਼ਟਰੀ ਗਾਣ ਦੀ ਮਨਾਹੀ ਸੀ। ਬੱਸਾਂ ’ਚ ਲੱਚਰ ਗੀਤ ਸੰਗੀਤ ਨਹੀਂ ਵੱਜ ਸਕਦਾ ਸੀ। ਗਾਇਕਾਂ ਨੂੰ ਲੱਚਰ ਗਾਉਣੋਂ ਰੋਕਿਆ ਗਿਆ। ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਉਸੇ ਦੌਰ ’ਚ 8 ਮਾਰਚ 1988 ਨੂੰ ਜਲੰਧਰ ਦੇ ਪਿੰਡ ਮਹਿਸਮਪੁਰ ’ਚ ਆਖ਼ਰੀ ਹੇਕ ਲੱਗੀ। ਫ਼ਿਲਮੀ ਅਦਾਕਾਰ ਵਰਿੰਦਰ 6 ਦਸੰਬਰ 1988 ਨੂੰ ਨਵੀਂ ਫ਼ਿਲਮ ਦੀ ਸ਼ੂਟਿੰਗ ਕਰ ਰਿਹਾ ਸੀ। ਹਿੰਸਾ ਦੀ ਲਪਟ ਨੇ ਵਰਿੰਦਰ ਨੂੰ ਅਗਲਾ ਸਾਹ ਨਹੀਂ ਲੈਣ ਦਿੱਤਾ। ਉਨ੍ਹਾਂ ਵੇਲਿਆਂ ’ਚ ‘ਮੀਡੀਆ ਕੋਡ’ ਵੀ ਲਾਗੂ ਕੀਤਾ ਗਿਆ। ਅਖ਼ਬਾਰਾਂ ਦੀ ਭਾਸ਼ਾ ਨੂੰ ਲੈ ਕੇ ਫ਼ਰਮਾਨ ਜਾਰੀ ਹੋਏ। ਉਸ ਦੌਰ ’ਚ ਕਰੀਬ 62  ਪੱਤਰਕਾਰ, ਨਿਊਜ਼ ਪੇਪਰ ਏਜੰਟ ਅਤੇ ਹਾਕਰ ਹਿੰਸਾ ਦੀ ਲਪੇਟ ਚੜ੍ਹ ਗਏ। ਪ੍ਰਵਾਸੀ ਮਜ਼ਦੂਰਾਂ ਲਈ ਵੀ ਕਸ਼ਟ ਭਰੇ ਦਿਨ ਸਨ। ਨਸ਼ਿਆਂ ਦੀ ਵਰਤੋਂ ਦੀ ਮਨਾਹੀ ਵੀ ਕੀਤੀ ਗਈ ਸੀ। ਉਨ੍ਹਾਂ ਦਿਨਾਂ ਦਾ ਏਜੰਡਾ ਸਮਾਜਿਕ ਪ੍ਰੋਗਰਾਮਾਂ ’ਚ ਸਾਦਗੀ ਰੱਖਣਾ ਸੀ ਅਤੇ ਫ਼ਜ਼ੂਲ ਖ਼ਰਚੀ ਰੋਕਣਾ ਸੀ।  

        ਅਜਿਹਾ ਦੌਰ ਸੀ ਜਦੋਂ ਪੰਜਾਬੀਆਂ ਦੀ ਖੁੱਲ੍ਹ ਡੁੱਲ੍ਹੀ ਜੀਵਨ ਸ਼ੈਲੀ ਡਰ ਅਤੇ ਸਖ਼ਤੀ ਦੇ ਚੌਖਟੇ ’ਚ ਬੱਝ ਗਈ ਸੀ। ਖ਼ੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਸੀ ਅਤੇ ਸ਼ਗਨਾਂ ਦੇ ਵਿਹੜੇ ਵੀ ਖ਼ਾਮੋਸ਼ ਹੋ ਗਏ ਸਨ। ਕਵੀ ਤੇ ਲੇਖਕ ਦੁਬਿਧਾ ਦੀ ਸੁਰੰਗ ’ਚ ਫਸੇ ਹੋਏ ਸਨ। ਹਿੰਸਾ ਦੀ ਝੁੱਲੀ ਹਨੇਰੀ ’ਚ ਇੱਕੋ ਹਫ਼ਤੇ ’ਚ ਦੋ ਇਨਕਲਾਬੀ ਚਲੇ ਗਏ। 17 ਮਾਰਚ 1988 ਨੂੰ ਲੋਕ ਕਵੀ ਜੈਮਲ ਸਿੰਘ ਪੱਡਾ ਤੇ ਹਫ਼ਤੇ ਮਗਰੋਂ 23 ਮਾਰਚ 1988 ਨੂੰ ਅਵਤਾਰ ਪਾਸ਼ ਅਲਵਿਦਾ ਆਖ ਗਿਆ। ਉਹ ਸਮਾਂ ਸੀ ਜਦੋਂ ਆਪਸ ’ਚ ਜੋੜਨ ਵਾਲੀ ਭਾਸ਼ਾ ਹੀ ਡਰ ਦਾ ਪ੍ਰਤੀਕ ਬਣ ਗਈ ਸੀ।  

No comments:

Post a Comment