Friday, November 27, 2026

ਪੰਥਕ ਗੱਠਜੋੜ 
ਸੀਟ ਵੰਡ ਨੂੰ ਅੰਤਿਮ ਛੋਹਾਂ
 ਚਰਨਜੀਤ ਭੁੱਲਰ 

ਚੰਡੀਗੜ੍ਹ :ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ (ਵਾਰਿਸ ਪੰਜਾਬ) ਦੀ ਅਗਵਾਈ ਹੇਠ ਬਣਨ ਵਾਲੇ ਪੰਥਕ ਗੱਠਜੋੜ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਅਤੇ ਅਕਾਲੀ ਦਲ (ਪੁਨਰ ਸੁਰਜੀਤ) ਵਿਚਾਲੇ ਕਈ ਗੇੜ ਦੀ ਮੀਟਿੰਗ ਹੋ ਚੁੱਕੀ ਹੈ, ਹੁਣ ਇਸ ਗੱਠਜੋੜ ਦਾ ਰਸਮੀ ਐਲਾਨ ਦਸੰਬਰ ਦੇ ਪਹਿਲੇ ਹਫ਼ਤੇ ਹੋ ਸਕਦਾ ਹੈ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸ਼ਾਮਲ ਹੋਣ ਦਾ ਰਾਹ ਵੀ ਖੁੱਲ੍ਹ ਰਿਹਾ ਹੈ। ਅਹਿਮ ਸੂਤਰਾਂ ਅਨੁਸਾਰ ਬਸਪਾ ਨੇ ਇਸ ਗੱਠਜੋੜ ਤੋਂ ਪੈਰ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ। ਪਹਿਲੇ ਗੇੜ ’ਚ ਉਸ ਨੇ 32 ਸੀਟਾਂ ਮੰਗੀਆਂ ਸਨ ਪਰ ਹੁਣ 40 ਸੀਟਾਂ ਦੀ ਮੰਗ ਸ਼ੁਰੂ ਕਰ ਦਿੱਤੀ ਹੈ। ਵੇਰਵਿਆਂ ਅਨੁਸਾਰ ਅਕਾਲੀ ਦਲ (ਵਾਰਿਸ ਪੰਜਾਬ) ਅਤੇ ਅਕਾਲੀ ਦਲ (ਪੁਨਰ ਸੁਰਜੀਤ) ਵਿਚਾਲੇ ਸੀਟਾਂ ਦੀ ਵੰਡ ਬਾਰੇ ਗੱਲਬਾਤ ਆਖ਼ਰੀ ਗੇੜ ’ਤੇ ਹੈ। 

        ਪੁਨਰ ਸੁਰਜੀਤ ਨੇ ਪਹਿਲਾਂ 28 ਸੀਟਾਂ ਮੰਗੀਆਂ ਸਨ, ਪਰ ਹੁਣ 20-22 ਸੀਟਾਂ ’ਤੇ ਸਹਿਮਤੀ ਬਣਨ ਦੀ ਸੰਭਾਵਨਾ ਹੈ। ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸੀਟਾਂ ਦਾ ਮਾਮਲਾ 90 ਫ਼ੀਸਦੀ ਨਿੱਬੜ ਚੁੱਕਾ ਹੈ ਅਤੇ 28 ਨਵੰਬਰ ਦੀ ਮੀਟਿੰਗ ਵਿੱਚ ਇਸ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦਸੰਬਰ ਦੇ ਪਹਿਲੇ ਹਫ਼ਤੇ ਗੱਠਜੋੜ ਦਾ ਰਸਮੀ ਐਲਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਵਿੱਚ ਲੋਕਾਂ ਨੇ ਫ਼ੈਸਲਾ ਕਰਨਾ ਹੈ ਕਿ ਉਹ ਪੰਥਕ ਗੱਠਜੋੜ ਦੀ ਹਮਾਇਤ ਕਰਨਗੇ ਜਾਂ ਡੇਰਾ ਸਿਰਸਾ ਵਰਗੇ ਗ਼ੈਰ-ਪੰਥਕ ਲੋਕਾਂ ਦੀ ਹਮਾਇਤ ਵਾਲੇ ਅਕਾਲੀ-ਭਾਜਪਾ ਗੱਠਜੋੜ ਨੂੰ ਚੁਣਨਗੇ। ਉਹ ਚੋਣਾਂ ਵਿੱਚ ‘ਪੰਥਕ ਬਨਾਮ ਗ਼ੈਰ-ਪੰਥਕ’ ਏਜੰਡਾ ਲੋਕਾਂ ਵਿੱਚ ਲਿਜਾਣਗੇ।ਅਕਾਲੀ ਦਲ (ਅੰਮ੍ਰਿਤਸਰ) ਇਸ ਗੱਠਜੋੜ ਦਾ ਹਿੱਸਾ ਬਣ ਕੇ ਕਰੀਬ 12 ਸੀਟਾਂ ਦੀ ਉਮੀਦ ਰੱਖ ਰਿਹਾ ਹੈ। ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸੁਨਾਮ ਹਲਕੇ ਤੋਂ ਅਤੇ ਇਮਾਨ ਸਿੰਘ ਮਾਨ ਫ਼ਤਹਿਗੜ੍ਹ ਸਾਹਿਬ ਤੋਂ ਚੋਣ ਲੜ ਸਕਦੇ ਹਨ।

       ਸਿਮਰਨਜੀਤ ਸਿੰਘ ਮਾਨ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਗਾਮੀ ਚੋਣਾਂ ਵਿੱਚ ਸਿੱਖ ਵੰਡੇ ਗਏ ਤਾਂ ਵੱਡੀ ਚੁਣੌਤੀ ਖੜ੍ਹੀ ਹੋ ਜਾਵੇਗੀ, ਜਿਸ ਕਰ ਕੇ ਉਹ ਪੰਥਕ ਏਕਤਾ ਦੇ ਇੱਛੁਕ ਹਨ। ਪਾਰਟੀ ਦੀ ਕਮੇਟੀ ਪੰਥਕ ਗੱਠਜੋੜ ਲਈ ਗੱਲ ਕਰੇਗੀ ਪਰ ਉਹ ਚੋਣ ਪਾਰਟੀ ਦੇ ਚੋਣ ਨਿਸ਼ਾਨ ’ਤੇ ਹੀ ਲੜਨਗੇ।ਦੱਸਣਯੋਗ ਹੈ ਕਿ ਪੰਥਕ ਗੱਠਜੋੜ ਬਣਨ ’ਤੇ ਅਕਾਲੀ ਦਲ (ਅੰਮ੍ਰਿਤਸਰ) ਨੂੰ ਸੀਟਾਂ ਛੱਡੀਆਂ ਜਾਣਗੀਆਂ, ਜਿੱਥੇ ਉਹ ਆਪਣੇ ਚੋਣ ਨਿਸ਼ਾਨ ’ਤੇ ਚੋਣ ਲੜਨਗੇ। ਪਤਾ ਲੱਗਿਆ ਹੈ ਕਿ ਅਕਾਲੀ ਦਲ (ਅੰਮ੍ਰਿਤਸਰ) ਨੇ ਮਹਿਲ ਕਲਾਂ, ਚੱਬੇਵਾਲ, ਅੰਮ੍ਰਿਤਸਰ ਦੱਖਣੀ ਅਤੇ ਖੇਮਕਰਨ ’ਤੇ ਵੀ ਦਾਅਵਾ ਜਤਾਇਆ ਹੈ।ਅਕਾਲੀ ਦਲ (ਵਾਰਿਸ ਪੰਜਾਬ) ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਮੁੱਢਲੇ ਪੜਾਅ ’ਤੇ ਪੰਥਕ ਧਿਰਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਫਿਰ ਬਸਪਾ ਨਾਲ ਗੱਲਬਾਤ ਚਲਾਈ ਜਾਵੇਗੀ। 

       ਪਾਰਟੀ ਦੀ 3 ਮੈਂਬਰੀ ਕਮੇਟੀ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇ ਰਹੀ ਹੈ ਅਤੇ 7 ਤੋਂ 10 ਦਿਨਾਂ ਤੱਕ ‘ਪੰਥਕ ਗੱਠਜੋੜ’ ਦਾ ਰਸਮੀ ਐਲਾਨ ਕਰ ਦਿੱਤਾ ਜਾਵੇਗਾ। ਪੰਥਕ ਗੱਠਜੋੜ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਸੁਖਬੀਰ ਸਿੰਘ ਬਾਦਲ ਅਤੇ ਭਗਵੰਤ ਮਾਨ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਾਰ ਸਕਦਾ ਹੈ। ਅਕਾਲੀ ਦਲ (ਪੁਨਰ ਸੁਰਜੀਤ) ’ਚੋਂ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਨਕੋਦਰ, ਸੁੱਚਾ ਸਿੰਘ ਛੋਟੇਪੁਰ ਨੂੰ ਡੇਰਾ ਬਾਬਾ ਨਾਨਕ, ਪਰਮਿੰਦਰ ਸਿੰਘ ਢੀਂਡਸਾ ਨੂੰ ਲਹਿਰਾਗਾਗਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪੱਟੀ, ਸਰਵਣ ਸਿੰਘ ਨੂੰ ਫਿਲੌਰ, ਕਰਨੈਲ ਸਿੰਘ ਪੀਰਮੁਹੰਮਦ ਨੂੰ ਜ਼ੀਰਾ, ਗਗਨਦੀਪ ਸਿੰਘ ਨੂੰ ਬਰਨਾਲਾ, ਡਾ. ਰਤਨ ਸਿੰਘ ਨੂੰ ਅਜਨਾਲਾ ਅਤੇ ਨਿਰਮਲ ਸਿੰਘ ਨੂੰ ਬੱਸੀ ਪਠਾਣਾਂ ਤੋਂ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਹੈ।



No comments:

Post a Comment